ਟਰੰਪ ਵੱਲੋਂ 52 ਇਰਾਨੀ ਟਿਕਾਣਿਆਂ ’ਤੇ ਹਮਲਾ ਕਰਨ ਦੀ ਧਮਕੀ

ਟਰੰਪ ਵੱਲੋਂ 52 ਇਰਾਨੀ ਟਿਕਾਣਿਆਂ ’ਤੇ ਹਮਲਾ ਕਰਨ ਦੀ ਧਮਕੀ

ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਇਰਾਨ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਤਹਿਰਾਨ ਨੇ ਆਪਣੇ ਸਿਖਰਲੇ ਫੌਜੀ ਕਮਾਂਡਰ ਕਾਸਿਮ ਸੁਲੇਮਾਨੀ ਦੀ ਮੌਤ ਦਾ ਬਦਲਾ ਲੈਣ ਲਈ ਅਮਰੀਕਾ ਖ਼ਿਲਾਫ਼ ਕੋਈ ਕਾਰਵਾਈ ਕੀਤੀ ਤਾਂ ਉਹ ਇਰਾਨ ਵਿੱਚ 52 ਸੰਭਾਵੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਏਗਾ, ਜਿਨ੍ਹਾਂ ਦੀ ਨਿਸ਼ਾਨਦੇਹੀ ਕੀਤੀ ਜਾ ਚੁੱਕੀ ਹੈ। ਚੇਤੇ ਰਹੇ ਕਿ ਸ਼ੁੱਕਰਵਾਰ ਨੂੰ ਬ਼ਗਦਾਦ ਹਵਾਈ ਅੱਡੇ ਦੇ ਬਾਹਰ ਅਮਰੀਕੀ ਡਰੋਨ ਹਮਲੇ ’ਚ ਸੁਲੇਮਾਨੀ ਸਮੇਤ ਇਰਾਕ ਦੀ ਤਾਕਤਵਰ ਨੀਮ ਫੌਜੀ ਬਲ ਹਾਸ਼ਿਦ ਅਲ-ਸ਼ਾਬੀ ਦਾ ਉਪ ਮੁਖੀ ਵੀ ਮਾਰਿਆ ਗਿਆ ਸੀ। ਸੁਲੇਮਾਨੀ ਦੀ ਮੌਤ ਨਾਲ ਦੋਵਾਂ ਮੁਲਕਾਂ ’ਚ ਰਿਸ਼ਤਿਆਂ ’ਚ ਪਹਿਲਾਂ ਤੋਂ ਚੱਲ ਰਹੀ ਤਲਖੀ ਸਿਖਰ ’ਤੇ ਪੁੱਜ ਗਈ ਹੈ। ਅਮਰੀਕੀ ਸਦਰ ਨੇ ਸ਼ਨਿੱਚਰਵਾਰ ਰਾਤ ਨੂੰ ਕੀਤੇ ਇਕ ਟਵੀਟ ’ਚ ਚੇਤਾਵਨੀ ਦਿੱਤੀ ਕਿ ਜੇਕਰ ਇਸਲਾਮਿਕ ਗਣਰਾਜ (ਇਰਾਨ) ਨੇ ਅਮਰੀਕੀ ਅਮਲੇ ਜਾਂ ਅਸਾਸਿਆਂ ’ਤੇ ਹਮਲਾ ਕੀਤਾ ਤਾਂ ਇਰਾਨ ਤੇ ਇਰਾਨੀ ਸਭਿਆਚਾਰ ਦੇ ਅਹਿਮ 52 ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਜਾਵੇਗਾ। ਟਰੰਪ ਨੇ ਟਵੀਟ ਕੀਤਾ, ‘ਇਰਾਨ ਆਪਣੇ ਦਹਿਸ਼ਤੀ ਆਗੂ, ਜਿਸ ਨੇ ਅਜੇ ਪਿੱਛੇ ਜਿਹੇ ਸਾਡੇ ਇਕ ਅਮਰੀਕੀ ਨੂੰ ਮਾਰ ਮੁਕਾਇਆ ਸੀ ਤੇ ਕਈ ਹੋਰਾਂ ਨੂੰ ਬੁਰੀ ਤਰ੍ਹਾਂ ਜ਼ਖ਼ਮੀ ਕਰ ਦਿੱਤਾ ਸੀ, ਦੀ ਮੌਤ ਦਾ ਬਦਲਾ ਲੈਣ ਦੀਆਂ ਬੜੇ ਧੜੱਲੇ ਨਾਲ ਅਮਰੀਕੀ ਅਸਾਸਿਆਂ ਨੂੰ ਨਿਸ਼ਾਨਾ ਬਣਾਉਣ ਦੀਆਂ ਗੱਲਾਂ ਕਰ ਰਿਹੈ।’ ਟਰੰਪ ਨੇ ਕਿਹਾ ਕਿ ਇਸ ਨੂੰ ਚੇਤਾਵਨੀ ਸਮਝਿਆ ਜਾਵੇ ਕਿ ਜੇਕਰ ਇਰਾਨ ਨੇ ਅਮਰੀਕੀਆਂ ਜਾਂ ਅਮਰੀਕੀ ਅਸਾਸਿਆਂ ’ਤੇ ਹਮਲਾ ਕੀਤਾ ਤਾਂ ਉਹ ਨਿਸ਼ਾਨਦੇਹੀ ਵਾਲੇ ਇਰਾਨ ਦੇ 52 ਟਿਕਾਣਿਆਂ ਨੂੰ ਨਿਸ਼ਾਨਾ ਬਣਾਉਣਗੇ। ਕਾਬਿਲੇਗੌਰ ਹੈ ਕਿ 52 ਦਾ ਇਹ ਅੰਕੜਾ ਇਰਾਨ ਵੱਲੋਂ ਕਈ ਸਾਲ ਪਹਿਲਾਂ 52 ਅਮਰੀਕੀਆਂ ਨੂੰ ਅਗਵਾ ਕੀਤੇ ਜਾਣ ਦੀ ਨੁਮਾਇੰਦਗੀ ਕਰਦਾ ਹੈ। ਅਮਰੀਕਾ ਤੇ ਇਰਾਨ ਵਿੱਚ ਵਧਦੀ ਤਲਖੀ ਦਰਮਿਆਨ ਅਫ਼ਗ਼ਾਨਿਸਤਾਨ ਮਗਰੋਂ ਪਾਕਿਸਤਾਨ ਨੇ ਅੱਜ ਕਿਹਾ ਕਿ ਉਹ ਕਿਸੇ ਨੂੰ ਵੀ ਆਪਣੀ ਧਰਤੀ ਕਿਸੇ ਦੂਜੇ ਖ਼ਿਲਾਫ਼ ਵਰਤਣ ਦੀ ਇਜਾਜ਼ਤ ਨਹੀਂ ਦੇਵੇਗਾ। ਪਾਕਿ ਥਲ ਸੈਨਾ ਦੇ ਤਰਜਮਾਨ ਮੇਜਰ ਜਨਰਲ ਆਸਿਫ਼ ਗਫ਼ੂਰ ਨੇ ਵਜ਼ੀਰੇ ਆਜ਼ਮ ਇਮਰਾਨ ਖ਼ਾਨ ਦੇ ਹਵਾਲੇ ਨਾਲ ਕਿਹਾ, ‘ਪਾਕਿਸਤਾਨ ਨਾ ਤਾਂ ਕਿਸੇ ਦੀ ਧਿਰ ਬਣੇਗਾ ਤੇ ਨਾ ਹੀ ਕਿਸੇ ਦਾ ਪੱਖ ਲਏਗਾ, ਬਲਕਿ ਸਿਰਫ਼ ਤੇ ਸਿਰਫ਼ ਅਮਨ ਦਾ ਭਾਈਵਾਲ ਬਣੇਗਾ।’ ਇਸ ਦੌਰਾਨ ਇਰਾਕ ਨੇ ਸੰਯੁਕਤ ਰਾਸ਼ਟਰ ਦੀ ਸਲਾਮਤੀ ਕੌਂਸਲ ਕੋਲ ਅਮਰੀਕੀ ਡਰੋਨ ਹਮਲੇ ਦੀ ਸ਼ਿਕਾਇਤ ਕੀਤੀ ਹੈ। -ਪੀਟੀਆਈ
ਇਰਾਕੀ ਸੰਸਦ ਵੱਲੋਂ ਅਮਰੀਕੀ ਫ਼ੌਜ ਨੂੰ ਮੁਲਕ ’ਚੋਂ ਕੱਢਣ ਦਾ ਸੱਦਾ : ਇਰਾਕ ਦੀ ਸੰਸਦ ਨੇ ਅੱਜ ਵੋਟਿੰਗ ਕਰਕੇ ਅਮਰੀਕੀ ਫੌਜ ਨੂੰ ਮੁਲਕ ’ਚੋਂ ਬਾਹਰ ਕੱਢਣ ਦਾ ਸੱਦਾ ਦਿੱਤਾ ਹੈ। ਇਰਾਕ ’ਚ ਵਿਦੇਸ਼ੀ ਫੌਜਾਂ ਦੀ ਮੌਜੂਦਗੀ ਦਾ ਭੋਗ ਪਾਉਣ ਸਬੰਧੀ ਮਤਾ ਸੰਸਦ ’ਚ ਪੇਸ਼ ਕੀਤਾ ਗਿਆ ਜਿਸ ਦੀ ਕਾਨੂੰਨਘਾੜਿਆਂ ਨੇ ਵੋਟਾਂ ਪਾ ਕੇ ਹਮਾਇਤ ਕੀਤੀ। ਇਸ ਮਤੇ ਦਾ ਮੁੱਖ ਨਿਸ਼ਾਨਾ ਵਾਸ਼ਿੰਗਟਨ ਨਾਲ ਹੋਏ ਕਰਾਰ ਨੂੰ ਖ਼ਤਮ ਕਰਕੇ ਮੁਲਕ ਦੇ ਵੱਖ ਵੱਖ ਹਿੱਸਿਆਂ ’ਚ ਮੌਜੂਦ 5000 ਅਮਰੀਕੀ ਫੌਜੀਆਂ ਨੂੰ ਬਾਹਰ ਦਾ ਰਾਹ ਵਿਖਾਉਣਾ ਹੈ। ਇਰਾਕ ਨੇ ਇਸਲਾਮਿਕ ਜਥੇਬੰਦੀਆਂ ਖ਼ਿਲਾਫ਼ ਲੜਾਈ ਵਿੱਚ ਮਦਦ ਲਈ ਚਾਰ ਸਾਲ ਪਹਿਲਾਂ ਅਮਰੀਕਾ ਨਾਲ ਇਕ ਕਰਾਰ ਕੀਤਾ ਸੀ। ਸੰਸਦ ਦੇ ਵੱਡੀ ਗਿਣਤੀ ਸ਼ੀਆ ਮੈਂਬਰਾਂ ਨੇ ਇਸ ਮਤੇ ਦੀ ਹਮਾਇਤ ਕੀਤੀ ਹੈ। ਇਸ ਦੌਰਾਨ ਇਰਾਕ ਦੇ ਵਿਦੇਸ਼ ਮੰਤਰਾਲੇ ਨੇ ਅੱਜ ਅਮਰੀਕੀ ਸਫ਼ੀਰ ਮੈਥਿਊ ਟਿਊਲਰ ਨੂੰ ਤਲਬ ਕਰਕੇ ਅਮਰੀਕਾ ਵੱਲੋਂ ਇਰਾਕ ’ਤੇ ਕੀਤੇ ਡਰੋਨ ਹਮਲੇ ਦੀ ਨਿਖੇਧੀ ਕੀਤੀ ਹੈ। ਇਰਾਕ ਨੇ ਅਮਰੀਕੀ ਹਮਲੇ ਨੂੰ ਇਰਾਕੀ ਪ੍ਰਭੂਸੱਤਾ ਦੀ ਗੰਭੀਰ ਉਲੰਘਣਾ ਦੱਸਿਆ ਹੈ। ਇਰਾਕ ਨੇ ਕਿਹਾ ਕਿ ਹਮਲਾ, ਕੌਮਾਂਤਰੀ ਭਾਈਵਾਲੀ ਵਾਲੇ ਮਿਸ਼ਨਾਂ ਵਿੱਚ ਬਣੀ ਸਹਿਮਤੀ ਦੀ ਖ਼ਿਲਾਫ਼ਤ ਹੈ।

You must be logged in to post a comment Login