ਧਰਮ ਦੀ ਸਿਆਸਤ ਨੇ ਰੋਲਿਆ ਬਾਬਰੀ ਮਸਜਿਦ ਕੇਸ

ਧਰਮ ਦੀ ਸਿਆਸਤ ਨੇ ਰੋਲਿਆ ਬਾਬਰੀ ਮਸਜਿਦ ਕੇਸ

-ਜਤਿੰਦਰ ਪਨੂੰ

ਇਸ ਹਫਤੇ ਭਾਰਤ ਦੀ ਸੁਪਰੀਮ ਕੋਰਟ ਨੇ ਇਹ ਗੱਲ ਸਾਫ ਕਰ ਦਿੱਤੀ ਹੈ ਕਿ ਬਾਬਰੀ ਮਸਜਿਦ ਢਾਹੇ ਜਾਣ ਸਬੰਧੀ ਜੋ ਕੇਸ ਲਾਲ ਕ੍ਰਿਸ਼ਨ ਅਡਵਾਨੀ, ਮੁਰਲੀ ਮਨੋਹਰ ਜੋਸ਼ੀ ਤੇ ਉਮਾ ਭਾਰਤੀ ਉਤੇ ਦਰਜ ਹੋਇਆ ਸੀ, ਉਹ ਬੰਦ ਨਹੀਂ ਕੀਤਾ ਜਾ ਸਕਦਾ। ਉਹ ਕੇਸ ਇਸੇ ਤਰ੍ਹਾਂ ਚੱਲੀ ਜਾਵੇਗਾ। ਉਦੋਂ ਮਸਜਿਦ ਢਾਹੁਣ ਲਈ ਅਡਵਾਨੀ ਨੇ ਇੱਕ ਰੱਥ ਸਾਰੇ ਦੇਸ਼ ਵਿਚ ਘੁੰਮਾਇਆ ਤੇ ਹਿੰਦੂ ਭਾਈਚਾਰੇ ਦੇ ਲੋਕਾਂ ਨੂੰ ਇਸ ਨਾਅਰੇ ਨਾਲ ਉਕਸਾਇਆ ਸੀ ਕਿ
ਜਿੱਥੇ ਬਾਬਰੀ ਮਸਜਿਦ ਹੈ, ਉਥੇ ਕਦੇ ਸਾਡੇ ਰਾਮ ਭਗਵਾਨ ਦਾ ਜਨਮ ਅਸਥਾਨ ਸੀ, ਉਹ ਥਾਂ ਛੁਡਾਉਣ ਲਈ ਆਪਾਂ ਮਸਜਿਦ ਢਾਹੁਣੀ ਤੇ ਉਥੇ ਰਾਮ ਜਨਮ ਭੂਮੀ ਮੰਦਰ ਬਣਾਉਣਾ ਹੈ। ਇੰਦਰਾ ਗਾਂਧੀ ਦੇ ਕਤਲ ਪਿੱਛੋਂ ਜਦੋਂ ਲੋਕ ਸਭਾ ਚੋਣਾਂ ਵਿਚ ਭਾਜਪਾ ਦੀਆਂ ਸਿਰਫ ਦੋ ਸੀਟਾਂ ਰਹਿ ਗਈਆਂ ਸਨ ਤਾਂ ਇਹ ਨਾਅਰਾ ਹਿੰਦੂ ਭਾਈਚਾਰੇ ਨੂੰ ਪਾਰਲੀਮੈਂਟ ਚੋਣਾਂ ਦੇ ਪੰਜ ਸਾਲ ਬਾਅਦ ਦੇ ਰਾਜਸੀ ਜੂਏ ਵਿਚ ਵਰਤਣ ਵਾਸਤੇ ਚੁੱਕਿਆ ਗਿਆ ਸੀ।
ਅਗਲੀ ਚੋਣ ਵਿਚ ਦੋ ਸੀਟਾਂ ਵਾਲੀ ਭਾਜਪਾ ਇਸ ਨਾਅਰੇ ਨਾਲ ਛਿਆਸੀ ਸੀਟਾਂ ਵਾਲੀ ਹੋ ਗਈ। ਕਾਂਗਰਸ ਦੀ ਸਰਕਾਰ ਨਹੀਂ ਸੀ ਰਹੀ ਅਤੇ ਜਿਹੜਾ ਰਾਜਾ ਵੀæਪੀæ ਸਿੰਘ ਪ੍ਰਧਾਨ ਮੰਤਰੀ ਦੀ ਕੁਰਸੀ ਉਤੇ ਬੈਠਾ, ਉਸ ਕੋਲ ਆਪਣੇ ਸਿਰ ਬਹੁ-ਗਿਣਤੀ ਨਹੀਂ ਸੀ। ਇੱਕ ਪਾਸਿਓਂ ਖੱਬੇ ਪੱਖੀਆਂ ਤੇ ਦੂਸਰੇ ਪਾਸਿਓਂ ਭਾਰਤੀ ਜਨਤਾ ਪਾਰਟੀ (ਭਾਜਪਾ) ਦਾ ਆਸਰਾ ਲੈ ਕੇ ਸਰਕਾਰ ਚੱਲਦੀ ਸੀ। ਉਸ ਵਕਤ ਇਸ ਮਜਬੂਰੀ ਨੂੰ ਵਰਤਣ ਲਈ ਭਾਜਪਾ ਦੇ ਉਦੋਂ ਦੇ ਪ੍ਰਧਾਨ ਲਾਲ ਕ੍ਰਿਸ਼ਨ ਅਡਵਾਨੀ ਨੇ ਰੱਥ ਚਲਾਇਆ ਤੇ ਇਸ ਰੱਥ ਨੂੰ ਭਾਵੇਂ ਬਿਹਾਰ ਵਿਚ ਲਾਲੂ ਪ੍ਰਸਾਦ ਦੀ ਸਰਕਾਰ ਨੇ ਰੋਕ ਦਿੱਤਾ, ਮਿੱਥੀ ਹੋਈ ਤਰੀਕ ਨੂੰ ਭੜਕਾਈ ਹੋਈ ਭੀੜ ਨੇ ਬਾਬਰੀ ਮਸਜਿਦ ਨੂੰ ਪਹਿਲਾ ਟੱਪ ਜਾ ਲਾਇਆ ਸੀ। ਉਹ ਟੱਪ ਮਸਜਿਦ ਨੂੰ ਢਾਹੁਣ ਦੀ ਥਾਂ ਵੀæਪੀæ ਸਿੰਘ ਦੀ ਸਰਕਾਰ ਡੇਗਣ ਦਾ ਕਾਰਨ ਬਣ ਗਿਆ ਤੇ ਕਾਂਗਰਸ ਦੀ ਮਦਦ ਨਾਲ ਚਾਰ ਦਿਹਾੜੇ ਰਾਜ ਕਰਨ ਵਾਲੇ ਚੰਦਰ ਸ਼ੇਖਰ ਤੋਂ ਬਾਅਦ ਨਰਸਿਮਹਾ ਰਾਓ ਦੀ ਸਰਕਾਰ ਬਣ ਗਈ, ਜੋ ਪੌਣਾ ਭਾਜਪਾਈਆ ਸਮਝਿਆ ਜਾਂਦਾ ਸੀ। ਉਦੋਂ ਨਰਸਿਮਹਾ ਰਾਓ ਵੱਲੋਂ ਦਿੱਤੀ ਗਈ ਖੁੱਲ੍ਹ ਤੇ ਉੱਤਰ ਪ੍ਰਦੇਸ਼ ਦੇ ਭਾਜਪਾ ਮੁੱਖ ਮੰਤਰੀ ਦੀ ਮਿਲੀਭੁਗਤ ਨਾਲ ਬਾਬਰੀ ਮਸਜਿਦ ਢਾਹੁਣ ਵਾਲਾ ਪਹਿਲਾ ਕੰਮ ਮੁਕਾ ਦਿੱਤਾ ਗਿਆ।
ਇਹ ਗੱਲ ਸਾਰੇ ਲੋਕਾਂ ਨੂੰ ਪਤਾ ਹੈ ਕਿ ਰਾਜਸੀ ਕਾਰਨ ਕਰ ਕੇ ਸਹੀ, ਦੋ ਭਾਈਚਾਰਿਆਂ ਦਾ ਭੇੜ ਕਰਾਉਣ ਵਾਲਾ ਇਹ ਕੰਮ ਜਦੋਂ ਕੀਤਾ ਗਿਆ, ਲਾਲ ਕ੍ਰਿਸ਼ਨ ਅਡਵਾਨੀ ਇਸ ਸੋਚ ਦਾ ਆਗੂ ਸੀ। ਬਹੁਤ ਸਾਰੇ ਲੋਕ ਇਹ ਗੱਲ ਕਹਿ ਦਿੰਦੇ ਹਨ ਕਿ ਅਟਲ ਬਿਹਾਰੀ ਵਾਜਪਾਈ ਉਦੋਂ ਭਾਜਪਾ ਦਾ ਪ੍ਰਧਾਨ ਹੁੰਦਾ ਤਾਂ ਉਸ ਨੇ ਸ਼ਾਇਦ ਇਸ ਹੱਦ ਤੱਕ ਨਹੀਂ ਸੀ ਜਾਣਾ। ਵਾਜਪਾਈ ਨੂੰ ਮਾਡਰੇਟ ਕਿਹਾ ਜਾਂਦਾ ਹੈ। ਹਕੀਕਤ ਇਹ ਹੈ ਕਿ ਜਦੋਂ ਸੁਪਰੀਮ ਕੋਰਟ ਨੇ ਹੁਕਮ ਕੀਤਾ ਹੋਇਆ ਸੀ ਤੇ ਖੁਦ ਭਾਜਪਾ ਆਗੂਆਂ ਨੇ ਇਹ ਲਿਖ ਕੇ ਦਿੱਤਾ ਸੀ ਕਿ ਮਸਜਿਦ ਦੇ ਨਾਲ ਕਿਸੇ ਵੀ ਤਰ੍ਹਾਂ ਦੀ ਛੇੜ-ਛਾੜ ਨਹੀਂ ਕੀਤੀ ਜਾਵੇਗੀ, ਉਦੋਂ ਮਸਜਿਦ ਢਾਹੁਣ ਤੋਂ ਇੱਕ ਰਾਤ ਪਹਿਲਾਂ ਲਖਨਊ ਦੀ ਰੈਲੀ ਵਿਚ ਵਾਜਪਾਈ ਨੇ ਇੱਕ ਤਕਰੀਰ ਕੀਤੀ ਸੀ। ਉਹ ਤਕਰੀਰ ਵਾਜਪਾਈ ਦੇ ਮਾਡਰੇਟ ਅਕਸ ਦਾ ਕੱਚ ਪੇਸ਼ ਕਰਦੀ ਹੈ। ਵਾਜਪਾਈ ਨੇ ਹਜ਼ਾਰਾਂ ਦੇ ਇਕੱਠ ਸਾਹਮਣੇ ਕਿਹਾ ਸੀ ਕਿ ਸੁਪਰੀਮ ਕੋਰਟ ਦਾ ਹੁਕਮ ਹੈ ਕਿ ਮਸਜਿਦ ਵਾਲੇ ਢਾਂਚੇ ਨਾਲ ਛੇੜ-ਛਾੜ ਨਹੀਂ ਕਰਨੀ ਅਤੇ ਅਸੀਂ ਇਹ ਗੱਲ ਮੰਨ ਲਈ ਹੈ, ਪਰ ਉਥੇ ਜਦੋਂ ਲੱਖਾਂ ਲੋਕ ਜੁੜਨਗੇ, ਉਨ੍ਹਾਂ ਦੇ ਬੈਠਣ ਲਈ ਕੋਈ ਥਾਂ ਪੱਧਰੀ ਕਰਨੀ ਪੈ ਜਾਵੇਗੀ, ਕੋਈ ਨੋਕੀਲੇ ਪੱਥਰ ਵੀ ਪੱਧਰ ਕਰਨੇ ਪੈਣਗੇ। ਉਸ ਤਕਰੀਰ ਵਿਚਲੇ ‘ਨੋਕੀਲੇ ਪੱਥਰ’ ਅਸਲ ਵਿਚ ਵਿਵਾਦ ਵਾਲਾ ਢਾਂਚਾ ਕਹੀ ਜਾਂਦੀ ਬਾਬਰੀ ਮਸਜਿਦ ਦੇ ਗੁੰਬਦ ਸਨ, ਜਿਹੜੇ ਫਿਰ ਢਾਹ ਦਿੱਤੇ ਗਏ ਸਨ ਤੇ ਇਹ ਕੰਮ ਕੀਤੇ ਜਾਣ ਤੋਂ ਪਹਿਲਾਂ ਲਖਨਊ ਦੀ ਤਕਰੀਰ ਕਰ ਕੇ ਵਾਜਪਾਈ ਖੁਦ ਦਿੱਲੀ ਪਰਤ ਗਿਆ ਸੀ।
ਉਸ ਵਕਤ ਢਾਹੀ ਗਈ ਮਸਜਿਦ ਦੇ ਮੁਕੱਦਮੇ ਬਾਰੇ ਹੁਣ ਕਿਹਾ ਗਿਆ ਹੈ ਕਿ ਇਹ ਜਾਰੀ ਰਹੇਗਾ। ਚੌਵੀ ਤੋਂ ਵੱਧ ਸਾਲ ਲੰਘ ਗਏ, ਇਹ ਮੁਕੱਦਮਾ ਕਿਸੇ ਸਿਰੇ ਨਹੀਂ ਲੱਗ ਸਕਿਆ। ਹੁਣ ਜਦੋਂ ਇਹ ਅੱਗੇ ਵਧੇਗਾ ਤਾਂ ਇਸ ਵਿਚ ਪੇਸ਼ੀ ਲਈ ਆਵਾਜ਼ ਪਈ ਸੁਣ ਕੇ ਲਾਲ ਕ੍ਰਿਸ਼ਨ ਅਡਵਾਨੀ ਨੇ ਪੇਸ਼ ਕਦੇ ਨਹੀਂ ਹੋਣਾ, ਉਸ ਦੇ ਵਕੀਲ ਜਾਣਗੇ ਅਤੇ ਪਿਛਲਾ ਤਜਰਬਾ ਦੱਸਦਾ ਹੈ ਕਿ ਨਵੀਂ ਤਾਰੀਖ ਪੇਸ਼ੀ ਲੈ ਆਇਆ ਕਰਨਗੇ। ਹੋ ਸਕਦਾ ਹੈ ਕਿ ਇਸ ਕੇਸ ਵਿਚ ਕਦੀ ਕੋਈ ਫੈਸਲੇ ਦੀ ਘੜੀ ਵੀ ਆ ਜਾਵੇ। ਇਸ ਦਾ ਵੀ ਕੋਈ ਲਾਭ ਨਹੀਂ ਹੋਣਾ। ਲਾਲ ਕ੍ਰਿਸ਼ਨ ਅਡਵਾਨੀ ਉਮਰ ਦੇ ਜਿਸ ਪੜਾਅ ਉਤੇ ਪਹੁੰਚ ਗਿਆ ਹੈ, ਨੱਬੇ ਸਾਲ ਪੂਰੇ ਹੋਣ ਵਾਲੇ ਹਨ, ਇਸ ਉਮਰ ਵਿਚ ਉਸ ਨੂੰ ਕਿਸੇ ਨੇ ਜੇਲ੍ਹ ਭੇਜਣ ਦਾ ਹੁਕਮ ਹੀ ਨਹੀਂ ਕਰਨਾ। ਪੰਜ ਕੁ ਸਾਲ ਹੋਰ ਇਹ ਕੇਸ ਚੱਲ ਗਿਆ ਤਾਂ ਮੁਰਲੀ ਮਨੋਹਰ ਜੋਸ਼ੀ ਦੀ ਉਮਰ ਵੀ ਏਨੀ ਕੁ ਹੋ ਜਾਣੀ ਹੈ ਤੇ ਫਿਰ ਉਹ ਵੀ ਬਜ਼ੁਰਗੀ ਦਾ ਲਾਭ ਲੈ ਕੇ ਰਾਮ ਦੇ ਨਾਮ ਦੀ ਮਾਲਾ ਜਪਦਾ ਰਹੇਗਾ।
ਅਸੀਂ ਇਸ ਮਾਮਲੇ ਵਿਚ ਸੁਪਰੀਮ ਕੋਰਟ ਦੇ ਹੁਕਮਾਂ ਅਤੇ ਹਦਾਇਤਾਂ ਦਾ ਪੂਰਾ ਸਤਿਕਾਰ ਕਰਦਿਆਂ ਇਹ ਕਹਿਣਾ ਚਾਹੁੰਦੇ ਹਾਂ ਕਿ ਇਸ ਦੇਸ਼ ਵਿਚ ਕਿਸੇ ਵੀ ਅਪਰਾਧ ਦੀ ਦੋਸ਼ੀ ਧਿਰ ਕੋਲ ਜਦੋਂ ਪੈਸਾ ਤੇ ਪਹੁੰਚ ਹੋਵੇ ਤਾਂ ਉਸ ਦੇ ਖਿਲਾਫ ਕਾਨੂੰਨ ਦੀ ਲੰਮੀ ਬਾਂਹ ਆਮ ਕਰ ਕੇ ਲੁੰਜੀ ਸਾਬਤ ਹੁੰਦੀ ਹੈ। ਬਹੁਤ ਜ਼ਿਆਦਾ ਜ਼ੋਰ ਇਸ ਗੱਲ ਉਤੇ ਦਿੱਤਾ ਜਾਂਦਾ ਹੈ ਕਿ ਇਸ ਦੇਸ਼ ਵਿਚ ਚਾਰ ਵਾਰ ਹਰਿਆਣੇ ਦਾ ਮੁੱਖ ਮੰਤਰੀ ਰਹਿ ਚੁਕੇ ਕਿਸੇ ਓਮ ਪ੍ਰਕਾਸ਼ ਚੌਟਾਲਾ ਨੂੰ ਭ੍ਰਿਸ਼ਟਾਚਾਰ ਦੇ ਕੇਸ ਵਿਚ ਦਸ ਸਾਲ ਦੀ ਕੈਦ ਹੋਈ ਅਤੇ ਜੇਲ੍ਹ ਵਿਚ ਬੈਠਾ ਹੈ। ਲਾਲੂ ਪ੍ਰਸਾਦ ਵੀ ਲੰਮਾ ਸਮਾਂ ਬਿਹਾਰ ਦਾ ਮੁੱਖ ਮੰਤਰੀ ਰਹਿਣ ਦੇ ਬਾਅਦ ਭ੍ਰਿਸ਼ਟਾਚਾਰ ਦਾ ਦੋਸ਼ੀ ਸਾਬਤ ਹੋਇਆ ਤੇ ਉਸ ਨੂੰ ਜੇਲ੍ਹ ਜਾਣਾ ਪੈ ਗਿਆ। ਇਹ ਅਲੋਕਾਰ ਕੇਸ ਹਨ, ਪਰ ਇਨ੍ਹਾਂ ਵਿਚ ਸਜ਼ਾ ਹੋਣ ਦਾ ਕੁਝ ਖਾਸ ਕਾਰਨ ਹੈ। ਹਰਿਆਣੇ ਦੇ ਓਮ ਪ੍ਰਕਾਸ਼ ਚੌਟਾਲਾ ਦੀ ਪਾਰਟੀ ਲਗਾਤਾਰ ਦੋ ਵਾਰੀ ਹਾਰ ਜਾਣ ਨਾਲ ਉਸ ਦੇ ਬਚਾਅ ਵਾਸਤੇ ਕੋਈ ਰਾਹ ਕੱਢਣਾ ਔਖਾ ਹੋ ਗਿਆ ਸੀ। ਪੰਜ ਸਾਲ ਬਾਹਰ ਰਹਿ ਕੇ ਜੇ ਉਹ ਅਗਲੀ ਵਾਰ ਜਿੱਤ ਗਿਆ ਹੁੰਦਾ ਤਾਂ ਉਸ ਨੂੰ ਸਜ਼ਾ ਜਾਂ ਤਾਂ ਹੋਣੀ ਨਹੀਂ ਸੀ ਤੇ ਜੇ ਹੋ ਜਾਂਦੀ ਤਾਂ ਉਤਲੀ ਅਦਾਲਤ ਤੋਂ ਰੱਦ ਹੋ ਜਾਣੀ ਸੀ, ਕਿਉਂਕਿ ਗਵਾਹਾਂ ਨੇ ਉਸ ਦੇ ਖਿਲਾਫ ਭੁਗਤਣ ਤੋਂ ਕਿਨਾਰਾ ਕਰ ਜਾਣਾ ਸੀ। ਜੈਲਲਿਤਾ ਨੂੰ ਦੋ ਵਾਰੀ ਸਜ਼ਾ ਹੋਈ ਅਤੇ ਦੋਵੇਂ ਵਾਰੀ ਰੱਦ ਇਸ ਲਈ ਹੋ ਗਈ ਕਿ ਜਦੋਂ ਅਪੀਲ ਕੀਤੀ ਗਈ, ਉਦੋਂ ਉਸ ਦੇ ਰਾਜ ਵਿਚ ਸਰਕਾਰ ਉਸ ਦੀ ਆਪਣੀ ਪਾਰਟੀ ਦੀ ਅਤੇ ਮੁੱਖ ਮੰਤਰੀ ਦਾ ਅਹੁਦਾ ਉਸ ਵਿਅਕਤੀ ਦੇ ਕੋਲ ਸੀ, ਜੋ ਸਤਿਕਾਰ ਵਜੋਂ ਉਸ ਕੁਰਸੀ ਉਤੇ ਨਹੀਂ ਸੀ ਬੈਠਦਾ। ਲਾਲੂ ਪ੍ਰਸਾਦ ਪੰਜਾਂ ਸਾਲਾਂ ਬਾਅਦ ਸੱਤਾ ਵਿਚ ਵਾਪਸ ਆ ਗਿਆ ਹੁੰਦਾ ਤਾਂ ਉਸ ਦੇ ਖਿਲਾਫ ਕੇਸ ਸਿਰੇ ਨਹੀਂ ਸਨ ਚੜ੍ਹਨੇ। ਉਸ ਨੂੰ ਸਜ਼ਾ ਉਦੋਂ ਮਿਲ ਸਕੀ, ਜਦੋਂ ਬਿਹਾਰ ਸਰਕਾਰ ਮੁੱਖ ਮੰਤਰੀ ਨਿਤੀਸ਼ ਕੁਮਾਰ ਭਾਜਪਾ ਨਾਲ ਮਿਲ ਕੇ ਚਲਾ ਰਿਹਾ ਸੀ। ਹੁਣ ਉਸ ਸਰਕਾਰ ਵਿਚ ਲਾਲੂ ਪ੍ਰਸਾਦ ਦਾ ਇੱਕ ਪੁੱਤਰ ਡਿਪਟੀ ਮੁੱਖ ਮੰਤਰੀ ਤੇ ਦੂਸਰਾ ਕੈਬਨਿਟ ਮੰਤਰੀ ਹੋਣ ਕਰ ਕੇ ਲੋਕ ਕਹਿੰਦੇ ਹਨ ਕਿ ਅਪੀਲ ਦੇ ਵਕਤ ਲਾਲੂ ਪ੍ਰਸਾਦ ਦੇ ਛੁੱਟ ਜਾਣ ਦੀ ਬਹੁਤ ਤਕੜੀ ਸੰਭਾਵਨਾ ਪੈਦਾ ਹੋ ਗਈ ਹੈ।
ਭਾਰਤ ਦਾ ਕਾਨੂੰਨ ਆਮ ਆਦਮੀ ਦੇ ਮਗਰ ਬਾਂਹ ਲੰਮੀ ਕਰਨ ਵਿਚ ਕਸਰ ਨਹੀਂ ਰੱਖਦਾ। ਇੱਕ ਫਿਲਮ ਵਿਚ ਇੱਕ ਬੱਚਾ ਪੇਟ ਦੀ ਭੁੱਖ ਕਾਰਨ ਰੋਟੀ ਚੋਰੀ ਕਰਨ ਪਿੱਛੋਂ ਦੌੜਦਾ ਪੁਲਿਸ ਦੀ ਗੋਲੀ ਨਾਲ ਮਾਰਿਆ ਜਾਂਦਾ ਵੇਖ ਕੇ ਲੋਕ ਹਲੂਣੇ ਗਏ ਸਨ। ਕੁਝ ਚਿਰ ਬਾਅਦ ਲੋਕ ਉਹ ਭਾਵਨਾ ਭੁੱਲ ਗਏ ਤੇ ਭਾਰਤੀ ਸਮਾਜ ਜਿਵੇਂ ਚੱਲਦਾ ਸੀ, ਉਵੇਂ ਹੀ ਚੱਲਦਾ ਰਿਹਾ ਸੀ। ਇਹ ਸਮਾਜ ਹਾਥੀ ਨੂੰ ਲੰਘਣ ਦਾ ਰਾਹ ਦੇ ਦਿੰਦਾ ਤੇ ਕੀੜੀ ਨੂੰ ਘੇਰ ਲੈਂਦਾ ਹੈ। ਉਤਰ ਪ੍ਰਦੇਸ਼ ਦੇ ਮੁੱਖ ਮੰਤਰੀ ਅਖਿਲੇਸ਼ ਸਿੰਘ ਨੇ ਗੁਜਰਾਤ ਦੇ ਗਧਿਆਂ ਦੀ ਗੱਲ ਛੇੜੀ ਤਾਂ ਗਧੇ ਵੀ ਚੋਣ-ਚਰਚਾ ਦਾ ਮੁੱਦਾ ਬਣਦੇ ਵੇਖ ਲਏ। ਭਾਰਤੀ ਸਮਾਜ ਵਿਚ ਕਈ ਸੰਸਥਾਵਾਂ ਬਘਿਆੜ ਬਚਾਉ ਮੁਹਿੰਮ ਚਲਾ ਰਹੀਆਂ ਹਨ। ਚਰਚਾ ਦੌਰਾਨ ਕਦੀ ਇਹ ਗੱਲ ਮੁੱਦਾ ਬਣੀ ਨਹੀਂ ਵੇਖੀ ਗਈ ਕਿ ਬਘਿਆੜ ਮਾਸਾਹਾਰੀ ਹੈ ਅਤੇ ਭੇਡਾਂ ਤੇ ਹਿਰਨਾਂ ਨੂੰ ਚੱਬਣ ਦੇ ਨਾਲ ਹੀ ਜ਼ਿੰਦਾ ਰਹਿੰਦਾ ਹੈ। ਭੇਡਾਂ ਜਾਂ ਹਿਰਨਾਂ ਦੀ ਰਾਖੀ ਦੀ ਮੁਹਿੰਮ ਕਦੇ ਨਹੀਂ ਚਲਾਈ ਗਈ। ਇੱਕ ਖੇਤਰ ਦੇ ਜੰਗਲੀ ਜੀਵਾਂ ਨੂੰ ਪਿਆਰ ਕਰਨ ਵਾਲੇ ਲੋਕਾਂ ਨੇ ਫਿਲਮ ਸਟਾਰ ਸਲਮਾਨ ਖਾਨ ਨੂੰ ਅੱਧੀ ਰਾਤ ਹਿਰਨਾਂ ਦਾ ਸ਼ਿਕਾਰ ਕਰਦੇ ਨੂੰ ਘੇਰ ਲਿਆ। ਕਈ ਸਾਲ ਲੰਘ ਗਏ, ਉਹ ਕੇਸ ਕਾਨੂੰਨੀ ਚੱਕਰ ਵਿਚ ਉਲਝਿਆ ਪਿਆ ਹੈ। ਸਲਮਾਨ ਖਾਨ ਆਪਣੇ ਆਪ ਨੂੰ ਦੋਸ਼ੀ ਨਹੀਂ ਸਮਝਦਾ, ਸਗੋਂ ਇੱਕ ਵਾਰ ਉਹ ਅਦਾਲਤ ਵਿਚ ਜਾ ਕੇ ਭੜਕ ਪਿਆ ਸੀ ਕਿ ਜਿਹੜੀ ਫਾਂਸੀ ਦੇਣੀ ਹੈ, ਦੇ ਦਿਓ। ਹੋਰ ਕੋਈ ਇਸ ਤਰ੍ਹਾਂ ਕਹਿੰਦਾ ਤਾਂ ਅਦਾਲਤੀ ਮਾਣ-ਹਾਨੀ ਦਾ ਕੇਸ ਬਣਨਾ ਸੀ। ਸਲਮਾਨ ਦੇ ਵਕੀਲਾਂ ਨੇ ਇਹ ਵੀ ਨਾ ਬਣਨ ਦਿੱਤਾ, ਕਿਉਂਕਿ ਸਲਮਾਨ ਖਾਨ ਉਨ੍ਹਾਂ ਲੋਕਾਂ ਵਿਚੋਂ ਸੀ, ਜਿਨ੍ਹਾਂ ਨੂੰ ਭਾਰਤ ਦੇ ਕਾਨੂੰਨ ਨੂੰ ਝਕਾਨੀ ਦੇਣੀ ਆਉਂਦੀ ਹੈ। ਇਸ ਦੇਸ਼ ਦਾ ਕਾਨੂੰਨ ਗਰੀਬ-ਮਾਰ ਕਰਨ ਜੋਗਾ ਹੀ ਜਾਪਦਾ ਹੈ। ਵੱਡੇ ਲੋਕਾਂ ਦੇ ਖਿਲਾਫ ਬਹੁਤੇ ਕੇਸ ਜਿੱਦਾਂ ਸਿਰੇ ਨਹੀਂ ਚੜ੍ਹਦੇ ਹੁੰਦੇ, ਬਾਬਰੀ ਮਸਜਿਦ ਦਾ ਕੇਸ ਵੀ ਕਦੇ ਨਹੀਂ ਚੜ੍ਹਨ ਲੱਗਾ। ਇਹ ਕੇਸ ਹੁਣ ਤੱਕ ਜਿਵੇਂ ਚਲੀ ਗਿਆ ਹੈ, ਤੇ ਚੱਲ ਰਿਹਾ ਹੈ, ਉਵੇਂ ਹੀ ਚੱਲੀ ਜਾਵੇਗਾ!

You must be logged in to post a comment Login