ਚੌਟਾਲਿਆਂ ਦੀ ਲੜਾਈ ’ਚ ‘ਬਾਦਲ ਸਰਪੰਚ’

ਚੌਟਾਲਿਆਂ ਦੀ ਲੜਾਈ ’ਚ ‘ਬਾਦਲ ਸਰਪੰਚ’

ਜਲੰਧਰ – ਪਿਛਲੇ ਸਮੇਂ ਦੌਰਾਨ ਜਿੱਥੇ ਪੰਜਾਬ ਦੀ ਸਿਆਸਤ ਵਿਚ ਵੱਡਾ ਭੂਚਾਲ ਦੇਖਣ ਨੂੰ ਮਿਲ ਰਿਹਾ ਹੈ, ਉੱਥੇ ਹੀ ਇਸਦੇ ਨਾਲ-ਨਾਲ ਹਰਿਆਣਾ ਦੀ ਸਿਆਸਤ ਵਿਚ ਚੌਟਾਲਾ ਪਰਿਵਾਰ ਦੇ ਘਰ ਮੱਚਿਆ ਘਮਸਾਨ ਵੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਤੋਂ ਵੀ ਵਧੇਰੇ ਚਰਚਾ ਦਾ ਵਿਸ਼ਾ ਇਹ ਗੱਲ ਹੈ ਕਿ ਇਸ ਝਗੜੇ ਦਾ ਫ਼ੈਸਲਾ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਕਰਵਾ ਰਹੇ ਹਨ। ਸ. ਬਾਦਲ ਹੁਣ ਚੌਟਾਲਿਆਂ ਦੀ ਲੜਾਈ ਵਿਚ ਸਰਪੰਚ ਵਾਲਾ ਰੋਲ ਅਦਾ ਕਰਨਗੇ ਕਿਉਂਕਿ ਇਨੈਲੋ ਦੇ ਜਨਰਲ ਸਕੱਤਰ ਅਜੇ ਸਿੰਘ ਚੌਟਾਲਾ ਨੇ ਦਿੱਲੀ ਵਿਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਸੀ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਜੋ ਵੀ ਕਹਿਣਗੇ ਉਹ ਅਤੇ ਉਨ੍ਹਾਂ ਦੇ ਪਾਰਟੀ ਵਰਕਰ ਉਹੀ ਕਰਨਗੇ। ਇਸ ਸਭ ਦੇ ਚਲਦਿਆਂ ਸੋਸ਼ਲ ਮੀਡੀਆ ਅਤੇ ਹੋਰ ਸਿਆਸੀ ਹਲਕਿਆਂ ਵਿਚ ਸ. ਬਾਦਲ ਦੇ ਨਾਂ ਦੀ ਚਰਚਾ, ਇਸ ਲਈ ਵੀ ਹੋ ਰਹੀ ਹੈ ਕਿਉਂਕਿ ਉਨ੍ਹਾਂ ਨੇ ਆਪਣਾ ਸਿਆਸੀ ਕਰੀਅਰ ਸਰਪੰਚੀ ਤੋਂ ਸ਼ੁਰੂ ਕੀਤਾ ਸੀ। ਪਿਛਲੇ ਦਿਨਾਂ ਦੌਰਾਨ ਅਕਾਲੀ ਦਲ ਵਿਚ ਜਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਹਨ ਉਸਨੂੰ ਦੇਖਕੇ ਵਿਰੋਧੀਆਂ ਵੱਲੋਂ ਉਨ੍ਹਾਂ ’ਤੇ ਨਿਸ਼ਾਨੇ ਸਾਧੇ ਜਾ ਰਹੇ ਹਨ ਕਿ ਸ. ਬਾਦਲ ਨੇ ਜਿੱਥੋਂ ਆਪਣਾ ਕਰੀਅਰ ਸ਼ੁਰੂ ਕੀਤਾ ਸੀ ਉਹ ਮੁੜ ਉੱਥੇ ਹੀ ਪਹੁੰਚ ਗਏ ਹਨ।ਇਸੇ ਲਈ ਚੌਟਾਲਾ ਪਰਿਵਾਰ ਵਿਚ ਪਈ ਫੁੱਟ ਨੂੰ ਦੂਰ ਕਰਨ ਲਈ ਉਨ੍ਹਾਂ ਦੀ ਭੂਮਿਕਾ ਉੱਤੇ ਵਿਅੰਗ ਕੀਤੇ ਜਾ ਰਹੇ ਹਨ। ਇਸ ਦੌਰਾਨ ਇਨੈਲੋ ਨੇ 17 ਨਵੰਬਰ ਨੂੰ ਜੀਂਦ ਵਿਚ ਪਾਰਟੀ ਦੀ ਕਾਰਜਕਾਰਨੀ ਦੀ ਮਹੱਤਵਪੂਰਨ ਮੀਟਿੰਗ ਬੁਲਾਈ ਹੈ, ਜਿਸ ਵਿਚ ਸਾਰੇ ਸੰਸਦ ਮੈਂਬਰਾਂ ਅਤੇ ਸਾਬਕਾ ਸੰਸਦ ਮੈਂਬਰਾਂ, ਵਿਧਾਇਕਾਂ ਅਤੇ ਸਾਬਕਾ ਵਿਧਾਇਕਾਂ, ਪ੍ਰਧਾਨਾਂ ਤੇ ਹੋਰ ਅਹੁਦੇਦਾਰਾਂ ਨੂੰ ਸ਼ਾਮਲ ਹੋਣ ਦੇ ਨਿਰਦੇਸ਼ ਦਿੱਤੇ ਹਨ। ਅਜੇ ਸਿੰਘ ਨੇ ਇਸ ਸਬੰਧ ਵਿਚ ਸਾਰਿਆਂ ਨੂੰ ਇਕ ਪੱਤਰ ਲਿਖ ਕੇ ਸ਼ਾਮਲ ਹੋਣ ਨੂੰ ਕਿਹਾ ਹੈ।

You must be logged in to post a comment Login