ਤਿੰਨ ਜਾਂਚ ਕਮਿਸ਼ਨਾਂ ਅਤੇ ਐਸਆਈਟੀ ਦੇ ਬਾਵਜੂਦ ਪੀੜਤ ਪਰਵਾਰਾਂ ਨੂੰ ਨਹੀਂ ਕਿਸੇ ਤੋਂ ਇਨਸਾਫ਼ ਦੀ ਆਸ

ਤਿੰਨ ਜਾਂਚ ਕਮਿਸ਼ਨਾਂ ਅਤੇ ਐਸਆਈਟੀ ਦੇ ਬਾਵਜੂਦ ਪੀੜਤ ਪਰਵਾਰਾਂ ਨੂੰ ਨਹੀਂ ਕਿਸੇ ਤੋਂ ਇਨਸਾਫ਼ ਦੀ ਆਸ

ਕੋਟਕਪੂਰਾ : ਭਾਵੇਂ 14 ਅਕਤੂਬਰ 2015 ਨੂੰ ਬੇਅਦਬੀ ਕਾਂਡ ਦੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਦੀ ਮੰਗ ਨੂੰ ਲੈ ਕੇ ਸ਼ਾਂਤਮਈ ਧਰਨੇ ‘ਤੇ ਬੈਠੀਆਂ ਸੰਗਤਾਂ ਉਪਰ ਢਾਹੇ ਗਏ ਪੁਲਿਸੀਆ ਅਤਿਆਚਾਰ ਮੌਕੇ ਪੁਲਿਸ ਦੀ ਗੋਲੀ ਨਾਲ ਸ਼ਹੀਦ ਹੋਏ ਦੋ ਸਿੱਖ ਨੌਜਵਾਨਾਂ ਕਿਸ਼ਨ ਭਗਵਾਨ ਸਿੰਘ ਅਤੇ ਗੁਰਜੀਤ ਸਿੰਘ ਬਿੱਟੂ ਦੇ ਮਾਪਿਆਂ ਨਾਲ ਦੁੱਖ ਸਾਂਝਾ ਕਰਨ ਲਈ ਆਏ ਵੱਖ-ਵੱਖ ਸਿਆਸੀ ਪਾਰਟੀਆਂ ਦੇ ਮੂਹਰਲੀ ਕਤਾਰ ਦੇ ਆਗੂਆਂ ਨੇ ਵਿਸ਼ਵਾਸ ਦਿਵਾਇਆ ਸੀ ਕਿ ਉਨ੍ਹਾਂ ਨੂੰ ਇਨਸਾਫ਼ ਦਿਵਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ।
ਅਨੇਕਾਂ ਵਾਰ ਜਾਂਚ ਕਮਿਸ਼ਨਾਂ, ਐਸਆਈਟੀ ਅਤੇ ਸੀਬੀਆਈ ਸਮੇਤ ਹੋਰ ਪੁਲਿਸ ਅਧਿਕਾਰੀਆਂ ਦੇ ਸਖ਼ਤ ਸਵਾਲਾਂ ਦਾ ਜਵਾਬ ਦੇ ਚੁਕੇ ਪੀੜਤ ਪਰਵਾਰਾਂ ਨੂੰ ਆਸ ਬੱਝੀ ਸੀ ਕਿ ਆਈ.ਜੀ. ਕੁੰਵਰਵਿਜੈ ਪ੍ਰਤਾਪ ਸਿੰਘ ਦੀ ਅਗਵਾਈ ਵਾਲੀ ਐਸਆਈਟੀ ਤੋਂ ਉਨ੍ਹਾਂ ਨੂੰ ਇਨਸਾਫ਼ ਮਿਲੇਗਾ ਪਰ ਹੁਣ ਤਾਜ਼ਾ ਵਾਪਰੇ ਘਟਨਾਕ੍ਰਮ ਨੇ ਉਨ੍ਹਾਂ ਦੀ ਉਹ ਆਸ-ਉਮੀਦ ਵੀ ਸ਼ੰਕਿਆਂ ‘ਚ ਪਾ ਦਿਤੀ ਹੈ। ਰਾਹੁਲ ਗਾਂਧੀ, ਅਰਵਿੰਦ ਕੇਜਰੀਵਾਲ, ਕੈਪਟਨ ਅਮਰਿੰਦਰ ਸਿੰਘ, ਪ੍ਰਤਾਪ ਸਿੰਘ ਬਾਜਵਾ, ਸੁਖਬੀਰ ਸਿੰਘ ਬਾਦਲ, ਵਿਜੈ ਸਾਂਪਲਾ, ਭਗਵੰਤ ਮਾਨ, ਸੁਖਪਾਲ ਸਿੰਘ ਖਹਿਰਾ ਵਰਗੇ ਦਰਜਨ ਤੋਂ ਜ਼ਿਆਦਾ ਅਜਿਹੇ ਹੋਰ ਆਗੂਆਂ ਦਾ ਜ਼ਿਕਰ ਕੀਤਾ ਜਾ ਸਕਦਾ ਹੈ, ਜੋ ਖ਼ੁਦ ਚਲ ਕੇ ਉਸ ਸਮੇਂ ਪੀੜਤ ਪਰਵਾਰਾਂ ਦੇ ਘਰ ਆਏ ਸਨ। ਇਸ ਤੋਂ ਇਲਾਵਾ ਗ਼ੈਰ ਸਿਆਸੀ ਸਿੱਖ ਸੰਸਥਾਵਾਂ ਤੇ ਪੰਥਕ ਜਥੇਬੰਦੀਆਂ ਦੇ ਆਗੂਆਂ ਨੇ ਵੀ ਇਨਸਾਫ਼ ਦਿਵਾਉਣ ਲਈ ਹਰ ਤਰ੍ਹਾਂ ਦੀ ਕੁਰਬਾਨੀ ਜਾਂ ਮਦਦ ਕਰਨ ਦੇ ਦਾਅਵੇ ਕੀਤੇ ਪਰ ਪੀੜਤ ਪਰਵਾਰ ਅੱਜ ਕਰੀਬ 4 ਸਾਲ ਦਾ ਅਰਸਾ ਬੀਤਣ ਉਪਰੰਤ ਵੀ ਇਨਸਾਫ਼ ਦੀ ਰਾਹ ਤਕ ਰਹੇ ਹਨ। ਉਕਤ ਮਾਮਲੇ ਦਾ ਦਿਲਚਸਪ ਤੇ ਹੈਰਾਨੀਜਨਕ ਪਹਿਲੂ ਇਹ ਹੈ ਕਿ ਤਿੰਨ ਜਾਂਚ ਕਮਿਸ਼ਨਾਂ ਅਤੇ ਐਸਆਈਟੀ ਦੀਆਂ ਡੂੰਘਾਈ ਨਾਲ ਕੀਤੀਆਂ ਪੜਤਾਲਾਂ ਦੇ ਬਾਵਜੂਦ ਇਸ ਮਾਮਲੇ ‘ਚ ਅਸਲ ਦੋਸ਼ੀਆਂ ਦੀ ਪਛਾਣ ਅਜੇ ਤਕ ਰਹੱਸ ਅਰਥਾਤ ਭੇਤ ਬਣੀ ਹੋਈ ਹੈ।

You must be logged in to post a comment Login