ਪਾਕਿਸਤਾਨ ਖ਼ਿਲਾਫ਼ ਦ੍ਰਿੜ੍ਹਤਾ ਦਿਖਾਉਣ ਦਾ ਵੇਲਾ

ਪਾਕਿਸਤਾਨ ਖ਼ਿਲਾਫ਼ ਦ੍ਰਿੜ੍ਹਤਾ ਦਿਖਾਉਣ ਦਾ ਵੇਲਾ

– ਜੀ. ਪਾਰਥਾਸਾਰਥੀ*
ਕਸ਼ਮੀਰ ਵਾਦੀ ਲਈ ਪਿਛਲਾ ਸਾਲ ਕਾਫ਼ੀ ਗੜਬੜੀ ਤੇ ਬੇਚੈਨੀ ਵਾਲਾ ਸੀ। ਵਾਦੀ ਵਿੱਚ ਅਸ਼ਾਂਤ ਮਾਹੌਲ ਸੁਰੱਖਿਆ ਬਲਾਂ ਵੱਲੋਂ ਬੁਰਹਾਨ ਵਾਨੀ ਨਾਂ ਦੇ ਅਤਿਵਾਦੀ ਨੂੰ ਮੁਕਾਬਲੇ ਵਿੱਚ ਮਾਰ ਮੁਕਾਉਣ ਮਗਰੋਂ ਸ਼ੁਰੂ ਹੋਇਆ। ਵਾਨੀ ਨੇ ਸੋਸ਼ਲ ਮੀਡੀਆ ਦੀ ਕਲਪਨਾਸ਼ੀਲ ਢੰਗ ਨਾਲ ਵਰਤੋਂ ਕਰਦਿਆਂ ਕਸ਼ਮੀਰੀ ਆਵਾਮ ਵਿੱਚ ਆਪਣਾ ਇੱਕ ਬਿੰਬ ਉਸਾਰਿਆ ਸੀ। ਪਰ ਉਸ ਦੀ ਮੌਤ ਮਗਰੋਂ ਜਿਸ ਹੁਨਰਮੰਦੀ ਨਾਲ ਅੰਦੋਲਨ ਵਿੱਢਦਿਆਂ ਨੌਜਵਾਨਾਂ ਦੇ ਹੱਥ ਪੱਥਰ ਫੜਾ ਕੇ ਉਨ੍ਹਾਂ ਨੂੰ ਸੁਰੱਖਿਆ ਬਲਾਂ ਦੇ ਰੂਬਰੂ ਕੀਤਾ ਗਿਆ, ਉਹ ਆਪਣੇ ਆਪ ’ਚ ਕਾਫ਼ੀ ਨਿਵੇਕਲਾ ਸੀ। ਇਹ ਵੱਖਰੀ ਗੱਲ ਹੈ ਕਿ ਵਾਦੀ ਵਿੱਚ ਪਈ ਬਰਫ਼ ਨੇ ਯੋਜਨਾਬੱਧ ਤਰੀਕੇ ਨਾਲ ਅਮਲ ਵਿੱਚ ਲਿਆਂਦੇ ਇਸ ਅੰਦੋਲਨ (ਜਿਸ ਨੂੰ ਵਿੱਤੀ ਤੌਰ ’ਤੇ ਸਰਹੱਦ ਪਾਰੋਂ ਪੂਰੀ ਇਮਦਾਦ ਸੀ) ਦੌਰਾਨ ਪੱਥਰਬਾਜ਼ਾਂ ਦੇ ਜੋਸ਼ ਨੂੰ ਕੁਝ ਹੱਦ ਤਕ ਮੱਠਾ ਪਾਉਣ ਵਿੱਚ ਅਹਿਮ ਭੂਮਿਕਾ ਨਿਭਾਈ। ਵਾਦੀ ਵਿੱਚ ਸੁਰੱਖਿਆ ਬਲਾਂ ’ਤੇ ਪਥਰਾਅ ਦੀਆਂ ਵਧਦੀਆਂ ਘਟਨਾਵਾਂ ਨੂੰ ਮੀਡੀਆ ਵਿੱਚ ਮਿਲੇ ਪ੍ਰਚਾਰ ਨਾਲ ਮਕਬੂਜ਼ਾ ਕਸ਼ਮੀਰ (ਪੀਓਕੇ) ਤੇ ਪਾਕਿਸਤਾਨ ਵਿੱਚ ਡੇਰੇ ਲਾਈ ਬੈਠੇ ਇਨ੍ਹਾਂ ਅੰਦੋਲਨਾਂ ਦੇ ਅਸਲ ਵਿਉਂਤਕਾਰਾਂ ਦਾ ਇੱਕ ਮਨੋਰਥ ਤਾਂ ਪੂਰਾ ਹੋ ਗਿਆ, ਭਾਵੇਂ ਕਿ ਇਸ ਕਾਰਨ ਉਨ੍ਹਾਂ ਨੂੰ ਕਸ਼ਮੀਰ ਦੇ ਸ਼ਾਂਤ ਮਾਹੌਲ ਵਿੱਚ ਜ਼ਹਿਰ ਘੋਲਣਾ ਪਿਆ, ਕਸ਼ਮੀਰੀ ਨੌਜਵਾਨਾਂ ਦੀਆਂ ਜਾਨਾਂ ਦੀ ਬਲੀ ਦੇਣੀ ਪਈ। ਇਸ ਵਿੱਚ ਕੋਈ ਦੋ-ਰਾਇ ਨਹੀਂ ਕਿ ਹੁਰੀਅਤ ਕਾਨਫਰੰਸ ਨੇ ਵੀ ਕਸ਼ਮੀਰੀ ਆਵਾਮ ਵਿੱਚ ਭੜਕਾਹਟ ਪੈਦਾ ਕਰ ਕੇ ਆਈਐਸਆਈ ਦਾ ਹੱਥ-ਠੋਕਾ ਬਣਨ ਪੱਖੋਂ ਕਸਰ ਬਾਕੀ ਨਹੀਂ ਛੱਡੀ।
ਆਉਂਦੇ ਕੁਝ ਹਫ਼ਤਿਆਂ ਦੌਰਾਨ ਹਿਮਾਲਿਆ ਦੀਆਂ ਟੀਸੀਆਂ ’ਤੇ ਬਰਫ਼ ਪਿਘਲੇਗੀ ਤੇ ਵਾਦੀ ਵਿੱਚ ਮੌਸਮ ਖੁੱਲ੍ਹਣ ਨਾਲ ਮੁਲਕ ਨੂੰ ਪੱਥਰਬਾਜ਼ੀ ਤੇ ਤੋੜ-ਫੋੜ ਦੀਆਂ ਘਟਨਾਵਾਂ ਲਈ ਤਿਆਰ-ਬਰ-ਤਿਆਰ ਰਹਿਣਾ ਹੋਵੇਗਾ। ਆਈਐਸਆਈ ਇਹ ਯਕੀਨੀ ਬਣਾਏਗੀ ਕਿ ਕਿਹੜੇ ਕਸ਼ਮੀਰੀ ਨੌਜਵਾਨ, ਕੰਟਰੋਲ ਰੇਖਾ ਦੇ ਉਸ ਪਾਰ ਗਏ ਹਨ, ਲਸ਼ਕਰੇ-ਤੋਇਬਾ ਤੇ ਜੈਸ਼-ਏ-ਮੁਹੰਮਦ ਦੇ ਨਵੇਂ ਜਹਾਦੀਆਂ ਨਾਲ ਜੁੜ ਕੇ ਖੁਫ਼ੀਆ ਏਜੰਸੀ ਦੇ ਆਸ਼ੇ ਨੂੰ ਪੂਰਾ ਕਰਨ ਲਈ ਜੰਗੀ ਬਾਲਣ ਦਾ ਕੰਮ ਕਰਨਗੇ। ਬੇਰੁਜ਼ਗਾਰ ਨੌਜਵਾਨਾਂ ਨੂੰ ਇੰਨਾ ਕੁ ਪੈਸਾ ਮੁਹੱਈਆ ਕਰਵਾਇਆ ਜਾ ਰਿਹਾ ਹੈ  ਕਿ ਉਹ ਪੱਥਰਬਾਜ਼ੀ ਦੌਰਾਨ  ਸੁਰੱਖਿਆ ਬਲਾਂ ਵੱਲੋਂ ਕੀਤੀ ਜਾਂਦੀ ਜਵਾਬੀ ਗੋਲੀਬਾਰੀ ਵਿੱਚ ਫ਼ੌਤ ਜਾਂ ਜ਼ਖ਼ਮੀ ਹੋਣ ਤੋਂ ਖ਼ੌਫ਼ਜ਼ਦਾ ਨਾ ਹੋਣ।  ਲੋਕ ਰੋਹ ਨੂੰ ਹਵਾ ਦੇਣ ਲਈ ਸੋਸ਼ਲ ਮੀਡੀਆ ਰਾਹੀਂ ਭੜਕਾਊ ਸੁਨੇਹੇ  ਭੇਜੇ ਜਾ ਰਹੇ ਹਨ। ਦੂਜੇ ਪਾਸੇ ਪਾਕਿਸਤਾਨ ਵੱਲੋਂ ਕਸ਼ਮੀਰ ਵਿੱਚ ਅਸ਼ਾਂਤ ਮਾਹੌਲ ਦਾ ਹਵਾਲਾ ਦਿੰਦਿਆਂ ਆਲਮੀ ਪੱਧਰ ’ਤੇ ਦਖ਼ਲ ਦੀ ਮੰਗ ਕਰਦਿਆਂ ਭਾਰਤ ’ਤੇ ਜ਼ੋਰ ਪਾਇਆ ਜਾ ਰਿਹਾ ਹੈ ਕਿ ਉਹ ਬੇਜਾਨ ‘ਸਾਂਝੇ ਸੰਵਾਦ ਅਮਲ’ ਨੂੰ ਮੁੜ ਸ਼ੁਰੂ ਕਰੇ।
ਪਾਕਿਸਤਾਨ ਵੱਲੋਂ ਸੰਵਾਦ ਦੇ ਅਮਲ ’ਤੇ ਇੰਨਾ ਜ਼ੋਰ ਕਿਉਂ ਦਿੱਤਾ ਜਾ ਰਿਹਾ ਹੈ? ਇਸ ਸਵਾਲ ਦਾ ਜਵਾਬ ਇਸ ਤੱਥ ਵਿੱਚ ਛੁਪਿਆ ਹੈ ਕਿ ਸੰਵਾਦ ਦੇ ਅਮਲ, ਜਿਸ ਦੀ ਸ਼ੁਰੂਆਤ 1997 ਵਿੱਚ ਹੋਈ ਸੀ, ਨੂੰ ਅੱਗੇ ਤੋਰਦਿਆਂ ਸ਼ਰਮ ਅਲ ਸ਼ੇਖ ਦੀ ਨਾਕਾਮੀ ਨੂੰ ਭਾਰਤੀ ਰਾਜਨੀਤੀ ਵਿੱਚ ਵੱਡੀ ਭੁੱਲ ਮੰਨਦਿਆਂ ਸਫ਼ਾਰਤੀ ਪੱਧਰ ’ਤੇ ਕੀਤੀ ਮੂਰਖਤਾ ਕਿਹਾ ਜਾਂਦਾ ਹੈ। ਸ਼ਰਮ ਅਲ ਸ਼ੇਖ ਵਿੱਚ ਦੋਵਾਂ ਮੁਲਕ ’ਚ ਹੋਏ ਸੰਵਾਦ ਦੌਰਾਨ ਉਨ੍ਹਾਂ ਮੁੱਦਿਆਂ ਨੂੰ ਹੀ ਪ੍ਰਮੁੱਖਤਾ ਨਾਲ ਵਿਚਾਰਿਆ ਗਿਆ, ਜਿਨ੍ਹਾਂ ’ਤੇ ਪਾਕਿਸਤਾਨ ਗੱਲਬਾਤ ਕਰਨਾ ਚਾਹੁੰਦਾ ਸੀ। ਇਨ੍ਹਾਂ ਵਿੱਚ ਜੰਮੂ-ਕਸ਼ਮੀਰ ਸਮੇਤ ਸਿਆਚਿਨ, ਸਰ ਕਰੀਕ ਅਤੇ ਜੰਮੂ ਤੇ ਕਸ਼ਮੀਰ ਪਣ-ਬਿਜਲੀ  ਵਿੱਚ ਨਦੀਆਂ ਦੇ ਪਾਣੀ ਨਾਲ ਸਬੰਧਿਤ ਪ੍ਰਾਜੈਕਟ, ਜਿਨ੍ਹਾਂ ਨੂੰ ਪਾਕਿਸਤਾਨ ਬਲਾਕ ਕਰਨ ਦਾ ਇੱਛੁਕ ਸੀ, ਸ਼ਾਮਲ ਸਨ। ਹੈਰਾਨੀ ਦੀ ਗੱਲ ਹੈ ਕਿ ‘ਅਤਿਵਾਦ’ ਦਾ ਮੁੱਦਾ ਇਸ  ਫਹਿਰਿਸਤ ਵਿੱਚ ਸਭ ਤੋਂ ਹੇਠਾਂ ਸੀ। ਅਤਿਵਾਦ ਦੇ ਮੁੱਦੇ ਨੂੰ ‘ਨਸ਼ਾ ਤਸਕਰੀ’ ਨਾਲ ਜੋੜ ਕੇ ਇਸ ਨੂੰ ਗੁੱਠੇ ਲਾ ਦਿੱਤਾ। ਸੰਵਾਦ ਦਾ ਇਹ ਤੌਰ-ਤਰੀਕਾ ਪਾਕਿਸਤਾਨ ਨੂੰ ਕਾਫ਼ੀ ਰਾਸ ਆਉਂਦਾ ਹੈ। ਗੁਆਂਢੀ ਮੁਲਕ ਇੱਕ ਤਾਂ ਭਾਰਤ ਵਿੱਚ ਅਤਿਵਾਦ ਦੀ ਖੁੱਲ੍ਹੀ ਖੇਡ ਖੇਡਦਾ ਹੈ ਤੇ ਦੂਜੇ ਪਾਸੇ ਇਹ ਜ਼ਿੱਦ ਵੀ ਕਰਦਾ ਹੈ ਕਿ ਅਤਿਵਾਦ ਦੀ ਬਾਹਰੀ ਸੀਮਾ ’ਤੇ ਸਭਿਆਚਾਰਕ ਰਿਸ਼ਤਿਆਂ ਤੇ ਵੀਜ਼ਾ ਆਦਿ ਮੁੱਦਿਆਂ ਦੇ ਨਾਲ-ਨਾਲ ਚਰਚਾ ਕੀਤੀ ਜਾ ਸਕਦੀ ਹੈ।
ਸਰਹੱਦ ਪਾਰ ਜਾ ਕੇ ਮਕਬੂਜ਼ਾ ਕਸ਼ਮੀਰ ਵਿੱਚ ਦਹਿਸ਼ਤੀ ਟਿਕਾਣਿਆਂ (ਕੈਂਪਾਂ) ’ਤੇ ਪਿਛਲੇ ਸਾਲ 29 ਸਤੰਬਰ ਨੂੰ ਕੀਤੇ ਸਰਜੀਕਲ ਹਮਲਿਆਂ ਦੀ ਸੰਕੇਤਕ ਤੋਂ ਕਿਤੇ ਵੱਧ ਅਹਿਮੀਅਤ ਹੈ। ਸਰਜੀਕਲ ਹਮਲਾ ਇਸ ਗੱਲ ਦਾ ਇਸ਼ਾਰਾ ਹੈ ਕਿ ਭਾਰਤ ਆਪਣੀ ਲੋੜ ਤੇ ਸਮੇਂ ਮੁਤਾਬਕ ਸਥਾਪਿਤ ਸਰਹੱਦਾਂ ਉੁਲੰਘ ਕੇ ਦਹਿਸ਼ਤੀਆਂ ਨੂੰ ਸਬਕ ਸਿਖਾਉਣ ਦੇ ਸਮਰੱਥ ਹੈ। ਉੜੀ ਹਮਲੇ ਤੋਂ ਬਾਅਦ ਭਾਰਤ ਦੇ ਇਸ ਪਲਟਵਾਰ ਤੋਂ ਹਾਫ਼ਿਜ਼ ਸਈਦ ਤੇ ਦਾਊਦ ਇਬਰਾਹਿਮ ਨੂੰ ਇਹੀ ਲੱਗਣਾ ਚਾਹੀਦਾ ਹੈ ਕਿ ਭਾਰਤ ਦੇ ਹੱਥ ਉਨ੍ਹਾਂ ਦੇ ਗਿਰੇਬਾਨ ਤੋਂ ਬਹੁਤੀ ਦੂਰ ਨਹੀਂ। ਪਰ ਇਸ ਟੀਚੇ (ਭਾਰਤ ਦਾ ਖ਼ੌਫ ਬਣਾਏ ਰੱਖਣ) ਦੀ ਪ੍ਰਾਪਤੀ ਲਈ ‘ਸਾਂਝੇ ਸੰਵਾਦ ਦੇ ਅਮਲ’ ਨੂੰ ਹੁਣ ਦਰਕਿਨਾਰ ਕਰ ਦੇਣਾ ਚਾਹੀਦਾ ਹੈ। ਪਾਕਿਸਤਾਨ ਨਾਲ ‘ਢਾਂਚਾਗਤ’ ਸੰਵਾਦ ਰਚਾਉਣ ਦੀ ਵੀ   ਲੋੜ ਨਹੀਂ।
ਸਿਰਫ਼ ਇਹੀ ਸੁਨੇਹਾ ਦੇਣਾ ਚਾਹੀਦਾ ਹੈ ਕਿ ਭਾਰਤ ਹਰ ਮੁੱਦੇ ’ਤੇ ਚਰਚਾ ਲਈ ਤਿਆਰ ਹੈ ਬਸ਼ਰਤੇ ਸਮਾ ਢੁਕਵਾਂ ਹੋਵੇ।
ਇਸ ਦੀ ਸ਼ੁਰੂਆਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਉਨ੍ਹਾਂ ਦੇ ਹਮਰੁਤਬਾ ਨਵਾਜ਼ ਸ਼ਰੀਫ਼ ਵਿਚਾਲੇ ਉਫ਼ਾ ਸ਼ਿਖਰ ਸੰਮੇਲਨ ਦੌਰਾਨ ਦੋਵਾਂ ਮੁਲਕਾਂ ਵਿੱਚ ਕੁਝ ਮੁੱਦਿਆਂ ’ਤੇ ਬਣੀ ਸਹਿਮਤੀ ਉੱਤੇ ਜ਼ੋਰ ਦੇਣ ਤੋਂ ਹੋਣੀ ਚਾਹੀਦੀ ਹੈ। ਦੋਵਾਂ ਭਾਰਤ ਤੇ ਪਾਕਿਸਤਾਨ ਦੇ ਡੀਜੀਐਮਓਜ਼ (ਡਾਇਰੈਕਟਰ ਜਨਰਲ ਫੌਜੀ ਅਪਰੇਸ਼ਨ) ਮੀਟਿੰਗਾਂ ਕਰਕੇ ਸਰਹੱਦ ਰਸਤੇ ਹੁੰਦੀ ਘੁਸਪੈਠ ਤੇ ਅਤਿਵਾਦ ਨੂੰ ਠੱਲ੍ਹ ਪਾਉਣ ਲਈ ਕੌਮਾਂਤਰੀ ਸਰਹੱਦ ਨੂੰ ਸੀਲ ਕਰਨ ਲਈ ਖ਼ਾਸ ਉਪਾਵਾਂ ’ਤੇ ਚਰਚਾ ਕਰਨ। ਅਜਿਹੀਆਂ ਮੀਟਿੰਗਾਂ ਦਾ ਪੱਧਰ ਭਾਰਤ ਦੇ ਉਪ ਥਲ ਸੈਨਾ ਮੁਖੀ ਤੇ ਪਾਕਿਸਤਾਨ ਦੇ ਚੀਫ਼ ਆਫ ਜਨਰਲ ਸਟਾਫ਼ ਦੀ ਮਿਲਣੀ ਦੇ ਰੂਪ ਵਿੱਚ ਕੁਝ ਉੱਤੇ ਲਿਜਾਇਆ ਜਾ ਸਕਦਾ। ਲੋੜ ਪੈਣ ’ਤੇ ਦੋਵਾਂ ਮੁਲਕਾਂ ਦੇ ਥਲ ਸੈਨਾ ਮੁਖੀ ਵੀ ਇੱਕ ਦੂਜੇ ਦੇ ਰੂਬਰੂ ਹੋ ਸਕਦੇ ਹਨ। ਹਾਲਾਂਕਿ  ਪਾਕਿਸਤਾਨੀ ਫ਼ੌਜ ਦੇ ਯੁੱਧਨੀਤਕ ਟੀਚਿਆਂ ਵਿੱਚ ਤਬਦੀਲੀ ਦੀ ਕੋਈ ਵੱਡੀ ਗੁੰਜਾਇਸ਼ ਨਹੀਂ, ਪਰ ਪਾਕਿਸਤਾਨੀ ਥਲ ਸੈਨਾ ਮੁਖੀ ਜਨਰਲ ਬਾਜਵਾ, ਆਪਣੇ ਤੋਂ ਪਹਿਲੇ ਜਨਰਲ ਰਹੀਲ ਸ਼ਰੀਫ਼ ਵਾਂਗ ਨਾ ਤਾਂ ਵੱਡੇ ਕੰਮਾਂ ਦੀ ਲਾਲਸਾ ਰੱਖਦਾ ਹੈ ਤੇ ਨਾ ਹੀ ਹੰਕਾਰੀ ਹੈ। ਸੰਵਾਦ ਦਾ ਸਾਰਾ ਅਮਲ ਵਿਸ਼ੇਸ਼ ਤੌਰ ’ਤੇ ਸੁਰੱਖਿਆ ਵੱਲ ਨਿਰਧਾਰਤ ਹੋਵੇ ਅਤੇ ਸੀਮਾ ਸੁਰੱਖਿਆ ਬਲ (ਬੀਐਸਐਫ) ਦੇ ਮੁਖੀਆਂ ਤੇ ਪਾਕਿਸਤਾਨੀ ਰੇਂਜਰਾਂ ਨੂੰ ਇਨ੍ਹਾਂ ਮੀਟਿੰਗਾਂ ਦਾ ਹਿੱਸਾ ਬਣਾਇਆ ਜਾਵੇ। ਖੁਫ਼ੀਆ ਏਜੰਸੀਆਂ ‘ਰਾਅ’ ਤੇ ਆਈਐਸਆਈ ਮੁਖੀਆਂ ਵਿਚਾਲੇ ਮੀਟਿੰਗਾਂ ਵਿਉਂਤਣ ਨੂੰ ਵੀ ਗੌਲਿਆ ਜਾ ਸਕਦਾ ਹੈ। ਅਤਿਵਾਦ ਬਾਰੇ ਭਾਰਤ ਦੀਆਂ ਚਿੰਤਾਵਾਂ ਨੂੰ ਤਵੱਜੋ ਦਿੱਤੇ ਜਾਣ ਦੀ ਸੂਰਤ ’ਚ ਵਿਦੇਸ਼ ਸਕੱਤਰਾਂ ਤੇ ਸਿਆਸੀ ਪੱਧਰ ਦੀਆਂ ਮੁਲਾਕਾਤਾਂ ਵੀ ਵਿਚਾਰੀਆਂ ਜਾ ਸਕਦੀਆਂ ਹਨ। ਭਾਰਤ ਨੂੰ ਬੰਗਲਾਦੇਸ਼ ਤੇ ਅਫ਼ਗਾਨਿਸਤਾਨ ਦੇ ‘ਸਾਰਕ’ ਸੰਗਠਨ ਨੂੰ ਠੰਢੇ ਬਸਤੇ ਵਿੱਚ ਰੱਖਣ ਦੀ ਪੇਸ਼ਕਦਮੀ ਦਾ ਸਮਰਥਨ ਕਰਦਿਆਂ ਬੀਬੀਆਈਐਨ ਤੇ ਬਿਮਸਟੈੱਕ ਜਿਹੇ ਮੰਚਾਂ ਤੋਂ ਆਪਣੇ ਪੂਰਬਲੇ ਗੁਆਂਢੀਆਂ ਨਾਲ ਸਬੰਧਾਂ ਨੂੰ ਵਧਾਉਣਾ ਚਾਹੀਦਾ ਹੈ।
ਪਾਕਿਸਤਾਨ ਦੇ ਘਰੇਲੂ ਹਾਲਾਤ ਨੂੰ ਵੇਖਦਿਆਂ ਇਕ ਗੱਲ ਤਾਂ ਸਾਫ਼ ਹੈ ਕਿ ਉਹ ਦਹਿਸ਼ਤਵਾਦ ਦੇ ਮੁੱਦੇ ’ਤੇ ਆਪਣੇ ਬੋਲਾਂ ਨੂੰ ਪੁਗਾਉਣ ਵਿੱਚ ਨਾਕਾਮ ਰਹੇਗਾ। ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਪਨਾਮਾ ਦਸਤਾਵੇਜ਼ ਮਾਮਲੇ ਵਿੱਚ ਸੁਪਰੀਮ ਕੋਰਟ ਵੱਲੋਂ ਉਨ੍ਹਾਂ ਦੀ ਦੇਸ਼ ਵਿਦੇਸ਼ ਵਿਚਲੀ ਜਾਇਦਾਦ ਬਾਰੇ ਵਿੱਢੀ ਜਾਂਚ ਕਰਕੇ ਪੂਰੀ ਤਰ੍ਹਾਂ ਘਿਰੇ ਹੋਏ ਹਨ। ਸ਼ੀਆ-ਸੁੰਨੀ ਤੇ ਵਹਾਬੀ-ਸੂਫ਼ੀ ਫਿਰਕਿਆਂ ਦਰਮਿਆਨ ਜਾਰੀ ਸ਼ਰੀਕੇਬਾਜ਼ੀ ਤੇ ਹਿੰਸਾ ਕਰਕੇ ਮੁਲਕ ਪਹਿਲਾਂ ਹੀ ਪਾਟੋਧਾੜ ਹੋਇਆ ਪਿਆ। ਫ਼ੌਜ ਪੂਰੇ ਮੁਲਕ ਵਿੱਚ ਤਾਇਨਾਤ ਹੈ ਤੇ ਖ਼ਾਸ ਕਰਕੇ ਅਫ਼ਗਾਨ ਸਰਹੱਦ ਨਾਲ ਲੱਗਦੇ  ਬਲੋਚਿਸਤਾਨ ਤੇ ਪਸ਼ਤੂਨ ਕਬਾਇਲੀ ਇਲਾਕਿਆਂ ’ਚ ਇਸ ਨੂੰ ਬਗ਼ਾਵਤੀ ਸੁਰਾਂ ਦਰਪੇਸ਼ ਹਨ। ਅਫ਼ਗਾਨਾਂ ਵੱਲੋਂ ਬਲੋਚਿਸਤਾਨ ਤੇ ਪਸ਼ਤੂਨ ਕਬਾਇਲੀ ਖੇਤਰਾਂ ਨਾਲ ਲੱਗਦੀ ਵਿਵਾਦਤ ਡਿਊਰੰਡ ਲਕੀਰ ’ਤੇ ਇਸਲਾਮਾਬਾਦ ਨੂੰ ਢੁਕਵਾਂ ਜਵਾਬ ਦਿੱਤਾ ਜਾ ਰਿਹਾ ਹੈ। ਫ਼ਿਰਕਿਆਂ ’ਚ ਜਾਰੀ ਸ਼ਰੀਕੇਬਾਜ਼ੀ ਨੇ ਪੰਜਾਬ ਤੇ ਸਿੰਧ ਵਿੱਚ ਵੀ ਦਸਤਕ ਦਿੱਤੀ ਹੈ। ਭਾਰਤ ਨੂੰ ਇੱਥੇ ਯਕੀਨੀ ਬਣਾਉਣਾ ਹੋਵੇਗਾ ਕਿ ਉਹ ਆਈਐਸਆਈ ਦੀ ਸ਼ਹਿ ਪ੍ਰਾਪਤ ਅਤਿਵਾਦ ਦੇ ਟਾਕਰੇ ਲਈ ਅਫ਼ਗਾਨਿਸਤਾਨ ਨੂੰ ਇਖ਼ਲਾਕੀ, ਪਦਾਰਥਕ ਤੇ ਸਫ਼ਾਰਤੀ ਮਦਦ ਦੇਣ ਲੱਗਿਆਂ ਹੱਥ ਨਾ ਘੁੱਟੇ।
ਆਈਐਸਆਈ ਦੀ ਸ਼ਹਿ ਪ੍ਰਾਪਤ ਅਤਿਵਾਦ ਨਾਲ ਸਿੱਝਣ ਲਈ ਭਾਰਤ ਵੱਲੋਂ ਸੁਰੱਖਿਆ ਤੇ ਸਫ਼ਾਰਤੀ ਯਤਨ ਜਾਰੀ ਰਹਿਣਗੇ, ਪਰ ਨਾਲ ਹੀ ਨਵੀਂ ਦਿੱਲੀ ਨੂੰ ਅੰਦਰਖਾਤੇ ਅਜਿਹੇ ਉਪਾਵਾਂ ਨੂੰ ਵਿਚਾਰਨਾ ਚਾਹੀਦਾ, ਜਿਸ ਨਾਲ ਇਹ ਸੰਕੇਤ ਜਾਵੇ ਕਿ ਉਹ ਨੌਜਵਾਨਾਂ ਨੂੰ ਪੱਥਰਬਾਜ਼ੀ ਲਈ ਉਕਸਾਉਣ, ਓਟ ਆਸਰਾ ਦੇਣ ਵਾਲਿਆਂ ਤੇ ਵਰਗਲਾਉਣ ਵਾਲਿਆਂ ਨਾਲ ਸਿੱਝਣ ’ਚ ਕੋਈ ਕਸਰ ਨਹੀਂ ਛੱਡੇਗਾ। ਸਾਊਥ ਬਲਾਕ ਵੱਲੋਂ ਹੁਰੀਅਤ ਕਾਨਫਰੰਸ ਤੇ ਵਾਦੀ ਵਿੱਚ ਹਿੰਸਾ ਨੂੰ ਹਵਾ ਦੇਣ ਵਿੱਚ ਉਸ ਦੀ ਭੂਮਿਕਾ ਨੂੰ ਦਿਆਲੂ ਨਜ਼ਰਾਂ ਨਾਲ ਵੇਖਿਆ ਜਾ ਰਿਹਾ ਹੈ। ਕਾਲੇ ਧਨ ਨੂੰ ਸਫੈਦ ਕਰਨ ਸਮੇਤ ਹੋਰਨਾਂ ਦੋਸ਼ਾਂ ਨੂੰ ਸਾਬਤ ਕਰਨ ਲਈ ਹੁਰੀਅਤ ਆਗੂਆਂ ਖ਼ਿਲਾਫ਼ ਕਾਫ਼ੀ ਸਬੂਤ ਹਨ। ਸਈਅਦ ਅਲੀ ਸ਼ਾਹ ਗਿਲਾਨੀ ਵਰਗੇ ਲੋਕਾਂ, ਜਿਨ੍ਹਾਂ ਕੰਟਰੋਲ ਲਕੀਰ ਤੋਂ ਪਾਰ ਆਉਂਦੀਆਂ ਹਦਾਇਤਾਂ ’ਤੇ ਹਿੰਸਾ ਨੂੰ ਭੜਕਾਉਣ ਵਿੱਚ ਮੋਹਰੀ ਹੋ ਕੇ ਅਗਵਾਈ ਕੀਤੀ ਹੈ, ਖ਼ਿਲਾਫ਼ ਦੋਸ਼ ਆਇਦ ਕਰਕੇ ਵਾਦੀ ਤੋਂ ਬਾਹਰ ਲਿਜਾ ਕੇ ਕੇਸ ਚਲਾਇਆ ਜਾਵੇ। ਮੀਰ ਵਾਇਜ਼ ਉਮਰ  ਫ਼ਾਰੂਕ, ਜਿਸ ’ਤੇ ਗੁਆਂਢੀ ਮੁਲਕ ਖਾਸਾ  ਮਿਹਰਬਾਨ ਹੈ, ਵੱਲੋਂ ਵੀ ਜੁੰਮੇ ਦੀ ਨਮਾਜ਼ ਮਗਰੋਂ  ਜੁੜੇ ਇਕੱਠਾਂ ਨੂੰ ਆਪਣੀਆਂ ਜੋਸ਼ੀਲੀਆਂ ਤਕਰੀਰਾਂ ਨਾਲ ਵਰਗਲਾਇਆ ਜਾ ਰਿਹਾ ਹੈ। ਨੌਜਵਾਨਾਂ ਦੇ ਹੱਥ ਪੱਥਰ ਫੜਾਉਣ ਲਈ ਉਨ੍ਹਾਂ ਨੂੰ ਭੜਕਾਉਣ ਤੇ ਜੇਬਾਂ ਗਰਮ ਕਰਨ ਵਾਲਿਆਂ ਨੂੰ ਫ਼ੌਰੀ ਸੀਖਾਂ ਪਿੱਛੇ ਤਾੜਿਆ ਜਾਵੇ।
ਰਾਜ ਸਰਕਾਰ ਤੇ ਇਸ ਦੇ ਪੁਲੀਸ ਬਲਾਂ ਨੂੰ ਵਾਦੀ ਵਿੱਚ ਸ਼ਾਂਤੀ ਦੀ ਮੁੜ ਬਹਾਲੀ ਲਈ ਫ਼ੌਜ ਦੇ ਸਮਰਥਨ ਨਾਲ ਸਰਗਰਮ ਕੀਤਾ ਜਾਵੇ। ਪੁਲੀਸ ਅਧਿਕਾਰੀਆਂ ਦੇ ਪਰਿਵਾਰਕ ਮੈਂਬਰਾਂ ਨੂੰ ਧਮਕੀਆਂ ਦੇਣ ਲਈ ਅਤਿਵਾਦੀਆਂ ਨੂੰ ਉਕਸਾਇਆ ਜਾ ਰਿਹਾ ਹੈ। ਪੰਜਾਬ ਵਿੱਚ ਅਤਿਵਾਦ ਦੇ ਦੌਰ ਮੌਕੇ ਜਦੋਂ ਪੰਜਾਬ ਪੁਲੀਸ ਦੇ ਅਧਿਕਾਰੀਆਂ ਦੇ ਪਰਿਵਾਰਾਂ ਨੂੰ ਡਰਾਇਆ-ਧਮਕਾਇਆ ਗਿਆ ਤਾਂ ਉਨ੍ਹਾਂ ਅਤਿਵਾਦੀਆਂ ਨੂੰ ਇਸ ਦਾ ਮੂੰਹ ਤੋੜ ਜਵਾਬ ਦਿੱਤਾ। ਜੰਮੂ ਕਸ਼ਮੀਰ ਪੁਲੀਸ ਨੂੰ ਵੀ ਢੁਕਵੇਂ ਜਵਾਬ ਲਈ ਪ੍ਰੇਰਿਆ ਜਾ ਸਕਦਾ ਹੈ। ਕਸ਼ਮੀਰ ਵਾਦੀ ਵਿੱਚ ਸੋਸ਼ਲ ਮੀਡੀਆ ਰਾਹੀਂ ਹੋ ਰਹੇ ਕੁਪ੍ਰਚਾਰ ਨੂੰ ਰੋਕਣ ਲਈ ਅਗਾਊਂ ਉਪਾਵਾਂ ਤੋਂ ਇਲਾਵਾ ਇਸ ਸਹੂਲਤ ਨੂੰ ਨਕਾਰਾ (ਬੰਦ) ਕਰਕੇ ਵੀ ਠੱਲ੍ਹਿਆ ਜਾ ਸਕਦਾ ਹੈ, ਸਭ ਤੋਂ ਅਹਿਮ ਹੈ ਕਿ ਸਰਕਾਰ ਵਿੱਚ ਭਾਈਵਾਲ ਧਿਰਾਂ ਆਪਣੇ ਵੱਖਰੇਵਿਆਂ ਨੂੰ ਲਾਂਭੇ ਰੱਖਣ ਤੇ ਮਹਿਬੂਬਾ ਮੁਫ਼ਤੀ ਦੀ ਅਗਵਾਈ ਵਾਲੀ ਸਰਕਾਰ ਇਹ ਯਕੀਨੀ ਬਣਾਏ ਕਿ ਬੱਚਿਆਂ ਦੀ ਸਿੱਖਿਆ ਵੱਖਵਾਦੀ ਆਗੂਆਂ ਤੇ ਕੰਟਰੋਲ ਰੇਖਾ ਦੇ ਪਾਰ ਬੈਠੇ ਆਕਾਵਾਂ ਦੇ ਹੁਕਮਾਂ ਦੀ ਗੁਲਾਮ ਨਾ ਬਣੇ।

You must be logged in to post a comment Login