ਨੋਟਬੰਦੀ ਨਾਲ ਦੇਸ਼ ਦਾ ਆਰਥਿਕ ਵਿਕਾਸ ਰੁਕਿਆ: ਰਾਜਨ

ਨੋਟਬੰਦੀ ਨਾਲ ਦੇਸ਼ ਦਾ ਆਰਥਿਕ ਵਿਕਾਸ ਰੁਕਿਆ: ਰਾਜਨ

ਨਵੀਂ ਦਿੱਲੀ : ਭਾਰਤੀ ਰਿਜ਼ਰਵ ਬੈਂਕ ਦੇ ਸਾਬਕਾ ਗਵਰਨਰ ਰਘੂਰਾਮ ਰਾਜਨ ਨੇ ਅੱਜ ਕਿਹਾ ਕਿ ਜਿਸ ਸਮੇਂ ਦੁਨੀਆਂ ਭਰ ਦੀ ਆਰਥਿਕਤਾ ਵਿਕਾਸ ਕਰ ਰਹੀ ਸੀ, ਉਸ ਸਮੇਂ ਹੋਈ ਨੋਟਬੰਦੀ ਕਾਰਨ ਭਾਰਤ ਦੀ ਆਰਥਿਕਤਾ ਨੂੰ ਨੁਕਸਾਨ ਪਹੁੰਚਿਆ ਤੇ ਇਸ ਦਾ ਪ੍ਰਭਾਵ ਘਰੇਲੂ ਵਿਕਾਸ ਦਰ ’ਤੇ ਪਿਆ। ਉਨ੍ਹਾਂ ਨਾਲ ਹੀ ਕਿਹਾ ਕਿ ਆਰਬੀਆਈ ਦੀ ਜਮ੍ਹਾਂ ਪੂੰਜੀ ’ਚੋਂ ਪੈਸਾ ਕੇਂਦਰ ਸਰਕਾਰ ਨੂੰ ਦਿੱਤੇ ਜਾਣ ਨਾਲ ਆਰਬੀਆਈ ਦੀ ਰੇਟਿੰਗ ਹੇਠਾਂ ਜਾ ਸਕਦੀ ਹੈ।
ਸ੍ਰੀ ਰਾਜਨ ਨੇ ਕਿਹਾ ਕਿ ਉਨ੍ਹਾਂ ਦੇ ਅਧਿਐਨ ਅਨੁਸਾਰ ਸਾਲ 2016 ’ਚ ਵੱਡੇ ਨੋਟਾਂ ’ਤੇ ਪਾਬੰਦੀ ਲਗਾਉਣ ਦੇ ਫ਼ੈਸਲੇ ਦਾ ਸਿੱਧਾ ਪ੍ਰਭਾਵ ਭਾਰਤ ਦੀ ਵਿਕਾਸ ਦਰ ’ਤੇ ਪਿਆ। ਉਨ੍ਹਾਂ ਕਿਹਾ ਕਿ ਨੋਟਬੰਦੀ ਨਾਲ ਭਾਰਤ ਦਾ ਆਰਥਿਕ ਵਿਕਾਸ ਹੌਲੀ ਹੋ ਗਿਆ ਜਦਕਿ ਉਸ ਸਮੇਂ ਦੁਨੀਆਂ ਭਰ ਵਿੱਚ ਆਰਥਿਕ ਵਿਕਾਸ ਦਰ ਨੇ ਰਫਤਾਰ ਫੜੀ ਹੋਈ ਸੀ। ਉਨ੍ਹਾਂ ਕਿਹਾ ਕਿ ਸਿਰਫ਼ ਨੋਟਬੰਦੀ ਕਾਰਨ ਹੀ ਨਹੀਂ ਜੀਐੱਸਟੀ ਲਾਗੂ ਹੋਣ ਨਾਲ ਵੀ ਸਾਡੇ ਆਰਥਿਕ ਵਿਕਾਸ ਨੂੰ ਮਾਰ ਪਈ ਹੈ। ਇਸੇ ਦੌਰਾਨ ਉਨ੍ਹਾਂ ਕਿਹਾ ਕਿ ਆਰਬੀਆਈ ਦੀ ਰਾਖਵੀਂ ਜਮ੍ਹਾਂ ਪੂੰਜੀ ਸਰਕਾਰ ਨੂੰ ਦਿੱਤੀ ਜਾਂਦੀ ਹੈ ਤਾਂ ਆਰਬੀਆਈ ਦੀ ਰੇਟਿੰਗ ‘ਏਏਏ’ ਤੋਂ ਹੇਠਾਂ ਜਾ ਸਕਦੀ ਹੈ ਤੇ ਇਸ ਨਾਲ ਕੇਂਦਰੀ ਬੈਂਕਾਂ ਲਈ ਆਰਬੀਆਈ ਤੋਂ ਕਰਜ਼ ਲੈਣਾ ਮਹਿੰਗਾ ਹੋ ਜਾਵੇਗਾ ਅਤੇ ਇਸ ਨਾਲ ਦੇਸ਼ ਦੀ ਸਾਰੀ ਆਰਥਿਕਤਾ ਉਲਝ ਜਾਵੇਗੀ।

You must be logged in to post a comment Login