ਡੇਰਾ ਸੱਚਾ ਸੌਦਾ ਤੱਥਾਵਲੀ: ਇਲਜ਼ਾਮਾਂ ਤੋਂ ਸਜ਼ਾ ਤਕ

ਡੇਰਾ ਸੱਚਾ ਸੌਦਾ ਤੱਥਾਵਲੀ: ਇਲਜ਼ਾਮਾਂ ਤੋਂ ਸਜ਼ਾ ਤਕ
  • ਪੇਸ਼ਕਸ਼ ਬੂਟਾ ਸਿੰਘ

-ਸਿਰਸਾ ਵਿਚ ਡੇਰਾ ਸੱਚਾ ਸੌਦਾ ਦੀ ਸਥਾਪਨਾ ਸ਼ਾਹ ਮਸਤਾਨਾ ਜੀ ਬਲੋਚੀ ਨੇ 1948 ਵਿਚ ਕੀਤੀ ਜੋ ਮੁਲਕ ਦੀ ਵੰਡ ਤੋਂ ਬਾਅਦ ਬਲੋਚਸਤਾਨ ਤੋਂ ਆਏ ਸਨ। ਉਨ੍ਹਾਂ ਤੋਂ ਬਾਅਦ ਸ਼ਾਹ ਸਤਨਾਮ ਜੀ ਡੇਰਾ ਮੁਖੀ ਬਣੇ।
-ਸ਼ਾਹ ਸਤਨਾਮ ਦੀ ਥਾਂ 23 ਸਤੰਬਰ 1990 ਵਿਚ ਗੁਰਮੀਤ ਸਿੰਘ ਡੇਰਾ ਮੁਖੀ ਵਜੋਂ ਗੱਦੀਨਸ਼ੀਨ ਹੋਇਆ। 13 ਦਸੰਬਰ 1991 ਨੂੰ ਸ਼ਾਹ ਸਤਨਾਮ ਦੀ ਮੌਤ।
-1998 ਵਿਚ ਪਿੰਡ ਬੇਗੂ ਦਾ ਇਕ ਬੱਚਾ ਡੇਰੇ ਦੀ ਜੀਪ ਥੱਲੇ ਕੁਚਲਿਆ ਗਿਆ। ਪਿੰਡ ਵਾਲਿਆਂ ਨਾਲ ਡੇਰੇ ਦਾ ਝਗੜਾ ਹੋ ਗਿਆ। ਖ਼ਬਰ ਛਾਪਣ ਵਾਲੇ ਅਖ਼ਬਾਰਾਂ ਦੇ ਨੁਮਾਇੰਦਿਆਂ ਨੂੰ ਡਰਾਇਆ-ਧਮਕਾਇਆ ਗਿਆ। ਡੇਰੇ ਦੇ ਸ਼ਰਧਾਲੂ ਗੱਡੀਆਂ ਭਰ ਕੇ ਸਿਰਸਾ ਦੇ ਸੰਧਿਆ ਦੈਨਿਕ ਅਖ਼ਬਾਰ ‘ਰਾਮਾ ਟਾਈਮਜ਼’ ਦੇ ਦਫ਼ਤਰ ਵਿਚ ਜਾ ਧਮਕੇ ਅਤੇ ਪੱਤਰਕਾਰ ਵਿਸ਼ਵਜੀਤ ਸ਼ਰਮਾ ਨੂੰ ਧਮਕੀ ਦਿੱਤੀ। ਆਖ਼ਿਰਕਾਰ ਡੇਰੇ ਦੀ ਇੰਤਜ਼ਾਮੀਆ ਕਮੇਟੀ ਅਤੇ ਮੀਡੀਆ ਵਾਲਿਆਂ ਦੀ ਪੰਚਾਇਤ ਹੋਈ ਜਿਸ ਵਿਚ ਡੇਰੇ ਵਲੋਂ ਲਿਖਤੀ ਮੁਆਫ਼ੀ ਮੰਗੀ ਗਈ ਅਤੇ ਮਾਮਲਾ ਰਫ਼ਾ-ਦਫ਼ਾ ਹੋ ਗਿਆ।
-ਮਈ 2002 ਵਿਚ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਉਪਰ ਜਿਨਸੀ ਸ਼ੋਸ਼ਣ ਦੇ ਇਲਜ਼ਾਮ ਲਾਉਂਦੇ ਹੋਏ ਡੇਰੇ ਦੀ ਇਕ ਸਾਧਵੀ ਵਲੋਂ ਬੇਨਾਮ ਚਿੱਠੀ ਪ੍ਰਧਾਨ ਮੰਤਰੀ ਨੂੰ ਭੇਜੀ ਗਈ ਜਿਸ ਦੀ ਇਕ ਕਾਪੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਚੀਫ਼ ਜਸਟਿਸ ਨੂੰ ਭੇਜੀ ਗਈ।
-10 ਜੁਲਾਈ 2002 ਨੂੰ ਡੇਰਾ ਸੱਚਾ ਸੌਦਾ ਦੀ ਇੰਤਜ਼ਾਮੀਆ ਕਮੇਟੀ ਦੇ ਸਾਬਕਾ ਮੈਂਬਰ ਕੁਰੂਕਸ਼ੇਤਰ ਦੇ ਰਣਜੀਤ ਸਿੰਘ ਦਾ ਕਤਲ ਹੋ ਗਿਆ। ਇਸ ਦਾ ਇਲਜ਼ਾਮ ਡੇਰੇ ਉਪਰ ਲੱਗਿਆ। ਰਣਜੀਤ ਸਿੰਘ ਉਪਰ ਡੇਰੇ ਦੇ ਕਰਤਾ-ਧਰਤਾ ਲੋਕਾਂ ਨੂੰ ਸ਼ੱਕ ਸੀ ਕਿ ਉਪਰੋਕਤ ਬੇਨਾਮ ਚਿੱਠੀ ਉਸ ਨੇ ਆਪਣੀ ਭੈਣ ਤੋਂ ਲਿਖਵਾਈ ਸੀ। ਗ਼ੌਰਤਲਬ ਹੈ ਕਿ ਰਣਜੀਤ ਸਿੰਘ ਦੀ ਭੈਣ ਵੀ ਡੇਰੇ ਵਿਚ ਸਾਧਵੀ ਸੀ। ਪੁਲਿਸ ਜਾਂਚ ਤੋਂ ਅਸੰਤੁਸ਼ਟ ਰਣਜੀਤ ਸਿੰਘ ਦੇ ਪਿਤਾ ਨੇ ਜਨਵਰੀ 2003 ਵਿਚ ਹਾਈਕੋਰਟ ਵਿਚ ਦਰਖ਼ਾਸਤ ਦੇ ਕੇ ਸੀਥਬੀਥਆਈਥ ਜਾਂਚ ਦੀ ਮੰਗ ਕੀਤੀ।
-24 ਸਤੰਬਰ 2002 ਨੂੰ ਹਾਈਕੋਰਟ ਨੇ ਸਾਧਵੀਆਂ ਦੇ ਜਿਨਸੀ ਸ਼ੋਸ਼ਣ ਮਾਮਲੇ ਵਿਚ ਬੇਨਾਮ ਚਿੱਠੀ ਦਾ ਨੋਟਿਸ ਲੈਂਦੇ ਹੋਏ ਡੇਰੇ ਦੀ ਜਾਂਚ ਸੀਬੀਆਈ ਤੋਂ ਕਰਾਉਣ ਦੇ ਆਦੇਸ਼ ਦਿੱਤੇ। ਸੀਬੀਆਈ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ।
-24 ਅਕਤੂਬਰ 2002 ਨੂੰ ਸਿਰਸਾ ਦੇ ਸੰਧਿਆ ਦੈਨਿਕ ਅਖ਼ਬਾਰ ‘ਪੂਰਾ ਸੱਚ’ ਦੇ ਸੰਪਾਦਕ ਰਾਮਚੰਦਰ ਛਤਰਪਤੀ ਉਪਰ ਡੇਰੇ ਦੇ ਬੰਦਿਆਂ ਵਲੋਂ ਕਾਤਲਾਨਾ ਹਮਲਾ ਕੀਤਾ ਗਿਆ। ਛਤਰਪਤੀ ਨੂੰ ਘਰ ਤੋਂ ਬਾਹਰ ਬੁਲਾ ਕੇ ਪੰਜ ਗੋਲੀਆਂ ਮਾਰੀਆਂ ਗਈਆਂ।
-25 ਅਕਤੂਬਰ 2002 ਨੂੰ ਇਸ ਵਾਰਦਾਤ ਦੇ ਖ਼ਿਲਾਫ਼ ਸਿਰਸਾ ਸ਼ਹਿਰ ਡੇਰੇ ਦੇ ਵਿਰੋਧ ਵਿਚ ਬੰਦ ਰਿਹਾ। ਮੁਲਕ ਦੇ ਉਤਰੀ ਹਿੱਸੇ ਵਿਚ ਮੀਡੀਆ ਉਪਰ ਹਮਲੇ ਨੂੰ ਲੈ ਕੇ ਰੋਹ ਫੈਲ ਗਿਆ। ਮੀਡੀਆ ਵਾਲਿਆਂ ਵਲੋਂ ਥਾਂ-ਥਾਂ ਧਰਨੇ-ਮੁਜ਼ਾਹਰੇ ਕੀਤੇ ਗਏ।
-16 ਨਵੰਬਰ 2002 ਨੂੰ ਸਿਰਸਾ ਵਿਚ ਮੀਡੀਆ ਦੀ ਮਹਾਂਪੰਚਾਇਤ ਸੱਦੀ ਗਈ ਅਤੇ ਡੇਰਾ ਸੱਚਾ ਸੌਦਾ ਦਾ ਬਾਈਕਾਟ ਕਰਨ ਦਾ ਅਹਿਦ ਲਿਆ ਗਿਆ।
-21 ਨਵੰਬਰ 2002 ਨੂੰ ਪੱਤਰਕਾਰ ਰਾਮਚੰਦਰ ਛਤਰਪਤੀ ਦਿੱਲੀ ਦੇ ਅਪੋਲੋ ਹਸਪਤਾਲ ਵਿਚ ਦਮ ਤੋੜ ਗਏ।
-ਦਸੰਬਰ 2002 ਨੂੰ ਛਤਰਪਤੀ ਪਰਿਵਾਰ ਨੇ ਪੁਲਿਸ ਜਾਂਚ ਤੋਂ ਅਸੰਤੁਸ਼ਟ ਹੋ ਕੇ ਮਾਮਲੇ ਦੀ ਜਾਂਚ ਸੀਥਬੀਥਆਈਥ ਤੋਂ ਕਰਵਾਉਣ ਦੀ ਮੰਗ ਮੁੱਖ ਮੰਤਰੀ ਤੋਂ ਕੀਤੀ। ਪਰਿਵਾਰ ਦਾ ਇਲਜ਼ਾਮ ਸੀ ਕਿ ਕਤਲ ਦੇ ਮੁੱਖ ਮੁਲਜ਼ਮ ਅਤੇ ਸਾਜ਼ਿਸ਼ਘਾੜੇ ਨੂੰ ਪੁਲਿਸ ਬਚਾ ਰਹੀ ਹੈ।
-ਜਨਵਰੀ 2003 ਵਿਚ ਪੱਤਰਕਾਰ ਛਤਰਪਤੀ ਦੇ ਪੁੱਤਰ ਅੰਸ਼ੁਲ ਛਤਰਪਤੀ ਨੇ ਹਾਈ ਕੋਰਟ ਵਿਚ ਦਰਖ਼ਾਸਤ ਦਾਇਰ ਕਰ ਕੇ ਛਤਰਪਤੀ ਮਾਮਲੇ ਦੀ ਜਾਂਚ ਸੀਬੀਆਈ ਤੋਂ ਕਰਵਾਏ ਜਾਣ ਦੀ ਮੰਗ ਕੀਤੀ। ਦਰਖ਼ਾਸਤ ਵਿਚ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਉਪਰ ਕਤਲ ਦਾ ਇਲਜ਼ਾਮ ਲਗਾਇਆ ਗਿਆ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪੱਤਰਕਾਰ ਛਤਰਪਤੀ ਅਤੇ ਰਣਜੀਤ ਸਿੰਘ ਕਤਲਾਂ ਦੇ ਮਾਮਲਿਆਂ ਦੀ ਸੁਣਵਾਈ ਸਾਂਝੇ ਤੌਰ ‘ਤੇ ਕਰਦੇ ਹੋਏ 10 ਨਵੰਬਰ 2003 ਨੂੰ ਸੀਥਬੀਥਆਈਥ ਨੂੰ ਐਫ਼ਆਈਆਰ ਦਰਜ ਕਰ ਕੇ ਜਾਂਚ ਦੇ ਆਦੇਸ਼ ਦਿੱਤੇ।
-ਦਸੰਬਰ 2003 ਵਿਚ ਸੀਥਬੀਥਆਈਥ ਨੇ ਛਤਰਪਤੀ ਅਤੇ ਰਣਜੀਤ ਸਿੰਘ ਕਤਲ ਕਾਂਡਾਂ ਵਿਚ ਜਾਂਚ ਸ਼ੁਰੂ ਕੀਤੀ।
-ਦਸੰਬਰ 2003 ਵਿਚ ਡੇਰੇ ਵਾਲਿਆਂ ਨੇ ਸੁਪਰੀਮ ਕੋਰਟ ਵਿਚ ਦਰਖ਼ਾਸਤ ਦਾਇਰ ਕਰ ਕੇ ਸੀਥਬੀਥਆਈਥ ਵਲੋਂ ਕੀਤੀ ਜਾ ਰਹੀ ਜਾਂਚ ਉਪਰ ਰੋਕ ਲਗਾਏ ਜਾਣ ਦੀ ਮੰਗ ਕੀਤੀ। ਸੁਪਰੀਮ ਕੋਰਟ ਨੇ ਉਪਰੋਕਤ ਦਰਖ਼ਾਸਤ ਉਪਰ ਕਾਰਵਾਈ ਕਰਦੇ ਹੋਏ ਜਾਂਚ ਰੋਕ ਦਿੱਤੀ।
-ਨਵੰਬਰ 2004 ਵਿਚ ਦੂਜੀ ਧਿਰ ਦਾ ਪੱਖ ਸੁਣਨ ਤੋਂ ਬਾਅਦ ਸੁਪਰੀਮ ਕੋਰਟ ਨੇ ਡੇਰੇ ਦੀ ਦਰਖ਼ਾਸਤ ਖ਼ਾਰਜ ਕਰ ਦਿੱਤੀ ਅਤੇ ਸੀਥਬੀਥਆਈਥ ਜਾਂਚ ਜਾਰੀ ਰੱਖਣ ਦੇ ਆਦੇਸ਼ ਦਿੱਤੇ।
-ਸੀਥਬੀਥਆਈਥ ਨੇ ਮੁੜ ਉਪਰੋਕਤ ਮਾਮਲਿਆਂ ਦੀ ਜਾਂਚ ਸ਼ੁਰੂ ਕਰ ਕੇ ਡੇਰਾ ਮੁਖੀ ਸਮੇਤ ਕਈ ਹੋਰ ਲੋਕਾਂ ਨੂੰ ਮੁਲਜ਼ਮ ਨਾਮਜ਼ਦ ਕਰ ਲਿਆ। ਜਾਂਚ ਤੋਂ ਬੌਖਲਾਏ ਡੇਰੇ ਵਾਲਿਆਂ ਨੇ ਸੀਬੀਆਈ ਦੇ ਅਧਿਕਾਰੀਆਂ ਦੇ ਖ਼ਿਲਾਫ਼ ਚੰਡੀਗੜ੍ਹ ਵਿਚ ਹਜ਼ਾਰਾਂ ਦੀ ਤਾਦਾਦ ਵਿਚ ਇਕੱਠੇ ਹੋ ਕੇ ਪ੍ਰਦਰਸ਼ਨ ਕੀਤਾ।
-ਮਈ 2007 ਵਿਚ ਡੇਰਾ ਸਲਾਵਤਪੁਰਾ (ਬਠਿੰਡਾ) ਵਿਚ ਡੇਰਾ ਮੁਖੀ ਨੇ ਸਿੱਖ ਗੁਰੂ ਗੋਬਿੰਦ ਸਿੰਘ ਜੀ ਵਰਗਾ ਪਹਿਰਾਵਾ ਪਾ ਕੇ ‘ਜਾਮ-ਏ-ਇੰਸਾਂ’ ਪਿਆਉਂਦੇ ਹੋਏ ਤਸਵੀਰਾਂ ਖਿਚਵਾਈਆਂ ਅਤੇ ਅਖ਼ਬਾਰਾਂ ਵਿਚ ਛਪਵਾਈਆਂ।
-13 ਮਈ 2007 ਨੂੰ ਸਿੱਖਾਂ ਨੇ ਗੁਰੂ ਗੋਬਿੰਦ ਸਿੰਘ ਦੀ ਨਕਲ ਕੀਤੇ ਜਾਣ ਦੇ ਖ਼ਿਲਾਫ਼ ਬਠਿੰਡਾ ਵਿਚ ਡੇਰਾ ਮੁਖੀ ਦਾ ਪੁਤਲਾ ਫੂਕਿਆ। ਡੇਰਾ ਪ੍ਰੇਮੀਆਂ ਨੇ ਪ੍ਰਦਰਸ਼ਨਕਾਰੀ ਸਿੱਖਾਂ ਉਪਰ ਹਮਲਾ ਕਰ ਦਿੱਤਾ। ਜਿਸ ਤੋਂ ਬਾਅਦ 14 ਮਈ 2007 ਨੂੰ ਪੂਰੇ ਉਤਰੀ ਹਿੰਦੁਸਤਾਨ ਵਿਚ ਹਿੰਸਕ ਘਟਨਾਵਾਂ ਹੋਈਆਂ। ਸਿੱਖਾਂ ਅਤੇ ਡੇਰਾ ਪ੍ਰੇਮੀਆਂ ਦਰਮਿਆਨ ਥਾਂ-ਥਾਂ ਟਕਰਾਓ ਹੋਏ।
-17 ਮਈ 2007 ਨੂੰ ਪ੍ਰਦਰਸ਼ਨ ਕਰ ਰਹੇ ਸਿੱਖਾਂ ਉਪਰ ਸੁਨਾਮ ਵਿਚ ਡੇਰਾ ਪ੍ਰੇਮੀ ਨੇ ਗੋਲੀ ਚਲਾ ਦਿੱਤੀ ਜਿਸ ਵਿਚ ਸਿੱਖ ਨੌਜਵਾਨ ਕੋਮਲ ਸਿੰਘ ਦੀ ਮੌਤ ਹੋ ਗਈ। ਜਿਸ ਤੋਂ ਬਾਦ ਸਿੱਖ ਜਥੇਬੰਦੀਆਂ ਨੇ ਡੇਰਾ ਮੁਖੀ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਅੰਦੋਲਨ ਸ਼ੁਰੂ ਕਰ ਦਿੱਤਾ। ਡੇਰਾ ਮੁਖੀ ਦੇ ਪੰਜਾਬ ਵਿਚ ਜਾਣ ਉਪਰ ਪਾਬੰਦੀ ਲੱਗ ਗਈ। ਡੇਰਾ ਸੱਚਾ ਸੌਦਾ ਇਸ ਮਾਮਲੇ ਵਿਚ ਝੁਕਣ ਲਈ ਤਿਆਰ ਨਹੀਂ ਸੀ। ਹਾਲਤ ਵਿਗੜਦੀ ਦੇਖ ਕੇ ਪੂਰੇ ਪੰਜਾਬ ਅਤੇ ਹਰਿਆਣਾ ਵਿਚ ਸੁਰੱਖਿਆ ਤਾਕਤਾਂ ਲਗਾ ਦਿੱਤੀਆਂ ਗਈਆਂ।
-18 ਜੂਨ 2007 ਨੂੰ ਬਠਿੰਡਾ ਦੀ ਅਦਾਲਤ ਨੇ ਰਾਜਿੰਦਰ ਸਿੰਘ ਸਿੱਧੂ ਦੀ ਦਰਖ਼ਾਸਤ ਉਪਰ ਡੇਰਾ ਮੁਖੀ ਦੇ ਗ਼ੈਰ ਜ਼ਮਾਨਤੀ ਵਾਰੰਟ ਜਾਰੀ ਕੀਤੇ। ਜਿਸ ਨਾਲ ਡੇਰਾ ਸੱਚਾ ਸੌਦਾ ਵਾਲੇ ਹੋਰ ਬੌਖਲਾ ਗਏ ਅਤੇ ਡੇਰਾ ਪ੍ਰੇਮੀਆਂ ਨੇ ਪੰਜਾਬ ਦੀ ਬਾਦਲ ਸਰਕਾਰ ਦੇ ਖ਼ਿਲਾਫ਼ ਥਾਂ-ਥਾਂ ਪ੍ਰਦਰਸ਼ਨ ਕੀਤੇ।
-16 ਜੁਲਾਈ 2007 ਨੂੰ ਸਿਰਸਾ ਦੇ ਪਿੰਡ ਘੁੱਕਾਂਵਾਲੀ ਵਿਚ ਪ੍ਰਸ਼ਾਸਨਿਕ ਪਾਬੰਦੀ ਦੇ ਬਾਵਜੂਦ ਡੇਰਾ ਸੱਚਾ ਸੌਦਾ ਨੇ ਨਾਮ ਚਰਚਾ ਰੱਖੀ। ਇਸ ਵਿਚ ਡੇਰਾ ਮੁਖੀ ਕਾਫ਼ਲੇ ਸਮੇਤ ਸ਼ਾਮਲ ਹੋਣ ਲਈ ਪਹੁੰਚ ਗਿਆ। ਸਿੱਖਾਂ ਨੇ ਕਾਫ਼ਲੇ ਨੂੰ ਕਾਲੇ ਝੰਡੇ ਦਿਖਾਏ। ਇਸ ਨੂੰ ਲੈ ਕੇ ਦੋਨਾਂ ਧਿਰਾਂ ਵਿਚ ਟਕਰਾਓ ਸ਼ੁਰੂ ਹੋ ਗਿਆ। ਦੇਖਦੇ ਹੀ ਦੇਖਦੇ ਹਜੂਮ ਦੇ ਤੇਵਰ ਵਿਗੜ ਗਏ ਅਤੇ ਦੋਨਾਂ ਧਿਰਾਂ ਵਿਚ ਪਥਰਾਓ ਸ਼ੁਰੂ ਹੋ ਗਿਆ। ਡੇਰਾ ਮੁਖੀ ਨੂੰ ਨਾਮ ਚਰਚਾ ਵਿਚਾਲੇ ਛੱਡ ਕੇ ਭੱਜਣਾ ਪਿਆ।
-24 ਜੁਲਾਈ 2007 ਨੂੰ ਪਿੰਡ ਮੱਲੇਵਾਲਾ ਵਿਚ ਨਾਮ ਚਰਚਾ ਤੋਂ ਝਗੜਾ ਖੜ੍ਹਾ ਹੋ ਗਿਆ। ਇਕ ਡੇਰਾ ਪ੍ਰੇਮੀ ਨੇ ਆਪਣੀ ਬੰਦੂਕ ਨਾਲ ਗੋਲੀਆਂ ਚਲਾ ਦਿੱਤੀਆਂ ਜਿਸ ਵਿਚ ਤਿੰਨ ਪੁਲਿਸ ਵਾਲੇ ਅਤੇ ਪੰਜ ਸਿੱਖ ਜ਼ਖ਼ਮੀ ਹੋ ਗਏ। ਮਾਹੌਲ ਫਿਰ ਤਣਾਓਪੂਰਨ ਹੋ ਗਿਆ। ਸਿੱਖਾਂ ਨੇ ਡੇਰਾ ਪ੍ਰੇਮੀਆਂ ਉਪਰ ਲਗਾਮ ਕੱਸਣ ਦੀ ਮੰਗ ਕਰਦੇ ਹੋਏ ਥਾਂ-ਥਾਂ ਪ੍ਰਦਰਸ਼ਨ ਕੀਤੇ। ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਨੇ ਜਾ ਕੇ ਜ਼ਖ਼ਮੀਆਂ ਦਾ ਹਾਲ-ਚਾਲ ਪੁੱਛਿਆ ਅਤੇ ਹਰਿਆਣਾ ਸਰਕਾਰ ਨੂੰ ਸਿੱਖਾਂ ਦੀ ਸੁਰੱਖਿਆ ਦੇ ਇੰਤਜ਼ਾਮ ਕਰਨ ਲਈ ਕਿਹਾ।
-31 ਜੁਲਾਈ 2007 ਨੂੰ ਸੀਥਬੀਥਆਈਥ ਨੇ ਕਤਲਾਂ ਦੇ ਮਾਮਲਿਆਂ ਅਤੇ ਸਾਧਵੀ ਜਿਨਸੀ ਸ਼ੋਸ਼ਣ ਮਾਮਲਿਆਂ ਵਿਚ ਜਾਂਚ ਪੂਰੀ ਕਰ ਕੇ ਚਲਾਨ ਅਦਾਲਤ ਵਿਚ ਪੇਸ਼ ਕਰ ਦਿੱਤਾ। ਸੀਥਬੀਥਆਈਥ ਨੇ ਤਿੰਨਾਂ ਮਾਮਲਿਆਂ ਵਿਚ ਡੇਰਾ ਮੁਖੀ ਨੂੰ ਮੁੱਖ ਮੁਲਜ਼ਮ ਨਾਮਜ਼ਦ ਕੀਤਾ। ਅਦਾਲਤ ਨੇ ਡੇਰਾ ਮੁਖੀ ਨੂੰ 31 ਅਗਸਤ 2007 ਤਕ ਅਦਾਲਤ ਵਿਚ ਪੇਸ਼ ਹੋਣ ਦੇ ਆਦੇਸ਼ ਦਿੱਤੇ। ਡੇਰੇ ਨੇ ਸੀਬੀਆਈ ਦੇ ਵਿਸ਼ੇਸ਼ ਜੱਜ ਨੂੰ ਵੀ ਧਮਕੀ ਭਰੀ ਚਿੱਠੀ ਭੇਜੀ ਜਿਸ ਦੇ ਮੱਦੇਨਜ਼ਰ ਜੱਜ ਨੂੰ ਵੀ ਸੁਰੱਖਿਆ ਮੰਗਣੀ ਪਈ। ਅਦਾਲਤ ਨੇ ਕਤਲ ਅਤੇ ਜਬਰ ਜਨਾਹ ਵਰਗੇ ਤਿੰਨਾਂ ਮਾਮਲਿਆਂ ਵਿਚ ਡੇਰਾ ਮੁਖੀ ਨੂੰ ਬਾਕਾਇਦਾ ਜ਼ਮਾਨਤ ਦੇ ਦਿੱਤੀ, ਜਦਕਿ ਕਤਲ ਦੇ ਮਾਮਲਿਆਂ ਦੇ ਉਸ ਦੇ ਨਾਲ ਦੇ ਮੁਲਜ਼ਮ ਜੇਲ੍ਹ ਵਿਚ ਬੰਦ ਸਨ।
-ਤਿੰਨੋਂ ਹੀ ਮਾਮਲੇ ਪੰਚਕੂਲਾ ਸਥਿਤ ਸੀਥਬੀਥਆਈਥ ਦੀ ਵਿਸ਼ੇਸ਼ ਅਦਾਲਤ ਵਿਚ ਵਿਚਾਰ-ਅਧੀਨ ਸਨ। 2007 ਤੋਂ ਲੈ ਕੇ ਹੁਣ ਤਕ ਇਨ੍ਹਾਂ ਤਿੰਨਾਂ ਮਾਮਲਿਆਂ ਦੀ ਅਦਾਲਤੀ ਕਾਰਵਾਈ ਨੂੰ ਪ੍ਰਭਾਵਿਤ ਕਰਨ ਲਈ ਡੇਰਾ ਸੱਚਾ ਸੌਦਾ ਨੇ ਕੋਈ ਕਸਰ ਬਾਕੀ ਨਹੀਂ ਛੱਡੀ।
-2007 ਵਿਚ ਸੀਥਬੀਥਆਈਥ ਅਦਾਲਤ ਅੰਬਾਲਾ ਵਿਚ ਲੱਗਦੀ ਸੀ। ਉਸ ਦੌਰਾਨ ਪੇਸ਼ੀ ਦੇ ਲਈ ਅਦਾਲਤ ਵਲੋਂ ਅੰਬਾਲਾ ਵਿਚ ਪੇਸ਼ੀ ਲਈ ਸੱਦੇ ਜਾਣ ‘ਤੇ ਡੇਰਾ ਮੁਖੀ ਦੇ ਵਲੋਂ ਹਜ਼ਾਰਾਂ ਹਮਾਇਤੀਆਂ ਨੂੰ ਇਕੱਠੇ ਕਰ ਕੇ ਸ਼ਕਤੀ ਪ੍ਰਦਰਸ਼ਨ ਕੀਤਾ ਗਿਆ ਅਤੇ ਲਗਾਤਾਰ ਅਦਾਲਤ ਉਪਰ ਦਬਾਓ ਦੀ ਰਣਨੀਤੀ ਦੇ ਤਹਿਤ ਲੋਕ ਇਕੱਠੇ ਕੀਤੇ ਗਏ।
-ਲੋਕਾਂ ਨੂੰ ਮੁਕਤੀ ਦਿਵਾਉਣ ਦਾ ਦਾਅਵਾ ਕਰਨ ਵਾਲੇ ਆਪੇ ਸਜੇ ਰੱਬ ਨੇ ਖ਼ੁਦ ਦੀ ਜਾਨ ਨੂੰ ਖ਼ਤਰਾ ਦੱਸ ਕੇ ਭੁਪਿੰਦਰ ਸਿੰਘ ਹੁਡਾ ਸਰਕਾਰ ਤੋਂ ਜ਼ੈੱਡ+ ਸੁਰੱਖਿਆ ਹਾਸਲ ਕੀਤੀ ਅਤੇ ਇਸ ਖ਼ਤਰੇ ਦਾ ਹਵਾਲਾ ਦੇ ਕੇ ਅਦਾਲਤ ਤੋਂ ਪੇਸ਼ੀ ਉਪਰ ਹਾਜ਼ਰ ਹੋਣ ਤੋਂ ਛੋਟ ਦੇਣ ਦੀ ਮੰਗ ਕੀਤੀ। ਅਦਾਲਤ ਨੇ ਲਗਾਤਾਰ ਛੋਟ ਦੇਣ ਦੀ ਬਜਾਏ ਪੇਸ਼ੀ ਸਿਰਸਾ ਅਦਾਲਤ ਤੋਂ ਵੀਡੀਓ ਕਾਨਫਰੰਸਿੰਗ ਜ਼ਰੀਏ ਕਰਵਾਏ ਜਾਣ ਦੀ ਮੋਹਲਤ ਡੇਰਾ ਮੁਖੀ ਨੂੰ ਦੇ ਦਿੱਤੀ।
-ਸਿਰਸਾ ਅਦਾਲਤ ਵਿਚ ਵੀ ਗੁਰਮੀਤ ਰਾਮ ਰਹੀਮ ਸਿੰਘ ਦੀ ਪੇਸ਼ੀ ਦੇ ਦੌਰਾਨ ਡੇਰੇ ਵਲੋਂ ਆਪਣੇ ਹਮਾਇਤੀਆਂ ਦਾ ਹਜੂਮ ਇਕੱਠਾ ਕਰ ਕੇ ਦਬਾਓ ਬਣਾਉਣ ਦੀਆਂ ਕੋਸ਼ਿਸ਼ਾਂ ਜਾਰੀ ਰਹੀਆਂ। ਜ਼ੈੱਡ+ ਸੁਰੱਖਿਆ ਦੇ ਬਾਵਜੂਦ ਡੇਰਾ ਮੁਖੀ ਦੀ ਜਾਨ ਨੂੰ ਖ਼ਤਰਾ ਦੱਸਦੇ ਹੋਏ ਡੇਰਾ ਸੱਚਾ ਸੌਦਾ ਤੋਂ ਲੈ ਕੇ ਅਦਾਲਤ ਦੇ ਅਹਾਤੇ ਤਕ ਡੇਰੇ ਦੇ ਲੱਠਮਾਰ, ਪੇਸ਼ੀ ਦੌਰਾਨ ਮਨੁੱਖੀ ਲੜੀ ਬਣਾਈ ਰੱਖਦੇ ਸਨ। ਡੇਰਾ ਮੁਖੀ ਦੇ ਡੇਰੇ ਤੋਂ ਨਿਕਲ ਕੇ ਅਦਾਲਤ ਵਿਚ ਪਹੁੰਚਣ ਤਕ ਉਸ ਸੜਕ ਨੂੰ ਬੰਦ ਕਰ ਦਿੱਤਾ ਜਾਂਦਾ ਸੀ ਜਿਸ ਨਾਲ ਰਾਹਗੀਰਾਂ ਨੂੰ ਕਾਫ਼ੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਰਿਹਾ।
– ਡੇਰਾ ਮੁਖੀ ਵਲੋਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਦਰਖ਼ਾਸਤ ਦਾਇਰ ਕਰ ਕੇ ਆਪਣੇ ਉਪਰ ਦਰਜ ਮਾਮਲੇ ਖ਼ਾਰਜ ਕਰਨ ਦੀ ਮੰਗ ਕੀਤੀ ਗਈ, ਲੇਕਿਨ ਇਸ ਵਿਚ ਵੀ ਡੇਰੇ ਨੂੰ ਕਾਮਯਾਬੀ ਨਾ ਮਿਲੀ ਤਾਂ ਮਾਮਲਿਆਂ ਨੂੰ ਲਟਕਾਉਣ ਲਈ ਕੋਸ਼ਿਸ਼ਾਂ ਤੇਜ਼ ਕਰ ਦਿੱਤੀਆਂ ਗਈਆਂ। ਵਾਰ ਵਾਰ ਤਰ੍ਹਾਂ ਤਰ੍ਹਾਂ ਦੀਆਂ ਦਰਖ਼ਾਸਤਾਂ ਉਪਰਲੀ ਅਦਾਲਤ ਵਿਚ ਦਾਇਰ ਕਰ ਕੇ ਹੇਠਲੀ ਅਦਾਲਤ ਦੀ ਕਾਰਵਾਈ ਵਿਚ ਰੁਕਾਵਟ ਪਾਉਣ ਦੀਆਂ ਕੋਸ਼ਿਸ਼ਾਂ ਡੇਰੇ ਵਲੋਂ ਕੀਤੀਆਂ ਗਈਆਂ।
-ਤਿੰਨ ਮਾਮਲਿਆਂ ਵਿਚ ਗਵਾਹੀਆਂ ਦਾ ਦੌਰ ਚਲਦਾ ਰਿਹਾ। ਸਾਧਵੀ ਜਿਨਸੀ ਸ਼ੋਸ਼ਣ ਮਾਮਲੇ ਵਿਚ ਡੇਰੇ ਵਲੋਂ 98 ਗਵਾਹਾਂ ਦੀ ਸੂਚੀ ਅਦਾਲਤ ਦੇ ਸਪੁਰਦ ਕੀਤੀ ਗਈ। ਇਨ੍ਹਾਂ ਵਿਚੋਂ 29 ਗਵਾਹਾਂ ਦੀ ਗਵਾਹੀ ਅਦਾਲਤ ਵਿਚ ਦਰਜ ਕੀਤੀ ਜਾ ਚੁੱਕੀ ਸੀ। ਸੀਥਬੀਥਆਈਥ ਦੀ ਵਿਸ਼ੇਸ਼ ਅਦਾਲਤ ਦੇ ਜੱਜ ਆਥ ਕੇਥ ਯਾਦਵ ਨੇ ਬਚਾਓ ਪੱਖ ਦੀਆਂ ਹੋਰ ਗਵਾਹੀਆਂ ਕਰਵਾਏ ਜਾਣ ਤੋਂ ਇਨਕਾਰ ਕਰ ਦਿੱਤਾ। ਜੱਜ ਨੇ ਆਖ਼ਰੀ ਗਵਾਹ ਦੇ ਰੂਪ ਵਿਚ ਫਤਿਹਾਬਾਦ ਦੇ ਟੇਕ ਚੰਦ ਸੇਠੀ ਦੀ ਗਵਾਹੀ ਪੂਰੀ ਕਰਨ ਦੇ ਆਦੇਸ਼ ਬਚਾਓ ਪੱਖ ਨੂੰ ਦਿੱਤੇ। ਗ਼ੌਰਤਲਬ ਹੈ ਕਿ ਟੇਕ ਚੰਦ ਸੇਠੀ ਦੀ ਗਵਾਹੀ ਅਦਾਲਤ ਵਿਚ ਦਰਜ ਹੋ ਚੁੱਕੀ ਸੀ, ਜਦਕਿ ਉਸ ਦੀ ਗਵਾਹੀ ਉਪਰ ਇਸਤਗਾਸਾ ਧਿਰ ਦੇ ਵਲੋਂ ਕਰਾਸ ਕਾਰਵਾਈ ਬਾਕੀ ਸੀ। ਇਸ ਸਬੰਧ ਵਿਚ ਟੇਕ ਚੰਦ ਸੇਠੀ ਨੂੰ ਸੰਮਨ ਜਾਰੀ ਕੀਤੇ ਗਏ ਸਨ, ਲੇਕਿਨ ਡੇਰੇ ਵਲੋਂ ਸਾਧਵੀ ਜਿਨਸੀ ਸ਼ੋਸ਼ਣ ਮਾਮਲੇ ਵਿਚ ਚਾਰ ਹੋਰ ਗਵਾਹੀਆਂ ਕਰਵਾਏ ਜਾਣ ਦੀ ਦਰਖ਼ਾਸਤ ਦਾਇਰ ਕਰ ਦਿੱਤੀ ਗਈ। ਅਦਾਲਤ ਨੇ ਦਰਖ਼ਾਸਤ ਖ਼ਾਰਜ ਕਰਦੇ ਹੋਏ ਟੇਕ ਚੰਦ ਸੇਠੀ ਦੀ ਗਵਾਹੀ ਪੂਰੀ ਕਰਨ ਲਈ ਬਚਾਓ ਪੱਖ ਨੂੰ ਕਿਹਾ, ਲੇਕਿਨ ਡੇਰੇ ਦਾ ਗਵਾਹ ਅਦਾਲਤ ਵਿਚ ਹਾਜ਼ਰ ਨਹੀਂ ਹੋਇਆ। ਇਸ ਉਪਰ ਅਦਾਲਤ ਨੇ ਸਖ਼ਤ ਰਵੱਈਆ ਅਖ਼ਤਿਆਰ ਕਰਦੇ ਹੋਏ ਟੇਕ ਚੰਦ ਸੇਠੀ ਦੇ ਗ਼ੈਰ ਜ਼ਮਾਨਤੀ ਵਾਰੰਟ ਜਾਰੀ ਕਰ ਦਿੱਤੇ। ਫਿਰ ਡੇਰਾ ਸੱਚਾ ਸੌਦਾ ਹੋਰ ਗਵਾਹਾਂ ਦੀ ਗਵਾਹੀ ਕਰਵਾਉਣ ਦੀ ਦਰਖ਼ਾਸਤ ਲੈ ਕੇ ਹਾਈ ਕੋਰਟ ਜਾ ਪਹੁੰਚਿਆ।
-2010 ਵਿਚ ਡੇਰੇ ਦੇ ਸਾਬਕਾ ਸਾਧੂ, ਰਾਮ ਕੁਮਾਰ ਬਿਸ਼ਨੋਈ ਨੇ ਹਾਈ ਕੋਰਟ ਵਿਚ ਦਰਖ਼ਾਸਤ ਦਾਇਰ ਕਰ ਕੇ ਡੇਰੇ ਦੇ ਸਾਬਕਾ ਮੈਨੇਜਰ ਫ਼ਕੀਰ ਚੰਦ ਦੀ ਗੁੰਮਸ਼ੁਦਗੀ ਦੀ ਜਾਂਚ ਸੀਬੀਆਈ ਤੋਂ ਕਰਾਉਣ ਦੀ ਮੰਗ ਕੀਤੀ। ਬਿਸ਼ਨੋਈ ਦਾ ਇਲਜ਼ਾਮ ਸੀ ਕਿ ਡੇਰਾ ਮੁਖੀ ਦੇ ਆਦੇਸ਼ ਉਪਰ ਫ਼ਕੀਰਚੰਦ ਦਾ ਕਤਲ ਕਰ ਦਿੱਤਾ ਗਿਆ ਸੀ। ਇਸ ਮਾਮਲੇ ਵਿਚ ਵੀ ਹਾਈ ਕੋਰਟ ਨੇ ਸੀਥਬੀਥਆਈਥ ਨੂੰ ਜਾਂਚ ਦੇ ਆਦੇਸ਼ ਦਿੱਤੇ। ਬੌਖਲਾਏ ਹੋਏ ਡੇਰਾ ਪ੍ਰੇਮੀਆਂ ਨੇ ਹਰਿਆਣਾ, ਪੰਜਾਬ ਅਤੇ ਰਾਜਸਥਾਨ ਵਿਚ ਇਕੋ ਵਕਤ ਸਰਕਾਰੀ ਜਾਇਦਾਦ ਨੂੰ ਨੁਕਸਾਨ ਪਹੁੰਚਾਇਆ ਅਤੇ ਬੱਸਾਂ ਦੀ ਸਾੜਫੂਕ ਕੀਤੀ। ਜਾਂਚ ਦੌਰਾਨ ਸੀਬੀਆਈ ਇਸ ਮਾਮਲੇ ਵਿਚ ਸਬੂਤ ਨਹੀਂ ਜੁਟਾ ਸਕੀ ਅਤੇ ਕਲੋਜ਼ਰ ਰਿਪੋਰਟ ਫ਼ਾਈਲ ਕਰ ਦਿੱਤੀ ਗਈ। ਬਿਸ਼ਨੋਈ ਨੇ ਹਾਈ ਕੋਰਟ ਵਿਚ ਕਲੋਜ਼ਰ ਰਿਪੋਰਟ ਨੂੰ ਚੁਣੌਤੀ ਦਿੱਤੀ ਹੋਈ ਹੈ।
-ਦਸੰਬਰ 2012 ਵਿਚ ਸਿਰਸਾ ਵਿਚ ਡੇਰਾ ਸੱਚਾ ਸੌਦਾ ਦੀ ਨਾਮ ਚਰਚਾ ਨੂੰ ਲੈ ਕੇ ਇਕ ਵਾਰ ਫਿਰ ਸਿੱਖਾਂ ਅਤੇ ਡੇਰਾ ਪ੍ਰੇਮੀਆਂ ਦਰਮਿਆਨ ਤਕਰਾਰ ਹੋ ਗਿਆ। ਇਥੇ ਡੇਰਾ ਪ੍ਰੇਮੀਆਂ ਨੇ ਗੁੰਡਾਗਰਦੀ ਕੀਤੀ ਅਤੇ ਗੁਰਦੁਆਰੇ ਉਪਰ ਹਮਲਾ ਕਰ ਦਿੱਤਾ। ਸਿੱਖਾਂ ਦੀਆਂ ਗੱਡੀਆਂ ਨੂੰ ਵੀ ਅੱਗ ਲਾ ਦਿੱਤੀ ਅਤੇ ਪਥਰਾਓ ਕੀਤਾ। ਸਿਰਸਾ ਵਿਚ ਹਾਲਤ ਉਪਰ ਕਾਬੂ ਪਾਉਣ ਲਈ ਕਰਫ਼ਿਊ ਲਾਉਣਾ ਪਿਆ।
-ਪ੍ਰਸ਼ਾਸਨ ਨੇ ਡੇਰਾ ਪ੍ਰੇਮੀਆਂ ਉਪਰ ਮਾਮਲਾ ਦਰਜ ਕਰ ਲਿਆ।
-ਫਤਹਿਬਾਦ ਜ਼ਿਲ੍ਹੇ ਦੇ ਕਸਬਾ ਟੋਹਾਣਾ ਦੇ ਰਹਿਣ ਵਾਲੇ ਹੰਸਰਾਜ ਚੌਹਾਨ (ਡੇਰੇ ਦੇ ਸਾਬਕਾ ਸਾਧ) ਨੇ 17 ਜੁਲਾਈ 2012 ਨੂੰ ਹਾਈ ਕੋਰਟ ਵਿਚ ਦਰਖ਼ਾਸਤ ਦਾਇਰ ਕਰ ਕੇ ਡੇਰਾ ਮੁਖੀ ਉਪਰ ਡੇਰੇ ਦੇ 400 ਸਾਧਾਂ ਨੂੰ ਨਪੁੰਸਕ ਬਣਾਉਣ ਦੇ ਇਲਜ਼ਾਮ ਲਗਾਏ। ਚੌਹਾਨ ਦਾ ਕਹਿਣਾ ਸੀ ਕਿ ਡੇਰਾ ਮੁਖੀ ਦੇ ਕਹਿਣ ‘ਤੇ ਡੇਰੇ ਦੇ ਡਾਕਟਰਾਂ ਦੀ ਟੀਮ ਵਲੋਂ ਸਾਧਾਂ ਨੂੰ ਨਪੁੰਸਕ ਬਣਾਇਆ ਜਾਂਦਾ ਹੈ। ਇਨ੍ਹਾਂ ਸਾਧਾਂ ਨੂੰ ਕਿਹਾ ਜਾਂਦਾ ਹੈ ਕਿ ਨਪੁੰਸਕ ਬਣਾਏ ਜਾਣ ਤੋਂ ਬਾਅਦ ਉਨ੍ਹਾਂ ਨੂੰ ਭਗਵਾਨ ਦੇ ਦੀਦਾਰ ਹੋ ਜਾਣਗੇ। ਚੌਹਾਨ ਨੇ ਅਦਾਲਤ ਅੱਗੇ 166 ਸਾਧਾਂ ਦੇ ਨਾਵਾਂ ਸਮੇਤ ਵੇਰਵੇ ਪੇਸ਼ ਕੀਤੇ ਸਨ। ਚੌਹਾਨ ਨੇ ਆਪਣੀ ਦਰਖ਼ਾਸਤ ਵਿਚ ਇਹ ਵੀ ਦੱਸਿਆ ਸੀ ਕਿ ਛਤਰਪਤੀ ਕਤਲ ਕਾਂਡ ਦੇ ਮੁਲਜ਼ਮ ਨਿਰਮਲ ਅਤੇ ਕੁਲਦੀਪ ਵੀ ਡੇਰਾ ਸੱਚਾ ਸੌਦਾ ਦੇ ਨਪੁੰਸਕ ਸਾਧ ਹਨ। ਇਸ ਤੋਂ ਬਾਅਦ ਅਦਾਲਤ ਨੇ ਕਤਲ ਦੇ ਮਾਮਲਿਆਂ ਵਿਚ ਜੇਲ੍ਹ ਵਿਚ ਬੰਦ ਡੇਰੇ ਦੇ ਸਾਧਾਂ ਤੋਂ ਪੁੱਛਗਿੱਛ ਕਰਨ ਦੇ ਆਦੇਸ਼ ਦਿੱਤੇ ਜਿਸ ਵਿਚ ਉਨ੍ਹਾਂ ਨੇ ਵੀ ਸਵੀਕਾਰ ਕੀਤਾ ਕਿ ਉਹ ਨਪੁੰਸਕ ਹਨ, ਲੇਕਿਨ ਉਹ ਆਪਣੀ ਮਰਜ਼ੀ ਨਾਲ ਨਪੁੰਸਕ ਬਣੇ ਹਨ। ਦਰਖ਼ਾਸਤ ਵਿਚ ਇਹ ਖ਼ੁਲਾਸਾ ਵੀ ਕੀਤਾ ਗਿਆ ਸੀ ਕਿ ਡੇਰੇ ਦੇ ਇਕ ਸਾਧ ਵਿਨੋਦ ਨਰੂਲਾ ਨੇ ਡੇਰਾ ਮੁਖੀ ਦੀ ਪੇਸ਼ੀ ਵਕਤ ਸਿਰਸਾ ਅਦਾਲਤ ਵਿਚ ਖ਼ੁਦ ਨੂੰ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ ਸੀ। ਉਹ ਸਾਧ ਵੀ ਨਪੁੰਸਕ ਹੀ ਸੀ। ਦਰਖ਼ਾਸਤ ਕਰਤਾ ਨੇ ਮ੍ਰਿਤਕ ਦੀ ਪੋਸਟਮਾਰਟਮ ਰਿਪੋਰਟ ਵੀ ਅਦਾਲਤ ਵਿਚ ਪੇਸ਼ ਕੀਤੀ ਸੀ। ਜਿਸ ਤੋਂ ਬਾਅਦ ਇਹ ਮਾਮਲਾ ਅਦਾਲਤ ਵਿਚ ਵਿਚਾਰ ਅਧੀਨ ਹੈ। ਹਾਈ ਕੋਰਟ ਵਲੋਂ ਹਰਿਆਣਾ ਸਰਕਾਰ ਨੂੰ ਇਕ ਮਹੀਨੇ ਦੇ ਅੰਦਰ ਜਾਂਚ ਕਰ ਕੇ ਰਿਪੋਰਟ ਪੇਸ਼ ਕਰਨ ਦੇ ਆਦੇਸ਼ ਜਾਰੀ ਕੀਤੇ।
-ਸਾਧਵੀਆਂ ਦੇ ਜਿਨਸੀ ਸ਼ੋਸ਼ਣ ਮਾਮਲੇ ਵਿਚ ਦੋਨਾਂ ਪੱਖਾਂ ਨੂੰ ਬਾਰੀਕੀ ਵਿਚ ਸੁਣਨ ਤੋਂ ਬਾਅਦ ਸੀਥਬੀਥਆਈਥ ਅਦਾਲਤ ਨਤੀਜੇ ‘ਤੇ ਪੁੱਜੀ, ਪਰ ਉਸ ਨੇ ਫ਼ੈਸਲਾ ਰਾਖਵਾਂ ਰੱਖਦੇ ਹੋਏ 25 ਅਗਸਤ ਦੀ ਤਾਰੀਕ ਤੈਅ ਕਰ ਦਿੱਤੀ। ਫ਼ੈਸਲੇ ਮੌਕੇ ਡੇਰਾ ਮੁਖੀ ਨੂੰ ਹਾਜ਼ਰ ਹੋਣ ਦੇ ਆਦੇਸ਼ ਦਿੱਤੇ ਗਏ, ਪਰ ਡੇਰਾ ਮੁਖੀ ਟਾਲਮਟੋਲ ਕਰਦਾ ਰਿਹਾ ਅਤੇ ਅਦਾਲਤ ਦੇ ਫ਼ੈਸਲੇ ਨੂੰ ਫ਼ੈਸਲੇ ਨੂੰ ਪ੍ਰਭਾਵਿਤ ਕਰਨ ਲਈ ਵਿਆਪਕ ਹਿੰਸਕ ਵਿਉਂਤਬੰਦੀ ਕੀਤੀ ਗਈ।
-25 ਅਗਸਤ 2017 ਦੇ ਦਿਨ ਹਰਿਆਣਾ ਸਰਕਾਰ ਵਲੋਂ ਬਾਅਦ ਦੁਪਹਿਰ ਡੇਰਾ ਮੁਖੀ ਨੂੰ ਸਖ਼ਤ ਸੁਰੱਖਿਆ ਹੇਠ ਸੀਥਬੀਥਆਈਥ ਦੀ ਪੰਚਕੂਲਾ ਅਦਾਲਤ ਵਿਚ ਲਿਆਂਦਾ ਗਿਆ ਜਿਥੇ ਸੀਥਬੀਥਆਈਥ ਦੇ ਜੱਜ ਜਗਦੀਪ ਸਿੰਘ ਵਲੋਂ ਉਸ ਨੂੰ ਕਸੂਰਵਾਰ ਕਰਾਰ ਦਿੱਤਾ ਗਿਆ। ਸਜ਼ਾ ਦੇ ਐਲਾਨ ਦਾ ਦਿਨ 28 ਅਗਸਤ ਮੁਕੱਰਰ ਕੀਤਾ ਗਿਆ।
-28 ਅਗਸਤ ਨੂੰ ਪੌਣੇ ਤਿੰਨ ਵਜੇ ਰੋਹਤਕ ਜੇਲ੍ਹ ਵਿਚ ਜਾ ਕੇ ਜੱਜ ਵਲੋਂ ਡੇਰਾ ਮੁਖੀ ਨੂੰ ਵੀਹ ਸਾਲ ਬਾਮੁਸ਼ੱਕਤ ਕੈਦ ਅਤੇ ਤੀਹ ਲੱਖ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਗਈ।
(ਅਖ਼ਬਾਰ ‘ਪੂਰਾ ਸੱਚ’ ਵਲੋਂ ਜਾਰੀ ਕੀਤੀ ਤੱਥ ਸੂਚੀ ਦੇ ਧੰਨਵਾਦ ਸਹਿਤ)

You must be logged in to post a comment Login