ਨਵਾਂ ਵਰ੍ਹਾ, ਨਵੀਆਂ ਉਮੰਗਾਂ

ਨਵਾਂ ਵਰ੍ਹਾ, ਨਵੀਆਂ ਉਮੰਗਾਂ

ਹਰ ਨਵਾਂ ਦਿਨ, ਨਵਾਂ ਸਾਲ ਹੀ ਹੁੰਦਾ ਹੈ। ਇਸ ਦਾ ਕਾਰਨ ਇਹ ਹੈ ਕਿ ਹਰ ਨਵਾਂ ਦਿਨ ਨਵੀਆਂ ਉਮੰਗਾਂ ਅਤੇ ਸੁਪਨੇ ਲੈ ਕੇ ਆਉਂਦਾ ਹੈ। ਇਨ੍ਹਾਂ ਦੀ ਪ੍ਰਾਪਤੀ ਹਿੱਤ ਸਮੁੱਚੀ ਲੋਕਾਈ ਅਾਪੋ-ਆਪਣੇ ਮੁਕਾਮ ਪਾਉਣ ਲਈ ਯਾਤਰਾ ਅਾਰੰਭਦੀ ਹੈ ਤੇ ਦੇਰ ਰਾਤ ਤਕ ਇਹ ਸਿਲਸਿਲਾ ਚੱਲਦਾ ਰਹਿੰਦਾ ਹੈ। ਅਗਲੇ ਦਿਨ ਫਿਰ ਉਹੀ ਯਾਤਰਾ ਸ਼ੁਰੂ ਹੁੰਦੀ ਹੈ ਤੇ ਮੰਜ਼ਿਲਾਂ ’ਤੇ ਪਹੁੰਚਣ ਦੀ ਆਸ ਵਿੱਚ ਰਾਹੀ ਲਗਾਤਾਰ ਪੰਧ ਨੂੰ ਨਿਬੇੜਨ ਦੀ ਕੋਸ਼ਿਸ਼ਾਂ ਕਰਦੇ ਹਨ। ਫਿਰ ਵੀ ਪੂਰੀ ਦੁਨੀਆਂ ਵਿੱਚ ਇੱਕ ਜਨਵਰੀ ਨੂੰ ਨਵਾਂ ਸਾਲ ਮਨਾਇਆ ਜਾਂਦਾ ਹੈ। ਹਰ ਦਿਨ ਦਾ ਕੋਈ ਨਾ ਕੋਈ ਮਹੱਤਵ ਹੁੰਦਾ ਹੈ, ਉਹ ਚਾਹੇ ਧਾਰਮਿਕ ਜਾਂ ਸਮਾਜਿਕ ਹੋਵੇ। ਨਵਾਂ ਸਾਲ ਮਨਾਉਣ ਦੀ ਪਿਰਤ ਬੜੀ ਪੁਰਾਣੀ ਹੈ ਤੇ ਕਈ ਮੁਲਕਾਂ ਵਿੱਚ ਇੱਕ ਜਨਵਰੀ ਦੀ ਜਗ੍ਹਾ ਹੋਰ ਦਿਨ ਨੂੰ ਨਵਾਂ ਸਾਲ ਮਨਾਇਆ ਜਾਂਦਾ ਹੈ। ਨਵਾਂ ਵਰ੍ਹਾ ਮਨਾਉਣ ਦੀ ਰਵਾਇਤ ਮੈਸੋਪਟੇਮੀਆ ਵਿੱਚ 2000 ਈਸਾ ਪੂਰਵ ਸ਼ੁਰੂ ਹੋਈ। ਰੋਮਨਾਂ ਨੇ ਦੇਵਤਾ ਜੈਨੂਅਸ ਦੇ ਨਾਂ ਉੱਪਰ ਸਾਲ ਦੇ ਪਹਿਲੇ ਮਹੀਨੇ ਜਨਵਰੀ (ਜੈਨੂਅਰੀ) ਦਾ ਨਾਂ ਰੱਖਿਆ। ਇਸ ਤੋਂ ਬਾਅਦ 46 ਈਸਾ ਪੂਰਵ ਵਿੱਚ ਰੋਮਨ ਸ਼ਾਸਕ ਜੂਲੀਅਸ ਸੀਜ਼ਰ ਨੇ ਇੱਕ ਜਨਵਰੀ ਨੂੰ ਨਵਾਂ ਵਰ੍ਹਾ ਐਲਾਨਿਆ। ਇੰਗਲੈਂਡ ਵਿੱਚ 1752 ਈਸਵੀ ਨੂੰ ਗਰਿਗੋਰੀਅਨ ਕੈਲੰਡਰ ਅਪਣਾਇਆ ਗਿਆ ਤੇ ਇੱਕ ਜਨਵਰੀ ਨੂੰ ਨਵੇਂ ਸਾਲ ਵਜੋਂ ਮਾਨਤਾ ਦਿੱਤੀ ਗੲੀ। ਇੰਗਲੈਂਡ ਦੇ ਨਾਲ-ਨਾਲ ਬਾਕੀ ਯੂਰਪੀ ਮੁਲਕਾਂ ਨੇ ਵੀ ਇੱਕ ਜਨਵਰੀ ਤੋਂ ਨਵੇਂ ਵਰ੍ਹੇ ਦੀ ਸ਼ੁਰੂਆਤ ਮੰਨੀ। ਈਸਾਈਆਂ ਵਿੱਚ ਇੱਕ ਜਨਵਰੀ ਦਾ ਮਹੱਤਵ ਧਾਰਮਿਕ ਕਾਰਨ ਕਰਕੇ ਵੀ ਹੈ ਕਿਉਂਕਿ 25 ਦਸੰਬਰ ਨੂੰ ੲੀਸਾ ਮਸੀਹ ਦਾ ਜਨਮ ਹੋਇਆ ਸੀ ਤੇ ਇੱਕ ਜਨਵਰੀ ਨੂੰ ਉਹ ਅੱਠ ਦਿਨਾਂ ਦੇ ਹੋਏ ਸਨ। ਸੰਨ 1990 ਤੋਂ 31 ਦਸੰਬਰ ਦੀ ਰਾਤ ਨੂੰ ਨਵੇਂ ਵਰ੍ਹੇ ਨੂੰ ਜੀ ਆਇਆਂ ਕਿਹਾ ਜਾਣ ਲੱਗਿਆ ਜੋ ਈਸਾਈ ਧਰਮ ਦੇ ਸੰਤਾਂ ਨੂੰ ਸ਼ਰਧਾਂਜਲੀ ਦੇਣ ਦੀ ਪਿਰਤ ਹੈ। ਹੁਣ ਪੂਰੀ ਦੁਨੀਆਂ ਵਿੱਚ 31 ਦਸੰਬਰ ਦੀ ਰਾਤ ਨਵੇਂ ਸਾਲ ਦੇ ਆਗਾਜ਼ ਦੀ ਖ਼ੁਸ਼ੀ ਵਿੱਚ ਬਿਤਾਈ ਜਾਂਦੀ ਹੈ। ਤਕਨਾਲੋਜੀ ਦੇ ਪ੍ਰਭਾਵ ਕਾਰਨ ਲੋਕ ਇੱਕ-ਦੂਜੇ ਦੇ ਨੇੜੇ ਆਏ ਹਨ ਤੇ ਆਦਾਨ-ਪ੍ਰਦਾਨ ਦੇ ਰਸਤੇ ਖੁੱਲ੍ਹੇ ਹਨ ਜਿਸ ਸਦਕਾ ਲੋਕਾਂ ਨੇ ਇੱਕ-ਦੂਜੇ ਦੇ ਸੱਭਿਆਚਾਰ ਨੂੰ ਅਪਣਾਇਆ ਹੈ। ਨਵੇਂ ਸਾਲ ਦੇ ਜਸ਼ਨ ਇਸ ਦੀ ਪ੍ਰਤੱਖ ਮਿਸਾਲ ਹਨ। ਉਂਜ ਭਾਵੇਂ ਸੂਰਜ ਸਾਡੇ ਦੇਸ਼ ਵਿੱਚ ੳੁਗਦਾ ਹੈ, ਪਰ ਚਾਨਣ ਦੀ ਆਸ ਅਸੀਂ ਪੱਛਮ ਤੋਂ ਰੱਖਦੇ ਹਾਂ। ਅਸੀਂ ਪੱਛਮੀ ਮੁਲਕਾਂ ਦਾ ਪ੍ਰਭਾਵ ਖਿੜੇ ਮੱਥੇ ਕਬੂਲਦੇ ਹਾਂ।
ਨਵੇਂ ਵਰ੍ਹੇ ਨੇ ਸਾਡੀਆਂ ਬਰੂਹਾਂ ’ਤੇ ਦਸਤਕ ਦੇ ਦਿੱਤੀ ਹੈ। ਇਸ ਨਵੇਂ ਮਹਿਮਾਨ ਦੀ ਆਮਦ ਬਹੁਤ ਕੁਝ ਨਵਾਂ ਲੈ ਕੇ ਆਉਂਦੀ ਹੈ ਜਿਸ ਨੂੰ ਅਸੀਂ ਕਬੂਲਣਾ ਹੈ। ਨਵੇਂ ਵਰ੍ਹੇ ਨੇ ਨਵੀਆਂ ਉਮੰਗਾਂ ਤਰੰਗਾਂ ਰੂਪੀ ਬੜਾ ਕੁਝ ਨਵਾਂ ਦੇਣਾ ਹੈ। ਇਸ ਲਈ ਇਹ ਸੰਕਲਪ ਲਾਜ਼ਮੀ ਹੈ ਕਿ ਪੁਰਾਣੇ ਤੇ ਘਟੀਆ ਵਿਚਾਰਾਂ ਦਾ ਤਿਆਗ ਕੀਤਾ ਜਾਵੇ ਅਤੇ ਨਵੀਨ ਤੇ ਵਿਗਿਆਨਕ ਸੋਚ ਨੂੰ ਅਪਣਾਇਆ ਜਾਵੇ। ਸਾਲ ਵਿੱਚ ਕੀਤੇ ਜਾਣ ਵਾਲੇ ਕੰਮਾਂ ਦੀ ਸਹੀ ਰੂਪ-ਰੇਖਾ ਉਲੀਕੀ ਜਾਵੇ ਤੇ ਉਨ੍ਹਾਂ ਨੂੰ ਪੂਰਾ ਕਰਨ ਲਈ ਦ੍ਰਿੜ੍ਹ ਸੰਕਲਪ ਲਿਆ ਜਾਵੇ। ਉਦੇਸ਼ ਤੋਂ ਬਿਨਾਂ ਜ਼ਿੰਦਗੀ ਖੜ੍ਹੇ ਪਾਣੀ ਵਾਂਗ ਹੁੰਦੀ ਹੈ ਜਿਸ ਵਿੱਚੋਂ ਸਡ਼ਾਂਦ ਮਾਰਨੀ ਸੁਭਾਵਿਕ ਹੈ। ਨਵੇ ਵਰ੍ਹੇ ’ਤੇ ਜ਼ਿੰਦਗੀ ਦਾ ਉਦੇਸ਼ ਮਿਥਿਆ ਜਾਵੇ ਤੇ ਆਪਣੀ ਪ੍ਰਤਿਭਾ ਨੂੰ ਪਛਾਣ ਕੇ ਉਦੇਸ਼ ਪ੍ਰਾਪਤੀ ਹਿੱਤ ਸਖ਼ਤ ਮਿਹਨਤ ਦਾ ਪੱਲਾ ਫੜਿਆ ਜਾਵੇ। ਨਿਸ਼ਾਨੇ ਮਿਥੇ ਬਿਨਾਂ ਮੰਜ਼ਿਲਾਂ ਸਰ ਨਹੀਂ ਹੁੰਦੀਆਂ ਅਤੇ ਮੰਜ਼ਿਲਾਂ ਸਰ ਕਰਨ ਲਈ ਦ੍ਰਿੜ੍ਹ ਇਰਾਦੇ ਅਤੇ ਹੌਸਲੇ ਦੀ ਜ਼ਰੂਰਤ ਹੁੰਦੀ ਹੈ। ਦ੍ਰਿੜ੍ਹ ਇਰਾਦਾ ਅਤੇ ਹੌਸਲਾ ਜ਼ਿੰਮੇਵਾਰੀਆਂ ਵਿੱਚੋਂ ਉਪਜਦਾ ਹੈ।
ਜ਼ਿੰਦਗੀ ਮਨੁੱਖ ਵੱਲੋਂ ਲਏ ਸਹੀ ਤੇ ਗ਼ਲਤ ਫ਼ੈਸਲਿਆਂ ’ਤੇ ਨਿਰਭਰ ਕਰਦੀ ਹੈ। ਨਵੇਂ ਵਰ੍ਹੇ ਵਿੱਚ ਸਹੀ ਸਮੇਂ ਸਹੀ ਫ਼ੈਸਲੇ ਕਰਨ ਦੀ ਕੋਸ਼ਿਸ਼ ਕੀਤੀ ਜਾਵੇ ਤਾਂ ਜੋ ਆਉਣ ਵਾਲਾ ਸਮਾਂ ਸਾਡੇ ਹੱਕ ਵਿੱਚ ਭੁਗਤੇ। ਪੁਰਾਣੇ ਸਮੇਂ ਵਿੱਚ ਲਏ ਗਏ ਫ਼ੈਸਲਿਆਂ ਦੀ ਘੋਖ ਕਰਨ ਦਾ ਇਹ ਉੱਤਮ ਸਮਾਂ ਹੈ। ਘੋਖ ਪੜਤਾਲ ਕਰਨ ’ਤੇ ਸਾਨੂੰ ਆਪਣੀਆਂ ਕਮੀਆਂ ਦਾ ਅਹਿਸਾਸ ਹੋਵੇਗਾ ਅਤੇ ਨਵੇਂ ਫ਼ੈਸਲੇ ਲੈਣ ਵਿੱਚ ਅਾਸਾਨੀ ਹੋਵੇਗੀ।
ਪੁਰਾਣੇ ਨੂੰ ਭੁੱਲਣਾ ਬਹੁਤ ਮੁਸ਼ਕਿਲ ਹੁੰਦਾ ਹੈ। ਫਿਰ ਵੀ ਪੁਰਾਣੀਆਂ ਮਾਡ਼ੀਆਂ ਗੱਲਾਂ ਤੇ ਆਦਤਾਂ ਨੂੰ ਭੁੱਲ ਕੇ ਵਰਤਮਾਨ ਦਾ ਹਿੱਸਾ ਬਣਨ ਦਾ ਯਤਨ ਕਰੀਏ। ਮਨੁੱਖ ਜਾਂ ਤਾਂ ਭੂਤ ਕਾਲ ਵਿੱਚ ਜਿਉਂਦਾ ਹੈ ਜਾਂ ਫਿਰ ਭਵਿੱਖ ਵਿੱਚ। ਇਸ ਲੲੀ ਵਰਤਮਾਨ ਵਿੱਚ ਜਿਉਣ ਦੀ ਜਾਚ ਸਿੱਖਣਾ ਲਾਜ਼ਮੀ ਹੈ। ਦੋਸਤਾਂ ਮਿੱਤਰਾਂ ਨਾਲ ਹੋਏ ਗਿਲੇ ਸ਼ਿਕਵੇ ਮਿਟਾਉਣ ਦਾ ਇਹ ਵਧੀਆ ਮੌਕਾ ਖੁੰਝਾਇਆ ਨਾ ਜਾਵੇ। ਜ਼ਿੰਦਗੀ ਵਿੱਚ ਰਿਸ਼ਤਿਆਂ ਵਿੱਚ ਉਤਰਾਅ-ਚੜ੍ਹਾਅ ਆਉਂਦੇ ਰਹਿੰਦੇ ਹਨ। ਸਮੇਂ ਸਿਰ ਇਨ੍ਹਾਂ ਨੂੰ ਨਾ ਸੁਲਝਾਇਆ ਜਾਵੇ ਤਾਂ ਗਿਲੇ ਸ਼ਿਕਵੇ ਰਿਸ਼ਤਿਆਂ ਨੂੰ ਸਿਉਂਕ ਵਾਂਗ ਖੋਖਲਾ ਕਰ ਦਿੰਦੇ ਹਨ। ਮਨੁੱਖੀ ਸੁਭਾਅ ਆਪਣੀਆਂ ਗ਼ਲਤੀਆਂ ਲਈ ਬਹੁਤ ਵੱਡਾ ਵਕੀਲ ਹੈ ਤੇ ਦੂਜਿਆਂ ਦੀ ਗ਼ਲਤੀ ਲਈ ਸਭ ਤੋਂ ਵੱਡਾ ਜੱਜ ਹੋ ਨਿੱਬੜਦਾ ਹੈ। ਹਰ ਇਨਸਾਨ ਦੀ ਸ਼ਖ਼ਸੀਅਤ ਦੇ ਸਿੱਕੇ ਵਾਂਗ ਦੋ ਪਹਿਲੂ ਹੁੰਦੇ ਹਨ। ਅਸੀਂ ਇੱਕ ਪਹਿਲੂ ਨੂੰ ਹੀ ਦੇਖਦੇ ਹਾਂ ਜੋ ਉਸ ਨਾਲ ਬੇਇਨਸਾਫ਼ੀ ਹੁੰਦੀ ਹੈ। ਹਰ ਇਨਸਾਨ ਦੀ ਅਲੱਗ ਹਸਤੀ ਹੈ ਤੇ ਅਸੀਂ ਉਸ ਨੂੰ ਆਪਣੇ ਹੀ ਹਿਸਾਬ ਨਾਲ ਨਹੀਂ ਮਾਪ ਸਕਦੇ। ਕੋਈ ਵੀ ਇਨਸਾਨ ਜਨਮ ਤੋਂ ਬੁਰਾ ਨਹੀਂ ਹੁੰਦਾ। ਉਸ ਨੂੰ ਬੁਰਾ ਬਣਾਉਣ ਲਈ ਬਹੁਤ ਸਾਰੇ ਕਾਰਨ ਜ਼ਿੰਮੇਵਾਰ ਹੁੰਦੇ ਹਨ। ਅਸੀਂ ਨਵੇਂ ਵਰ੍ਹੇ ਵਿੱਚ ਇਨਸਾਨ ਨੂੰ ਇਨਸਾਨ ਸਮਝਣ ਦੇ ਰਾਹ ਤੁਰੀਏ। ਜਾਣ-ਬੁੱਝ ਕੇ ਜਾਂ ਅਣਜਾਣਪੁਣੇ ਵਿੱਚ ਹੋਈਆਂ ਭੁੱਲਾਂ ਦੀ ਮੁਆਫ਼ੀ ਮੰਗ ਕੇ ਆਪਣੇ ਰਿਸ਼ਤਿਆਂ ਨੂੰ ਨਵੇਂ ਰਾਹਾਂ ਵੱਲ ਤੋਰੀਏ। ਆਓ! ਨਵੇਂ ਸਾਲ ਦੀ ਆਮਦ ’ਤੇ ਆਪਣੀ ਸੋਚ ਨੂੰ ਨਵੇਂ ਆਯਾਮ ਦੇਈਏ ਕਿਉਂਕਿ ਸੋਚ ਬਦਲਣ ਨਾਲ ਹੀ ਜਹਾਨ ਬਦਲਦਾ ਹੈ। ਆਪਣੀ ਖੁੰਢੀ ਸੋਚ ਨੂੰ ਸਮਾਜ ਭਲਾਈ ਹਿੱਤ ਤਿੱਖੀ ਕਰੀਏ। ਹਰ ਤਰ੍ਹਾਂ ਦੇ ਮਾਡ਼ੇ ਵਰਤਾਰੇ ਉਦੋਂ ਤਕ ਜਾਰੀ ਰਹਿਣਗੇ ਜਦੋਂ ਤਕ ਸਮਾਜ ਆਪਣਾ ਨਜ਼ਰੀਆ ਨਹੀਂ ਬਦਲਦਾ।

ਗੁਰਤੇਜ ਸਿੱਧੂ

You must be logged in to post a comment Login