ਚੌਥੇ ਜਥੇ ਦੇ 546 ਸ਼ਰਧਾਲੂਆਂ ਨੇ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਕੀਤੇ

ਚੌਥੇ ਜਥੇ ਦੇ 546 ਸ਼ਰਧਾਲੂਆਂ ਨੇ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਕੀਤੇ

ਡੇਰਾ ਬਾਬਾ ਨਾਨਕ (ਬਟਾਲਾ) : 546 ਸ਼ਰਧਾਲੂਆਂ ਦਾ ਜਥਾ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਗਿਆ ਜੋ ਸ਼ਾਮ ਨੂੰ ਵਾਪਸ ਆ ਗਿਆ। ਸ਼ਰਧਾਲੂਆਂ ਦਾ ਇਹ ਚੌਥਾ ਜਥਾ ਸੀ। ਇਸੇ ਤਰ੍ਹਾਂ ਡੇਰਾ ਬਾਬਾ ਨਾਨਕ ’ਚ ਚੱਲ ਰਹੇ ਧਾਰਮਿਕ ਸਮਾਗਮਾਂ ਦੇ ਅੱਜ ਆਖ਼ਰੀ ਦਿਨ ਸੰਗਤਾਂ ਦੂਰ ਦੁਰੇਡਿਓਂ ਹੁੰਮ ਹੁਮਾ ਕੇ ਪੁੱਜੀਆਂ। ਸੰਗਤਾਂ ਨੇ ਵਿਸ਼ਾਲ ਕਾਫ਼ਲੇ ਦੇ ਰੂਪ ਵਿੱਚ ਕੌਮਾਂਤਰੀ ਸੀਮਾ ’ਤੇ ਜਾ ਕੇ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਖੁੱਲ੍ਹੇ ਦਰਸ਼ਨ ਕੀਤੇ। ਸੰਗਤਾਂ ਧਾਰਮਿਕ ਸ਼ਬਦਾਂ ਦਾ ਗਾਇਨ ਕਰਦੀਆਂ ਰਹੀਆਂ। ਲੰਘੇ ਕਈ ਦਿਨਾਂ ਤੋਂ ਸ਼ਰਧਾਲੂ ਵੱਡੀ ਗਿਣਤੀ ਵਿੱਚ ਇੱਥੇ ਪਹੁੰਚ ਕੇ ਜਿੱਥੇ ਡੇਰਾ ਬਾਬਾ ਨਾਨਕ ’ਚ ਧਾਰਮਿਕ ਸਮਾਗਮ ਨੂੰ ਨੇੜਿਓਂ ਦੇਖ ਰਹੇ ਹਨ, ਉਥੇ ਕੌਮਾਂਤਰੀ ਸੀਮਾ ’ਤੇ ਪਹੁੰਚ ਕੇ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦੂਰੋਂ ਹੀ ਦਰਸ਼ਨ ਕਰ ਰਹੇ ਹਨ। ਸ਼ਰਧਾਲੂ ਜਿਥੇ ਸੀਮਾ ਕੋਲ ਬਣੇ ਵਿਸ਼ਾਲ ਕੋਰੀਡੋਰ ਦੇ ਗੇਟ ਸਾਹਮਣੇ ਤਸਵੀਰਾਂ ਲੈਂਦੇ ਹਨ, ਉਥੇ ਹੋਰ ਇਮਾਰਤਾਂ ਨੂੰ ਵੀ ਆਪਣੇ ਮੋਬਾਈਲ ਵਿੱਚ ਕੈਦ ਕਰਦੇ ਹਨ। ਕੁਝ ਸ਼ਰਧਾਲੂ ਤਾਂ ਸੀਮਾ ਤੋਂ ਕੁਝ ਦੂਰੀ ’ਤੇ ਪਾਕਿਸਤਾਨ ਦੇ ਆਈਸੀਪੀ ਇਮਾਰਤ ਦੀਆਂ ਤਸਵੀਰਾਂ ਵੀ ਲੈਂਦੇ ਦੇਖੇ ਗਏ। ਦੱਸਣਯੋਗ ਹੈ ਕਿ ਪਹਿਲੀ ਪਾਤਸ਼ਾਹੀ ਦੇ 550 ਸਾਲਾ ਧਾਰਮਿਕ ਸਮਾਗਮਾਂ ਦੌਰਾਨ ਸੰਗਤਾਂ ਵੱਡੀ ਗਿਣਤੀ ਵਿੱਚ ਇੱਥੇ ਪੁੱਜੀਆਂ। ਭਾਵੇਂ 7 ਨਵੰਬਰ ਨੂੰ ਦਿਨ ਭਰ ਭਾਰੀ ਮੀਂਹ ਪੈਣ ਨਾਲ ਕੁਝ ਸਮਾਗਮ ਪ੍ਰਭਾਵਿਤ ਵੀ ਹੋਵੇ ਪਰ ਬਾਵਜੂਦ ਇਸ ਦੇ ਸ਼ਰਧਾਲੂਆਂ ਦਾ ਉਤਸ਼ਾਹ ਦੇਖਣ ਵਾਲਾ ਰਿਹਾ। ਅੱਜ ਸਮਾਗਮ ਦੇ ਅੰਤਿਮ ਦਿਨ ਸੰਤ ਸਮਾਜ ਵੱਲੋਂ ਕੀਤੇ ਸਮਾਗਮ ’ਚ ਮਾਲਵਾ ਖੇਤਰ ਤੋਂ ਵੱਡੀ ਗਿਣਤੀ ਸੰਗਤ ਨੇ ਹਾਜ਼ਰੀ ਭਰੀ।

You must be logged in to post a comment Login