ਠੰਢ ‘ਚ ਬੈਠੇ ਗ਼ਰੀਬਾਂ ਲਈ ਮਸੀਹਾ ਬਣਿਆ ਚੰਡੀਗੜ੍ਹ ਦਾ ਸਿੱਖ ਨੌਜਵਾਨ

ਠੰਢ ‘ਚ ਬੈਠੇ ਗ਼ਰੀਬਾਂ ਲਈ ਮਸੀਹਾ ਬਣਿਆ ਚੰਡੀਗੜ੍ਹ ਦਾ ਸਿੱਖ ਨੌਜਵਾਨ

ਚੰਡੀਗੜ੍ਹ : ਪੋਹ ਮਹੀਨਾ ਚੱਲ ਰਿਹਾ ਹੈ ਤੇ ਇਸ ਮਹੀਨੇ ਵਿਚ ਠੰਢ ਪੂਰੇ ਜ਼ੋਰਾਂ ‘ਤੇ ਪੈ ਰਹੀ ਹੈ। ਹਰ ਕੋਈ ਠੰਢ ਦੇ ਕਹਿਰ ਤੋਂ ਬਚਣ ਲਈ ਗਰਮ ਕੱਪੜਿਆਂ ਜਾਂ ਕੰਬਲਾਂ ਨੂੰ ਅਪਣਾ ਸਹਾਰਾ ਬਣਾ ਰਿਹਾ ਹੈ। ਪਰ ਕੁਝ ਅਜਿਹੇ ਲੋਕ ਵੀ ਹਨ ਜਿਨ੍ਹਾਂ ਕੋਲ ਇਸ ਕਹਿਰ ਦੀ ਠੰਢ ਤੋਂ ਬਚਣ ਲਈ ਲੋੜੀਂਦੀਆਂ ਚੀਜ਼ਾਂ ਜਾਂ ਕੱਪੜੇ ਆਦਿ ਨਹੀਂ ਹਨ। ਅਜਿਹੇ ਵਿਚ ਇਹਨਾਂ ਲੋਕਾਂ ਨੂੰ ਲੋੜ ਹੈ ਹੌਂਸਲੇ ਤੇ ਸਹਾਰੇ ਦੀ। ਅਜਿਹਾ ਹੀ ਇਕ ਸਹਾਰਾ ਚੰਡੀਗੜ੍ਹ ਦੀਆਂ ਸੜਕਾਂ ‘ਤੇ ਪੈਦਲ ਘੁੰਮ ਰਿਹਾ ਹੈ ਤੇ ਲੋੜਵੰਦਾਂ ਲਈ ਕੰਬਲ ਵੰਡ ਰਿਹਾ ਹੈ। ਇਸ ਹੌਂਸਲੇ ਦੀ ਉਮਰ ਸਿਰਫ 15 ਸਾਲ ਹੈ। ਅੱਜ ਦੇ ਦੌਰ ਵਿਚ ਇਸ ਉਮਰ ਦੇ ਜਵਾਨਾਂ ਨੂੰ ਫੇਸਬੁੱਕ, ਇੰਸਟਾਗ੍ਰਾਮ, ਵਟਸਐਪ ਜਾਂ ਵੀਡੀਓ ਗੇਮਜ਼ ਆਦਿ ਤੋਂ ਵੇਹਲ ਨਹੀਂ ਮਿਲਦੀ। ਪਰ ਇਸ ਨੌਜਵਾਨ ਨੇ ਅਜਿਹਾ ਕਰਕੇ ਬਹੁਤ ਵੱਡੀ ਮਿਸਾਲ ਕਾਇਮ ਕੀਤੀ ਹੈ। ਇਸ ਨੌਜਵਾਨ ਦਾ ਨਾਂਅ ਗਰਵ ਸਿੰਘ ਹੈ। ਜੋ ਕਿ ਦਸਵੀਂ ਜਮਾਤ ਦਾ ਵਿਦਿਆਰਥੀ ਹੈ। ਗਰਵ ਸਿੰਘ ਲਗਭਗ 12 ਦਿਨਾਂ ਤੋਂ ਭਲਾਈ ਦਾ ਇਹ ਕਾਰਜ ਕਰ ਰਿਹਾ ਹੈ।ਗਰਵ ਦਾ ਕਹਿਣਾ ਹੈ ਕਿ ਉਹ ਹਰ ਸਾਲ ਸਰਦੀਆਂ ਵਿਚ ਗਰੀਬਾਂ ਨੂੰ ਕੰਬਲ ਵੰਡਦੇ ਹਨ। ਪਰ ਇਸ ਸਾਲ ਉਹਨਾਂ ਨੇ ਸੋਚਿਆ ਕਿ ਕੁਝ ਹੋਰ ਲੋਕਾਂ ਨੂੰ ਇਸ ਮੁਹਿੰਮ ਨਾਲ ਜੋੜਿਆ ਜਾਵੇ ਤਾਂ ਜੋ ਜ਼ਿਆਦਾ ਤੋਂ ਜ਼ਿਆਦਾ ਲੋੜਵੰਦਾਂ ਨੂੰ ਇਸ ਮੁਹਿੰਮ ਦਾ ਫਾਇਦਾ ਹੋ ਸਕੇ। ਗਰਵ ਨੇ ਦੱਸਿਆ ਕਿ ਉਹ ਲਗਭਗ 3 ਸਾਲਾਂ ਤੋਂ ਇਹ ਉਪਰਾਲਾ ਕਰ ਰਹੇ ਹਨ। ਗਰਵ ਦੇ ਮਾਤਾ ਨਿਮਰਤ ਕੌਰ ਦਾ ਕਹਿਣਾ ਹੈ ਕਿ ਗਰਵ ਨੂੰ ਕੰਪਿਊਟਰ ਦਾ ਬਹੁਤ ਸ਼ੌਂਕ ਹੈ। ਉਹਨਾਂ ਦੱਸਿਆ ਕਿ ਗਰਵ ਸਕੂਲ ਵਿਚੋਂ ਵੈੱਬਸਾਈਟ ਬਣਾਉਣੀ ਸਿੱਖ ਰਿਹਾ ਸੀ। ਇਕ ਦਿਨ ਅਚਾਨਕ ਗਰਵ ਨੇ ਉਹਨਾਂ ਨੂੰ ਫੋਨ ਕੀਤਾ ਤੇ ਦੱਸਿਆ ਕਿ ਉਸ ਨੇ ਵੈੱਬਸਾਈਟ ਬਣਾ ਲਈ, ਜਿਸ ਦਾ ਨਾਂਅ ਹੈ ‘Donate a blanket. Com’।

You must be logged in to post a comment Login