ਨਾਗਰਿਕਤਾ ਕਾਨੂੰਨ ਖ਼ਿਲਾਫ਼ ਪੰਜਾਬ ’ਚ ਭਖਿਆ ਰੋਹ

ਨਾਗਰਿਕਤਾ ਕਾਨੂੰਨ ਖ਼ਿਲਾਫ਼ ਪੰਜਾਬ ’ਚ ਭਖਿਆ ਰੋਹ

ਅੰਮ੍ਰਿਤਸਰ : ਮਾਲਵਾ ਪੱਟੀ ’ਚ ਨਾਗਰਿਕਤਾ ਸੋਧ ਐਕਟ ਖ਼ਿਲਾਫ਼ ਰੋਹ ਭਖਣ ਲੱਗਿਆ ਹੈ। ਦਿੱਲੀ ਪੁਲੀਸ ਵੱਲੋਂ ਵਿਦਿਆਰਥੀਆਂ ਦੀ ਕੁੱਟਮਾਰ ਕੀਤੇ ਜਾਣ ਮਗਰੋਂ ਇਨਕਲਾਬੀ ਧਿਰਾਂ ਨੇ ਹਿਲ-ਜੁਲ ਸ਼ੁਰੂ ਕਰ ਦਿੱਤੀ ਹੈ। ਕਾਲਜਾਂ ਦੇ ਵਿਦਿਆਰਥੀ ਵੀ ਮੈਦਾਨ ਵਿਚ ਉਤਰਨ ਦੀ ਤਿਆਰੀ ਕਰ ਰਹੇ ਹਨ। ਉਧਰ ਕੇਂਦਰੀ ਯੂਨੀਵਰਸਿਟੀ ਵਿਚ ਵਿਦਿਆਰਥੀ ਰੋਹ ਉੱਠਣ ਤੋਂ ਪਹਿਲਾਂ ਹੀ ਠੰਢਾ ਪੈ ਗਿਆ। ’ਵਰਸਿਟੀ ਪ੍ਰਸ਼ਾਸਨ ਨੇ ‘ਹਾਲੀਡੇ ਬਰੇਕ’ ਕਾਰਨ ਸੁੱਖ ਦਾ ਸਾਹ ਲਿਆ ਹੈ। ਜਾਣਕਾਰੀ ਮੁਤਾਬਕ ਸੋਮਵਾਰ ਨੂੰ ਕੈਂਪਸ ਅੰਦਰ ਵਿਦਿਆਰਥੀਆਂ ਨੇ ਜਾਮੀਆ ਮਿਲੀਆ ਘਟਨਾ ਦੇ ਰੋਹ ਵਜੋਂ ਪੋਸਟਰ ਵਗੈਰਾ ਲਾਉਣ ਦੀ ਕੋਸ਼ਿਸ਼ ਕੀਤੀ ਸੀ ਪ੍ਰੰਤੂ ਉਨ੍ਹਾਂ ਨੂੰ ਕਾਮਯਾਬੀ ਨਹੀਂ ਮਿਲ ਸਕੀ।
ਕੇਂਦਰੀ ਯੂਨੀਵਰਸਿਟੀ ਆਫ ਪੰਜਾਬ ਦਾ ਕੈਂਪਸ ਬਠਿੰਡਾ ਦੀ ਪੁਰਾਣੀ ਧਾਗਾ ਮਿੱਲ ਵਿਚ ਹੈ ਜਿਥੇ ਕਰੀਬ 1050 ਵਿਦਿਆਰਥੀ ਪੜ੍ਹ ਰਹੇ ਹਨ ਜਿਨ੍ਹਾਂ ’ਚੋਂ ਕਰੀਬ 200 ਵਿਦਿਆਰਥੀ ਹੀ ਪੰਜਾਬ ਨਾਲ ਸਬੰਧਤ ਹਨ। ਯੂਨੀਵਰਸਿਟੀ ਵਿਚ 14 ਦਸੰਬਰ ਨੂੰ ਸਮੈਸਟਰ ਪ੍ਰੀਖਿਆ ਖ਼ਤਮ ਹੋਣ ਮਗਰੋਂ ਛੁੱਟੀਆਂ ਹੋ ਗਈਆਂ ਹਨ। ਸੂਤਰਾਂ ਮੁਤਾਬਕ ਬਹੁਗਿਣਤੀ ਵਿਦਿਆਰਥੀ ਆਪੋ ਆਪਣੇ ਰਾਜਾਂ ’ਚ ਚਲੇ ਗਏ ਹਨ। ਉਂਜ 14 ਦਸੰਬਰ ਨੂੰ ਕੈਂਪਸ ’ਚ ਨਾਗਰਿਕਤਾ ਸੋਧ ਕਾਨੂੰਨ ਖਿਲਾਫ਼ ਵਿਦਿਆਰਥੀਆਂ ਨੇ ਰੋਸ ਵਿਖਾਵਾ ਕੀਤਾ ਸੀ। ਬਠਿੰਡਾ ਵਿਚ ਜਮਹੂਰੀ ਅਧਿਕਾਰ ਸਭਾ ਵੱਲੋਂ ਕੱਲ ਮੁਜ਼ਾਹਰਾ ਕੀਤਾ ਗਿਆ ਸੀ। ਜ਼ੀਰਾ ਵਿਚ ਅੱਜ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਮੀਟਿੰਗ ਕਰਕੇ ਕਾਨੂੰਨ ਖਿਲਾਫ਼ ਰੋਸ ਜ਼ਾਹਰ ਕੀਤਾ। ਲੋਕ ਮੋਰਚਾ ਵੱਲੋਂ ਵੀ ਮਲੋਟ ਵਿਚ ਅੱਜ ਰੋਸ ਜ਼ਾਹਰ ਕੀਤਾ ਗਿਆ। ਇਸ ਤੋਂ ਪਹਿਲਾਂ ਮਾਲੇਰਕੋਟਲਾ ਵਿਚ ਵੀ ਵੱਡਾ ਰੋਸ ਮੁਜ਼ਾਹਰਾ ਹੋ ਚੁੱਕਾ ਹੈ। ‘ਸੁਰਖ ਲੀਹ’ ਦੇ ਸੰਪਾਦਕ ਪਾਵੇਲ ਕੁਸਾ ਨੇ ਦੱਸਿਆ ਕਿ 19 ਦਸੰਬਰ ਨੂੰ ਬਠਿੰਡਾ ਵਿਚ ਲੋਕ ਮੋਰਚਾ ਪੰਜਾਬ ਅਤੇ ਨੌਜਵਾਨ ਸਭਾ ਵੱਲੋਂ ਸਾਂਝੇ ਤੌਰ ’ਤੇ ਇਸ ਕਾਨੂੰਨ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਬਰਨਾਲਾ ਵਿਚ ਇਨਕਲਾਬੀ ਕੇਂਦਰ, ਜਮਹੂਰੀ ਅਧਿਕਾਰ ਸਭਾ ਅਤੇ ਕਿਸਾਨ ਸਾਂਝੇ ਤੌਰ ’ਤੇ ਰੋਸ ਜ਼ਾਹਰ ਕਰ ਚੁੱਕੇ ਹਨ।
ਅੰਮ੍ਰਿਤਸਰ:ਸਰਹੱਦੀ ਸ਼ਹਿਰ ਵਿਚ ਅੱਜ ਵਿਦਿਆਰਥੀ ਜਥੇਬੰਦੀਆਂ ਨੇ ਐਕਟ ਅਤੇ ਪੁਲੀਸ ਜਬਰ ਖਿਲਾਫ਼ ਆਵਾਜ਼ ਬੁਲੰਦ ਕੀਤੀ। ਐਕਟ ਦਾ ਵਿਰੋਧ ਕਰ ਰਹੇ ਵਿਦਿਆਰਥੀਆਂ ’ਤੇ ਪੁਲੀਸ ਵੱਲੋਂ ਕੀਤੀ ਗਈ ਕਾਰਵਾਈ ਨੂੰ ਮੰਦਭਾਗਾ ਕਰਾਰ ਦਿੰਦਿਆਂ ਅੱਜ ਗੁਰੂ ਨਾਨਕ ਦੇਵ ਯੂਨੀਵਰਸਿਟੀ ’ਚ ਵਿਦਿਆਰਥੀਆਂ ਅਤੇ ਸਿੱਖ ਜਥੇਬੰਦੀਆਂ ਵੱਲੋਂ ਰੋਸ ਮੁਜ਼ਾਹਰੇ ਕੀਤੇ ਗਏ। ਰੋਸ ਪ੍ਰਦਰਸ਼ਨ ਦੀ ਅਗਵਾਈ ਕਰਦੇ ਹੋਏ ਰਿਸਰਚ ਸਕਾਲਰ ਯੂਨੀਅਨ ਦੇ ਜਤਿੰਦਰਬੀਰ ਸਿੰਘ, ਸਿੱਖ ਯੂਥ ਆਫ਼ ਪੰਜਾਬ ਦੇ ਪ੍ਰਧਾਨ ਪਰਮਜੀਤ ਸਿੰਘ ਮੰਡ, ਸਟੂਡੈਂਟਸ ਫਾਰ ਸੁਸਾਇਟੀ ਦੇ ਸ਼ੁੱਭਕਰਮਦੀਪ ਸਿੰਘ, ਪੰਜਾਬ ਸਟੂਡੈਂਟ ਯੂਨੀਅਨ ਦੇ ਆਗੂ ਹਰਦੀਪ ਕੋਟਲਾ, ਮੂਲ ਨਿਵਾਸੀ ਵਿਦਿਆਰਥੀ ਸੰਘ ਦੇ ਵਕੀਲ ਅੰਕੁਸ਼ ਅਤੇ ਫੂਲੇ-ਅੰਬੇਡਕਰ ਸਟੂਡੈਂਟ ਐਸੋਸੀਏਸ਼ਨ ਨੇ ਕੇਂਦਰ ਦੀ ਭਾਜਪਾ ਸਰਕਾਰ ਨੂੰ ਫਾਸ਼ੀਵਾਦੀ ਦੱਸਿਆ। ਸਿੱਖ ਯੂਥ ਆਫ਼ ਪੰਜਾਬ ਦੇ ਪ੍ਰਧਾਨ ਪਰਮਜੀਤ ਸਿੰਘ ਮੰਡ ਨੇ ਦੋਸ਼ ਲਾਇਆ ਕਿ ਭਾਜਪਾ ਮੁਲਕ ਨੂੰ ਖਾਨਾਜੰਗੀ ਵੱਲ ਧੱਕ ਰਹੀ ਹੈ।ਰਿਸਰਚ ਸਕਾਲਰਜ਼ ਯੂਨੀਅਨ ਦੇ ਆਗੂ ਜਤਿੰਦਰਬੀਰ ਸਿੰਘ ਨੇ ਸਰਕਾਰ ਉੱਤੇ ਸਵਾਲੀਆ ਚਿੰਨ੍ਹ ਲਾਇਆ। ਇਸ ਦੌਰਾਨ ਸ਼ਾਮ ਵੇਲੇ ਐੱਨਐੱਸਯੂਆਈ ਦੇ ਕਾਰਕੁਨਾਂ ਨੇ ਲਾਰੈਂਸ ਰੋਡ ਚੌਕ ਤੋਂ ਰਾਮਬਾਗ ਤੱਕ ਕੈਂਡਲ ਮਾਰਚ ਕੱਢਿਆ।
ਜਲੰਧਰ:  ਸੂਬੇ ਦੀਆਂ ਵੱਖ-ਵੱਖ ਖੱਬੀਆਂ ਧਿਰਾਂ ਨੇ 19 ਦਸੰਬਰ ਤੋਂ ਐਕਟ ਦੇ ਵਿਰੋਧ ਵਿਚ ਵੱਡੇ ਪ੍ਰਦਰਸ਼ਨ ਕਰਨ ਦੇ ਪ੍ਰੋਗਰਾਮ ਉਲੀਕੇ ਹਨ। ਨਾਗਰਿਕਤਾ ਸੋਧ ਐਕਟ ਤੇ ਐੱਨਆਰਸੀ ਖਿਲਾਫ਼ ਮੁਸਲਿਮ ਵੈਲਫੇਅਰ ਮੂਵਮੈਂਟ ਆਫ਼ ਇੰਡੀਆ ਅਤੇ ਨੌਜਵਾਨ ਭਾਰਤ ਸਭਾ ਨੇ ਅੱਜ ਨਕੋਦਰ ਦੇ ਡਾ. ਅੰਬੇਡਕਰ ਚੌਕ ਵਿਚ ਇਨ੍ਹਾਂ ਦੀਆਂ ਕਾਪੀਆਂ ਸਾੜ ਕੇ ਵਿਰੋਧ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨਕਾਰੀਆਂ ਨੇ ਸ਼ਹਿਰ ’ਚ ਮਾਰਚ ਕਰਕੇ ਕੇਂਦਰ ਦੀ ਫਿਰਕੂ-ਫਾਸ਼ੀ ਭਾਜਪਾ/ਆਰਐੱਸਐੱਸ ਸਰਕਾਰ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਪੰਜਾਬ ਸਟੂਡੈਂਟਸ ਯੂਨੀਅਨ ਦੇ ਜਨਰਲ ਸਕੱਤਰ ਵਰਜੀਤ ਕੌਰ ਨੇ ਕਿਹਾ ਕਿ ਦੇਸ਼ ਦੀ ਬੁਰੀ ਤਰ੍ਹਾਂ ਫੇਲ੍ਹ ਹੋ ਚੁੱਕੀ ਆਰਥਿਕਤਾ ਤੋਂ ਧਿਆਨ ਹਟਾਉਣ ਲਈ ਮੋਦੀ-ਸ਼ਾਹ ਨੇ ਦੇਸ਼ ਨੂੰ ਬਲਦੀ ਦੇ ਬੂਥੇ ਵਿਚ ਧੱਕ ਦਿੱਤਾ ਹੈ।
ਚਾਰ ਖੱਬੀਆਂ ਧਿਰਾਂ ਆਰਐੱਮਪੀਆਈ, ਸੀਪੀਆਈ, ਸੀਪੀਐੱਮਐੱਲ (ਲਿਬਰੇਸ਼ਨ) 19 ਦਸੰਬਰ ਨੂੰ ਪੰਜਾਬ ਭਰ ’ਚ ਇਸ ਬਿੱਲ ਵਿਰੁੱਧ ਰੋਸ ਪ੍ਰਦਰਸ਼ਨ ਕਰਨਗੀਆਂ। ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ-ਲੈਨਿਨਵਾਦੀ) ਨਿਊ ਡੈਮੋਕਰੈਸੀ, ਇਨਕਲਾਬੀ ਕੇਂਦਰ ਪੰਜਾਬ, ਇਨਕਲਾਬੀ ਜਮਹੂਰੀ ਮੋਰਚਾ ਅਤੇ ਲੋਕ ਸੰਗਰਾਮ ਮੰਚ ਨੇ ਵੀ ਨਾਗਰਿਕਤਾ ਸੋਧ ਕਾਨੂੰਨ ਵਿਰੁੱਧ 19 ਤੋਂ 26 ਦਸੰਬਰ ਤੱਕ ਰੋਸ ਪ੍ਰਦਰਸ਼ਨ ਕਰਨ ਦਾ ਸੱਦਾ ਦਿੱਤਾ ਹੈ।

You must be logged in to post a comment Login