ਨਵੰਬਰ ’84 ਕਤਲੇਆਮ: 34 ਸਾਲਾਂ ਮਗਰੋਂ ਸੱਜਣ ਕੁਮਾਰ ਦੋਸ਼ੀ ਕਰਾਰ, ਉਮਰ ਕੈਦ

ਨਵੰਬਰ ’84 ਕਤਲੇਆਮ: 34 ਸਾਲਾਂ ਮਗਰੋਂ ਸੱਜਣ ਕੁਮਾਰ ਦੋਸ਼ੀ ਕਰਾਰ, ਉਮਰ ਕੈਦ

ਨਵੀਂ ਦਿੱਲੀ : 1984 ਸਿੱਖ ਕਤਲੇਆਮ ਮਾਮਲੇ ਚ ਦਿੱਲੀ ਹਾਈਕੋਰਟ ਨੇ ਕਾਂਗਰਸੀ ਆਗੂ ਸੱਜਣ ਕੁਮਾਰ ਨੂੰ ਦੋਸ਼ੀ ਕਰਾਰ ਦਿੱਤਾ। ਦਿੱਲੀ ਹਾਈਕੋਰਟ ਨੇ ਕਾਂਗਰਸੀ ਆਗੂ ਸੱਜਣ ਕੁਮਾਰ ਨੂੰ ਅਪਰਾਧਿਕ ਸ਼ਾਜਿਸ਼ ਕਰਨ, ਦੁਸ਼ਮਣੀ ਨੂੰ ਵਾਧਾ ਦੇਣਾ, ਫਿਰਕੂਵਾਦ ਵਿਚਾਰਾਂ ਖਿਲਾਫ ਕਾਰਗੁਜ਼ਾਰੀ ਕਰਨ ਦਾ ਦੋਸ਼ੀ ਕਰਾਰ ਦਿੱਤਾ। ਹਾਈਕੋਰਟ ਨੇ ਸੱਜਣ ਕੁਮਾਰ ਨੂੰ ਉਮਰਕੈਦ ਦੀ ਸਜ਼ਾ ਸੁਣਾਈ ਹੈ। ਕੋਰਟ ਨੇ ਇਸ ਮਾਮਲੇ ਚ ਸੱਜਣ ਕੁਮਾਰ ਨੂੰ ਸਰੰਡਰ ਕਰਨ ਲਈ 31 ਦਸੰਬਰ ਤੱਕ ਦਾ ਸਮਾਂ ਦਿੱਤਾ ਹੈ। ਹੇਠਲੀ ਅਦਾਲਤ ਨੇ ਸੱਜਣ ਕੁਮਾਰ ਨੂੰ ਰਿਹਾ ਕਰ ਦਿੱਤਾ ਸੀ। ਜਿਸਦੇ ਖਿਲਾਫ ਪੀੜਤ ਪੱਖ ਅਤੇ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਹਾਈਕੋਰਟ ਚ ਅਪੀਲ ਕੀਤੀ ਸੀ। ਸੀਬੀਆਈ ਅਤੇ ਕਤਲੇਆਮ ਪੀੜਤਾਂ ਦੀ ਅਪੀਲ ਤੇ ਹਾਈਕੋਰਟ ਨੇ 29 ਅਕਤੂਬਰ ਨੂੰ ਦਲੀਲਾਂ ਸੁਣਨ ਮਗਰੋਂ ਫੈਸਲਾ ਸੁਰੱਖਿਅਤ ਰੱਖ ਲਿਆ ਸੀ।
ਜਸਟਿਸ ਐਸ ਮੁਰਲੀਧਰ ਅਤੇ ਜਸਟਿਸ ਵਿਨੋਦ ਗੋਇਲ ਦੀ ਬੈਂਚ ਨੇ ਸੋਮਵਾਰ ਨੂੰ ਸੱਜਣ ਕੁਮਾਰ ਨੂੰ ਕਤਲੇਆਮ ਲਈ ਭੀੜ ਨੂੰ ਭੜਕਾਉਣ ਅਤੇ ਸਾਜਿਸ਼ ਕਰਨ ਦਾ ਦੋਸ਼ੀ ਕਰਾਰ ਦਿੱਤਾ। ਹਾਈਕੋਰਟ ਨੇ ਆਪਣੇ ਫੈਸਲੇ ਚ ਕਿਹਾ ਕਿ ਦੋਸ਼ੀ ਸੱਜਣ ਕੁਮਾਰ ਸਾਰੀ ਉਮਰ ਜੇਲ੍ਹ ਚ ਰਹਿਣਗੇ। ਇਸ ਮਾਮਲੇ ਚ ਹਾਈਕੋਰਟ ਨੇ ਕਾਂਗਰਸ ਦੇ ਸਾਬਕਾ ਕੌਂਸਲਰ ਬਲਵਾਨ ਖੋਖਰ, ਰਿਟਾਇਅਰਡ ਸਾਬਕਾ ਜਲ ਸੈਨਾ ਅਫਸਰ ਭਾਗਮਲ ਅਤੇ ਤਿੰਨ ਹੋਰਨਾਂ ਨੂੰ ਦੋਸ਼ੀ ਬਰਕਰਾਰ ਰੱਖਿਆ ਹੈ। ਅਦਾਲਤ ਨੇ ਇਸ ਮਾਮਲੇ ਚ ਸੱਜਣ ਕੁਮਾਰ ’ਤੇ 5 ਲੱਖ ਰੁਪਏ ਦਾ ਜੁਰਮਾਨਾ ਵੀ ਠੋਕਿਆ ਹੈ ਅਤੇ ਇੱਕ ਲੱਖ ਰੁਪਏ ਦਾ ਜੁਰਮਾਨਾ ਹੋਰਨਾਂ ਦੋਸ਼ੀਆਂ ਤੇ ਲਗਾਇਆ ਹੈ। ਪਿਛਲੇ ਮਹੀਨੇ ਪਟਿਆਲਾ ਹਾਊਸ ਕੋਰਟ ਚ ’84 ਸਿੱਖ ਕਤਲੇਆਮ ਮਾਮਲੇ ਚ ਗਵਾਹ ਚਾਮ ਕੌਰ ਨੇ ਸੱਜਣ ਕੁਮਾਰ ਨੂੰ ਪਛਾਣ ਲਿਆ ਸੀ। ਸੱਜਣ ਕੁਮਾਰ ਦੀ ਪਛਾਣ ਕਰਦਿਆਂ ਚਾਮ ਕੌਰ ਨੇ ਕਿਹਾ ਸੀ ਕਿ ਇਹ ਉਹੀ ਵਿਅਕਤੀ ਹੈ ਜਿਸਨੇ ਭੀੜ ਨੂੰ ਭੜਕਾਇਆ ਸੀ।

You must be logged in to post a comment Login