ਧੋਨੀ ਦੀ ਭਾਰਤੀ ਟੀ-20 ਕ੍ਰਿਕਟ ਟੀਮ ਵਿੱਚ ਵਾਪਸੀ

ਧੋਨੀ ਦੀ ਭਾਰਤੀ ਟੀ-20 ਕ੍ਰਿਕਟ ਟੀਮ ਵਿੱਚ ਵਾਪਸੀ

ਨਵੀਂ ਦਿੱਲੀ : ਮਹਿੰਦਰ ਸਿੰਘ ਧੋਨੀ ਨੇ ਫਰਵਰੀ ’ਚ ਨਿਊਜ਼ੀਲੈਂਡ ਖ਼ਿਲਾਫ਼ ਹੋਣ ਵਾਲੀ ਇਕ ਰੋਜ਼ਾ ਮੈਚਾਂ ਦੀ ਲੜੀ ਲਈ ਭਾਰਤੀ ਟੀ-20 ਟੀਮ ’ਚ ਵਾਪਸੀ ਕੀਤੀ ਜਦੋਂਕਿ ਨੌਜਵਾਨ ਵਿਕਟਕੀਪਰ ਰਿਸ਼ਭ ਪੰਤ ਨੂੰ ਇਕ ਰੋਜ਼ਾ ਟੀਮ ਤੋਂ ਬਾਹਰ ਕਰ ਦਿੱਤਾ ਗਿਆ ਹੈ। ਧੋਨੀ ਦੀ ਵਾਪਸੀ ਹੈਰਾਨੀ ਦਾ ਸਬੱਬ ਰਹੀ ਕਿਉਂਕਿ ਉਸ ਨੂੰ ਪਿਛਲੇ ਮਹੀਨੇ ਹੀ ਟੀ-20 ਟੀਮ ਤੋਂ ਬਾਹਰ ਕਰ ਦਿੱਤਾ ਗਿਆ ਸੀ। ਚੋਣਕਾਰਾਂ ਨੇ ਉਸ ਸਮੇਂ ਇਹ ਤਰਕ ਦਿੱਤਾ ਸੀ ਕਿ ਉਨ੍ਹਾਂ ਨੂੰ ਦੂਜੇ ਵਿਕਟਕੀਪਰ ਦੀ ਭਾਲ ਹੈ, ਉੱਥੇ ਹੀ ਪੰਤ ਨੂੰ ਬਾਹਰ ਕੀਤੇ ਜਾਣ ਨਾਲ ਸੰਕੇਤ ਮਿਲ ਗਿਆ ਹੈ ਕਿ ਟੀਮ ਪ੍ਰਬੰਧਨ 2019 ਵਿਸ਼ਵ ਕੱਪ ਲਈ ਪਹਿਲੇ ਵਿਕਟਕੀਪਰ ਦੇ ਰੂਪ ’ਚ ਉਸ ਦੇ ਨਾਂ ’ਤੇ ਗੌਰ ਨਹੀਂ ਕਰ ਰਿਹਾ ਹੈ। ਚੋਣ ਕਮੇਟੀ ਦੇ ਕਨਵੀਨਰ ਅਮਿਤਾਭ ਚੌਧਰੀ ਨੇ ਇਸ ਮਾਮਲੇ ’ਤੇ ਟਿੱਪਣੀ ਤੋਂ ਇਨਕਾਰ ਕਰ ਦਿੱਤਾ ਪਰ ਭਾਰਤੀ ਕ੍ਰਿਕਟ ਬੋਰਡ ਦੇ ਇਕ ਅਧਿਕਾਰੀ ਨੇ ਕਿਹਾ ਕਿ ਹੁਣ ਸਿਰਫ ਅੱਠ ਇਕ ਰੋਜ਼ਾ ਮੈਚ ਖੇਡੇ ਜਾਣੇ ਹਨ। ਚੋਣਕਾਰ ਧੋਨੀ ਨੂੰ ਵਿਸ਼ਵ ਕੱਪ ਤੋਂ ਪਹਿਲਾਂ ਪੂਰਾ ਸਮਾਂ ਦੇਣਾ ਚਾਹੁੰਦੇ ਹਨ। ਤਿੰਨ ਟੀ-20 ਮੈਚਾਂ ਦਾ ਮਤਲਬ ਹੈ ਕਿ ਅਗਲੇ ਇਕ ਮਹੀਨੇ ’ਚ ਉਹ 11 ਮੈਚ ਖੇਡ ਸਕੇਗਾ। ਭਾਰਤੀ ਟੀਮ ਫਿਲਹਾਲ ਆਸਟਰੇਲੀਆ ’ਚ ਟੈਸਟ ਮੈਚਾਂ ਦੀ ਲੜੀ ਖੇਡ ਰਹੀ ਹੈ। ਉਸ ਨੂੰ ਉੱਥੇ 12 ਜਨਵਰੀ ਤੋਂ ਤਿੰਨ ਇਕ ਰੋਜ਼ਾ ਮੈਚ ਖੇਡਣੇ ਹਨ।
ਉਸ ਤੋਂ ਬਾਅਦ ਨਿਊਜ਼ੀਲੈਂਡ ਖ਼ਿਲਾਫ਼ ਸੀਮਿਤ ਓਵਰਾਂ ਦੀ ਲੜੀ ਖੇਡੀ ਜਾਵੇਗੀ। ਪੰਜ ਇਕ ਰੋਜ਼ਾ ਮੈਚਾਂ ਦੀ ਲੜੀ 23 ਜਨਵਰੀ ਤੋਂ ਅਤੇ ਤਿੰਨ ਟੀ-20 ਮੈਚਾਂ ਦੀ ਲੜੀ 6 ਫਰਵਰੀ ਨੂੰ ਸ਼ੁਰੂ ਹੋਵੇਗੀ। ਪਿਛਲੀ ਟੀ-20 ਟੀਮ ਤੋਂ ਸ਼੍ਰੇਅਸ ਅਈਅਰ ਤੇ ਮਨੀਸ਼ ਪਾਂਡੇ ਨੂੰ ਬਾਹਰ ਕਰ ਦਿੱਤਾ ਗਿਆ ਹੈ ਜਦੋਂਕਿ ਹਾਰਦਿਕ ਨੇ ਵਾਪਸੀ ਕੀਤੀ ਹੈ ਅਤੇ ਕੇਦਾਰ ਨੂੰ ਵੀ ਟੀਮ ’ਚ ਜਗ੍ਹਾ ਦਿੱਤੀ ਗਈ ਹੈ। ਇਸ ਦੇ ਨਾਲ ਹੀ ਟੈਸਟ ਉਪ ਕਪਤਾਨ ਅਜਿੰਕਿਆ ਰਹਾਣੇ ਅਤੇ ਸਪਿੰਨਰ ਆਰ ਅਸ਼ਵਿਨ ਲਈ ਵੀ ਵਿਸ਼ਵ ਕੱਪ ਦੇ ਦਰਵਾਜ਼ੇ ਲਗਪਗ ਬੰਦ ਹੋ ਗਏ ਹਨ।

You must be logged in to post a comment Login