ਜ਼ਖਮੀ ਮਾਂ ਦੀ ਹੋਈ ਸਰਜਰੀ, ਪੂਰਾ ਸਮਾਂ ਚਿਪਕਿਆ ਰਿਹਾ ਬੱਚਾ

ਜ਼ਖਮੀ ਮਾਂ ਦੀ ਹੋਈ ਸਰਜਰੀ, ਪੂਰਾ ਸਮਾਂ ਚਿਪਕਿਆ ਰਿਹਾ ਬੱਚਾ

ਸਿਡਨੀ (ਬਿਊਰੋ) : ਧਰਤੀ ‘ਤੇ ਮਾਂ ਅਤੇ ਬੱਚੇ ਦਾ ਇਕ-ਦੂਜੇ ਲਈ ਪਿਆਰ ਸਭ ਤੋਂ ਵੱਡਾ ਹੁੰਦਾ ਹੈ। ਇਸ ਸਬੰਧੀ ਇਕ ਤਸਵੀਰ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਅਸਲ ਵਿਚ ਆਸਟ੍ਰੇਲੀਆ ਵਿਚ ਜੰਗਲੀ ਅੱਗ ਕਾਰਨ ਵੱਡੇ ਪੱਧਰ ‘ਤੇ ਜਨਜੀਵਨ ਪ੍ਰਭਾਵਿਤ ਹੋਇਆ ਹੈ। ਸਤੰਬਰ ਤੋਂ ਲੈ ਕੇ ਹੁਣ ਤੱਕ 50 ਕਰੋੜ ਜਾਨਵਰਾਂ ਦੇ ਮਰਨ ਦੀ ਖਬਰ ਹੈ। ਲੱਖਾਂ ਦੀ ਗਿਣਤੀ ਵਿਚ ਜੀਵ-ਜੰਤੂਆਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜ਼ਖਮੀ ਜਾਨਵਰਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਅਜਿਹੇ ਵਿਚ ਇਕ ਜ਼ਖਮੀ ਮਾਦਾ ਕੋਆਲਾ ਅਤੇ ਉਸ ਦੇ ਬੱਚੇ ਦੀ ਤਸਵੀਰ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਇਸ ਤਸਵੀਰ ਵਿਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਕੋਆਲਾ ਦੇ ਬੱਚੇ ਨੇ ਇਲਾਜ ਦੇ ਸਮੇਂ ਵੀ ਆਪਣੀ ਮਾਂ ਨੂੰ ਨਹੀਂ ਛੱਡਿਆ। ਇਹ ਦ੍ਰਿਸ਼ ਮਾਂ ਅਤੇ ਬੱਚੇ ਦੇ ਅਸਲੀ ਪਿਆਰ ਨੂੰ ਦਰਸਾਉਂਦਾ ਹੈ। ਆਸਟ੍ਰੇਲੀਆ ਦੇ ਜੀਵ ਰੱਖਿਅਕਾਂ ਨੇ ਮਾਂ ਕੋਆਲਾ ਦਾ ਨਾਮ ਲਿਜੀ ਅਤੇ ਬੱਚੇ ਦਾ ਨਾਮ ਫੈਂਟਮ ਰੱਖਿਆ ਹੈ। ਜਾਨਵਰਾਂ ਦੇ ਹਸਪਤਾਲ ਵਿਚ ਮਾਂ ਕੋਆਲਾ ਦੀ ਸਰਜਰੀ ਦੌਰਾਨ ਬੱਚੇ ਨੇ ਆਪਣੀ ਮਾਂ ਨੂੰ ਨਹੀਂ ਛੱਡਿਆ। ਡਾਕਟਰਾਂ ਨੇ ਬਹੁਤ ਕੋਸ਼ਿਸ਼ ਕੀਤੀ ਪਰ ਬੱਚੇ ਨੇ ਆਪਣੀ ਮਾਂ ਨੂੰ ਛੱਡਣ ਤੋਂ ਇਨਕਾਰ ਕਰ ਦਿੱਤਾ। ਜਾਣਕਾਰੀ ਮੁਤਾਬਕ ਦੋ ਹਫਤੇ ਪਹਿਲਾਂ ਆਸਟ੍ਰੇਲੀਆ ਵਿਚ ਫੈਲੀ ਅੱਗ ਤੋਂ ਬਚਣ ਲਈ ਕੋਆਲਾ ਮਾਂ ਲਿਜੀ ਸੜਕ ‘ਤੇ ਭੱਜ ਰਹੀ ਸੀ ਉੱਥੇ ਉਹ ਕਿਸੇ ਕਾਰ ਨਾਲ ਟਕਰਾ ਗਈ। ਉਹ ਥੋੜ੍ਹੀ ਸੜੀ ਹੋਈ ਵੀ ਸੀ ਪਰ ਇਸ ਦੌਰਾਨ ਉਸ ਨੇ ਫੈਂਟਮ ਨੂੰ ਕੁਝ ਨਹੀਂ ਹੋਣ ਦਿੱਤਾ। ਇਸ ਮਗਰੋਂ ਦੋਹਾਂ ਨੂੰ ਤੁਰੰਤ ਆਸਟ੍ਰੇਲੀਆ ਜ਼ੂ ਵਾਈਲਡਲਾਈਫ ਹਸਪਤਾਲ ਲਿਜਾਇਆ ਗਿਆ। ਇਸ ਹਸਪਤਾਲ ਨੂੰ ਆਸਟ੍ਰੇਲੀਆ ਦੇ ਮਸ਼ਹੂਰ ਜੀਵ ਪ੍ਰਬੰਧਕ ਸਟੀਵ ਇਰਵਿਨ ਨੇ ਬਣਾਇਆ ਸੀ।ਹਸਪਤਾਲ ਦੇ ਡਾਕਟਰਾਂ ਨੇ ਦੱਸਿਆ ਕਿ ਲਿਜੀ ਦੇ ਫੇਫੜੇ ਵਿਚ ਇਨਫੈਕਸ਼ਨ ਅਤੇ ਚਿਹਰੇ ‘ਤੇ ਸੱਟ ਸੀ। ਅਸੀਂ ਤੁਰੰਤ ਉਸ ਦੀ ਸਰਜਰੀ ਕੀਤੀ। ਲਿਜੀ ਨੇ ਹਾਦਸੇ ਅਤੇ ਅੱਗ ਤੋਂ ਫੈਂਟਮ ਦੀ ਜਾਨ ਬਚਾਈ ਸੀ ਇਸ ਲਈ ਪੂਰੀ ਸਰਜਰੀ ਦੌਰਾਨ ਫੈਂਟਮ ਆਪਣੀ ਮਾਂ ਲਿਜੀ ਨਾਲ ਚਿਪਕਿਆ ਰਿਹਾ। ਉਸ ਨੇ ਪੂਰਾ ਸਮਾਂ ਮਾਂ ਨੂੰ ਨਹੀਂ ਛੱਡਿਆ। ਡਾਕਟਰਾਂ ਨੇ ਲਿਜੀ ਦਾ ਸਫਲ ਆਪਰੇਸ਼ਨ ਕੀਤਾ। ਇਸ ਦੌਰਾਨ ਫੈਂਟਮ ਆਪਣੀ ਮਾਂ ਦੇ ਨਾਲ ਹੀ ਰਿਹਾ। ਨਤੀਜਾ ਇਹ ਹੋਇਆ ਕਿ ਫੈਂਟਮ ਦੇ ਸਰੀਰ ਦੀ ਗਰਮੀ ਅਤੇ ਡਾਕਟਰਾਂ ਦੇ ਇਲਾਜ ਨਾਲ ਲਿਜੀ ਹੁਣ ਠੀਕ ਹੈ।

You must be logged in to post a comment Login