ਜਰਨੈਲ-ਵਿਹੂਣੇ ਸਿਪਾਹੀਆਂ ਵਾਂਗ ਵਿਚਰਨ ਲਈ ਮਜਬੂਰ ਨੇ ਦਿੱਲੀ ਦੇ ਸਿੱਖ ਆਗੂ

ਜਰਨੈਲ-ਵਿਹੂਣੇ ਸਿਪਾਹੀਆਂ ਵਾਂਗ ਵਿਚਰਨ ਲਈ ਮਜਬੂਰ ਨੇ ਦਿੱਲੀ ਦੇ ਸਿੱਖ ਆਗੂ

ਚੰਡੀਗੜ੍ਹ : ਦਿੱਲੀ ਵਿਧਾਨ ਸਭਾ ਚੋਣਾਂ ਦਾ ਬੁਖਾਰ ਅਪਣੀ ਚਰਮ-ਸੀਮਾ ‘ਤੇ ਹੈ। ਜਿਉਂ ਜਿਉਂ ਚੋਣਾਂ ਨੇੜੇ ਆ ਰਹੀਆਂ ਨੇ, ਪੰਜਾਬ ਦੇ ਸਿਆਸੀ ਗਲਿਆਰਿਆਂ ਦੀਆਂ ਸਰਗਰਮੀਆਂ ਵਿਚ ਵੀ ਇਜ਼ਾਫ਼ਾ ਹੋ ਰਿਹਾ ਹੈ। ਜਿੱਥੇ ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਦੇ ਸਾਰੇ ਦਿਗਜ਼ ਆਗੂ ਦਿੱਲੀ ਡੇਰਾ ਜਮਾਈ ਬੈਠੇ ਹਨ, ਉਥੇ ਸੱਤਾਧਾਰੀ ਧਿਰ ਕਾਂਗਰਸ ਦੇ ਆਗੂਆਂ ਨੇ ਵੀ ਦਿੱਲੀ ਵਿਖੇ ਸਰਗਰਮੀਆਂ ਵਧਾ ਦਿਤੀਆਂ ਹਨ। ਇਸ ਦਰਮਿਆਨ ਦਿੱਲੀ ਦੇ ਸਿੱਖ ਆਗੂ ਕਿਸੇ ਇਕ ਧੜੇ ਦੇ ਹੱਕ ਵਿਚ ਖੜ੍ਹਨ ਤੋਂ ਅਸਮਰਥ ਵਿਖਾਈ ਦੇ ਰਹੇ ਹਨ। ਸਿੱਖ ਸਿਆਸਤ ਵਿਚ ਪੈਦਾ ਹੋਈ ਆਪੋ-ਧਾਪੀ ਵਾਲੀ ਸਥਿਤੀ ਦਾ ਅਸਰ ਦਿੱਲੀ ਦੇ ਸਿੱਖ ਵੋਟਰਾਂ ‘ਤੇ ਪੈਣ ਦੇ ਅਸਾਰ ਬਣਦੇ ਜਾ ਰਹੇ ਹਨ। ਦਿੱਲੀ ਚੋਣਾਂ ‘ਚ ਸਿੱਖ ਆਗੂਆਂ ਦੀ ਹਾਲਤ ਜਰਨੈਲ-ਵਿਹੂਣੇ ਸਿਪਾਹੀਆਂ ਵਰਗੀ ਹੋਈ ਪਈ ਹੈ ਜਿਨ੍ਹਾਂ ਨੂੰ ਅਪਣਾ ਟੀਚਾ ਤੈਅ ਕਰਨ ਵਿਚ ਮੁਸ਼ਕਲ ਪੇਸ਼ ਆ ਰਹੀ ਹੈ।ਦਿੱਲੀ ਅੰਦਰ ਸਾਰੇ ਸਿੱਖ ਆਗੂ ਅਪਣੀ ਅਪਣੀ ਡਫਲੀ ਵਜਾਉਂਦੇ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਭਾਵੇਂ ਬਾਹਰੀ ਤੌਰ ‘ਤੇ ਭਾਜਪਾ ਦਾ ਸਾਥ ਦੇਣ ਦਾ ਐਲਾਨ ਕਰ ਰਖਿਆ ਹੈ, ਪਰ ਅੰਦਰਖ਼ਾਤੇ ਸਾਰੇ ਸਿੱਖ ਆਗੂ ਭਾਜਪਾ ਨਾਲ ਖੁਲ੍ਹ ਕੇ ਵਿਚਰਨ ‘ਚ ਦਿੱਕਤ ਮਹਿਸੂਸ ਕਰ ਰਹੇ ਹਨ। ਸਿੱਖ ਆਗੂਆਂ ਦੀ ਦੋਚਿੱਤੀ ਕਾਰਨ ਦਿੱਲੀ ਵਿਚ ਸਿੱਖ ਵੋਟ ਬੈਂਕ ਦੇ ਖੇਰੂ-ਖੇਰੂ ਹੋਣ ਦੇ ਅਸਾਰ ਹਨ।
ਦਿੱਲੀ ਦੀ ਸਿਆਸਤ ‘ਤੇ ਤਿਰਛੀ ਨਜ਼ਰ ਰੱਖਣ ਵਾਲਿਆਂ ਅਨੁਸਾਰ ਭਾਵੇਂ ਪਿਛਲੇ ਦਿਨਾਂ ਦੌਰਾਨ ਭਾਜਪਾ ਵੱਡੇ ਸਿੱਖ ਧੜਿਆਂ ਨੂੰ ਅਪਣੇ ਹੱਕ ਵਿਚ ਖੜ੍ਹੇ ਕਰਨ ‘ਚ ਸਫ਼ਲ ਰਹੀ ਹੈ। ਦਿੱਲੀ ਦੀ ਸਿੱਖ ਸਿਆਸਤ ਵਿਚ ਚੰਗਾ ਪ੍ਰਭਾਵ ਰੱਖਣ ਵਾਲੇ ਅਕਾਲੀ ਦਲ (ਬਾਦਲ) ਤੋਂ ਇਲਾਵਾ ਮਨਜੀਤ ਸਿੰਘ ਜੀਕੇ ਅਤੇ ਪਰਮਜੀਤ ਸਿੰਘ ਸਰਨਾ ਧੜੇ ਵਲੋਂ ਵੀ ਭਾਵੇਂ ਭਾਜਪਾ ਨਾਲ ਖੜ੍ਹਨ ਦਾ ਐਲਾਨ ਕੀਤਾ ਹੋਇਆ ਹੈ ਪਰ ਦਿੱਲੀ ਦੇ ਆਮ ਸਿੱਖ ਵੋਟਰ ਅਤੇ ਸਿੱਖ ਆਗੂ ਅਪਣੇ ਧੜਿਆਂ ਦੀ ਕਾਬਲੀਅਤ ‘ਤੇ ਭਰੋਸਾ ਕਰਨ ਨੂੰ ਤਿਆਰ ਨਹੀਂ। ਸਿੱਟੇ ਵਜੋਂ ਕਈ ਸਿੱਖ ਆਗੂਆਂ ਨੇ ਅਪਣੀ ਪਸੰਦ ਦੇ ਧੜਿਆਂ ਨੂੰ ਸਮਰਥਨ ਦੇਣ ਦਾ ਐਲਾਨ ਕਰਨਾ ਸ਼ੁਰੂ ਕਰ ਦਿਤਾ ਹੈ।
ਦਿੱਲੀ ਦੇ ਸਿੱਖ ਹਲਕਿਆਂ ਤੋਂ ਨਿਕਲੀਆਂ ਕਨਸੋਆਂ ਅਨੁਸਾਰ ਸਿੱਖ ਆਗੂ ਅਵਤਾਰ ਸਿੰਘ ਹਿੱਤ ਨੇ ਕਾਂਗਰਸੀ ਆਗੂ ਦਾ ਸਾਥ ਦੇਣ ਦਾ ਐਲਾਨ ਕਰ ਦਿਤਾ ਹੈ। ਇਸੇ ਤਰ੍ਹਾਂ ਜੀਕੇ ਦਾ ਧੜਾ ਵੀ ਵੰਡਿਆ ਗਿਆ ਹੈ। ਇਸ ਧੜੇ ਦੇ ਕੁੱਝ ਆਗੂਆਂ ਦਾ ਝੁਕਾਅ ‘ਆਪ’ ਵੱਲ ਜਦਕਿ ਇਕ ਧੜਾ ਕਾਂਗਰਸ ਦੇ ਹੱਕ ‘ਚ ਭੁਗਤਣ ਦਾ ਮੰਨ ਬਣਾਈ ਬੈਠਾ ਹੈ। ਇਸੇ ਤਰ੍ਹਾਂ ਕਾਂਗਰਸ ਦੇ ਕੁੱਝ ਸਿੱਖ ਆਗੂ ਵੀ ‘ਆਪ’ ਉਮੀਦਵਾਰਾਂ ਦੇ ਹੱਕ ਵਿਚ ਵਿਚਰ ਰਹੇ ਹਨ। ਸਰਨਾ ਧੜਾ ਵੀ ਭਾਜਪਾ ਨਾਲ ਚੱਲਣ ‘ਚ ਦਿੱਕਤ ਮਹਿਸੂਸ ਕਰ ਰਿਹਾ ਹੈ। ਅੰਦਰ ਦੀਆਂ ਕਨਸੋਆਂ ਅਨੁਸਾਰ ਆਉਂਦੇ ਸਮੇਂ ਵਿਚ ਕਿਸੇ ਸਮੇਂ ਵੀ ਸਰਨਾ ਧੜਾ ਕਿਸੇ ਹੋਰ ਧਿਰ ਨਾਲ ਖੜ੍ਹੇ ਹੋਣ ਦਾ ਐਲਾਨ ਕਰ ਸਕਦਾ ਹੈ।

You must be logged in to post a comment Login