ਡੇਢ ਮਹੀਨੇ ਮਗਰੋਂ ਵੀ ਸਿੱਖ ਕੈਦੀਆਂ ਦੀ ਰਿਹਾਈ ਨਾ ਹੋ ਸਕੀ

ਡੇਢ ਮਹੀਨੇ ਮਗਰੋਂ ਵੀ ਸਿੱਖ ਕੈਦੀਆਂ ਦੀ ਰਿਹਾਈ ਨਾ ਹੋ ਸਕੀ

ਚੰਡੀਗੜ੍ਹ : ਪੰਜਾਬ ਨਾਲ ਸਬੰਧਤ ਸਿੱਖ ਕੈਦੀਆਂ ਦੀ ਰਿਹਾਈ ਅਤੇ ਸਜ਼ਾ ਮੁਆਫ਼ੀ ਲਈ ਕੇਂਦਰ ਵੱਲੋਂ ਦੂਜੇ ਰਾਜਾਂ ਦੀਆਂ ਸਰਕਾਰਾਂ ਨੂੰ ਲੋੜੀਂਦੀ ਕਾਰਵਾਈ ਲਈ ਲਿਖਣ ਦੇ ਡੇਢ ਮਹੀਨੇ ਬਾਅਦ ਵੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸਿੱਖ ਕੈਦੀਆਂ ਦੀ ਰਿਹਾਈ ਸੰਭਵ ਨਹੀਂ ਹੋ ਸਕੀ। ਇਸੇ ਤਰ੍ਹਾਂ ਪੰਜਾਬ ਪੁਲੀਸ ਦੇ ਅਫ਼ਸਰਾਂ ਤੇ ਮੁਲਾਜ਼ਮਾਂ ਦੀ ਰਿਹਾਈ ਅਤੇ ਸਜ਼ਾ ਮੁਆਫ਼ੀ ਦੇ ਮਾਮਲੇ ’ਤੇ ਰਾਜ ਸਰਕਾਰ ਵੱਲੋਂ ਗੁਪਤ ਤਰੀਕੇ ਨਾਲ ਹੀ ਕੰਮ ਕੀਤਾ ਜਾ ਰਿਹਾ ਹੈ। ਇਨ੍ਹਾਂ ਪੁਲੀਸ ਅਧਿਕਾਰੀਆਂ ਤੇ ਮੁਲਾਜ਼ਮਾਂ ਦੀ ਰਿਹਾਈ, ਸਿੱਖ ਕੈਦੀਆਂ ਦੇ ਨਾਲ ਹੀ ਸੰਭਵ ਹੈ। ਸੂਬੇ ਦੇ ਜੇਲ੍ਹ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਵੱਲੋਂ ਸਿਰਫ਼ ਬਲਬੀਰ ਸਿੰਘ ਨਾਂ ਦੇ ਕੈਦੀ ਦੀ ਰਿਹਾਈ ਬਾਬਤ ਫੈਸਲਾ ਲਿਆ ਜਾਣਾ ਸੀ ਤੇ ਉਹਦੀ ਰਿਹਾਈ ਲਈ ਅੰਤਿਮ ਫੈਸਲਾ ਲੈਣ ਖਾਤਰ ਮਾਮਲਾ ਰਾਜਪਾਲ ਵੀ.ਪੀ.ਸਿੰਘ ਬਦਨੌਰ ਨੂੰ ਭੇਜ ਦਿੱਤਾ ਗਿਆ ਹੈ, ਪਰ ਅਜੇ ਤਕ ਉਸ ਦੀ ਰਿਹਾਈ ਵੀ ਸੰਭਵ ਨਹੀਂ ਹੋਈ। ਅਧਿਕਾਰੀਆਂ ਦਾ ਇਹ ਵੀ ਦੱਸਣਾ ਹੈ ਕਿ ਜਿਸ ਸੂਬੇ ਵਿੱਚ ਸਬੰਧਤ ਅਪਰਾਧ ਲਈ ਕੋਈ ਸਿੱਖ ਕੈਦੀ ਸਜ਼ਾ ਕੱਟ ਰਿਹਾ ਹੈ, ਉਹਦੀ ਰਿਹਾਈ ਜਾਂ ਸਜ਼ਾ ਮੁਆਫ਼ੀ ਦਾ ਫੈਸਲਾ ਉਥੋਂ ਦੀ ਸਰਕਾਰ ਨੇ ਹੀ ਲੈਣਾ ਹੈ। ਇਸ ਕਾਨੂੰਨੀ ਨੁਕਤੇ ਦੇ ਮੱਦੇਨਜ਼ਰ ਕੇਂਦਰ ਸਰਕਾਰ ਵੱਲੋਂ ਪੰਜਾਬ ਸਮੇਤ, ਗੁਜਰਾਤ, ਹਰਿਆਣਾ, ਕਰਨਾਟਕ, ਨਵੀਂ ਦਿੱਲੀ ਦੇ ਮੁੱਖ ਸਕੱਤਰਾਂ ਅਤੇ ਚੰਡੀਗੜ੍ਹ (ਯੂਟੀ) ਪ੍ਰਸ਼ਾਸਕ ਦੇ ਸਲਾਹਕਾਰ ਨੂੰ ਇੱਕ ਪੱਤਰ 27 ਸਤੰਬਰ ਨੂੰ ਲਿਖਿਆ ਗਿਆ ਸੀ। ਇਸ ਪੱਤਰ ਦੀ ਨਿਸਬਤ ਯੂਟੀ ਵਿੱਚ ਹੋਏ ਅਪਰਾਧ ਨਾਲ ਸਬੰਧਤ ਬਲਬੀਰ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਉਮਰ ਕੈਦ ਵਿੱਚ ਤਬਦੀਲ ਕਰਨ ਦੀ ਰਸਮੀ ਕਾਰਵਾਈ ਤਾਂ ਆਰੰਭ ਹੋਈ, ਜੋ ਅਜੇ ਤਕ ਸਿਰੇ ਨਹੀਂ ਚੜ੍ਹ ਸਕੀ। ਪੰਜਾਬ ਸਮੇਤ ਗੁਜਰਾਤ, ਹਰਿਆਣਾ, ਕਰਨਾਟਕ, ਨਵੀਂ ਦਿੱਲੀ ਦੇ ਮੁੱਖ ਸਕੱਤਰਾਂ ਅਤੇ ਚੰਡੀਗੜ੍ਹ (ਯੂਟੀ) ਪ੍ਰਸ਼ਾਸਕ ਦੇ ਸਲਾਹਕਾਰ ਨੂੰ ਕੇਂਦਰ ਵੱਲੋਂ ਭੇਜੇ ਪੱਤਰ ਨਾਲ ਨੱਥੀ ਸੂਚੀ ਮੁਤਾਬਕ ਗੁਰਦੀਪ ਸਿੰਘ ਖਿਲਾਫ਼ ਥਾਣਾ ਕ੍ਰਿਸ਼ਨਾ ਨਗਰ ਨਵੀਂ ਦਿੱਲੀ ਅਤੇ ਕਰਨਾਟਕ ਦੇ ਥਾਣਾ ਬਿਦਰ ਵਿੱਚ ਟਾਡਾ, ਅਸਲਾ ਐਕਟ ਅਤੇ ਹੋਰਨਾਂ ਸੰਗੀਨ ਧਾਰਾਵਾਂ ਤਹਿਤ ਕੇਸ ਦਰਜ ਸੀ, ਪਰ ਇਹ ਕੈਦੀ ਅੰਮ੍ਰਿਤਸਰ ਦੀ ਜੇਲ੍ਹ ਵਿੱਚ ਬੰਦ ਹੈ। ਬਲਵੰਤ ਸਿੰਘ ਰਾਜੋਆਣਾ ਦਾ ਸਬੰਧ ਚੰਡੀਗੜ੍ਹ ਵਿੱਚ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਨਾਲ ਹੈ। ਇਹ ਅਪਰਾਧ ਤਾਂ ਯੂਟੀ ਵਿੱਚ ਹੋਇਆ, ਪਰ ਰਾਜੋਆਣਾ ਪਟਿਆਲਾ ਜੇਲ੍ਹ ਵਿੱਚ ਬੰਦ ਹੈ। ਫਾਂਸੀ ਦਾ ਸਜ਼ਾਯਾਫ਼ਤਾ ਇਸ ਕੈਦੀ ਦੀ ਸਜ਼ਾ ਤਬਦੀਲ ਕਰਨ ਦਾ ਫੈਸਲਾ ਨਿਯਮਾਂ ਮੁਤਾਬਕ ਯੂਟੀ ਪ੍ਰਸ਼ਾਸਨ ਰਾਹੀਂ ਕੇਂਦਰ ਸਰਕਾਰ ਵੱਲੋਂ ਹੀ ਲਿਆ ਜਾਣਾ ਹੈ। ਬਲਬੀਰ ਸਿੰਘ ਨਾਂ ਦੇ ਕੈਦੀ ਖ਼ਿਲਾਫ਼ ਰਾਏਕੋਟ ਥਾਣੇ ’ਚ ਕੇਸ ਦਰਜ ਹੈ। ਉਹ ਇਸ ਵੇਲੇ ਲੁਧਿਆਣਾ ਦੀ ਜੇਲ੍ਹ ਵਿੱਚ ਬੰਦ ਹੈ। ਉਹਦੀ ਸਜ਼ਾ ਬਾਰੇ ਫੈਸਲਾ ਪੰਜਾਬ ਸਰਕਾਰ ਰਾਹੀਂ ਰਾਜਪਾਲ ਵੱਲੋਂ ਲਿਆ ਜਾਣਾ ਹੈ। ਇਸੇ ਤਰ੍ਹਾਂ ਵਰਿਆਮ ਸਿੰਘ, ਜੋ ਪਟਿਆਲਾ ਦੀ ਜੇਲ੍ਹ ਵਿੱਚ ਬੰਦ ਹੈ, ਨੂੰ ਹਰਿਆਣਾ ਦੇ ਥਾਣਾ ਰਾਏਪੁਰ ਰਾਣੀ ਵਿੱਚ ਕੇਸ ਦਰਜ ਹੋਣ ਮਗਰੋਂ ਸਜ਼ਾ ਹੋਈ ਸੀ। ਲਾਲ ਸਿੰਘ ਖ਼ਿਲਾਫ਼ ਨਵੀਂ ਦਿੱਲੀ ’ਚ ਕੇਸ ਦਰਜ ਸੀ ਤੇ ਅੱਜਕੱਲ੍ਹ ਉਹ ਨਾਭਾ ਜੇਲ੍ਹ ਵਿੱਚ ਬੰਦ ਹੈ। ਦਵਿੰਦਰਪਾਲ ਸਿੰਘ ਭੁੱਲਰ ’ਤੇ ਨਵੀਂ ਦਿੱਲੀ, ਉੱਤਰ ਪ੍ਰਦੇਸ਼ ਤੇ ਗਾਜ਼ੀਆਬਾਦ ਅਤੇ ਗੁਰਦਾਸਪੁਰ ਵਿੱਚ ਕੇਸ ਦਰਜ ਹਨ।

You must be logged in to post a comment Login