ਨਵੇਂ ਵਰ੍ਹੇ ਮੌਕੇ ਵੱਡੀ ਗਿਣਤੀ ‘ਚ ਸੰਗਤ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ

ਨਵੇਂ ਵਰ੍ਹੇ ਮੌਕੇ ਵੱਡੀ ਗਿਣਤੀ ‘ਚ ਸੰਗਤ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ

ਅੰਮਿ੍ਤਸਰ : ਦੇਸ਼-ਵਿਦੇਸ਼ ਤੋਂ ਪੁੱਜੀ ਲੱਖਾਂ ਸੰਗਤ ਨੇ ਨਵੇਂ ਵਰ੍ਹੇ-2019 ਦੀ ਸ਼ੁਰੂਆਤ ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨ ਕਰਕੇ ਕੀਤੀ | ਨਵੇਂ ਵਰ੍ਹੇ ਦੀ ਪੂਰਵ ਸੰਧਿਆ ਮੌਕੇ ਹੀ ਲੱਖਾਂ ਸ਼ਰਧਾਲੂ ਪੁੱਜਣੇ ਸ਼ੁਰੂ ਹੋ ਗਏ ਸਨ | ਪੈ ਰਹੀ ਅੱਤ ਦੀ ਸਰਦੀ ਅਤੇ ਧੁੰਦ ‘ਤੇ ਸ਼ਰਧਾਲੂਆਂ ਦੀ ਸ਼ਰਧਾ ਭਾਰੂ ਪੈ ਗਈ | ਨਵਾਂ ਵਰ੍ਹਾ ਗੁਰੂ ਘਰ ਦੇ ਦਰਸ਼ਨ ਕਰਕੇ ਤੇ ਸਰਬੱਤ ਤੇ ਭਲੇ ਦੀ ਅਰਦਾਸ ਕਰਕੇ ਮਨਾਉਣ ਲਈ ਲੱਖਾਂ ਦੀ ਗਿਣਤੀ ਵਿਚ ਸੰਗਤ ਪੁੱਜੀ | ਸ੍ਰੀ ਹਰਿਮੰਦਰ ਸਾਹਿਬ ਨੂੰ ਜਾਂਦੇ ਵਿਰਾਸਤੀ ਮਾਰਗ ਸਮੇਤ ਪਰਿਕਰਮਾ ‘ਚ ਸੰਗਤ ਦਾ ਰਿਕਾਰਡ-ਤੋੜ ਇਕੱਠ ਸੀ | ਦਰਸ਼ਨੀ ਡਿਉਢੀ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦਰਮਿਆਨ ਪਰਿਕਰਮਾ ‘ਚ ਖੜੇ੍ਹ ਹੋਣ ਲਈ ਵੀ ਜਗ੍ਹਾ ਨਹੀਂ ਸੀ ਮਿਲ ਰਹੀ | ਲੱਖਾਂ ਸ਼ਰਧਾਲੂ ਕਿਵਾੜ ਖੁੱਲ੍ਹਣ ਤੋਂ ਪਹਿਲਾਂ ਰਾਤ ਨੂੰ ਹੀ ਕਤਾਰਾਂ ‘ਚ ਖੜੇ੍ਹ ਹੋ ਗਏ ਸਨ | ਲਗਪਗ 4 ਘੰਟੇ ਤੱਕ ਸੰਗਤ ਨੂੰ ਕਤਾਰਾਂ ‘ਚ ਖੜ੍ਹੇ ਹੋ ਕੇ ਇੰਤਜ਼ਾਰ ਕਰਨਾ ਪੈ ਰਿਹਾ ਸੀ | ਹੱਡ-ਚੀਰਵੀ ਠੰਢ ਦੇ ਬਾਵਜੂਦ ਸ਼ਰਧਾਲੂੁ ਅੰਮਿ੍ਤ ਵੇਲੇ ਅੰਮਿ੍ਤ ਸਰੋਵਰ ‘ਚ ਇਸ਼ਨਾਨ ਕਰ ਰਹੇ ਸਨ | 2018 ਦੀ ਆਖਰੀ ਰਾਤ 12:00 ਵਜੇ ਜਿਉਂ ਹੀ ਨਵੇਂ ਸਾਲ 2019 ਨੇ ਦਸਤਕ ਦਿੱਤੀ ਸੰਗਤ ਨੇ ਜੈਕਾਰੇ ਬੁਲਾ ਕੇ ਤੇ ਪਾਵਨ ਸਰੋਵਰ ‘ਚ ਇਸ਼ਨਾਨ ਕਰਕੇ ਨਵੇਂ ਸਾਲ ਦਾ ਸਵਾਗਤ ਕੀਤਾ | ਸੰਗਤ ਦੇ ਵਧੇਰੇ ਆਮਦ ਕਾਰਨ ਵਾਹਨ ਪਾਰਕਿੰਗਾਂ ਵੀ ਫੁੱਲ ਸਨ ਤੇ ਸ਼ਰਧਾਲੂਆਂ ਨੂੰ ਪਾਰਕਿੰਗ ਲਈ ਕਾਫ਼ੀ ਪ੍ਰੇਸ਼ਾਨੀ ਝੱਲਣੀ ਪਈ | ਇਸ ਮੌਕੇ ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉੱਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ, ਉਨ੍ਹਾਂ ਦੀ ਪਤਨੀ ਤੇ ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ, ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਵੀ ਹਰ ਸਾਲ ਵਾਂਗ ਨਵੇਂ ਵਰ੍ਹੇ ਗੁਰੂ ਘਰ ਅਸ਼ੀਰਵਾਦ ਲੈਣ ਪੁੱਜੇ | ਉਨ੍ਹਾਂ ਇਸ ਮੌਕੇ ਪਾਰਟੀ ਦੀ ਚੜ੍ਹਦੀ ਕਲਾ ਤੇ ਪੰਜਾਬ, ਭਾਰਤ ਤੇ ਸਮੁੱਚੀ ਦੁਨੀਆ ‘ਚ ਸੁੱਖ-ਸ਼ਾਂਤੀ ਦੀ ਅਰਦਾਸ ਕੀਤੀ | ਇਸ ਤੋਂ ਇਲਾਵਾ ਕਾਂਗਰਸ ਦੇ ਅੰਮਿ੍ਤਸਰ ਤੋਂ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ, ਪੱਟੀ ਤੋਂ ਵਿਧਾਇਕ ਹਰਮਿੰਦਰ ਸਿੰਘ ਗਿੱਲ, ਯੂਥ ਅਕਾਲੀ ਆਗੂ ਰਵੀਕਰਨ ਸਿੰਘ ਕਾਹਲੋਂ ਤੇ ਗੁਰਪ੍ਰਤਾਪ ਸਿੰਘ ਟਿੱਕਾ ਸਮੇਤ ਹੋਰ ਕਈ ਸੀਨੀਅਰ ਰਾਜਸੀ ਆਗੂ ਵੀ ਅੰਮਿ੍ਤ ਵੇਲੇ ਗੁਰੂ ਘਰ ਅਸ਼ੀਰਵਾਦ ਲੈਣ ਪੁੱਜੇ ਤੇ ਇਲਾਹੀ ਬਾਣੀ ਦਾ ਸ਼ਬਦ ਕੀਰਤਨ ਸਰਵਣ ਕੀਤਾ | ਦੇਰ ਰਾਤ ਤੱਕ ਵੀ ਸੰਗਤ ਦਾ ਆਉਣਾ ਜਾਰੀ ਸੀ | ਇਸ ਤੋਂ ਇਲਾਵਾ ਲੱਖਾਂ ਸੰਗਤ ਨੇ ਗੁ: ਸ਼ਹੀਦਗੰਜ ਬਾਬਾ ਦੀਪ ਸਿੰਘ ਵਿਖੇ ਵੀ ਮੱਥਾ ਟੇਕਿਆ |

You must be logged in to post a comment Login