ਜੰਗਲੀ ਅੱਗ ਕਾਰਨ ਕਈ ਇਲਾਕਿਆਂ ‘ਚ ਐਮਰਜੈਂਸੀ ਵਰਗੇ ਹਾਲਾਤ

ਜੰਗਲੀ ਅੱਗ ਕਾਰਨ ਕਈ ਇਲਾਕਿਆਂ ‘ਚ ਐਮਰਜੈਂਸੀ ਵਰਗੇ ਹਾਲਾਤ

ਨਿਊ ਸਾਊਥ ਵੇਲਜ਼ – ਆਸਟ੍ਰੇਲੀਆ ਦੇ ਸੂਬੇ ਨਿਊ ਸਾਊਥ ਵੇਲਜ਼ ‘ਚ ਕਈ ਥਾਵਾਂ ‘ਤੇ ਜੰਗਲੀ ਅੱਗ ਕਾਰਨ ਐਮਰਜੈਂਸੀ ਵਰਗੇ ਹਾਲਾਤ ਬਣ ਗਏ ਹਨ। ਜੰਗਲੀ ਅੱਗ ਨੂੰ ਕਾਬੂ ਪਾਉਣ ਦੀ ਕੋਸ਼ਿਸ਼ ‘ਚ 3 ਫਾਇਰ ਫਾਈਟਰਜ਼ ਜ਼ਖਮੀ ਹੋ ਗਏ ਹਨ। ਉੱਤਰੀ ਅਤੇ ਪੱਛਮੀ ਸਿਡਨੀ ਅਤੇ ਨਿਊ ਸਾਊਥ ਵੇਲਜ਼ ਕੋਸਟ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ। ਉਲਾਡੁਲਾ, ਬਾਵਲੇ ਅਤੇ ਬੇਟਮਾਨਸ ਬੇਅ ‘ਚ ਰਹਿਣ ਵਾਲੇ ਲੋਕਾਂ ਲਈ ਮੁਸ਼ਕਲਾਂ ਕਾਫੀ ਵਧ ਗਈਆਂ ਹਨ। ਟੂਵੂਮਬਾ ਖੇਤਰ ‘ਚ ਕਈ ਘਰ ਖਤਰੇ ਦੇ ਨਿਸ਼ਾਨ ‘ਤੇ ਹਨ। ਸਿਡਨੀ ਸਣੇ ਕਈ ਖੇਤਰਾਂ ‘ਚ ਧੂੰਆਂ ਭਰ ਗਿਆ ਹੈ, ਇਸ ਕਾਰਨ ਲੋਕਾਂ ਨੂੰ ਘਰਾਂ ‘ਚ ਬੰਦ ਰਹਿਣਾ ਪੈ ਰਿਹਾ ਹੈ। ਬਹੁਤ ਸਾਰੇ ਲੋਕ ਮਾਸਕ ਲਗਾ ਕੇ ਕੰਮਾਂ ‘ਤੇ ਜਾਂਦੇ ਦੇਖੇ ਗਏ। ਨਿਊ ਸਾਊਥ ਵੇਲਜ਼ ਕੋਸਟ ‘ਚ ਇਕ ਪ੍ਰੋਪਰਟੀ ਬੁਰੀ ਤਰ੍ਹਾਂ ਬਰਬਾਦ ਹੋਣ ਦੀ ਖਬਰ ਮਿਲੀ ਹੈ। ਬੀਤੇ ਦਿਨ ਵੀ ਇਕ ਘਰ ਦੇ ਸੜ ਕੇ ਸਵਾਹ ਹੋਣ ਦੀ ਖਬਰ ਮਿਲੀ ਸੀ। ਡਾਕਟਰਾਂ ਨੇ ਲੋਕਾਂ ਨੂੰ ਧੂੰਏਂ ਤੋਂ ਬਚ ਕੇ ਰਹਿਣ ਦੀ ਅਪੀਲ ਕੀਤੀ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਲੋਕਾਂ ਨੂੰ ਧੂੰਏਂ ਕਾਰਨ ਅੱਖਾਂ ‘ਚ ਜਲਣ ਹੋਣ, ਫੇਫੜਿਆਂ ਅਤੇ ਖਰਾਬ ਗਲੇ ਦੀ ਸਮੱਸਿਆ ਆ ਰਹੀ ਹੈ, ਜੋ ਕਿ ਬਹੁਤ ਖਤਰਨਾਕ ਹੈ। ਮਾਹਿਰਾਂ ਮੁਤਾਬਕ ਧੂੰਏਂ ‘ਚ ਕਾਰਬਨ ਮੋਨੋਆਕਸਾਈਡ, ਕਾਰਬਨ ਡਾਇਆਕਸਾਈਡ, ਨਾਈਟ੍ਰੋਜਨ ਆਕਸਾਈਡ ਦੇ ਨਾਲ-ਨਾਲ ਹੋਰ ਵੀ ਕਈ ਤਰ੍ਹਾਂ ਦੇ ਕਣ ਹਨ, ਜੋ ਸਿਹਤ ਲਈ ਚੰਗੇ ਨਹੀਂ ਹਨ ਤੇ ਇਹ ਸਾਹ ਰਾਹੀਂ ਸਾਡੇ ਅੰਦਰ ਜਾ ਰਹੇ ਹਨ।

You must be logged in to post a comment Login