ਦੇਸ਼ ਦੀ ਆਜ਼ਾਦੀ ਵਿੱਚ ਪੰਜਾਬੀਆਂ ਦਾ ਯੋਗਦਾਨ

ਦੇਸ਼ ਦੀ ਆਜ਼ਾਦੀ ਵਿੱਚ ਪੰਜਾਬੀਆਂ ਦਾ ਯੋਗਦਾਨ

ਸੰਨ 1600 ਵਿੱਚ ਵਪਾਰੀਆਂ ਦੇ ਰੂਪ ਵਿੱਚ ਅੰਗਰੇਜ਼ ਭਾਰਤ ਵਿੱਚ ਆਏ। ਹੌਲੀ ਹੌਲੀ ਉਨ੍ਹਾਂ ਨੇ ਭਾਰਤ ਦੇ ਦੱਖਣੀ ਅਤੇ ਪੂਰਬੀ ਭਾਗਾਂ ਉੱਤੇ ਕਬਜ਼ਾ ਕਰ ਲਿਆ। ਮਹਾਰਾਜਾ ਰਣਜੀਤ ਸਿੰਘ ਦੇ ਚਲਾਣੇ ਤੋਂ ਬਾਅਦ ਦੂਜੀ ਐਂਗਲੋ ਸਿੱਖ ਜੰਗ (1848-49) ਮਗਰੋਂ ਭਾਰਤ ਦੇ ਗਵਰਨਰ ਜਨਰਲ ਲਾਰਡ ਡਲਹੌਜ਼ੀ ਨੇ ਪੰਜਾਬ ਨੂੰ ਬ੍ਰਿਟਿਸ਼ ਰਾਜ ਵਿੱਚ ਸ਼ਾਮਿਲ ਕਰ ਲਿਆ। ਬ੍ਰਿਟਿਸ਼ ਸਰਕਾਰ ਵੱਲੋ ਖ਼ਾਲਸਾ ਸੈਨਾ ਤੋੜ ਦਿੱਤੀ ਗਈ। ਪਰ ਅੱਠ ਸਾਲਾਂ ਬਾਅਦ ਪੰਜਾਬੀਆਂ ਨੂੰ ਫਿਰ ਹਥਿਆਰ ਚੁੱਕਣ ਦਾ ਮੌਕਾ ਮਿਲ ਗਿਆ। 1857 ਵਿੱਚ ਭਾਰਤੀਆਂ ਵੱਲੋਂ ਲੜੀ ਗਈ ਆਜ਼ਾਦੀ ਦੀ ਪਹਿਲੀ ਜੰਗ ਵਿੱਚ ਪੰਜਾਬੀਆਂ ਨੇ ਵੀ ਹਿੱਸਾ ਪਾਇਆ।
10 ਮਈ 1857 ਨੂੰ ਮੇਰਠ ਵਿਖੇ ਆਜ਼ਾਦੀ ਦੀ ਪਹਿਲੀ ਜੰਗ ਸ਼ੁਰੂ ਹੋਈ। ਜਦੋਂ 12 ਮਈ, 1857 ਈ. ਨੂੰ ਉਸ ਜੰਗ ਦੀ ਖ਼ਬਰ ਲਾਹੌਰ ਪੁੱਜੀ ਤਾਂ ਪੰਜਾਬ ਵਿੱਚ ਬਗਾਵਤ ਦੇ ਡਰ ਤੋਂ ਮੀਆਂ ਮੀਰ ਛਾਉਣੀ ਵਿੱਚ ਭਾਰਤੀ ਅਤੇ ਪੰਜਾਬੀ ਸਿਪਾਹੀਆਂ ਨੂੰ ਬੇਹਥਿਆਰ ਕਰ ਦਿੱਤਾ ਗਿਆ। ਫਿਰ ਵੀ ਪੰਜਾਬ ਦੇ ਪੂਰਬੀ ਭਾਗਾਂ ਵਿੱਚ ਪੰਜਾਬੀ ਅਤੇ ਭਾਰਤੀ ਸੈਨਿਕਾਂ ਨੇ ਬਗਾਵਤ ਕਰ ਦਿੱਤੀ। ਕਈ ਸੈਨਿਕਾਂ ਨੇ ਆਪਣੇ ਕਮਾਂਡਰਾਂ ਦੀ ਹੀ ਹੱਤਿਆ ਕਰ ਦਿੱਤੀ। ਦਿੱਲੀ ਤੇ ਰੋਹੇਲਖੰਡ ਦੇ ਨੇੜਲੇ ਲੋਕਾਂ ਨੇ ਬਾਗੀਆਂ ਦੇ ਪੱਖ ਵਿੱਚ ਬਗਾਵਤਾਂ ਕੀਤੀਆਂ। ਕਰਨਾਲ ਦੇ ਜਾਟਾਂ ਨੇ ਸਰਕਾਰ ਨੂੰ ਜ਼ਮੀਨ ਦਾ ਲਗਾਨ ਦੇਣ ਤੋਂ ਇਨਕਾਰ ਕਰ ਦਿੱਤਾ। ਰੋਹਤਕ ਅਤੇ ਰਿਵਾੜੀ ਵਿਖੇ ਵੀ ਬਗਾਵਤਾਂ ਹੋਈਆਂ। ਬ੍ਰਿਟਿਸ਼ ਰਾਜ ਨੂੰ ਮਾਲੀਆ ਨਾ ਦੇਣ ਤਹਿਤ ਖਰਲ ਕਬੀਲੇ ਦੇ ਸਰਦਾਰ ਅਹਿਮਦ ਖ਼ਾਂ ਖਰਲ ਨੇ ਬਗਾਵਤ ਕੀਤੀ। ਅੰਗਰੇਜ਼ਾਂ ਨੂੰ ਸਰਦਾਰ ਖਰਲ ਦੇ ਸਿਰ ਦਾ ਇਨਾਮ ਤੈਅ ਕਰਨਾ ਪਿਆ। ਸਿੱਟੇ ਵਜੋਂ ਉਹ ਪਾਕਪਟਨ ਦੇ ਨੇੜੇ ਸ਼ਹੀਦ ਹੋ ਗਿਆ। ਇਨ੍ਹੀਂ ਦਿਨੀਂ ਪੰਜਾਬ ਵਿੱਚ ਨਾਮਧਾਰੀ ਜਾਂ ਕੂਕਾ ਲਹਿਰ ਉਦੈ ਹੋਈ। 12 ਅਪਰੈਲ, 1857 ਨੂੰ ਵਿਸਾਖੀ ਵਾਲੇ ਦਿਨ ਗੁਰੂ ਰਾਮ ਸਿੰਘ ਨੇ ਲੋਕਾਂ ਨੂੰ ਅੰਮ੍ਰਿਤ ਛਕਾ ਕੇ ਇੱਕ ਨਵੀਂ ਜਥੇਬੰਦੀ ਦੀ ਨੀਂਹ ਰੱਖੀ, ਜਿਸ ਨੂੰ ਨਾਮਧਾਰੀ ਜਾਂ ਕੂਕਾ ਲਹਿਰ ਆਖਿਆ ਜਾਂਦਾ ਹੈ। ਨਾਮਧਾਰੀ ਲਹਿਰ ਦਾ ਉਦੇਸ਼ ਧਾਰਮਿਕ ਅਤੇ ਸਮਾਜਿਕ ਖੇਤਰ ਵਿੱਚ ਸੁਧਾਰ ਕਰਨ ਦੇ ਨਾਲ ਨਾਲ ਦੇਸ਼ ਦੀ ਆਜ਼ਾਦੀ ਪ੍ਰਾਪਤ ਕਰਨਾ ਸੀ। ਇਸੇ ਲਈ ਇਸ ਲਹਿਰ ਨੇ ਅੰਗਰੇਜ਼ਾਂ ਪ੍ਰਤੀ ਅਸਹਿਯੋਗ ਦੀ ਨੀਤੀ ਅਪਣਾਈ। ਨਾਮਧਾਰੀਆਂ ਨੇ ਸਰਕਾਰੀ ਡਾਕ ਸਹੂਲਤਾਂ, ਵਿਦੇਸ਼ੀ ਕੱਪੜੇ, ਸਰਕਾਰੀ ਅਦਾਲਤਾਂ ਅਤੇ ਸਕੂਲਾਂ-ਕਾਲਜਾਂ ਦਾ ਬਾਈਕਾਟ ਕੀਤਾ ਅਤੇ ਆਪਣੀ ਸਰਕਾਰ ਕਾਇਮ ਕਰ ਲਈ। ਬ੍ਰਿਟਿਸ਼ ਹਾਕਮਾਂ ਨੂੰ ਯਕੀਨ ਹੋ ਗਿਆ ਸੀ ਕਿ ਨਾਮਧਾਰੀ ਸਿੱਖ ਉਨ੍ਹਾਂ ਦੇ ਖ਼ਿਲਾਫ਼ ਇੱਕ ਦਿਨ ਅੰਦੋਲਨ ਜ਼ਰੂਰ ਕਰਨਗੇ। ਨਾਮਧਾਰੀਆਂ ਦੀ ਨਾ-ਮਿਲਵਰਤਣ ਲਹਿਰ ਨੂੰ ਦਬਾਉਣ ਲਈ ਬ੍ਰਿਟਿਸ਼ ਸਰਕਾਰ ਨੇ ਇੱਕ ਕੋਝੀ ਚਾਲ ਚੱਲੀ। ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਭੜਕਾ ਕੇ ਇੱਕ-ਦੂਜੇ ਦੇ ਖਿਲਾਫ਼ ਕਰਨ ਅਤੇ ਭਾਰਤੀ ਲੋਕਾਂ ਨੂੰ ਗ਼ੁਲਾਮੀ ਦਾ ਅਹਿਸਾਸ ਕਰਵਾਉਣ ਲਈ ਹਿੰਦੂ ਮੁਸਲਿਮਾਂ ਵਿੱਚ ‘ਪਾੜੋ ਤੇ ਰਾਜ ਕਰੋ’ ਦੀ ਨੀਤੀ ਹੇਠ ਥਾਂ-ਥਾਂ ਬੁੱਚੜਖਾਨੇ ਖੋਲ੍ਹ ਦਿੱਤੇ। ਨਾਮਧਾਰੀ ਸਿੱਖਾਂ ਨੇ ਗਊ ਰੱਖਿਆ ਦਾ ਕੰਮ ਸ਼ੁਰੂ ਕਰ ਦਿੱਤਾ। ਉਹ ਗਊ ਰੱਖਿਆ ਵੀ ਕਰਦੇ ਅਤੇ ਬੁੱਚੜਾਂ ਨੂੰ ਵੀ ਮਾਰ ਦਿੰਦੇ। 1871 ਵਿੱਚ ਉਨ੍ਹਾਂ ਨੇ ਅੰਮ੍ਰਿਤਸਰ ਅਤੇ ਰਾਏਕੋਟ ਦੇ ਬੁੱਚੜਖ਼ਾਨਿਆਂ ’ਤੇ ਹਮਲਾ ਕਰ ਕੇ ਕਈ ਬੁੱਚੜਾਂ ਨੂੰ ਮਾਰ ਦਿੱਤਾ। ਇਸ ’ਤੇ ਨਾਮਧਾਰੀਆਂ ਤੇ ਬ੍ਰਿਟਿਸ਼ ਸਰਕਾਰ ਦਰਮਿਆਨ ਸਿੱਧੀ ਜੰਗ ਸ਼ੁਰੂ ਹੋ ਗਈ। 68 ਕੂਕਿਆਂ ਨੇ ਗ੍ਰਿਫ਼ਤਾਰੀ ਲਈ ਆਪਣੇ ਆਪ ਨੂੰ ਪੇਸ਼ ਕੀਤਾ। ਲੁਧਿਆਣਾ ਦੇ ਡਿਪਟੀ ਕਮਿਸ਼ਨਰ -ਮਿਸਟਰ ਕੋਵਨ ਨੇ ਪੂਰੀ ਤਹਿਕੀਕਾਤ ਬਿਨਾਂ ਹੀ ਉਨ੍ਹਾਂ ਵਿੱਚੋਂ, 49 ਕੂਕਿਆਂ ਨੂੰ 17 ਜਨਵਰੀ, 1872 ਨੂੰ ਤੋਪਾਂ ਨਾਲ ਉਡਾ ਦਿੱਤਾ। ਇੰਜ ਹੀ ਕਮਿਸ਼ਨਰ ਫੋਰਸਾਥ ਵੱਲੋਂ ਤੀਹ ਕੂਕੇ ਫ਼ਾਂਸੀ ਲਟਕਾ ਦਿੱਤੇ ਗਏ। ਸਤਿਗੁਰੂ ਰਾਮ ਸਿੰਘ ਨੂੰ ਦੇਸ਼ ਨਿਕਾਲਾ ਦੇ ਕੇ ਰੰਗੂਨ ਭੇਜ ਦਿੱਤਾ ਗਿਆ।
ਜਿਹੜੀਆਂ ਸਮਾਜਿਕ ਅਤੇ ਧਾਰਮਿਕ ਲਹਿਰਾਂ ਨੇ ਸਮੁੱਚੇ ਭਾਰਤੀਆਂ ਨੂੰ ਰਾਜਨੀਤਕ ਤੌਰ ’ਤੇ ਪ੍ਰਭਾਵਤ ਕੀਤਾ, ਉਨ੍ਹਾਂ ਵਿੱਚੋਂ ਇੱਕ ਲਹਿਰ ਆਰੀਆ ਸਮਾਜ ਲਹਿਰ ਵੀ ਹੈ। ਸਵਾਮੀ ਦਯਾਨੰਦ ਸਰਸਵਤੀ ਨੇ ਕੇਵਲ ਵਿੱਦਿਆ ਰਾਹੀਂ ਹੀ ਬ੍ਰਿਟਿਸ਼ ਲੋਕਾਂ ਦਾ ਵਿਰੋਧ ਨਹੀਂ ਕੀਤਾ, ਸਗੋਂ ਉਨ੍ਹਾਂ ਨੇ ਪੰਜਾਬ ਵਿੱਚ ਪੰਜਾਬੀਆਂ ਦੇ ਕੌਮੀ ਜਜ਼ਬੇ ਨੂੰ ਵੀ ਜਗਾਇਆ। ਲਾਲਾ ਲਾਜਪਤ ਰਾਏ, ਸ. ਅਜੀਤ ਸਿੰਘ ਅਤੇ ਸ਼ਰਧਾ ਨੰਦ, ਭਾਈ ਪਰਮਾਨੰਦ, ਲਾਲਾ ਹਰਦਿਆਲ ਵੀ ਪ੍ਰਸਿੱਧ ਆਰੀਆ ਸਮਾਜੀ ਸਨ। ਆਰੀਆ ਸਮਾਜੀਆਂ ਦੇ ਅਖ਼ਬਾਰ ਵੀ ਪੰਜਾਬ ਦੀ ਆਜ਼ਾਦੀ ਦੀ ਲਹਿਰ ਵਿੱਚ ਪੂਰੀ ਤਰ੍ਹਾਂ ਸਰਗਰਮ ਰਹੇ।
ਅੰਗਰੇਜ਼ ਸਰਕਾਰ ਨੇ ਭੂਮੀ ਕਰ ਅਤੇ ਸਿੰਜਾਈ ਕਰ ਵਿੱਚ ਵਾਧਾ ਕਰ ਦਿੱਤਾ ਸੀ। ਇਸ ਨਾਲ ਕਿਸਾਨਾਂ ਵਿੱਚ ਨਾਖੁਸ਼ੀ ਦੀ ਲਹਿਰ ਦੌੜ ਗਈ ਸੀ। ਸਿੱਟੇ ਵਜੋਂ ਪੰਜਾਬ ਵਿੱਚ ਕਿਸਾਨੀ ਲਹਿਰਾਂ ਨੇ ਜਨਮ ਲਿਆ। ਆਰਥਿਕ ਸੰਕਟ ਵਿੱਚ ਫਸੇ ਪੰਜਾਬੀਆਂ ਨੂੰ 1905 ਵਿੱਚ ਰੋਟੀ ਅਤੇ ਦਾਲ ਦੀ ਭਾਲ ਵਿੱਚ ਫਿਜੀ, ਘਾਨਾ, ਮਲਾਇਆ, ਕੈਨੇਡਾ, ਅਮਰੀਕਾ ਆਦਿ ਦੇਸ਼ਾਂ ਵਿੱਚ ਜਾਣਾ ਪਿਆ। ਭਾਰਤ ਤੋਂ ਬਾਹਰ ਗਏ ਇਨ੍ਹਾਂ ਪੰਜਾਬੀਆਂ ਨੇ ਬਾਹਰ ਰਹਿ ਕੇ ਵੀ ਦੇਸ਼ ਦੀ ਆਜ਼ਾਦੀ ਲਈ ਯਤਨ ਕੀਤੇ। ਉਨ੍ਹਾਂ ਯਤਨਾਂ ਵਿੱਚੋਂ ਇੱਕ ਮਹੱਤਵਪੂਰਨ ਯਤਨ ਗ਼ਦਰ ਅੰਦੋਲਨ ਸੀ। ਗ਼ਦਰ ਪਾਰਟੀ ਨੇ ਸਾਂਫਰਾਂਸਿਸਕੋ ਤੋਂ ਉਰਦੂ ਭਾਸ਼ਾ ਵਿੱਚ ਇੱਕ ਸਪਤਾਹਿਕ ਪੱਤਰ – ‘ਗ਼ਦਰ’ ਕੱਢਣਾ ਸ਼ੁਰੂ ਕੀਤਾ। ਸੰਪਾਦਨਾ ਦਾ ਕੰਮ ਕਰਤਾਰ ਸਿੰਘ ਸਰਾਭਾ ਨੂੰ ਸੌਂਪਿਆ ਗਿਆ। ਉਸ ਦੀ ਮਿਹਨਤ ਸਦਕਾ ਉਹ ਅਖ਼ਬਾਰ ਹਿੰਦੀ, ਪੰਜਾਬੀ, ਗੁਜਰਾਤੀ, ਬੰਗਾਲੀ ਅਤੇ ਨੇਪਾਲੀ ਭਾਸ਼ਾਵਾਂ ਵਿੱਚ ਵੀ ਛਪਣ ਲੱਗਾ। ਇਸ ਸੰਸਥਾ ਦਾ ਮੁੱਖ ਉਦੇਸ਼ ਹਥਿਆਰਬੰਦ ਬਗਾਵਤ ਰਾਹੀਂ ਭਾਰਤ ਨੂੰ ਆਜ਼ਾਦ ਕਰਵਾਉਣਾ ਸੀ।
ਕੇਂਦਰੀ ਲੈਜਿਸਲੇਟਿਵ ਕੌਂਸਲ ਵਿੱਚ ਦੋ ਬਿਲ ਪਾਸ ਕੀਤੇ ਗਏ, ਜਿਨ੍ਹਾਂ ਨੂੰ ਰੋਲੈੱਟ ਬਿਲ ਕਹਿੰਦੇ ਹਨ। 13 ਮਾਰਚ, 1919 ਨੂੰ ਮਹਾਤਮਾ ਗਾਂਧੀ ਨੇ ਰੌਲੈਟ ਬਿਲਾਂ ਨੂੰ ਅਸਫਲ ਬਣਾਉਣ ਲਈ ਹੜਤਾਲ ਕਰ ਦਿੱਤੀ। ਪੰਜਾਬ ਸਰਕਾਰ ਦੇ ਹੁਕਮ ਨਾਲ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਨੇ ਸੂਬੇ ਦੇ ਦੋ ਪ੍ਰਸਿੱਧ ਨੇਤਾਵਾਂ- ਡਾ. ਸਤਿਆਪਾਲ ਅਤੇ ਡਾ. ਕਿਚਲੂ ਨੂੰ ਫੜ ਲਿਆ। ਸਿੱਟੇ ਵਜੋਂ ਸ਼ਹਿਰ ਵਾਸੀਆਂ ਨੇ ਹੜਤਾਲ ਕਰ ਦਿੱਤੀ। ਅਸ਼ਾਂਤੀ ਅਤੇ ਕ੍ਰੋਧ ਦੇ ਇਸ ਵਾਤਾਵਰਣ ਵਿੱਚ ਅੰਮ੍ਰਿਤਸਰ ਅਤੇ ਪਿੰਡਾਂ ਦੇ ਲਗਪਗ 25,000 ਲੋਕ 13 ਅਪਰੈਲ 1919 ਨੂੰ (ਵਿਸਾਖੀ ਵਾਲੇ ਦਿਨ) ਜਲ੍ਹਿਆਂਵਾਲਾ ਬਾਗ ਵਿੱਚ ਜਲਸਾ ਕਰਨ ਲਈ ਇਕੱਠੇ ਹੋਏ। ਜਨਰਲ ਡਾਇਰ ਆਪਣੇ 150 ਸੈਨਿਕਾਂ ਨਾਲ ਜਲ੍ਹਿਆਂਵਾਲਾ ਬਾਗ ਦੇ ਦਰਵਾਜ਼ੇ ਅੱਗੇ ਪੁੱਜ ਗਿਆ। ਬਾਗ ਦੇ ਭੀੜੇ ਜਿਹੇ ਦਰਵਾਜ਼ੇ ’ਤੇ ਪਹੁੰਚ ਕੇ ਹੁਕਮ ਕੀਤਾ ਕਿ ਸਭ ਲੋਕ ਤਿੰਨ ਮਿੰਟਾਂ ਦੇ ਵਿੱਚ ਵਿੱਚ ਬਾਹਰ ਨਿਕਲ ਜਾਣ। ਬਾਗ ਦੇ ਤੰਗ ਰਸਤੇ ਰਾਹੀਂ ਇਹ ਨਹੀਂ ਸੀ ਹੋ ਸਕਦਾ। ਜਨਰਲ ਡਾਇਰ ਨੇ ਗੋਲੀ ਦਾ ਹੁਕਮ ਦੇ ਦਿੱਤਾ। ਸਿੱਟੇ ਵਜੋਂ ਲਗਪਗ 1,000 ਲੋਕ ਮਾਰੇ ਗਏ ਅਤੇ 3,000 ਤੋਂ ਵੱਧ ਲੋਕ ਜ਼ਖ਼ਮੀ ਹੋ ਗਏ। ਇਸ ਘਟਨਾ ਦਾ ਬਦਲਾ ਸਰਦਾਰ ਊਧਮ ਸਿੰਘ ਨੇ 21 ਸਾਲ ਬਾਅਦ ਇੰਗਲੈਂਡ ਵਿੱਚ ਸਰ ਓਡਵਾਇਰ ਨੂੰ ਗੋਲੀ ਨਾਲ ਮਾਰ ਕੇ ਲਿਆ।
1920 ਤਕ ਪੰਜਾਬ ਦੇ ਗੁਰਦੁਆਰੇ ਅੰਗਰੇਜ਼ ਪੱਖੀ ਚਰਿੱਤਰਹੀਣ ਮਹੰਤਾਂ ਦੇ ਅਧਿਕਾਰ ਹੇਠ ਆ ਚੁੱਕੇ ਸਨ। ਮਹੰਤਾਂ ਦੀਆਂ ਅਨੈਕਿਤ ਕਾਰਵਾਈਆਂ ਤੋਂ ਸਿੱਖ ਤੰਗ ਆ ਕੇ ਅੰਗਰੇਜ਼ਾਂ ਦੀ ਸਹਾਇਤਾ ਨਾਲ ਗੁਰਦੁਆਰਿਆਂ ਵਿੱਚ ਸੁਧਾਰ ਚਾਹੁੰਦੇ ਸਨ। ਬ੍ਰਿਟਿਸ਼ ਹਕੂਮਤ ਨੇ ਜਿਸ ਵੇਲੇ ਸਿੱਖਾਂ ਨੂੰ ਸਹਾਇਤਾ ਨਾ ਦਿੱਤੀ ਤਾਂ ਸਿੱਖਾਂ ਦੇ ਯਤਨਾਂ ਨਾਲ 16 ਨਵੰਬਰ, 1920 ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਵਿੱਚ ਆ ਗਈ। 14 ਦਸੰਬਰ, 1920 ਨੂੰ ਸ਼੍ਰੋਮਣੀ ਅਕਾਲੀ ਦਲ ਹੋਂਦ ਵਿੱਚ ਆ ਗਿਆ। ਦਰਬਾਰ ਸਾਹਿਬ ਅੰਮ੍ਰਿਤਸਰ ਉੱਤੇ ਸਿੱਖਾਂ ਦਾ ਕਬਜ਼ਾ ਸੀ, ਪਰ ਬ੍ਰਿਟਿਸ਼ ਸਰਕਾਰ ਨਹੀਂ ਸੀ ਚਾਹੁੰਦੀ ਕਿ ਗੁਰਦੁਆਰੇ ਦੀ ਗੋਲਕ ਦੀਆਂ ਚਾਬੀਆਂ ਸਿੱਖਾਂ ਦੇ ਕਬਜ਼ੇ ਵਿੱਚ ਰਹਿਣ। ਸਿੱਖਾਂ ਨੇ ਇਸ ਗੱਲ ਦਾ ਭਾਰੀ ਵਿਰੋਧ ਕੀਤਾ। ਬਹੁਤ ਸਾਰੇ ਸਿੱਖ ਨੇਤਾਵਾਂ ਨੂੰ ਬੰਦੀ ਬਣਾ ਲਿਆ ਗਿਆ। ਇਸ ਨਾਲ ਸਿੱਖਾਂ ਦਾ ਵਿਰੋਧ ਹੋਰ ਵੀ ਤਿੱਖਾ ਹੋ ਗਿਆ। ਇਸ ਵਿਰੋਧ ਨੂੰ ਕਾਂਗਰਸ ਅਤੇ ਖ਼ਿਲਾਫ਼ਤ ਕਮੇਟੀ ਨੇ ਵੀ ਸਹਾਇਤਾ ਦਿੱਤੀ। ਅੰਤ ਨੂੰ ਬ੍ਰਿਟਿਸ਼ ਸਰਕਾਰ ਨੂੰ ਸਿੱਖਾਂ ਅੱਗੇ ਝੁਕਣਾ ਪਿਆ।
ਬੱਬਰ ਅਕਾਲੀ ਲਹਿਰ ਦਾ ਜਨਮ ਗੁਰਦੁਆਰਿਆਂ ਵਿੱਚ ਬੈਠੇ ਮਹੰਤਾਂ ਅਤੇ ਪੁਲੀਸ ਦਾ ਮੁਕਾਬਲਾ ਕਰਨ ਲਈ ਹੋਇਆ। ਬੱਬਰ ਅਕਾਲੀਆਂ ਨੇ ਸਰਕਾਰ ਅਤੇ ਉਸ ਦੇ ਪਿੱਠੂਆਂ ਨਾਲ ਟੱਕਰ ਲੈਣ ਲਈ ਪਹਿਲਾ ਚੱਕਰਵਰਤੀ ਜਥਾ ਬਣਾਇਆ। ਜਦੋਂ ਇਸ ਨੇ ‘ਬੱਬਰ ਅਕਾਲੀ’ ਨਾਂ ਦਾ ਅਖ਼ਬਾਰ ਕੱਢਿਆ ਤਾਂ ਜਥੇ ਦਾ ਨਾਂ ‘ਬੱਬਰ ਅਕਾਲੀ ਜਥਾ’ ਬਣ ਗਿਆ। ਇਹ ਹਿੰਸਕ ਲਹਿਰ ਸੀ। ਸੌ ਤੋਂ ਵੱਧ ਬੱਬਰਾਂ ਉੱਤੇ ਮੁਕਦੱਮਾ ਚੱਲਿਆ। ਦਰਜਨਾਂ ਬੱਬਰਾਂ ਨੂੰ ਫਾਂਸੀ ਲਾਈ ਗਈ। ਭਾਵੇਂ ਇਹ ਲਹਿਰ ਫੇਲ੍ਹ ਹੋ ਗਈ, ਪਰ ਇਸ ਲਹਿਰ ਨੇ ਪੰਜਾਬੀਆਂ ਨੂੰ ਦੇਸ਼ ਦੀ ਆਜ਼ਾਦੀ ਲਈ ਜਾਨਾਂ ਵਾਰਨ ਦਾ ਵਲ ਜ਼ਰੂਰ ਸਿਖਾਇਆ। ਸਰਦਾਰ ਭਗਤ ਸਿੰਘ, ਭਗਵਤੀ ਚਰਨ ਵੋਹਰਾ, ਸੁਖਦੇਵ, ਪ੍ਰਿੰਸੀਪਲ ਛਬੀਲ ਦਾਸ ਅਤੇ ਯਸ਼ਪਾਲ ਆਦਿ ਨੇ 1925-26 ਈ. ਵਿੱਚ ਲਾਹੌਰ ਵਿਖੇ-ਨੌਜਵਾਨ ਭਾਰਤ ਸਭਾ-ਦੀ ਸਥਾਪਨਾ ਕੀਤੀ। ਭਗਤ ਸਿੰਘ ਉਸ ਦਾ ਜਨਰਲ ਸਕੱਤਰ ਨਿਯੁਕਤ ਹੋਇਆ। ਇਸ ਸੰਸਥਾ ਦਾ ਉਦੇਸ਼ ਨੌਜਵਾਨਾਂ ਵਿੱਚ ਜਾਗ੍ਰਤੀ ਲਿਆਉਣਾ ਸੀ। ਇਸ ਸਭਾ ਵਿੱਚ ਦੂਸਰੇ ਦੇਸ਼ਾਂ ਵਿੱਚ ਆਏ ਇਨਕਲਾਬਾਂ ਉੱਤੇ ਵੀ ਵਿਚਾਰ ਕੀਤਾ ਜਾਂਦਾ ਸੀ। ਬਾਅਦ ਵਿੱਚ ਇਸ ਦਾ ਨਾਮ ਹਿੰਦੋਸਤਾਨ ਰਿਪਬਲੀਕਨ ਆਰਮੀ ਕਰ ਦਿੱਤਾ ਗਿਆ। 31 ਦਸੰਬਰ, 1929 ਨੂੰ ਲਾਹੌਰ ਵਿਖੇ ਕਾਂਗਰਸ ਦਾ ਇਜਲਾਸ ਬੁਲਾਇਆ ਗਿਆ। ਉਸ ਇਤਿਹਾਸਕ ਇਜਲਾਸ ਦੇ ਪ੍ਰਧਾਨ ਜਵਾਹਰ ਲਾਲ ਨਹਿਰੂ ਸਨ। ਉਸ ਦਿਨ ਅੱਧੀ ਰਾਤ ਵੇਲੇ ਰਾਵੀ ਦੇ ਕੰਢੇ ’ਤੇ ਪੂਰਨ ਆਜ਼ਾਦੀ ਦਾ ਮਤਾ ਪਾਸ ਕੀਤਾ ਗਿਆ। ਨਹਿਰੂ ਨੇ ‘ਇਨਕਲਾਬ ਜ਼ਿੰਦਾਬਾਦ’ ਦੇ ਨਾਅਰਿਆਂ ਵਿੱਚ ਕੌਮੀ ਝੰਡਾ ਲਹਿਰਾਇਆ। 1930 ਵਿੱਚ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੂੰ ਫਾਂਸੀ ਦੇ ਦਿੱਤੀ ਗਈ, ਪਰ ਇਹ ਕਾਰਵਾਈ ਬ੍ਰਿਟਿਸ਼ ਹਕੂਮਤ ਖ਼ਿਲਾਫ਼ ਦੇਸ਼ ਭਰ ਵਿੱਚ ਅੰਤਾਂ ਦਾ ਰੋਹ ਭਰ ਗਈ।
ਨੇਤਾ ਸੁਭਾਸ਼ ਚੰਦਰ ਬੋਸ ਨੇ 1943 ਵਿੱਚ ਸਿੰਗਾਪੁਰ ਵਿਖੇ ਭਾਰਤੀਆਂ ਨੂੰ ਇਕੱਠਿਆਂ ਕਰ ਕੇ-ਆਜ਼ਾਦ ਹਿੰਦ ਫ਼ੌਜ ਦੀ ਸਥਾਪਨਾ ਕੀਤੀ। ਉਸ ਫ਼ੌਜ ਵਿੱਚ ਪੰਜਾਬੀ ਸਨ – ਜਨਰਲ ਸ਼ਾਹਨਵਾਜ਼, ਜਨਰਲ ਗੁਰਦਿਆਲ ਸਿੰਘ ਢਿੱਲੋਂ, ਕੈਪਟਨ ਪ੍ਰੇਮ ਸਹਿਗਲ ਅਤੇ ਜਨਰਲ ਮੋਹਣ ਸਿੰਘ ਆਦਿ। ਇਸ ਫ਼ੌਜ ਦਾ ਮੁੱਖ ਉਦੇਸ਼ ਅੰਗਰੇਜ਼ ਨੂੰ ਭਾਰਤ ਵਿੱਚੋਂ ਬਾਹਰ ਕੱਢਣਾ ਸੀ। 1 ਮਾਰਚ, 1944 ਨੂੰ ਆਜ਼ਾਦ ਹਿੰਦ ਫ਼ੌਜ ਦੇ ਸੈਨਿਕ ਬਰਮਾ ਤੋਂ ਹੁੰਦੇ ਹੋਏ ਆਸਾਮ ਪੁੱਜੇ। 1947 ਵਿੱਚ ਜਦੋਂ ਭਾਰਤ ਦੀ ਵੰਡ ਹੋਈ ਤਾਂ ਉਸ ਵੇਲੇ ਵੀ ਸਭ ਤੋਂ ਵੱਧ ਕਸ਼ਟ ਪੰਜਾਬੀਆਂ ਨੇ ਹੀ ਝੱਲੇ। ਪੰਜਾਬ ਪੱਛਮੀ ਅਤੇ ਪੂਰਬੀ ਪੰਜਾਬ ਦੋ ਭਾਗਾਂ ਵਿੱਚ ਵੰਡਿਆ ਗਿਆ। ਲੱਖਾਂ ਮਰਦ ਅਤੇ ਔਰਤਾਂ ਅਤੇ ਬੱਚੇ ਆਜ਼ਾਦੀ ਦਾ ਆਨੰਦ ਨਾ ਮਾਣ ਸਕੇ। ਉਸ ਸਮੇਂ ਦੇ ਜ਼ਖ਼ਮ ਅਜੇ ਵੀ ਅੱਲ੍ਹੇ ਹਨ।

ਪ੍ਰੋ. ਸੁਲੱਖਣ ਮੀਤ*

You must be logged in to post a comment Login