ਡਾ. ਧਰਮਵੀਰ ਗਾਂਧੀ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਲਿਖਿਆ ਖੁੱਲ੍ਹਾ ਪੱਤਰ

ਡਾ. ਧਰਮਵੀਰ ਗਾਂਧੀ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਲਿਖਿਆ ਖੁੱਲ੍ਹਾ ਪੱਤਰ

ਪਟਿਆਲਾ : ਪਟਿਆਲਾ ਤੋਂ ਮੈਂਬਰ ਪਾਰਲੀਮੈਂਟ ਡਾ. ਧਰਮਵੀਰ ਗਾਂਧੀ ਨੇ ਮੁੱਖ ਮੰਤਰੀ ਪੰਜਾਬ ਦੇ ਨਾਂ ਖੁੱਲਾ ਪੱਤਰ ਲਿਖ ਕੇ ਪੰਜਾਬ ਦੀ ਯਾਦ ਕਰਵਾਈ ਹੈ। ਗਾਂਧੀ ਨੇ ਲਿਖਿਆ ਹੈ ਕਿ ‘ਪੰਜਾਬ ਦੇ ਕਰੋੜਾਂ ਲੋਕਾਂ ਨੇ 2017 ਵਿਚ ਆਪ ‘ਤੇ ਵਿਸ਼ਵਾਸ ਪ੍ਰਗਟ ਕਰਦੇ ਹੋਏ ਪੰਜ ਸਾਲਾਂ ਲਈ ਪੰਜਾਬ ਦੀ ਤਕਦੀਰ ਬਦਲਣ ਦੀ ਜ਼ਿੰਮੇਵਾਰੀ ਦੀ ਪੱਗ ਆਪ ਦੇ ਸਿਰ ਤੇ ਰੱਖੀ।’ ਉਨ੍ਹਾਂ ਅੱਗੇ ਲਿਖਿਆ ਕਿ ਜੇਕਰ ਨਸ਼ਾ, ਕਿਸਾਨੀ ਸੰਕਟ ਤੇ ਵਿਆਪਕ ਬੇਰੁਜ਼ਗਾਰੀ ਦੀ ਗੱਲ ਨਾ ਵੀ ਕਰੀਏ ਤਾਂ ਅੱਜ ਪੰਜਾਬ ਵਿਚ ਅਧਿਆਪਕਾਂ ਵੱਲੋਂ ਵਾਜਬ ਤਨਖਾਹਾਂ ਨੂੰ ਲੈ ਕੇ ਕੀਤਾ ਜਾ ਰਿਹਾ ਸੰਘਰਸ਼, ਆਪ ਦੀ ਪੰਜਾਬ ਦੇ ਬੱਚਿਆਂ ਅਤੇ ਵਿੱਦਿਆ ਪ੍ਰਤੀ ਸੰਵੇਦਨਸ਼ੀਲਤਾ ਤੇ ਪ੍ਰਤੀਬੱਧਤਾ ਦਾ ਇਕ ਇਮਤਿਹਾਨ ਹੈ।’
ਇਕ ਮੁੱਖ ਮੰਤਰੀ ਦੀ ਸੰਵਿਧਾਨਕ ਜਵਾਬਦੇਹੀ ਦੀ ਯਾਦ ਦਿਵਾਉਂਦਿਆਂ ਕਿਹਾ ਕਿ ਤੁਹਾਨੂੰ ਇਹ ਮੰਨਣਾ ਪਵੇਗਾ ਕਿ ਪੰਜਾਬ ਦੇ ਬੱਚਿਆਂ ਦੇ ਭਵਿੱਖ ਦੀ ਚਿੰਤਾ ਰਾਜ ਦੇ ਮੁੱਖ ਮੰਤਰੀ ਤੋਂ ਵੱਧ ਹੋਰ ਕਿਸੇ ਨੂੰ ਨਹੀਂ ਹੋ ਸਕਦੀ ਅਤੇ ਇਹ ਵੀ ਕਿ ਪੰਜਾਬ ਅੰਦਰ ਮਿਆਰੀ ਸਿੱਖਿਆ ਬਿਨਾਂ ਬੱਚਿਆਂ ਲਈ ਉਜਵੱਲ ਭਵਿੱਖ ਨਹੀਂ ਸਿਰਜਿਆ ਜਾ ਸਕਦਾ।
‘ਮੈਨੂੰ ਯਕੀਨ ਹੈ ਕਿ ਤੁਹਾਨੂੰ ਇਸ ਗੱਲ ਦਾ ਪੂਰਾ-ਪੂਰਾ ਅਹਿਸਾਸ ਹੈ ਕਿ ਬੱਚਿਆਂ ਦੀ ਮਿਆਰੀ ਵਿੱਦਿਆ ਅਤੇ ਗਿਆਨਵਾਨ ਪੰਜਾਬ ਵਿਚਕਾਰਲੀ ਕੜੀ, ਅਧਿਆਪਕ ਅਤੇ ਸਿਰਫ਼ ਅਧਿਆਪਕ ਹੀ ਹਨ ਅਤੇ ਇਹ ਵੀ ਕਿ ਕੋਈ ਵੀ ਸਮਾਜ ਜਾਂ ਦੇਸ਼ ਆਪਣੇ ਅਧਿਆਪਕਾਂ ਦੀਆਂ ਲੋੜਾਂ ਨੂੰ ਨਜ਼ਰ ਅੰਦਾਜ਼ ਕਰਕੇ ਆਪਣੀਆਂ ਆਉਣ ਵਾਲੀਆਂ ਪੀੜੀਆਂ ਨੂੰ ਰੋਸ਼ਨ ਦਿਮਾਗ ਨਹੀਂ ਬਣਾ ਸਕਦਾ। ਡਾ. ਧਰਮਵੀਰ ਨੇ ਲਿਖਿਆ ਕਿ ਇਤਿਹਾਸ ਅਤੇ ਵਰਤਮਾਨ ਗਵਾਹ ਹੈ ਕਿ ਦੁਨੀਆਂ ਦੇ ਜਿਨ੍ਹਾਂ ਮੁਲਕਾਂ ਨੇ ਤਰੱਕੀਆਂ ਦੀਆਂ ਬੁਲੰਦੀਆਂ ਛੂਹੀਆਂ ਹਨ, ਉਨ੍ਹਾਂ ਨੇ ਸਮਾਜ ਵਿਚ ਆਪਣੇ ਅਧਿਆਪਕਾਂ ਨੂੰ ਸਭ ਤੋਂ ਉੱਚਾ ਆਰਥਿਕ ਤੇ ਸਮਾਜਿਕ ਰੁਤਬਾ ਦਿੱਤਾ ਹੈ। ਇਕ ਸਵੈ ਸੰਤੁਸ਼ਟ ਅਧਿਆਪਕ ਹੀ ਆਪਣੇ ਬੱਚਿਆਂ ਨਾਲ ਪੂਰਾ ਇਨਸਾਫ ਕਰ ਸਕਦਾ ਹੈ। ਅਧਿਆਪਕਾਂ ਵੱਲ ਇਸ਼ਾਰਾ ਕਰਦਿਆਂ ਡਾ. ਗਾਂਧੀ ਨੇ ਲਿਖਿਆ ਕਿ ਅੱਜ ਪੰਜਾਬ ਦੇ ਅਧਿਆਪਕਾਂ ਅੰਦਰ ਘੱਟੋ-ਘੱਟ ਵਾਜਬ ਤਨਖਾਹਾਂ ਨੂੰ ਲੈ ਕੇ ਚੱਲ ਰਹੀ ਜੱਦੋ-ਜਹਿਦ ਤੋਂ ਆਪ ਭਲੀ-ਭਾਂਤ ਵਾਕਿਫ਼ ਹੋ। ਸੰਘਰਸ਼ ਕਰ ਰਹੇ ਅਧਿਆਪਕਾਂ ਨੇ ਹੜਤਾਲ ਦਾ ਰਸਤਾ ਅਖਤਿਆਰ ਕਰਕੇ ਮਰਦਿਆਂ ਨੇ ਅੱਕ ਚੱਬਿਆ ਹੈ। ਬੜੇ ਦੁੱਖ ਦੀ ਗੱਲ ਹੈ ਕਿ ਇਕ ਪਾਸੇ ਤਾਂ ਸਰਕਾਰ ਆਪਣੇ ਮੰਤਰੀਆਂ ਅਫ਼ਸਰਾਂ ਦੀਆਂ ਕੰਮ ਹਾਲਤਾਂ ਨੂੰ ਸੁਖਾਲਾ ਬਣਾਉਣ ਲਈ 80 ਕਰੋੜ ਦੀਆਂ ਮਹਿੰਗੀਆਂ ਲਗਜਰੀ ਕਾਰਾਂ ਤੇ ਅੰਨ੍ਹੇਵਾਹ ਪੈਸਾ ਖਰਚਣ ਤੋਂ ਭੋਰਾ ਨਹੀਂ ਝਿਜਕਦੀ ਅਤੇ ਆਪਣੇ ਵਿਧਾਇਕਾਂ ਤੇ ਵਜ਼ੀਰਾਂ ਦੇ ਇੰਨਕਮ ਟੈਕਸ ਭਰਨ ਤੱਕ ਜਾਂਦੀ ਹੈ ਅਤੇ ਇਸ ਦੇ ਨਾਲ ਹੀ ‘ਧੜ ਨਾਲੋਂ ਸਿਰ ਭਾਰੀ’ ਕਹਾਵਤ ਅਨੁਸਾਰ, ਅਫ਼ਸਰਸ਼ਾਹੀ ਦੀ ਫੌਜ਼ ਤੇ ਬੇਤਹਾਸ਼ਾ ਖਰਚ ਕਰ ਰਹੀ ਹੈ ਪਰ ਦੂਜੇ ਪਾਸੇ ਕੌਮ ਦੇ ਨਿਰਮਾਤਾ ਅਧਿਆਪਕਾਂ ਅਤੇ ਕੌਮ ਦਾ ਭਵਿੱਖ, ਬੱਚਿਆਂ ਦੀਆਂ ਲੋੜਾਂ ਵੱਲ ਅੱਖਾਂ ਮੀਟੀ ਬੈਠੀ ਹੈ। ਪੰਜਾਬ ਲਈ ਇਸ ਤੋਂ ਵੱਡੀ ਮੰਦਭਾਗੀ ਹਾਲਤ ਹੋਰ ਨਹੀਂ ਹੋ ਸਕਦੀ। ਇਸ ਚਿੱਠੀ ਰਾਹੀਂ ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ਨੂੰ ਬੇਨਤੀ ਕੀਤੀ ਕਿ ਇਕ ਦੂਰਦਰਸ਼ੀ ਤੇ ਭਵਿੱਖਮੁੱਖੀ ਨੇਤਾ ਹੋਣ ਦੇ ਨਾਤੇ ਪੰਜਾਬ ਦੇ ਸੰਘਰਸ਼ ਕਰ ਰਹੇ ਅਧਿਆਪਕਾਂ ਨਾਲ ਖੁੱਦ ਗੱਲਬਾਤ ਕਰਕੇ ਇਸ ਸਮੱਸਿਆਂ ਦਾ ਜਲਦੀ ਤੋਂ ਜਲਦੀ ਢੁੱਕਵਾਂ ਹੱਲ ਕੀਤਾ ਜਾਵੇ।

You must be logged in to post a comment Login