ਨਿਤਿਸ਼ ਕੁਮਾਰ ਨੇ ਜਿੱਤਿਆ ਸਿੱਖਾਂ ਦਾ ਦਿਲ

ਨਿਤਿਸ਼ ਕੁਮਾਰ ਨੇ ਜਿੱਤਿਆ ਸਿੱਖਾਂ ਦਾ ਦਿਲ

ਨਵੀਂ ਦਿੱਲੀ : ਬਿਹਾਰ ਦੇ ਸ਼ੀਤਲ ਕੁੰਡ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮ ਦੀ ਐਤਵਾਰ ਨੂੰ ਸਮਾਪਤੀ ਹੋਈ। ਪ੍ਰਕਾਸ਼ ਪੁਰਬ ਵਿਚ ਬਿਹਾਰ ਸਰਕਾਰ ਵੱਲੋਂ ਕੀਤੇ ਗਏ ਇੰਤਜ਼ਾਮਾਂ ਨੂੰ ਦੇਖ ਕੇ ਸ਼ਰਧਾਲੂ ਬਹੁਤ ਖੁਸ਼ ਹੋਏ। ਮੱਥਾ ਟੇਕਣ ਆਏ ਮੁੱਖ ਮੰਤਰੀ ਦੇ ਸਾਹਮਣੇ ਹੀ ਲੋਕਾਂ ਨੇ ਉਹਨਾਂ ਨਾਲ ਅਪਣੀਆਂ ਗੱਲਾਂ ਸਾਂਝੀਆਂ ਕੀਤੀਆ। ਪਦਮ ਸ਼੍ਰੀ ਨਿਰਮਲ ਖਾਲਸਾ ਅੰਮ੍ਰਿਤਸਰ ਨੇ ਕਿਹਾ ਕਿ ਨਿਤਿਸ਼ ਕੁਮਾਰ ਨੇ ਸਿੱਖ ਕੌਮ ਲਈ ਜੋ ਵੀ ਕੀਤਾ ਹੈ, ਉਹ ਇਤਿਹਾਸ ਹੈ। ਕੋਈ ਸਿੱਖ ਇਸ ਨੂੰ ਭੁਲਾ ਨਹੀਂ ਸਕਦਾ। ਪਟਨਾ ਵਿਚ ਵੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਬਹੁਤ ਵਧੀਆ ਇੰਤਜ਼ਾਮ ਕੀਤੇ ਗਏ ਹਨ। ਉਹਨਾਂ ਕਿਹਾ ਕਿ ਦੋ ਦਿਨ ਤੋਂ ਉਹ ਇੱਥੇ ਵਿਵਸਥਾ ਨੂੰ ਦੇਖ ਰਹੇ ਹਨ। ਅਸੀਂ ਸਮਝਦੇ ਸੀ ਗੁਰੂ ਗੋਬਿੰਦ ਸਿੰਘ ਸਾਡੇ ਹੀ ਹਨ ਪਰ ਅੱਜ ਪਤਾ ਚੱਲਿਆ ਕਿ ਉਹ ਪੂਰੇ ਬਿਹਾਰ ਦੇ ਹਨ।ਉਹਨਾਂ ਕਿਹਾ ਕਾਸ਼ ਨਿਤਿਸ਼ ਦੇਸ਼ ਦੇ ਪੀਐਮ ਹੁੰਦੇ। ਉਹਨਾਂ ਨੇ ਸਿੱਖਾਂ ਦਾ ਦਿਲ ਜਿੱਤ ਲਿਆ ਹੈ। ਜਥੇਦਾਰ ਰਣਜੀਤ ਸਿੰਘ ਨੇ ਕਿਹਾ ਕਿ ਗੈਰ-ਸਿੱਖ ਅਬਾਦੀ ਵਿਚ ਵੀ ਦੋ ਕਿਲੋਮੀਟਰ ਦਾ ਰਸਤਾ ਚਾਰ ਘੰਟਿਆਂ ਵਿਚ ਤੈਅ ਹੋਇਆ ਅਤੇ ਲੋਕ ਸੜਕ ਦੇ ਕਿਨਾਰੇ ਹੋ ਕੇ ਫੁੱਲਾਂ ਦੀ ਬਾਰਿਸ਼ ਕਰ ਰਹੇ ਸੀ। ਗੁਰੂ ਨਾਨਕ ਨਿਸ਼ਕਾਮ ਸੇਵਾ ਜਥਾ ਯੂਕੇ ਦੇ ਭਾਈ ਮੋਹਿੰਦਰ ਸਿੰਘ ਨੇ ਨਸ਼ਾ ਮੁਕਤੀ ‘ਤੇ ਚਰਚਾ ਕੀਤੀ ਅਤੇ ਕਿਹਾ ਕਿ ਨਿਤਿਸ਼ ਕੁਮਾਰ ਨੇ ਇਸ ਸਮਾਜ ਸੁਧਾਰਕ ਦੇ ਰੂਪ ਵਿਚ ਬਿਹਾਰ ਨੂੰ ਨਸ਼ਾ-ਮੁਕਤ ਕਰਨ ਦੀ ਕੋਸ਼ਿਸ਼ ਕੀਤੀ ਹੈ।ਸਿੱਖ ਸ਼ਰਧਾਲੂਆਂ ਵਿਚ ਸਿਆਸੀ ਗੱਲਾਂ ਤੋਂ ਪਰਹੇਜ਼ ਕਰਦੇ ਹੋਏ ਨਿਤਿਸ਼ ਕੁਮਾਰ ਨੇ ਪੂਰੀ ਤਰ੍ਹਾਂ ਧਾਰਮਕ ਅਤੇ ਅਧਿਆਤਮਕ ਗੱਲਾਂ ਕੀਤੀਆਂ। ਉਹਨਾਂ ਨੇ ਗੁਰੂ ਨਾਨਕ ਦੇਵ ਜੀ ਦੇ ਦਿੱਤੇ ਸੰਦੇਸ਼ਾਂ ਦਾ ਜ਼ਿਕਰ ਕੀਤਾ। ਦੱਸ ਦਈਏ ਕਿ ਗੁਰਦੁਆਰਾ ਸਾਹਿਬ ਵਿਖੇ ਪਹੁੰਚ ਕੇ ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਨੇ ਲੰਗਰ ਵਿਚ ਸੇਵਾ ਵੀ ਕੀਤੀ, ਜਿਸ ਤੋਂ ਬਾਅਦ ਸਿੱਖ ਸ਼ਰਧਾਲੂਆਂ ਨੇ ਉਹਨਾਂ ਦੀ ਤਾਰੀਫ਼ ਕੀਤੀ।

You must be logged in to post a comment Login