ਚੌਥੀ ਤੱਕ ਪੜ੍ਹੀ 55 ਸਾਲਾ ਕੁਲਵੰਤ ਕੌਰ ਕਰੇਗੀ ਪੀ. ਐੱਚ. ਡੀ.

ਚੌਥੀ ਤੱਕ ਪੜ੍ਹੀ 55 ਸਾਲਾ ਕੁਲਵੰਤ ਕੌਰ ਕਰੇਗੀ ਪੀ. ਐੱਚ. ਡੀ.

ਪਟਿਆਲਾ- ਜ਼ਿਲਾ ਫਤਿਹਗੜ੍ਹ ਸਾਹਿਬ ਦੇ ਪਿੰਡ ਸਾਲੂਵਾਲ ਦੀ ਰਹਿਣ ਵਾਲੀ ਚੌਥੀ ਤੱਕ ਪੜ੍ਹੀ ਕੁਲਵੰਤ ਕੌਰ ਗੂਗਲ ਵਾਂਗ ਹਰ ਸਵਾਲ ਦਾ ਤੁਰੰਤ ਜਵਾਬ ਦਿੰਦੀ ਹੈ। ਇਲਾਕੇ ਵਿੱਤ ਉਹ ‘ਗੂਗਲ ਬੇਬੇ’ ਦੇ ਨਾਂ ਨਾਲ ਮਸ਼ਹੂਰ ਹੈ। ਪੜ੍ਹਾਈ ‘ਚ ਦਿਲਚਸਪੀ ਇੰਨੀ ਹੈ ਬੁਢਾਪਾ ਹੋਣ ਦੇ ਬਾਵਜੂਦ ਵੀ 55 ਸਾਲਾ ਕੁਲਵੰਤ ਹੁਣ ਦੂਜੀ ਪਾਰੀ ਸ਼ੁਰੂ ਕਰਨ ਜਾ ਰਹੀ ਹੈ। ਕਿਹਾ ਜਾਂਦਾ ਹੈ ਕਿ ਜੇਕਰ ਜਨੂੰਨ ਅਤੇ ਜਜ਼ਬਾ ਹੋਵੇ ਤਾਂ ਪੜ੍ਹਾਈ ਲਈ ਉਮਰ ਕੋਈ ਮਾਇਨੇ ਨਹੀਂ ਰੱਖਦੀ। ਇਸ ਗੱਲ ਨੂੰ ਸਿੱਧ ਕਰਦੇ ਹੋਏ ‘ਗੂਗਲ ਬੇਬੇ’ ਨੇ ਪਟਿਆਲਾ ਦੀ ਪੰਜਾਬੀ ਯੂਨੀਵਰਸਿਟੀ ‘ਚ ਦਾਖਲਾ ਲੈ ਕੇ ਧਰਮ ਅਧਿਐਨ ਵਿਭਾਗ ‘ਚ ਰਿਫਰੈਸ਼ਰ ਕੋਰਸ ਕਰੇਗੀ। ਕੁਲਵੰਤ ਕੌਰ ਪੀ. ਐੱਚ. ਡੀ. ਕਰਨਾ ਚਾਹੁੰਦੀ ਹੈ, ਇਸ ਲਈ ਉਹ ਅੱਗੇ ਫਿਰ ਤੋਂ ਪੜ੍ਹਾਈ ਕਰ ਰਹੀ ਹੈ। ਇਸ ਦੇ ਲਈ ਸਰਬਤ ਦਾ ਭਲਾ ਟਰੱਸਟ ਦੇ ਐੱਸ. ਪੀ. ਸਿੰਘ ਓਬਰਾਏ ਨੇ ਉਸ ਦੀ ਗੱਲ ਯੂਨੀਵਰਸਿਟੀ ਦੇ ਅਧਿਕਾਰੀਆਂ ਨਾਲ ਕਰਵਾਈ ਤਾਂ ਉਨ੍ਹਾਂ ਦੇ ਪ੍ਰਸ਼ਨਾਂ ਦੇ ਉੱਤਰ ਕੁਲਵੰਤ ਕੌਰ ਨੇ ਤੁਰੰਤ ਦੇ ਕੇ ਉਨ੍ਹਾਂ ਵੀ ਪ੍ਰਭਾਵਿਤ ਕਰ ਦਿੱਤਾ। ਇਸ ਤਰ੍ਹਾਂ ਦਾਖਲਾ ਮਿਲ ਗਿਆ। ਉਹ ਕਹਿੰਦੀ ਹੈ ਕਿ ਮੌਕਾ ਮਿਲਿਆ ਤਾਂ ਇਸੇ ਵਿਸ਼ੇ ‘ਚ ਪੀ. ਐੱਚ. ਡੀ. ਵੀ ਕਰੇਗੀ। ਦਰਅਸਲ ਕੁਲਵੰਤ ਕੌਰ ਭਾਰਤੀ ਸਿੱਖ ਇਤਿਹਾਸ ਅਤੇ ਧਰਮਾਂ ਨਾਲ ਜੁੜੇ ਲਗਭਗ ਹਰ ਸਵਾਲ ਦਾ ਜਵਾਬ ਗੂਗਲ ਤੋਂ ਵੀ ਪਹਿਲਾਂ ਦੇ ਦਿੰਦੀ ਹੈ। ਉਸ ਦੀ ਇਸ ਵੱਖਰੀ ਪ੍ਰਤਿਭਾ ਕਰਕੇ ਹੀ ਉਸ ਨੂੰ ਗੂਗਲ ਬੇਬੇ ਕਿਹਾ ਜਾਂਦਾ ਹੈ।
ਓਬਰਾਏ ਨੇ ਉਨ੍ਹਾਂ ਨੂੰ ਵਰਲਡ ਟੂਰ ‘ਤੇ ਲਿਜਾਣ ਦੀ ਗੱਲ ਵੀ ਕਹੀ ਹੈ ਤਾਂਕਿ ਨੌਜਵਾਨ ਪੀੜ੍ਹੀ ਨੂੰ ਆਪਣੀ ਵਿਰਾਸਤ ਨਾਲ ਜੋੜਨ ਲਈ ਧਾਰਮਿਕ ਗੰ੍ਰਥਾਂ ਦੀਆਂ ਕਹਾਣੀਆਂ ਬੇਬੇ ਸੁਣਾ ਸਕੇ।
ਕੁਲਵੰਤ ਕੌਰ ਨੇ ਦੱਸਿਆ ਕਿ ਉਸ ਦੇ ਪਿਤਾ ਪ੍ਰੀਤਮ ਸਿੰਘ ਇੰਜੀਨੀਅਰ ਸਨ ਅਤੇ ਕੰਮ ਦੇ ਸਿਲਸਿਲੇ ‘ਚ ਆਗਰਾ ‘ਚ ਵੱਸ ਗਏ ਸਨ। ਉਥੇ ਹੀ ਉਸ ਦਾ ਜਨਮ ਹੋਇਆ ਅਤੇ ਚੌਥੀ ਤੱਕ ਦੀ ਸਿੱਖਿਆ ਗ੍ਰਹਿਣ ਕੀਤੀ। ਪਿਤਾ ਕੋਲੋਂ ਕਈ ਇਤਿਹਾਸਕ ਕਹਾਣੀਆਂ ਸੁਣੀਆਂ। ਉਹ ਸਭ ਦਿਮਾਗ ‘ਚ ਬੈਠ ਗਈਆਂ। ਕਹਾਣੀਆਂ ਬਾਰੇ ਹੋਰ ਜਾਣਨ ਦੀ ਜਿਗਿਆਸਾ ਕਦੇ ਸ਼ਾਂਤ ਨਹੀਂ ਹੋਈ। ਫਿਰ ਪਰਿਵਾਰਕ ਪਰੇਸ਼ਾਨੀਆਂ ਅਤੇ ਜ਼ਮੀਨੀ ਝਗੜੇ ਦੇ ਕਾਰਨ ਪਰਿਵਾਰ ਨੂੰ ਪੰਜਾਬ ‘ਚ ਆਪਣੇ ਪਿੰਡ ਆਉਣਾ ਪਿਆ। ਇਸ ਦੌਰਾਨ ਉਸ ਦਾ ਸਕੂਲ ਛੁੱਟ ਗਿਆ ਪਰ ਪੜ੍ਹਨਾ ਨਹੀਂ ਛੱਡਿਆ। ਇਸ ਦੇ ਬਾਅਦ ਜਿੱਥੇ ਵੀ, ਜਿਸ ਦੇ ਕੋਲੋਂ ਕੋਈ ਕਿਤਾਬ ਮਿਲਦੀ ਉਹ ਪੜ੍ਹਦੀ ਲੈਂਦੀ। ਉਸ ਦੀ ਦਿਲਚਸਪੀ ਇਤਿਹਾਸ ਅਤੇ ਧਰਮ ‘ਚ ਸੀ। ਇਕ ਵਾਰੀ ਜਿਸ ਕਿਤਾਬ ਨੂੰ ਪੜ੍ਹਦੀ ਉਹ ਕਦੇ ਭੁੱਲਦੀ ਨਹੀਂ।
ਅੱਗੇ ਦੱਸਦੇ ਹੋਏ ਉਸ ਨੇ ਦੱਸਿਆ ਕਿ ਬਚਪਨ ‘ਚ ਹਾਲਾਤ ਅਜਿਹੇ ਹੋ ਗਏ ਕਿ ਉਹ 5 ਭੈਣਾਂ ਅਤੇ ਤਿੰਨ ਭਰਾਵਾਂ ‘ਚੋਂ ਸਿਰਫ ਵੱਡੇ ਭਰਾ ਅਤੇ ਇਕ ਭੈਣ ਹੀ ਆਗਰਾ ‘ਚ ਪੜ੍ਹ ਸਕੀ। ਵਿਆਹ ਦੇ ਬਾਅਦ ਪਤੀ ਦਾ ਕੋਈ ਸਾਥ ਨਾ ਮਿਲਿਆ। ਦਿਸ਼ਾ ਵੁਮੈਨ ਵੈਲਫੇਅਰ ਟਰੱਸਟ ਦੀ ਹਰਦੀਪ ਕੌਰ ਨੇ ਹੁਨਰ ਨੂੰ ਪਛਾਣ ਦਿਵਾਈ ਤਾਂ ਦੁਨੀਆ ਹੀ ਬਦਲੀ ਲੱਗਦੀ ਹੈ। ਉਸ ਦੀ ਅੱਜ ਵੀ ਪੜ੍ਹਨ ‘ਚ ਦਿਲਚਸਪੀ ਹੈ ਅਤੇ ਅੱਗੇ ਵੱਧ ਕੇ ਗਿਆਨ ‘ਚ ਵਾਧਾ ਕਰਨਾ ਚਾਹੁੰਦੀ ਹੈ। ਉਸ ਨੇ ਕਿਹਾ ਕਿ ਉਸ ਦਾ ਬੇਟਾ ਜਗਜੀਤ ਸਿੰਘ, ਬੇਟੀ ਮਨਪ੍ਰੀਤ ਕੌਰ ਉਸ ਨੂੰ ਸਪੋਰਟ ਕਰਦੇ ਹਨ। ਪਤੀ ਨਿਰਮਲ ਸਿੰਘ ਹੁਣ ਇਸ ਦੁਨੀਆ ‘ਚ ਨਹੀਂ ਹਨ?
ਜ਼ਿਕਰਯੋਗ ਹੈ ਕਿ ਕੁਲਵੰਤ ਕੌਰ ਨੇ ਡਿਸਕਵਰੀ ਆਫ ਇੰਡੀਆ, ਹਿਸਟਰੀ ਆਫ ਪੰਜਾਬ ਸਮੇਤ ਵੱਖ-ਵੱਖ ਧਾਰਮਿਕ ਗ੍ਰੰਥਾਂ ਦਾ ਅਧਿਐਨ ਕੀਤਾ ਹੈ। ਭਾਰਤ ‘ਚ ਆਉਣ ਤੋਂ ਲੈ ਕੇ ਮਹਿਮੂਦ ਗਜਨੀ ਦੇ 17 ਹਮਲਿਆਂ ਅਲਾਊਦੀਨ ਖਿਲਜੀ, ਸਿਕੰਦਰ-ਪੋਰਸ, ਚੰਦਰਗੁਪਤ ਮੋਰਿਆ , ਮਹਾਰਾਜਾ ਰਣਜੀਤ ਸਿੰਘ ਸਮੇਤ ਕਈ ਰਾਜੇ ਮਹਾਰਾਜਿਆਂ ਦੀਆਂ ਕਹਾਣੀਆਂ ਉਸ ਦੇ ਦਿਮਾਗ ‘ਚ ਕੰਪਿਊਟਰ ਦੀ ਹਾਰਡ ਡਿਸਕ ਦੀ ਤਰ੍ਹਾਂ ਫੀਡ ਹੈ।

You must be logged in to post a comment Login