ਪਿੰਡਾਂ ਦੀਆਂ ਸ਼ਾਮਲਾਟਾਂ ਬਚਾਉਣ ਲਈ ਸੜਕਾਂ ‘ਤੇ ਉਤਰੀ ‘ਆਪ’

ਪਿੰਡਾਂ ਦੀਆਂ ਸ਼ਾਮਲਾਟਾਂ ਬਚਾਉਣ ਲਈ ਸੜਕਾਂ ‘ਤੇ ਉਤਰੀ ‘ਆਪ’

ਅੰਮ੍ਰਿਤਸਰ : ਪਿੰਡਾਂ ਦੀਆਂ ਸ਼ਾਮਲਾਟਾਂ ਨੂੰ ਲੈ ਕੇ ਪੰਜਾਬ ਸਰਕਾਰ ਵਲੋਂ ਵਿਲੇਜ ਕਾਮਨ ਲੈਂਡ ਰੈਗੁਲੇਸ਼ਨ 1964 ‘ਚ ਕੀਤੇ ਗਏ ਫੇਰਬਦਲ ਦੇ ਖਿਲਾਫ ਆਮ ਆਦਮੀ ਪਾਰਟੀ ਨੇ ਮੋਰਚਾ ਖੋਲ੍ਹ ਦਿੱਤਾ ਹੈ। ਸੋਮਵਾਰ ਨੂੰ ਕੁਲਦੀਪ ਸਿੰਘ ਧਾਲੀਵਾਲ ਦੀ ਅਗਵਾਈ ‘ਚ ਆਪ ਵਰਕਰਾਂ ਨੇ ਰੋਸ ਪ੍ਰਦਰਸ਼ਨ ਕੀਤਾ ਤੇ ਇਨ੍ਹਾਂ ਸ਼ਾਮਲਾਟਾਂ ਨੂੰ ਬਚਾਉਣ ਲਈ ਪੰਜਾਬ ਸਰਕਾਰ ਦੇ ਨਾਂ ਏ.ਡੀ.ਸੀ. ਨੂੰ ਮੰਗ ਪੱਤਰ ਸੌਂਪਿਆ। ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕਰਦਿਆਂ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਸ਼ਾਮਲਾਟਾਂ ਨੂੰ ਲਘੂ ਉਦਯੋਗਾਂ ਦੇ ਨਾਮ ਕਰਨ ਦਾ ਫੈਸਲਾ ਪਿੰਡਾਂ ਦੇ ਲੋਕਾਂ ਨਾਲ ਧੋਖਾ ਹੈ। ਉਨ੍ਹਾਂ ਮੌਜੂਦਾ ਤੇ ਸਾਬਕਾ ਸਰਕਾਰਾਂ ‘ਤੇ ਪੰਜਾਬ ਨੂੰ ਲੁੱਟਣ ਦਾ ਦੋਸ਼ ਲਾਉਂਦੇ ਹੋਏ ਕਿਹਾ ਕਿ ਉਹ ਕਿਸੇ ਵੀ ਹਾਲ ‘ਚ ਪਿੰਡਾਂ ਦੀਆਂ ਸ਼ਾਮਲਾਟਾਂ ਨੂੰ ਖਤਮ ਨਹੀਂ ਹੋਣ ਦੇਣਗੇ। ਇਸ ਤੋਂ ਇਲਾਵਾ ਪ੍ਰਦਰਸ਼ਨਕਾਰੀਆਂ ਨੇ ਡਾਕਟਰਾਂ ਤੋਂ ਬਿਨਾਂ ਚੱਲ ਰਹੇ ਇਕ ਹਸਪਤਾਲ ਨੂੰ ਬੰਦ ਕਰਨ ਦੀ ਮੰਗ ਵੀ ਕੀਤੀ। ਪ੍ਰਦਰਸ਼ਨਕਾਰੀਆਂ ਤੋਂ ਮੰਗ ਪੱਤਰ ਲੈਣ ਉਪਰੰਤ ਏ. ਡੀ. ਸੀ ਨੇ ਜਲਦ ਸਰਕਾਰ ਤੱਕ ਉਨ੍ਹਾਂ ਦੀ ਮੰਗ ਪਹੁੰਚਾ ਦੇਣ ਦੀ ਗੱਲ ਕਹੀ। ਦੱਸ ਦੇਈਏ ਕਿ ਵਿਲੇਜ ਕਾਮਨ ਲੈਂਡ ਰੈਗੁਲੇਸ਼ਨ ਐਕਟ 1964 ‘ਚ ਫੇਰਬਦਲ ਕਰ ਸਰਕਾਰ ਨੇ ਸ਼ਾਮਲਾਟਾਂ ਦੀ ਲੱਖਾਂ ਏਕੜ ਜ਼ਮੀਨ ਉਦਯੋਗ ਵਿਭਾਗ ਤੇ ਪੰਜਾਬ ਲਘੂ ਉਦਯੋਗ ਦੇ ਨਾਂ ਕਰਨ ਦਾ ਰਾਹ ਪੱਧਰਾ ਕਰ ਦਿੱਤਾ ਹੈ, ਜਿਸ ਨਾਲ ਪਿੰਡਾਂ ਦੀਆਂ ਪੰਚਾਇਤਾਂ ਦੀ ਆਮਦਨ ਦਾ ਸਾਧਨ ਖਤਮ ਹੋ ਜਾਵੇਗਾ।

You must be logged in to post a comment Login