ਦਿੱਲੀ ’ਚ ਸਿੱਖ ਡਰਾਇਵਰ ਨਾਲ ਕੁੱਟਮਾਰ ਕਰਨ ਵਾਲੇ ਪੁਲਿਸ ਮੁਲਾਜ਼ਮ ਮੁਅੱਤਲ

ਦਿੱਲੀ ’ਚ ਸਿੱਖ ਡਰਾਇਵਰ ਨਾਲ ਕੁੱਟਮਾਰ ਕਰਨ ਵਾਲੇ ਪੁਲਿਸ ਮੁਲਾਜ਼ਮ ਮੁਅੱਤਲ

ਨਵੀਂ ਦਿੱਲੀ : ਭਾਰਤ ਦੀ ਰਾਜਧਾਨੀ ਦਿੱਲੀ ਦੇ ਮੁਖਰਜੀ ਨਗਰ ਇਲਾਕੇ ’ਚ ਉਸ ਵੇਲੇ ਤਣਾਅ ਪੱਸਰ ਗਿਆ, ਜਦੋਂ ਗ੍ਰਾਮੀਣ ਸੇਵਾ ਦੇ ਇੱਕ ਸਿੱਖ ਵਾਹਨ ਡਰਾਇਵਰ ਸਰਬਜੀਤ ਸਿੰਘ ਦੀ ਇੱਕ ਪੁਲਿਸ ਅਧਿਕਾਰੀ ਨਾਲ ਪਹਿਲਾਂ ਬਹਿਸ ਹੋ ਗਈ। ਉਸ ਬਹਿਸ ਦੌਰਾਨ ਡਰਾਇਵਰ ਨੇ ਆਪਣੀ ਕ੍ਰਿਪਾਨ ਕੱਢ ਲਈ। ਇਸ ਨੂੰ PCR ਦੇ ਪੁਲਿਸ ਅਧਿਕਾਰੀ ਨੇ ਆਪਣੇ ’ਤੇ ਕਥਿਤ ਜਾਨਲੇਵਾ ਹਮਲੇ ਦਾ ਜਤਨ ਸਮਝਦਿਆਂ ਆਪਣੇ ਸਾਥੀਆਂ ਨਾਲ ਮਿਲ ਕੇ ਉਸ ਸਿੱਖ ਡਰਾਇਵਰ ਨਾਲ ਕੁੱਟਮਾਰ ਕੀਤੀ। ਇਹ ਘਟਨਾ ਕੱਲ੍ਹ ਐਤਵਾਰ ਸ਼ਾਮ ਵੇਲੇ ਦੀ ਹੈ। ਅੱਜ ਡਰਾਇਵਰ ਨਾਲ ਕੁੱਟਮਾਰ ਕਰਨ ਵਾਲੇ ਪੁਲਿਸ ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਕੱਲ੍ਹ ਕੁੱਟਮਾਰ ਦੀ ਇਸ ਵਾਰਦਾਤ ਤੋਂ ਬਾਅਦ ਸਿੱਖਾਂ ਮੁਖਰਜੀ ਨਗਰ ਪੁਲਿਸ ਥਾਣੇ ਦੇ ਬਾਹਰ ਪੁਲਿਸ ਮੁਲਾਜ਼ਮਾਂ ਦੀਆਂ ਕਥਿਤ ਵਧੀਕੀਆਂ ਵਿਰੁੱਧ ਰੋਸ ਮੁਜ਼ਾਹਰਾ ਕੀਤਾ। ਉੱਧਰ ਪੁਲਿਸ ਦਾ ਦੋਸ਼ ਹੈ ਕਿ ਡਰਾਇਵਰ ਨੇ ਇੱਕ ਦਰਜਨ ਦੇ ਲਗਭਗ ਪੁਲਿਸ ਮੁਲਾਜ਼ਮਾਂ ਉੱਤੇ ਹਮਲਾ ਕਰਨ ਦਾ ਜਤਨ ਕੀਤਾ ਸੀ। ਡਰਾਇਵਰ ਦੇ ਸਹਾਇਕ ਨੇ ਗ੍ਰਾਮੀਣ ਸੇਵਾ ਦਾ ਵਾਹਨ ਭਜਾਉਣ ਦਾ ਜਤਨ ਕੀਤਾ, ਜਿਸ ਚੱਕਰ ਵਿੱਚ ਵਾਹਨ ਇੱਕ ਮੁਲਾਜ਼ਮ ਦੀ ਲੱਤ ਉੱਤੋਂ ਦੀ ਲੰਘ ਗਿਆ। ਬਾਅਦ ’ਚ ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇੱਕ ਪੁਲਿਸ ਮੁਲਾਜ਼ਮ ਦੇ ਸਿਰ ਵਿੱਚ ਕਾਫ਼ੀ ਡੂੰਘੀ ਸੱਟ ਵੀ ਲੱਗੀ ਦੱਸੀ ਗਈ ਹੈ। ਪੁਲਿਸ ਦਾ ਦੋਸ਼ ਹੈ ਕਿ ਡਰਾਇਵਰ ਨੇ ਕ੍ਰਿਪਾਨ ਨਾਲ ਉਨ੍ਹਾਂ ਦੇ ਇੱਕ ਮੁਲਾਜ਼ਮ ਨੂੰ ਜ਼ਖ਼ਮੀ ਕੀਤਾ ਹੈ। ਇਸ ਸਾਰੀ ਘਟਨਾ ਦੀ ਵਿਡੀਓ ਕਿਸੇ ਨੇ ਮੋਬਾਇਲ ਫ਼ੋਨ ਉੱਤੇ ਰਿਕਾਰਡ ਕਰ ਲਈ ਤੇ ਜਿਵੇਂ ਹੀ ਉਸ ਨੇ ਇਸ ਨੂੰ ਸੋਸ਼ਲ ਮੀਡੀਆ ’ਤੇ ਪਾਇਆ, ਉਹ ਤਿਵੇਂ ਹੀ ਵਾਇਰਲ ਹੋ ਗਈ। ਦਿੱਲੀ ਦੇ ਰਾਜੌਰੀ ਗਾਰਡਨ ਇਲਾਕੇ ਤੋਂ ਭਾਜਪਾ ਵਿਧਾਇਕ ਮਨਜਿੰਦਰ ਸਿੰਘ ਸਿਰਸਾ ਨੇ ਉਸ ਵਿਡੀਓ ਫ਼ੁਟੇਜ ਨੂੰ ਸ਼ੇਅਰ ਕਰਦਿਆਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਮੁਖਰਜੀ ਨਗਰ ਪੁਲਿਸ ਥਾਣੇ ਦੇ ਬਾਹਰ ਹੋ ਰਹੇ ਰੋਸ ਮੁਜ਼ਾਹਰੇ ਵਿੱਚ ਸ਼ਿਰਕਤ ਕਰਨ। ਸ੍ਰੀ ਸਿਰਸਾ ਦਾ ਕਹਿਣਾ ਹੈ ਕਿ ਕੱਲ੍ਹ ਪੁਲਿਸ ਮੁਲਾਜ਼ਮਾਂ ਨੇ ਸਰਬਜੀਤ ਸਿੰਘ ਦੇ ਨਾਲ ਬਲਵੰਤ ਸਿੰਘ ਹੁਰਾਂ ਨਾਲ ਵੀ ਕੁੱਟਮਾਰ ਕੀਤੀ ਸੀ।

You must be logged in to post a comment Login