ਨਨ ਰੇਪ ਕੇਸ : ਦੋ ਦਿਨ ਦੀ ਪੁੱਛਗਿੱਛ ਮਗਰੋਂ ਮੁਲਜ਼ਮ ਫ੍ਰੈਂਕੋ ਮੁਲੱਕਲ ਗ੍ਰਿਫਤਾਰ

ਨਨ ਰੇਪ ਕੇਸ : ਦੋ ਦਿਨ ਦੀ ਪੁੱਛਗਿੱਛ ਮਗਰੋਂ ਮੁਲਜ਼ਮ ਫ੍ਰੈਂਕੋ ਮੁਲੱਕਲ ਗ੍ਰਿਫਤਾਰ

ਨਵੀਂ ਦਿੱਲੀ – ਨਨ ਰੇਪ ਕੇਸ ਵਿਚ ਫਸੇ ਜਲੰਧਰ ਡਾਇਸਿਸ ਦੇ ਸਾਬਕਾ ਬਿਸ਼ਪ ਫ੍ਰੈਂਕੋ ਮੁਲੱਕਲ ਨੂੰ ਕੇਰਲ ਪੁਲਸ ਨੇ ਆਖਿਰਕਾਰ ਸ਼ੁੱਕਰਵਾਰ ਨੂੰ ਗ੍ਰਿਫਤਾਰ ਕਰ ਹੀ ਲਿਆ। ਪੁਲਸ ਪਿਛਲੇ ਦੋ ਦਿਨਾਂ ਤੋਂ ਉਨ੍ਹਾਂ ਤੋਂ ਪੁੱਛਗਿਛ ਕਰ ਰਹੀ ਸੀ। ਇਸ ਦੌਰਾਨ ਵੀਰਵਾਰ ਨੂੰ ਪੋਪ ਨੇ ਮੁਲੱਕਲ ਨੂੰ ਬਿਸ਼ਪ ਦੇ ਅਹੁਦੇ ਤੋਂ ਫਾਰਗ ਕਰ ਦਿੱਤਾ ਸੀ। ਮੁਲਜ਼ਮ ਫ੍ਰੈਂਕੋ ਮੁਲੱਕਲ ਤੋਂ ਐਰਨਾਕੁਲਮ ਵਿਚ ਕ੍ਰਾਈਮ ਬ੍ਰਾਂਚ ਦੇ ਦਫਤਰ ਵਿਚ ਪੁੱਛਗਿਛ ਕੀਤੀ ਜਾ ਰਹੀ ਸੀ।
ਇਸ ਮਾਮਲੇ ਵਿਚ ਮੁਲੱਕਲ ਵਿਰੁੱਧ ਐਫ.ਆਈ.ਆਰ. ਵੀ ਦਰਜ ਹੋ ਚੁੱਕੀ ਹੈ। ਕੇਰਲ ਪੁਲਸ ਦੀ ਸਪੈਸ਼ਲ ਟੀਮ ਪੁੱਛਗਿੱਛ ਕਰ ਰਹੀ ਸੀ। ਪੁੱਛਗਿਛ ਵਾਇਕਾਮ ਦੇ ਡਿਪਟੀ ਐਸ.ਪੀ. ਦੀ ਅਗਵਾਈ ਵਿਚ ਪੰਜ ਮੈਂਬਰੀ ਟੀਮ ਕਰ ਰਹੀ ਸੀ। ਮੁਲੱਕਲ ਨੇ ਬੀਤੇ ਮੰਗਲਵਾਰ ਨੂੰ ਕੇਰਲ ਹਾਈ ਕੋਰਟ ਵਿਚ ਆਪਣੀ ਸੰਭਾਵਿਤ ਗ੍ਰਿਫਤਾਰੀ ਤੋਂ ਬਚਣ ਲਈ ਅਗ੍ਰਿਮ ਜ਼ਮਾਨਤ ਦੀ ਵੀ ਪਟੀਸ਼ਨ ਪਾਈ ਸੀ। ਉਨ੍ਹਾਂ ਨੇ ਅਜਿਹਾ ਆਪਣੇ ਵਿਰੁੱਧ ਹੋਣ ਵਾਲੀ ਪੁੱਛਗਿਛ ਤੋਂ ਇਕ ਦਿਨ ਪਹਿਲਾਂ ਕੀਤਾ ਸੀ। ਹਾਲਾਂਕਿ ਅਦਾਲਤ ਵਿਚ ਮੁਲਜ਼ਮ ਦੇ ਵਕੀਲ ਨੇ ਜੱਜ ਨੂੰ ਪੁੱਛਿਆ, ਕੀ ਇਸ ਮਾਮਲੇ ਦੀ ਸੁਣਵਾਈ 25 ਸਤੰਬਰ ਨੂੰ ਹੋ ਸਕਦੀ ਹੈ? ਇਸ ‘ਤੇ ਜੱਜ ਨੇ ਪੁੱਛਿਆ ਕੀ ਇਥੇ ਕੋਈ ਡਰਾਮਾ ਚੱਲ ਰਿਹਾ ਹੈ ? ਫਿਰ ਅਦਾਲਤ ਨੇ ਕਿਹਾ ਕਿ ਜੇਕਰ ਵਕੀਲ ਹੀ ਅਜਿਹਾ ਚਾਹੁੰਦੇ ਹਨ ਤਾਂ ਠੀਕ ਹੈ। ਦਰਅਸਲ ਪਹਿਲਾਂ ਹੀ ਮੰਨਿਆ ਜਾ ਰਿਹਾ ਸੀ ਕਿ ਕੇਰਲ ਪੁਲਸ 25 ਸਤੰਬਰ ਤੋਂ ਪਹਿਲਾਂ ਮੁਲਜ਼ਮ ਦੀ ਗ੍ਰਿਫਤਾਰੀ ਕਰ ਸਕਦੀ ਹੈ। ਇਸ ਤੋਂ ਪਹਿਲਾਂ ਕੇਰਲ ਹਾਈਕੋਰਟ ਨੇ 13 ਸਤੰਬਰ ਨੂੰ ਨਨ ਰੇਪ ਕੇਸ ਵਿਚ ਜਾਰੀ ਜਾਂਚ ਕਾਰਵਾਈ ‘ਤੇ ਸੰਤੁਸ਼ਟੀ ਜਤਾਈ ਸੀ। ਮੁੱਖ ਜਸਟਿਸ ਰਿਸ਼ੀਕੇਸ਼ ਰਾਏ ਅਤੇ ਏ.ਕੇ. ਜੈਸੰਕਰਨ ਨਾਂਬਿਆਰ ਦੀ ਬੈਂਚ ਨੇ 3 ਵੱਖ-ਵੱਖ ਪਟੀਸ਼ਨਾਂ ‘ਤੇ ਸੁਣਵਾਈ ਕਰਦੇ ਹੋਏ ਕਿਹਾ ਸੀ ਕਿ ਜਾਂਚ ਸਹੀ ਦਿਸ਼ਾ ਵਿਚ ਚਲ ਰਹੀ ਹੈ। ਉਥੇ ਹੀ ਇਸ ਮਾਮਲੇ ਵਿਚ ਜਲੰਧਰ ਦੇ ਇਕ ਚਰਚ ਨੇ ਮੁਲਜ਼ਮ ਬਿਸ਼ਪ ਨੂੰ ਪੂਰੀ ਤਰ੍ਹਾਂ ਕਲੀਨ ਚਿੱਟ ਦੇ ਦਿੱਤੀ ਸੀ। ਜਲੰਧਰ ਦੀ ਮਿਸ਼ਨਰੀਜ਼ ਆਫ ਜੀਸਸ ਨੇ ਇਕ ਆਂਤਰਿਕ ਰਿਪੋਰਟ ਵਿਚ ਕਿਹਾ ਸੀ ਕਿ ਬਿਸ਼ਪ ਇਸ ਮਾਮਲੇ ਵਿਚ ਨਿਰਦੋਸ਼ ਹੈ ਪਰ ਉਨ੍ਹਾਂ ਦੀ ਕਾਨੂੰਨ ਸਾਹਮਣੇ ਇਕ ਨਾ ਚੱਲੀ ਅਤੇ ਦੋ ਦਿਨ ਦੀ ਲੰਬੀ ਪੁੱਛਗਿਛ ਤੋਂ ਬਾਅਦ ਮੁਲੱਕਲ ਨੂੰ ਗ੍ਰਿਫਤਾਰ ਕਰ ਲਿਆ ਗਿਆ।

You must be logged in to post a comment Login