ਨਾਂ ਵਿੱਚ ਬੜਾ ਕੁਝ ਰੱਖਿਆ ਹੈ…

ਨਾਂ ਵਿੱਚ ਬੜਾ ਕੁਝ ਰੱਖਿਆ ਹੈ…

ਸ਼ੈਕਸਪੀਅਰ ਦੇ ਇੱਕ ਨਾਟਕ ਦੀ ਨਾਇਕਾ ਜੂਲੀਅਟ ਕਹਿੰਦੀ ਹੈ, ‘‘ਨਾਂ ਵਿੱਚ ਕੀ ਰੱਖਿਆ। ਗੁਲਾਬ ਨੂੰ ਕੁਝ ਹੋਰ ਕਹੋ ਤਾਂ ਵੀ ਉਸ ਦੀ ਸੁਗੰਧ ਉਹੀ ਰਹੇਗੀ’’। ਜੇ ਗੁਲਾਬ ਨੂੰ ਕੰਡਿਆਣਾ ਆਖੀਏ, ਕੀ ਇਸ ਵਿੱਚੋਂ ਮਿਠਾਸ ਦਾ ਅਹਿਸਾਸ ਆਵੇਗਾ ਜਾਂ ਕੁਡ਼ੱਤਣ ਦਾ?
ਨਾਂ ਕਿਸੇ ਚੀਜ਼, ਥਾਂ ਜਾਂ ਵਿਅਕਤੀ ਦੀ ਪਹਿਚਾਣ ਹੈ। ਸੋਹਣਾ ਅਤੇ ਢੁੱਕਵਾਂ ਨਾਂ ਸਾਨੂੰ ਆਪਣੇ ਵੱਲ ਖਿੱਚਦਾ ਹੈ। ਕੁਚੱਜਾ ਨਾਂ ਸਾਨੂੰ ਇਸ ਤੋਂ ਦੂਰ ਰੱਖਦਾ ਹੈ। ਗੁਲਾਬ ਜਾਮਣ ਸਾਡੇ ਮੂੰਹ ਵਿੱਚ ਲ਼ਾਲ਼ਾਂ ਲਿਆ ਦਿੰਦੀ ਹੈ, ਗੁਲਿਸਤਾਂ ਸਾਡੀਆਂ ਅੱਖਾਂ ਨੂੰ ਠੰਢਕ ਪਹੁੰਚਾਉਂਦਾ ਹੈ। ਅੰਮ੍ਰਿਤਸਰ ਸਾਡੇ ਕੰਨਾਂ ਨੂੰ ਭਾਉਂਦਾ ਹੈ। ਸੋਹਣੀ, ਪਦਮਨੀ ਸਾਡੇ ਮਨ ਵਿੱਚ ਉਨ੍ਹਾਂ ਬਾਰੇ ਹੋਰ ਜਾਣਨ ਦੀ ਇੱਛਾ ਪੈਦਾ ਕਰਦੀਆਂ ਹਨ।
ਮਾਪਿਆਂ ਨੂੰ ਬੱਚੇ ਦਾ ਨਾਂ ਰੱਖਣ ਵੇਲੇ ਯਾਦ ਰੱਖਣਾ ਚਾਹੀਦਾ ਹੈ ਕਿ ਇਸ ਦਾ ਉਸ ਦੀ ਸ਼ਖ਼ਸੀਅਤ ’ਤੇ ਡੂੰਘਾ ਅਸਰ ਪਵੇਗਾ। ਜੇ ਬੱਚੇ ਨੇ ਵੱਡੇ ਹੋ ਕੇ ਸਮਾਜ ਜਾਂ ਸੰਸਾਰ ਵਿੱਚ ਕੋਈ ਨਾਮਣਾ ਖੱਟਿਆ ਤਾਂ ਇਹ ਉਸ ਦੀ ਮੌਤ ਪਿੱਛੋਂ ਵੀ ਜ਼ਿੰਦਾ ਰਹੇਗਾ। ਗੁਰੂ ਗੋਬਿੰਦ ਸਿੰਘ ਆਪਣੇ ਪੁੱਤਰਾਂ ਨੂੰ ਧਰਮ ਯੋਧੇ ਅਤੇ ਸੂਰਮੇ ਬਣਾਉਣਾ ਚਾਹੁੰਦੇ ਸਨ, ਇਸ ਕਰਕੇ ਹੀ ਉਨ੍ਹਾਂ ਦੇ ਢੁੱਕਵੇਂ ਨਾਂ ਅਜੀਤ ਸਿੰਘ, ਜ਼ੋਰਾਵਰ ਸਿੰਘ, ਜੁਝਾਰ ਸਿੰਘ ਅਤੇ ਫ਼ਤਹਿ ਸਿੰਘ ਰੱਖੇ।
ਕਈ ਮਾਪੇ ਅਣਜਾਣੇ ਜਾਂ ਕੁਝ ਖ਼ਾਸ ਕਾਰਨਾਂ ਕਰਕੇ ਆਪਣੀ ਅੌਲਾਦ ਦੇ ਕੋਝੇ ਨਾਂ ਰੱਖ ਦਿੰਦੇ ਹਨ, ਜਿਵੇਂ ਕੂਡ਼ਾ ਰਾਮ, ਘਸੀਟਾ ਮੱਲ, ਕਾਕਾ ਸਿੰਘ, ਰੁਲਦੁ ਰਾਮ ਆਦਿ। ਪਿੱਛੋਂ ਜਾ ਕੇ ਅਜਿਹੇ ਨਾਂ ਬੱਚਿਆਂ ਲਈ ਪ੍ਰੇਸ਼ਾਨੀ ਦਾ ਕਾਰਨ ਬਣਦੇ ਹਨ। ਉਹ ਆਪਣਾ ਪੂਰਾ ਨਾਂ ਲਿਖਣ ਤੋਂ ਵੀ ਹਿਚਕਾਉਂਦੇ ਹਨ ਅਤੇ ਮੁੱਢਲੇ ਅੱਖਰ ਹੀ ਵਰਤਦੇ ਹਨ ਜਿਵੇਂ ਕੇ.ਆਰ. ਲਖਨਪਾਲ, ਆਰ.ਆਰ. ਸ਼ਰਮਾ ਜਾਂ ਕੇ.ਐੱਸ. ਧਾਲੀਵਾਲ। ਕਈ ਮਾਪੇ ਬੱਚਿਆਂ ਦੇ ਨਾਂ ਦਰੱਖਤਾਂ, ਜਾਨਵਰਾਂ ਜਾਂ ਉਨ੍ਹਾਂ ਦੇ ਮਹੀਨੇ ’ਤੇ ਰੱਖ ਦਿੰਦੇ ਹਨ ਜਿਵੇਂ ਬੋਹਡ਼ ਸਿੰਘ, ਕਿੱਕਰ ਸਿੰਘ, ਤੋਤਾ ਰਾਮ, ਬਾਜ਼ ਸਿੰਘ, ਚੇਤ ਰਾਮ, ਵਿਸਾਖੀ ਮੱਲ, ਸਾਉਣ ਸਿੰਘ, ਮੱਘਰ ਸਿੰਘ, ਫੱਗਣ ਮੱਲ ਆਦਿ। ਅਕਸਰ ਇਹੋ ਜਿਹੇ ਨਾਵਾਂ ਦੀ ਲੋਕ ਖਿੱਲੀ ਉਡਾਉਂਦੇ ਹਨ। ਕਈ ਆਪਣੇ ਨਾਂ ਨਾਲ ਤਖੱਲਸ (ਕਲਮੀ ਨਾਂ) ਅਤੇ ਬਾਦਸ਼ਾਹ ਆਪਣੇ ਨਾਵਾਂ ਨਾਲ ਲਕਬ (ਖ਼ਿਤਾਬ) ਜੋਡ਼ ਲੈਂਦੇ ਹਨ। ਲੋਕ ਅਕਸਰ ਇਨ੍ਹਾਂ ਨੂੰ ਤਖੱਲਸ ਜਾਂ ਲਕਬ ਨਾਲ ਹੀ ਜਾਣਦੇ ਹਨ। ਇਨ੍ਹਾਂ ਦੇ ਅਸਲੀ ਨਾਵਾਂ ਦੀ ਬਡ਼ੇ ਘੱਟ ਲੋਕਾਂ ਨੂੰ ਜਾਣਕਾਰੀ ਹੁੰਦੀ ਹੈ। ਸ਼ਾਇਰਾਂ ਵਿੱਚ ਗ਼ਾਲਿਬ (ਮਿਰਜ਼ਾ ਅਸਦਉੱਲਾ ਬੇਗ਼ ਖ਼ਾਨ), ਜ਼ੌਕ (ਸ਼ੇਖ ਮੁਹੰਮਦ ਇਬਰਾਹਿਮ ਜ਼ੌਕ), ਦਾਮਨ (ਚਿਰਾਗ਼ ਦੀਨ), ਸਾਹਿਰ (ਅਬਦੁਲ ਹਈ) ਅਤੇ ਪਾਤਰ (ਸੁਰਜੀਤ ਸਿੰਘ)। ਕਈ ਆਪਣੇ ਨਾਂ ਨੂੰ ਹੀ ਤਖੱਲਸ ਬਣਾ ਲੈਂਦੇ ਹਨ ਜਿਵੇਂ ਮੀਰ, ਇਕਬਾਲ, ਫੈਜ਼, ਸ਼ਿਵ ਆਦਿ। ਮੁਗ਼ਲ ਬਾਦਸ਼ਾਹਾਂ ਦੇ ਲਕਬ ਉਨ੍ਹਾਂ ਦੀਆਂ ਖਾਹਿਸ਼ਾਂ ਦੀ ਤਰਜਮਾਨੀ ਕਰਦੇ ਹਨ। ਜ਼ਹੀਰਉਦੀਨ ਬਾਬਰ (ਬੱਬਰ ਸ਼ੇਰ), ਨਸੀਰ-ਉਦ-ਦੀਨ ਹੁਮਾਯੂੰ (ਨੇਕ ਦਿਲ), ਜਲਾਲ-ਉਦ-ਦੀਨ ਅਕਬਰ (ਮਹਾਨ), ਨੂਰ-ਉਦ-ਦੀਨ ਜਹਾਂਗੀਰ (ਸੰਸਾਰ ਜੇਤੂ), ਸ਼ਹਾਬ-ਉਦ-ਦੀਨ ਸ਼ਾਹਜਹਾਂ (ਦੁਨੀਆਂ ਦਾ ਬਾਦਸ਼ਾਹ) ਅਤੇ ਅੌਰੰਗਜ਼ੇਬ ਆਲਮਗੀਰ (ਦੁਨੀਆਂ ਜਿੱਤਣ ਵਾਲਾ)।
Amarjit hayerਫ਼ਿਲਮੀ ਅਦਾਕਾਰਾਂ ਨੂੰ ਵੀ ਕਈ ਕਾਰਨਾਂ ਕਰਕੇ ਆਪਣੇ ਫਰਜ਼ੀ ਨਾਂ ਰੱਖਣੇ ਪੈਂਦੇ ਹਨ। ਕਿਸੇ ਸਮੇਂ ਮੁਸਲਮਾਨ ਅਦਾਕਾਰਾਂ ਨੂੰ ਬਹੁਗਿਣਤੀ ਹਿੰਦੂ ਦਰਸ਼ਕਾਂ ਦਾ ਧਿਆਨ ਰੱਖਦਿਆਂ ਆਪਣੇ ਹਿੰਦੂ ਨਾਂ ਰੱਖਣੇ ਪੈਂਦੇ ਸਨ ਜਿਵੇਂ ਯੂਸੁਫ਼ ਖਾਂ (ਦਿਲੀਪ ਕੁਮਾਰ), ਹਾਮਿਦ ਅਲੀ ਖਾਂ (ਅਜੀਤ), ਫਾਤਿਮਾ ਰਸ਼ੀਦ (ਨਰਗਿਸ) ਅਤੇ ਮਹਿਜ਼ਬੀਨ ਬਾਨੋ (ਮੀਨਾ ਕੁਮਾਰੀ)। ਕਈ ਹਿੰਦੂ ਅਦਾਕਾਰਾਂ ਨੇ ਵੀ ਆਪਣੇ ਫ਼ਿਲਮੀ ਨਾਂ ਰੱਖੇ ਜਿਵੇਂ ਕੁਮੁਦਲਾਲ ਗਾਂਗੁਲੀ, ਅਸ਼ੋਕ ਕੁਮਾਰ ਬਣਿਆ। ਕਈ ਹੋਰਾਂ ਨੇ ਆਪਣੇ ਪੂਰੇ ਨਾਂ ਨੂੰ ਛੋਟਾ ਕਰ ਲਿਆ। ਉਦਾਹਰਣ ਵਜੋਂ ਰਾਜ ਕਪੂਰ, ਦੇਵ ਆਨੰਦ, ਸ਼ੰਮੀ ਕਪੂਰ, ਸ਼ਸ਼ੀ ਕਪੂਰ। ਪੰਜਾਬ ਵਿੱਚ ਕਈ ਪਿੰਡਾਂ ਦੇ ਨਾਂ ਅਜਿਹੇ ਹਨ ਜੋ ਉੱਥੋਂ ਦੇ ਵਾਸੀਆਂ ਨੂੰ ਪਸੰਦ ਨਹੀਂ। ਉੱਥੇ ਦੀਆਂ ਪੰਚਾਇਤਾਂ ਕਈ ਵਾਰੀ ਇਨ੍ਹਾਂ ਨੂੰ ਬਦਲਾਉਣ ਦਾ ਪ੍ਰਸਤਾਵ ਕਰਦੀਆਂ ਹਨ। ਕੁਝ ਹਾਸੋ-ਹੀਣੇ ਨਾਂ ਇਸ ਤਰ੍ਹਾਂ ਹਨ: ਕੱਟਿਆਂ ਵਾਲੀ, ਸੂਰਾਂ ਵਾਲਾ, ਡੂਮਣੀ ਵਾਲਾ, ਭੇਡਾਂ ਵਾਲਾ, ਰੋਡ਼ਾਂ ਵਾਲਾ, ਕੁੱਤਿਆਂ ਵਾਲੀ, ਛੀਂਬਿਆਂ ਵਾਲੀ, ਚਮਾਰ ਵਾਲਾ, ਚੋਰ ਵਾਲਾ, ਲੰਮੇ, ਕਾਣੇ ਆਦਿ।
ਅੰਗਰੇਜ਼ਾਂ ਦੇ ਬਣਾਏ ਭਾਰਤ ਦੇ ਤਿੰਨ ਮਹਾਂਨਗਰਾਂ ਦੇ ਨਾਂ ਬਦਲ ਦਿੱਤੇ ਗਏ ਹਨ। ਬੰਬਈ (ਮੁੰਬਈ), ਮਦਰਾਸ (ਚੇਨੱਈ), ਕੈਲਕਟਾ (ਕੋਲਕਾਤਾ)। ਇਸੇ ਤਰ੍ਹਾਂ ਗੁਡ਼ਗਾਓਂ ਹੁਣ ਗੁਰੂਗ੍ਰਾਮ ਬਣ ਗਿਆ ਹੈ। ਪੰਜਾਬ ਵਿੱਚ ਰੋਪਡ਼ ਰੂਪਨਗਰ ਬਣਾ ਦਿੱਤਾ ਗਿਆ ਅਤੇ ਮੁਹਾਲੀ ਨੂੰ ਸਾਹਿਬਜ਼ਾਦਾ ਅਜੀਤ ਸਿੰਘ ਨਗਰ, ਪਰ ਇਹ ਨਾਂ ਸਰਕਾਰੀ ਕਾਗਜ਼ਾਂ ਵਿੱਚ ਹੀ ਰਹਿ ਗਏ ਹਨ। ਆਮ ਲੋਕੀਂ ਹੁਣ ਵੀ ਰੋਪਡ਼ ਅਤੇ ਮੁਹਾਲੀ ਕਹਿੰਦੇ ਹਨ। ਹਵਾਈ ਅੱਡੇ ਦਾ ਨਾਂ ਮੁਹਾਲੀ ਹੈ, ਪਰ ਬਡ਼ਾ ਅਜੀਬ ਲੱਗਦਾ ਹੈ ਜਦੋਂ ਮੁਹਾਲੀ ਲਿਖ ਕੇ ਬਰੈਕਟ ਵਿੱਚ ਐੱਸ.ਏ.ਐੱਸ. ਨਗਰ ਲਿਖਿਆ ਜਾਂਦਾ ਹੈ।
ਕਈ ਕੁਡ਼ੀਆਂ ਜਦੋਂ ਬੁੱਢੀਆਂ ਹੋ ਜਾਂਦੀਆਂ ਹਨ ਤਾਂ ਕਾਗਜ਼ਾਂ ਵਿੱਚ ਉਨ੍ਹਾਂ ਦਾ ਨਾਂ ਬੇਬੀ ਜਾਂ ਗੁੱਡੀ ਹੀ ਹੁੰਦਾ ਹੈ। ਉਸ ਵੇਲੇ ਇਹ ਨਾਂ ਅਜੀਬ ਲੱਗਦੇ ਹਨ। ਮਾਪਿਆਂ ਨੂੰ ਨਾਂ ਰੱਖਣ ਵੇਲੇ ਇਸ ਦਾ ਧਿਆਨ ਜ਼ਰੂਰ ਰੱਖਣਾ ਚਾਹੀਦਾ ਹੈ।
ਅੱਜਕੱਲ੍ਹ ਪੱਛਮ ਦੇ ਪ੍ਰਭਾਵ ਹੇਠਾਂ ਗੁਰਿੰਦਰ ਗੈਰੀ ਬਣ ਜਾਂਦਾ ਹੈ ਅਤੇ ਸੰਦੀਪ ਸੈਂਡੀ। ਹਰਿੰਦਰ ਹੈਰੀ ਕਹਿਲਾਉਂਦਾ ਹੈ। ਕਈ ਤਾਂ ਆਪਣਾ ਪੂਰਾ ਨਾਂ ਕਦੇ ਦੱਸਦੇ ਹੀ ਨਹੀਂ, ਛੋਟਾ ਨਾਂ ਹੀ ਦੱਸਦੇ ਹਨ। ਨਾਂ ਵਿਅਕਤੀ ਦੀ ਸ਼ਖ਼ਸੀਅਤ ਨਾਲ ਮੇਲ ਖਾਂਦਾ ਹੋਣਾ ਚਾਹੀਦਾ ਹੈ। ਇਹ ਅਜਿਹਾ ਹੋਣਾ ਚਾਹੀਦਾ ਹੈ ਜਿਸ ’ਤੇ ਵਿਅਕਤੀ ਮਾਣ ਮਹਿਸੂਸ ਕਰੇ। ਹੋ ਸਕੇ ਤਾਂ ਇਹ ਅਰਥ ਭਰਪੂਰ ਹੋਵੇ ਅਤੇ ਅਨੋਖਾ ਵੀ ਕਿਉਂਕਿ ਹਰੇਕ ਵਿਅਕਤੀ ਅਨੋਖਾ ਹੀ ਹੁੰਦਾ ਹੈ।

ਅਮਰਜੀਤ ਸਿੰਘ ਹੇਅਰ

You must be logged in to post a comment Login