ਪਾਕਿ ਪੁਲਸ ਦੀ ਅਫਸਰ ਨੇ ਅੱਤਵਾਦੀ ਪਲਾਂ ’ਚ ਕੀਤੇ ਢੇਰ

ਪਾਕਿ ਪੁਲਸ ਦੀ ਅਫਸਰ ਨੇ ਅੱਤਵਾਦੀ ਪਲਾਂ ’ਚ ਕੀਤੇ ਢੇਰ

ਕਰਾਚੀ — ਪਾਕਿਸਤਾਨ ਦੇ ਸਭ ਤੋਂ ਵੱਡੇ ਸ਼ਹਿਰ ਕਰਾਚੀ ਦੇ ਉੱਚ ਸੁਰੱਖਿਆ ਵਾਲੇ ਖੇਤਰ ਵਿਚ ਚੀਨੀ ਦੂਤਘਰ ‘ਤੇ ਭਾਰੀ ਹਥਿਆਰਾਂ ਨਾਲ ਲੈਸ ਤਿੰਨ ਹਮਲਾਵਰਾਂ ਨੇ ਹਮਲਾ ਕਰ ਦਿੱਤਾ ਸੀ ਅਤੇ ਦੋ ਪੁਲਸ ਮੁਲਾਜ਼ਮਾਂ ਸਮੇਤ ਚਾਰ ਵਿਅਕਤੀਆਂ ਨੂੰ ਮਾਰ ਦਿੱਤਾ। ਇਸ ਮਗਰੋਂ ਜਵਾਬੀ ਕਾਰਵਾਈ ‘ਚ ਕਰਾਚੀ ਦੀ ਐੱਸ. ਪੀ. ਸੁਹਾਈ ਅਜੀਜ ਤਾਲਪੁਰ ਦੀ ਅਗਵਾਈ ‘ਚ ਸੁਰੱਖਿਆ ਬਲਾਂ ਨੇ ਤਿੰਨਾਂ ਅੱਤਵਾਦੀਆਂ ਨੂੰ ਢੇਰ ਕਰ ਦਿੱਤਾ। ਉੱਥੋਂ ਦੀ ਮੀਡੀਆ ਮੁਤਾਬਕ ਇਹ ਹਮਲਾ ਭਿਆਨਕ ਰੁਪ ਵੀ ਧਾਰ ਕਰ ਸਕਦਾ ਸੀ ਪਰ ਇੱਥੋਂ ਦੀ ਐੱਸ. ਪੀ. ਸੁਹਾਈ ਅਜੀਜ ਤਾਲਪੁਰ ‘ਹੀਰੋ’ ਬਣ ਕੇ ਸਾਹਮਣੇ ਆਈ। ਸੁਹਾਈ ਦੀ ਨਿਡਰਤਾ ਭਰੀ ਅਗਵਾਈ ‘ਚ ਪੈਰਾਮਿਲਟਰੀ ਰੇਂਜਰਸ ਨੇ ਹਮਲੇ ਨੂੰ ਅਸਫਲ ਕੀਤਾ। ਅਧਿਕਾਰੀਆਂ ਨੇ ਕਿਹਾ ਕਿ ਸੁਹਾਈ ਨੇ ਇਹ ਨਿਸ਼ਚਿਤ ਕੀਤਾ ਕਿ ਹਥਿਆਰਾਂ ਨਾਲ ਲੈਸ ਹਮਲਾਵਰ ਕਿਸੇ ਵੀ ਹਾਲ ‘ਚ ਦੂਤਘਰ ਦੇ ਅੰਦਰ ਨਾ ਪੁੱਜਣ। ਹਮਲਾਵਰਾਂ ਕੋਲੋਂ ਮਿਲੇ ਖਾਣੇ ਅਤੇ ਦਵਾਈਆਂ ਤੋਂ ਲੱਗਦਾ ਸੀ ਕਿ ਉਹ ਦੂਤਘਰ ‘ਚ ਲੋਕਾਂ ਨੂੰ ਬੰਦੂਕ ਦੀ ਨੋਕ ‘ਤੇ ਬੰਦੀ ਬਣਾਉਣ ਆਏ ਸਨ। ਜਿਸ ਮਹਿਲਾ ਪੁਲਸ ਅਧਿਕਾਰੀ ਦੀ ਬਹਾਦਰੀ ਦੀਆਂ ਸਭ ਸਿਫਤਾਂ ਕਰ ਰਹੇ ਹਨ, ਉਸ ਦੇ ਪਿਤਾ ਨੇ ਦੱਸਿਆ ਕਿ ਜਦ ਉਨ੍ਹਾਂ ਨੇ ਆਪਣੀ ਧੀ ਨੂੰ ਪੜ੍ਹਨ ਲਈ ਕਾਲਜ ਭੇਜਿਆ ਸੀ ਤਾਂ ਉਨ੍ਹਾਂ ਦੇ ਕਈ ਰਿਸ਼ਤੇਦਾਰ ਰੁੱਸ ਗਏ ਸਨ। ਉਹ ਕੁੜੀਆਂ ਨੂੰ ਸਿਰਫ ਧਾਰਮਿਕ ਪੜ੍ਹਾਈ ਕਰਵਾਉਣ ਦੇ ਹੱਕ ‘ਚ ਸਨ। 2013 ‘ਚ ਸੈਂਟਰਲ ਸਰਵਿਸਜ਼ ਦਾ ਪੇਪਰ ਪਾਸ ਕਰਨ ਮਗਰੋਂ ਸੁਹਾਈ ਪੁਲਸ ਮਹਿਕਮੇ ‘ਚ ਆ ਗਈ।

You must be logged in to post a comment Login