ਜਾਣੋ ਆਪਣੀ ਘਰ ਦੀ ਰੂੜੀ ਵਾਲੀ ਖਾਦ ਦੇ ਹੈਰਾਨੀਜਨਕ ਫਾਇਦੇ

ਜਾਣੋ ਆਪਣੀ ਘਰ ਦੀ ਰੂੜੀ ਵਾਲੀ ਖਾਦ ਦੇ ਹੈਰਾਨੀਜਨਕ ਫਾਇਦੇ

ਚੰਡੀਗੜ੍ਹ : ਪੰਜਾਬ ਵਿਚ 81.17 ਲੱਖ ਪਸ਼ੂ ਹਨ। ਇਕ ਪਸ਼ੂ ਤੋਂ ਕਰੀਬ 13 ਕਿੱਲੋ ਨਾਈਟ੍ਰੋਜਨ ਤੱਤ ਪ੍ਰਾਪਤ ਹੁੰਦਾ ਹੈ। ਇਸ ਤਰ੍ਹਾਂ ਇਨ੍ਹਾਂ ਪਸ਼ੂਆਂ ਦੇ ਗੋਹੇ ਤੇ ਰਹਿੰਦ-ਖੂੰਹਦ ਤੋਂ ਤਿਆਰ ਕੀਤੀ ਰੂੜੀ ਦੀ ਖਾਦ ਤੋ 105522 ਟਨ ਨਾਈਟ੍ਰੋਜਨ ਪ੍ਰਾਪਤ ਹੋ ਸਕਦੀ ਹੈ। ਰੂੜੀ ਦੀ ਖਾਦ ਜ਼ਮੀਨ ਦੀ ਸਿਹਤ ਲਈ ਲਾਹੇਵੰਦ ਹੈ। ਇਸ ਨਾਲ ਪੌਦੇ ਦੀਆਂ ਜੜ੍ਹਾਂ ਦਾ ਵਿਕਾਸ ਹੁੰਦਾ ਹੈ ਤੇ ਉਹ ਜ਼ਮੀਨ ਦੀਆਂ ਡੂੰਘੀਆਂ ਪਰਤਾਂ ‘ਚੋ ਪਾਣੀ ਤੇ ਖ਼ੁਰਾਕੀ ਤੱਤ ਆਸਾਨੀ ਨਾਲ ਲੈ ਲੈਂਦੇ ਹਨ। ਰੂੜੀ ਦੀ ਖਾਦ ਡੰਗਰਾਂ ਦੇ ਗੋਹੇ, ਫ਼ਸਲਾਂ, ਪੱਠਿਆਂ ਦੀ ਰਹਿੰਦ-ਖੂੰਹਦ ਨੂੰ ਮਿਲਾ ਕੇ ਬਣਦੀ ਹੈ। ਇਸ ਲਈ ਰੂੜੀ ‘ਚ ਖ਼ੁਰਾਕੀ ਤੱਤਾਂ ਦੀ ਮਾਤਰਾ ਉਸੇ ਅਨੁਪਾਤ ‘ਚ ਹੋਵੇਗੀ, ਜਿਸ ਅਨੁਪਾਤ ‘ਚ ਇਹ ਚੀਜ਼ਾਂ ਮਿਲਾਈਆਂ ਹੋਣ। ਰੂੜੀ ਦੀ ਖਾਦ ਤੋਂ ਭਾਵ ਹੈ ਪਸ਼ੂਆਂ ਦਾ ਮਲ-ਮੂਤਰ, ਉਨ੍ਹਾਂ ਹੇਠ ਵਿਛਾਈ ਗਈ ਸੁੱਕ ਆਦਿ ਜੋ ਪੂਰੀ ਤਰ੍ਹਾਂ ਗਲ ਚੁੱਕੇ ਹੋਣ। ਇਕ ਅੰਦਾਜ਼ੇ ਅਨੁਸਾਰ ਪਸ਼ੂਆਂ ਦੁਆਰਾ ਖ਼ੁਰਾਕ ਜ਼ਰੀਏ ਖਾਧੇ ਗਏ ਲਗਪਗ 70 ਫ਼ੀਸਦੀ ਨਾਈਟ੍ਰੋਜਨ, ਫਾਸਫੋਰਸ ਤੇ 90 ਫ਼ੀਸਦੀ ਤੋਂ ਵੀ ਜ਼ਿਆਦਾ ਪੋਟਾਸ਼ੀਅਮ ਤੱਤ ਉਨ੍ਹਾਂ ਦੇ ਮੁਲ-ਮੂਤਰ ਰਾਹੀਂ ਬਾਹਰ ਨਿਕਲ ਜਾਂਦੇ ਹਨ। ਕਰੀਬ 55 ਫ਼ੀਸਦੀ ਨਾਈਟ੍ਰੋਜਨ ਤੇ 82 ਫ਼ੀਸਦੀ ਪੋਟਾਸ਼ੀਅਮ ਤੱਤ ਪਸ਼ੂਆਂ ਦੇ ਪਿਸ਼ਾਬ ਵਿਚ, 45 ਫ਼ੀਸਦੀ ਨਾਈਟ੍ਰੋਜਨ ਤੇ 18 ਫ਼ੀਸਦੀ ਪੋਟਾਸ਼ੀਅਮ ਗੋਹੇ ਵਿਚ ਹੁੰਦੇ ਹਨ। ਇਸ ਤੋਂ ਇਲਾਵਾ ਕਰੀਬ ਸਾਰੀ ਦੀ ਸਾਰੀ ਫਾਸਫੋਰਸ ਗੋਹੇ ਵਿਚ ਹੀ ਹੁੰਦੀ ਹੈ।
ਵਧੀਆ ਰੂੜੀ ਬਣਾਉਣ ਦਾ ਢੰਗ
ਰੜੀ ਦੀ ਖਾਦ ਤੋਂ ਪੂਰਾ ਫ਼ਾਇਦਾ ਤਦ ਹੀ ਲਿਆ ਜਾ ਸਕਦਾ ਹੈ ਜੇ ਉਸ ਨੂੰ ਚੰਗੀ ਤਰ੍ਹਾਂ ਸਾਂਭਿਆ ਜਾਵੇ। ਆਮ ਤੌਰ ‘ਤੇ ਕਿਸਾਨ ਰੂੜੀ ਦੀ ਗੁਣਵੱਤਾ ਸੁਧਾਰਨ ਵੱਲ ਧਿਆਨ ਨਹੀਂ ਦਿੰਦੇ। ਰਾਹਾਂ ਦੇ ਕੰਢੇ ‘ਤੇ ਰੂੜੀ ਦੇ ਖੁੱਲ੍ਹੇ ਢੇਰ ਲਗਾ ਦਿੱਤੇ ਜਾਂਦੇ ਹਨ, ਜਿਸ ਉੱਪਰ ਜਿੱਥੇ ਮੱਖੀਆਂ-ਮੱਛਰ ਪਲਦੇ ਹਨ ਉੱਥੇ ਰੂੜੀ ਦੀ ਕੁਆਲਿਟੀ ਵੀ ਮਾੜੀ ਹੁੰਦੀ ਹੈ। ਰੁੜੀ ਦੀ ਚੰਗੀ ਤਰ੍ਹਾਂ ਸੰਭਾਲ ਲਈ ਇਸ ਨੂੰ ਟੋਇਆਂ ਵਿਚ ਪਾਇਆ ਜਾਣਾ ਚਾਹੀਦਾ ਹੈ। ਰੂੜੀ ਦੀ ਖਾਦ ਨਿਸ਼ਚਿਤ ਆਕਾਰ ਦੇ ਟੋਇਆਂ ਵਿਚ ਹੀ ਤਿਆਰ ਕਰਨੀ ਚਾਹੀਦੀ ਹੈ। ਇਨ੍ਹਾਂ ਟੋਇਆਂ ਵਿਚ ਪੈਦਾ ਹੋਣ ਵਾਲੇ ਅੰਦਰੂਨੀ ਦਬਾਅ ਕਾਰਨ ਰੂੜੀ ਚੰਗੀ ਤਰ੍ਹਾਂ ਗਲਦੀ-ਸੜਦੀ ਹੈ ਤੇ ਉਸ ਵਿਚਲੇ ਖ਼ੁਰਾਕੀ ਤੱਤ ਵੀ ਚੰਗੀ ਤਰ੍ਹਾਂ ਸੰਭਾਲੇ ਰਹਿੰਦੇ ਹਨ। ਇਸ ਤੋਂ ਇਲਾਵਾ ਟੋਇਆਂ ਵਿਚ ਰੂੜੀ ਖਾਦ ਨੂੰ ਰੱਖਣ ਨਾਲ ਆਲਾ-ਦੁਆਲਾ ਵੀ ਸਾਫ਼ ਤੇ ਸਿਹਤਮੰਦ ਰਹਿੰਦਾ ਹੈ।
ਪਸ਼ੂਆਂ ਦਾ ਮਲ-ਮੂਤਰ ਇਕੱਠਾ ਕਰਨਾ
ਡੰਗਰਾਂ ਦਾ ਮਲ-ਮੂਤਰ ਤੇ ਭਿੱਜੀ ਹੋਈ ਸੁੱਕ, ਇਸ ਤਰ੍ਹਾਂ ਇਕੱਠੇ ਕੀਤੇ ਜਾਣ ਕਿ ਪਸ਼ੂਆਂ ਦਾ ਪਿਸ਼ਾਬ ਵੀ ਗੋਹੇ ਦੇ ਨਾਲ ਇਕੱਠਾ ਹੋ ਸਕੇ। ਪਸ਼ੂਆਂ ਥੱਲੇ ਤੂੜੀ, ਪਰਾਲੀ ਫਾਲਤੂ ਚਾਰਾ ਤੇ ਫ਼ਸਲੀ ਰਹਿੰਦ-ਖੂੰਹਦ ਨੂੰ ਖਿਲਾਰ ਦਿਓ ਤਾਂ ਜੋ ਡੰਗਰਾਂ ਦਾ ਪਿਸ਼ਾਬ ਇਨ੍ਹਾਂ ਵਿਚ ਸਮਾ ਜਾਵੇ। ਇਕ ਕਿੱਲੋ ਪਰਾਲੀ ਕਰੀਬ 1.5 ਕਿੱਲੋ ਪਿਸ਼ਾਬ ਨੂੰ ਸੋਖ ਲੈਂਦੀ ਹੈ। ਪਿਸ਼ਾਬ ਸੋਖਣ ਨਾਲ ਪਰਾਲੀ ਵਿਚ ਕਾਰਬਨ ਤੇ ਨਾਈਟ੍ਰੋਜਨ ਦੀ ਅਨੁਪਾਤ ਵੀ ਘਟ ਜਾਂਦੀ ਹੈ ਜਿਸ ਨਾਲ ਪਰਾਲੀ ਛੇਤੀ ਗਲਦੀ ਹੈ। ਜੇ ਡੰਗਰਾਂ ਥੱਲੇ ਇੱਟਾਂ ਦਾ ਪੱਕਾ ਫਰਸ਼ ਲਗਾਇਆ ਜਾਵੇ ਤਾਂ ਕਰੀਬ 50 ਫ਼ੀਸਦੀ ਪਿਸ਼ਾਬ ਇਕ ਪਾਸੇ ਇਕੱਠਾ ਕੀਤਾ ਜਾ ਸਕਦਾ ਹੈ, ਜਿਸ ਨੂੰ ਰੂੜੀ ਉੱਪਰ ਖਿਲਾਰਿਆ ਜਾ ਸਕਦਾ ਹੈ। ਗੋਹੇ ਦੇ ਨਾਲ ਹੀ ਸੁੱਕ ਨੂੰ ਵੀ ਇਕੱਠਾ ਕਰ ਕੇ ਰੂੜੀ ਉੱਪ ਸੁੱਟ ਦੇਣਾ ਚਾਹੀਦਾ ਹੈ।
ਟੋਏ ਦੀ ਬਣਤਰ
ਟੋਏ ਦਾ ਅਕਾਰ ਪਸ਼ੂਆਂ ਦੀ ਗਿਣਤੀ ਤੇ ਮਲ-ਮੂਤਰ ਦੀ ਮਾਤਰਾ ਅਨੁਸਾਰ ਹੋਵੇ। ਆਮ ਤੌਰ ਤੇ 3-5 ਪਸ਼ੂਆਂ ਦੇ ਮਲ-ਮੂਤਰ ਵਾਸਤੇ 6-7 ਮੀਟਰ (20 ਤੋਂ 23 ਫੁੱਟ) ਲੰਬਾ, 1-1.5 ਮੀਟਰ (3 ਤੋਂ 6 ਫੁੱਟ) ਚੌੜਾ ਤੇ 3 ਫੁੱਟ ਡੂੰਘਾ ਟੋਆ ਕਾਫ਼ੀ ਹੈ। ਟੋਏ ਦੀ ਡੂੰਘਾਈ ਇਕ ਪਾਸਿਓਂ 3 ਫੁੱਟ ਤੇ ਦੂਜੇ ਪਾਸਿਓਂ 3.5 ਫੁੱਟ ਹੋਣੀ ਚਾਹੀਦੀ ਹੈ। ਟੋਆ ਇਹੋ ਜਿਹੀ ਜਗ੍ਹਾ ਪੁੱਟਣਾ ਚਾਹੀਦਾ ਹੈ, ਜਿੱਥੇ ਮੀਂਹ ਦਾ ਪਾਣੀ ਮਾਰ ਨਾ ਕਰੇ। ਮੀਂਹ ਦੇ ਪਾਣੀ ਨਾਲ ਰੂੜੀ ਵਿਚੋਂ ਮੱਲ੍ਹੜ ਆਦਿ ਨੂੰ ਰੁੜ੍ਹਨ ਤੋਂ ਬਚਾਉਣ ਲਈ ਟੋਏ ਦੁਆਲੇ ਵੱਟਾਂ ਬਣਾਈਆਂ ਜਾ ਸਕਦੀਆਂ ਹਨ।
ਟੋਏ ਦੀ ਭਰਾਈ
ਟੋਏ ਨੂੰ ਘੱਟ ਡੂੰਘਾਈ ਵਾਲੇ ਪਾਸਿਓਂ ਭਰਨਾ ਸ਼ੁਰੂ ਕਰੋ ਤੇ ਇਸ ਨੂੰ ਜ਼ਮੀਨ ਤੋਂ ਕਰੀਬ ਡੇਢ ਫੁੱਟ ਉੱਚਾ ਭਰੋ। ਇਸ ਤੋਂ ਬਾਅਦ ਟੋਏ ਉੱਪਰ ਡੇਢ ਤੋਂ ਦੋ ਇੰਚ ਮੋਟੀ ਮਿੱਟੀ ਦੀ ਤਹਿ ਖਿਲਾਰ ਦਿਓ। ਇਸ ਨਾਲ ਰੂੜੀ ‘ਚ ਮੌਜੂਦ ਨਦੀਨਾਂ ਦੇ ਬੀਜ ਵੀ ਗਲ ਜਾਣਗੇ ਅਤੇ ਰੂੜੀ ਚੰਗੀ ਤਰ੍ਹਾਂ ਗਲਣ ਨਾਲ ਉਸ ਦੀ ਖ਼ੁਰਾਕੀ ਸ਼ਕਤੀ ਵੀ ਵਧ ਜਾਵੇਗੀ। ਇਸ ਤੋਂ ਇਲਾਵਾ ਧੁੱਪ ਨਾਲ ਨਸ਼ਟ ਹੋਣ ਵਾਲੇ ਖ਼ੁਰਾਕੀ ਤੱਤ ਵੀ ਬਚੇ ਰਹਿਣਗੇ। ਟੋਏ ਵਿਚ ਭਰਿਆ ਗਿਆ ਪਸ਼ੂਆਂ ਦਾ ਇਹ ਮਲ-ਮੂਤਰ ਤਿੰਨ ਮਹੀਨਿਆਂ ਵਿਚ ਚੰਗੀ ਰੂੜੀ ਦੀ ਸ਼ਕਲ ‘ਚ ਬਦਲ ਜਾਂਦਾ ਹੈ ਤੇ ਇਹ ਰੂੜੀ ਖਾਦ ਖੇਤ ਵਿਚ ਪਾਉਣ ਦੇ ਕਾਬਲ ਹੋ ਜਾਂਦੀ ਹੈ।
ਰੂੜੀ ਖਾਦ ਦੇ ਫ਼ਾਇਦੇ
ਆਮ ਤੌਰ ‘ਤੇ ਪ੍ਰਤੀ ਏਕੜ 5-6 ਟਨ ਰੂੜੀ ਖਾਦ ਦੀ ਵਰਤੋਂ ਕਰਨੀ ਚਾਹੀਦੀ ਹੈ। ਪੰਜ ਟਨ ਚੰਗੀ ਤਰ੍ਹਾਂ ਗਲੀ-ਸੜੀ ਰੂੜੀ ਦੀ ਖਾਦ ਪਾਉਣ ਨਾਲ 25 ਕਿੱਲੋ ਨਾਈਟ੍ਰੋਜਨ, 12.5 ਕਿੱਲੋ ਫਾਸਫੋਰਸ, 25 ਕਿੱਲੋ ਪੋਟਾਸ਼, 7.5 ਕਿੱਲੋ ਲੋਹਾ, 10 ਕਿੱਲੋ ਮੈਗਨੀਜ਼, 200 ਗ੍ਰਾਮ ਜ਼ਿੰਕ, 350 ਗ੍ਰਾਮ ਕਾਪਰ, 25 ਗ੍ਰਾਮ ਬੋਰੋਨ ਤੇ 105 ਗ੍ਰਾਮ ਮੋਲੀਬਡੀਨਸ ਤੱਤ ਜ਼ਮੀਨ ਵਿਚ ਪੈ ਜਾਂਦੇ ਹਨ। ਇਨ੍ਹਾਂ ਤੱਤਾਂ ਦੇ ਜ਼ਮੀਨ ਵਿਚ ਜਾਣ ਨਾਲ ਰਸਾਇਣਕ ਖਾਦਾਂ ਉੱਪਰ ਹੋਣ ਵਾਲੇ ਵਧੂ ਖ਼ਰਚੇ ਤੋਂ ਜਿੱਥੇ ਬਚਾਅ ਹੁੰਦਾ ਹੈ, ਉੱਥੇ ਜ਼ਮੀਨ ਦੀ ਸਿਹਤ ਕਾਇਮ ਰਹਿਣ ਨਾਲ ਫ਼ਸਲੀ ਉਤਪਾਦਨ ‘ਚ ਵੀ ਵਾਧਾ ਹੁੰਦਾ ਹੈ।

You must be logged in to post a comment Login