ਟਿੱਡੀ ਦਲ ਦੀ ਸਮੱਸਿਆ ਤੋਂ UN ਵੀ ਚਿੰਤਤ : ਜਲਦੀ ਕਦਮ ਚੁੱਕਣ ਦੀ ਚਿਤਾਵਨੀ!

ਟਿੱਡੀ ਦਲ ਦੀ ਸਮੱਸਿਆ ਤੋਂ UN ਵੀ ਚਿੰਤਤ : ਜਲਦੀ ਕਦਮ ਚੁੱਕਣ ਦੀ ਚਿਤਾਵਨੀ!

ਨਿਊਯਾਰਕ : ਟਿੱਡੀ ਦੀ ਸਮੱਸਿਆ ਦੇ ਵਿਸ਼ਵ-ਵਿਆਪੀ ਹੋਣ ਦੇ ਖਦਸ਼ਿਆਂ ਸਬੰਧੀ ਚਿੰਤਾ ਜਾਹਰ ਕਰਦਿਆਂ ਸੰਯੁਕਤ ਰਾਸ਼ਟਰ ਨੇ ਇਸ ਦੀ ਰੋਕਥਾਮ ਲਈ ਛੇਤੀ ਕਦਮ ਚੁੱਕਣ ਦੀ ਚਿਤਾਵਨੀ ਜਾਰੀ ਕੀਤੀ ਹੈ। ਸੰਯੁਕਤ ਰਾਸ਼ਟਰ ਦਾ ਕਹਿਣਾ ਹੈ ਕਿ ਇਸ ਸਮੱਸਿਆ ਦੇ ਹੱਲ ਲਈ ਛੇਤੀ ਕਾਰਗਰ ਕਦਮ ਨਾ ਚੁੱਕਣ ਦੀ ਸੂਰਤ ਵਿਚ ਵੱਡਾ ਮਨੁੱਖੀ ਸੰਕਟ ਖੜ੍ਹਾ ਹੋ ਸਕਦਾ ਹੈ।ਪਿਛਲੇ ਸਾਲ ਪਏ ਭਾਰੀ ਮੀਂਹ ਤੋਂ ਬਾਅਦ ਪੂਰਬੀ ਅਫਰੀਕਾ ਵਿਚ ਟਿੱਡੀਆਂ ਦੀ ਆਮਦ ਵੱਡੀ ਸਮੱਸਿਆ ਬਣਦੀ ਜਾ ਰਹੀ ਹੈ। ਰੇਗਿਸਤਾਨੀ ਟਿੱਡੀਆਂ ਦੇ ਇਹ ਝੁੰਡ ਜਿਧਰ ਵੀ ਜਾਂਦੇ ਹਨ, ਰਸਤੇ ‘ਚ ਆਉਂਦੇ ਇਲਾਕਿਆਂ ਵਿਚਲੀਆਂ ਸਾਰੀਆਂ ਫ਼ਸਲਾਂ ਦਾ ਸਫ਼ਾਇਆ ਕਰਦੇ ਜਾਂਦੇ ਹਨ। ਹੁਣ ਇਸ ਦਾ ਵਿਕਰਾਲ ਰੂਪ ਸਾਹਮਣੇ ਆਉਣਾ ਸ਼ੁਰੂ ਹੋ ਗਿਆ ਹੈ। ਖ਼ਬਰਾਂ ਮੁਤਾਬਕ ਟਿੱਡੀਆਂ ਦਾ ਇਹ ਖ਼ਤਰਾ ਇਰਾਨ ‘ਚੋਂ ਹੁੰਦਾ ਹੋਇਆ ਪਾਕਿਸਤਾਨ ਰਸਤੇ ਭਾਰਤ ਤਕ ਪਹੁੰਚ ਚੁੱਕਾ ਹੈ। ਸੰਯੁਕਤ ਰਾਸ਼ਟਰ ਵਿਚ ਮਨੁੱਖੀ ਮੁੱਲਾਂ ਦੇ ਮੁਖੀ ਮਾਰਕ ਲੋਕਾਕ ਨੇ ਮੰਗਲਵਾਰ ਨੂੰ ਇੱਥੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਟਿੱਡੀਆਂ ਦੀ ਸਮੱਸਿਆ ‘ਤੇ ਸਮਾਂ ਰਹਿੰਦੇ ਕਾਬੂ ਨਾ ਪਾਇਆ ਗਿਆ ਤਾਂ ਇਹ ਵਿਸ਼ਵ ਲਈ ਵੱਡੇ ਮਨੁੱਖੀ ਸੰਕਟ ਦਾ ਕਾਰਨ ਬਣ ਸਕਦਾ ਹੈ। ਸੰਯੁਕਤ ਰਾਸ਼ਟਰ ਦੇ ਭੋਜਨ ਤੇ ਖੇਤੀਬਾੜੀ ਦੇ ਸੀਨੀਅਰ ਅਧਿਕਾਰੀ ਕੀਥ ਕਰੇਸਮੈਨ ਅਨੁਸਾਰ ਟਿੱਡੀਆਂ ਦੇ ਦਰਮਿਆਨੇ ਅਕਾਰ ਦੇ ਝੁੰਡ ਵਿਚ 15 ਕਰੋੜ ਦੇ ਕਰੀਬ ਕੀੜੇ ਹੁੰਦੇ ਹਨ। ਉਨ੍ਹਾਂ ਕਿਹਾ ਕਿ ਫ਼ਸਲਾਂ ਲਈ ਇਸ ਦਾ ਕਿੰਨਾ ਨੁਕਸਾਨ ਹੈ, ਇਸ ਦਾ ਅੰਦਾਜ਼ਾ ਇਸੇ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਟਿੱਡੀਆਂ ਦਾ ਇਕ ਦਰਮਿਆਨੇ ਅਕਾਰ ਦਾ ਝੁੰਡ ਇਕ ਦਿਨ ਵਿਚ ਹੀ ਕੀਨੀਆ ਦੀ ਪੂਰੀ ਆਬਾਦੀ ਦਾ ਭੋਜਨ ਖ਼ਤਮ ਕਰ ਸਕਦਾ ਹੈ। ਕਾਬਲੇਗੌਰ ਹੈ ਕਿ ਗੁਆਢੀ ਮੁਲਕ ਪਾਕਿਸਤਾਨ ਵਾਲੇ ਪਾਸਿਓ ਆਉਣ ਵਾਲੇ ਟਿੱਡੀਆਂ ਦੇ ਝੁੰਡ ਰਾਜਸਥਾਨ ਵਿਚ ਭਾਰੀ ਤਬਾਹੀ ਮਚਾ ਚੁੱਕੇ ਹਨ। ਇਥੋਂ ਤਕ ਕਿ ਪਾਕਿਸਤਾਨ ਵਿਚ ਇਸ ਵਿਚ ਕੌਮੀ ਸਮੱਸਿਆ ਕਰਾਰ ਦਿਤਾ ਜਾ ਚੁੱਕਾ ਹੈ। ਇਹ ਟਿੱਡੀ ਦਲ ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ ਅੰਦਰ ਵੀ ਤਸਦਕ ਦੇ ਚੁੱਕੇ ਹਨ। ਇਸ ਨੂੰ ਲੈ ਕੇ ਕਿਸਾਨਾਂ ਅੰਦਰ ਪਹਿਲਾਂ ਹੀ ਭਾਰੀ ਦਹਿਸ਼ਤ ਪਾਈ ਜਾ ਰਹੀ ਹੈ।

You must be logged in to post a comment Login