‘ਪੀਐਮ ਦੀ ਇੱਜ਼ਤ ਕਰਨ ਲਈ ਸੰਵਿਧਾਨ ਜਾਂ ਕਾਨੂੰਨ ਮਜਬੂਰ ਨਹੀਂ ਕਰਦਾ’-ਸ਼ੇਹਲਾ ਰਸ਼ੀਦ

‘ਪੀਐਮ ਦੀ ਇੱਜ਼ਤ ਕਰਨ ਲਈ ਸੰਵਿਧਾਨ ਜਾਂ ਕਾਨੂੰਨ ਮਜਬੂਰ ਨਹੀਂ ਕਰਦਾ’-ਸ਼ੇਹਲਾ ਰਸ਼ੀਦ

ਨਵੀਂ ਦਿੱਲੀ : ਜੇਐਨਯੂ ਦੀ ਸਾਬਕਾ ਵਿਦਿਆਰਥੀ ਆਗੂ ਸ਼ੇਹਲਾ ਰਸ਼ੀਦ ਨੇ ਇਕ ਟਵੀਟ ਕਰ ਕੇ ਕਿਹਾ ਹੈ ਕਿ ਦੇਸ਼ ਦੇ ਸੰਵਿਧਾਨ ਜਾਂ ਕਾਨੂੰਨ ਵਿਚ ਨਹੀਂ ਲਿਖਿਆ ਹੈ ਕਿ ਅਸੀਂ ਦੇਸ਼ ਦੇ ਪ੍ਰਧਾਨ ਮੰਤਰੀ ਦਾ ਸਤਿਕਾਰ ਕਰਨਾ ਹੀ ਹੈ। ਸ਼ੇਹਲਾ ਰਸ਼ੀਦ ਦੇ ਇਸ ਟਵੀਟ ‘ਤੇ ਸੋਸ਼ਲ ਮੀਡੀਆ ਯੂਜ਼ਰ ਤਿੱਖੀ ਪ੍ਰਤੀਕਿਰਿਆ ਦੇ ਰਹੇ ਹਨ ਅਤੇ ਸ਼ੇਹਲਾ ਰਸ਼ੀਦ ਦੀ ਅਲੋਚਨਾ ਕਰ ਰਹੇ ਹਨ।ਦਰਅਸਲ ਇਸ ਦੀ ਸ਼ੁਰੂਆਤ ਇਕ ਹੋਰ ਟਵੀਟ ਤੋਂ ਹੋਈ ਸੀ, ਜਿਸ ‘ਤੇ ਸ਼ੇਹਲਾ ਰਸ਼ੀਦ ਨੇ ਅਪਣੀ ਪ੍ਰਤੀਕਿਰਿਆ ਦਿੰਦੇ ਹੋਏ ਇਹ ਗੱਲ ਲਿਖੀ ਸੀ। ਦੱਸ ਦਈਏ ਕਿ ਬੀਤੇ ਦਿਨੀਂ ਦੇਸ਼ ਦੀਆਂ ਕਈ ਹਸਤੀਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਕ ਖੁੱਲ੍ਹੀ ਚਿੱਠੀ ਲਿਖੀ ਸੀ, ਜਿਸ ਵਿਚ ਦੇਸ਼ ਵਿਚ ਵਧ ਰਹੀ ਫਿਰਕੂ ਹਿੰਸਾ ‘ਤੇ ਚਿੰਤਾ ਜ਼ਾਹਿਰ ਕੀਤੀ ਗਈ ਸੀ।ਹੁਣ ਇਹ ਖ਼ਬਰ ਆਈ ਹੈ ਕਿ ਇਹਨਾਂ ਹਸਤੀਆਂ ਵਿਰੁੱਧ ਦੇਸ਼ਧ੍ਰੋਹ, ਧਾਰਮਿਕ ਭਾਵਨਾਵਾਂ ਨਾਲ ਖਿਲਵਾੜ ਕਰਨ ਅਤੇ ਸ਼ਾਂਤੀ ਭੰਗ ਕਰਨ ਲਈ ਉਕਸਾਉਣ ਦੇ ਇਲਜ਼ਾਮ ਵਿਚ ਐਫਆਈਆਰ ਦਰਜ ਕੀਤੀ ਗਈ ਹੈ। ਇਸ ਨੂੰ ਲੈ ਕੇ ਕਈ ਲੋਕਾਂ ਨੇ ਨਰਾਜ਼ਗੀ ਜ਼ਾਹਿਰ ਕੀਤੀ ਹੈ। ਸੋਸ਼ਲ ਮੀਡੀਆ ‘ਤੇ ਇਕ ਯੂਜ਼ਰ ਨੇ ਟਵੀਟ ਕਰ ਕੇ ਸਰਕਾਰ ‘ਤੇ ਹਮਲਾ ਕੀਤਾ, ਯੂਜ਼ਰ ਨੇ ਲਿਖਿਆ ਕਿ ‘ਮਨੀਰਤਨਮ, ਅਦੁਰ ਅਤੇ 47 ਹੋਰ ਨੇ ਪੀਐਮ ਮੋਦੀ ਨੂੰ ਫਿਰਕੂ ਹਿੰਸਾ ਵਿਰੁੱਧ ਚਿੱਠੀ ਲਿਖੀ ਸੀ, ਉਹਨਾਂ ਵਿਰੁੱਧ ਐਫਆਈਆਰ ਦਰਜ ਕੀਤੀ ਗਈ ਹੈ। ਜੇਕਰ ਇਹ ਫ਼ਾਸੀਵਾਦ ਨਹੀਂ ਹੈ ਤਾਂ ਫਿਰ ਸਾਨੂੰ ਫ਼ਾਸੀਵਾਦ ਦੀ ਪਰਿਭਾਸ਼ਾ ਬਦਲ ਦੇਣੀ ਚਾਹੀਦੀ ਹੈ’।ਇਸੇ ਟਵੀਟ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਜੰਮੂ-ਕਸ਼ਮੀਰ ਨਾਲ ਸਬੰਧ ਰੱਖਣ ਵਾਲੀ ਸ਼ੇਹਲਾ ਰਸ਼ੀਦ ਨੇ ਲਿਖਿਆ ਸੀ ਕਿ, ‘ਸੰਵਿਧਾਨ ਵਿਚ ਅਜਿਹੀ ਕੋਈ ਧਾਰਾ, ਆਈਪੀਸੀ ਵਿਚ ਕੋਈ ਕਲਾਜ, ਕਿਸੇ ਸੂਬੇ ਦਾ ਕਾਨੂੰਨ ਜਾਂ ਫਿਰ ਸੰਸਦ ਦਾ ਕੋਈ ਐਕਟ ਨਹੀਂ ਹੈ, ਜੋ ਇਹ ਕਹਿੰਦਾ ਹੋਵੇ ਕਿ ਦੇਸ਼ ਦੇ ਨਾਗਰਿਕਾਂ ਨੇ ਪ੍ਰਧਾਨ ਮੰਤਰੀ ਦਾ ਸਤਿਕਾਰ ਕਰਨਾ ਹੀ ਹੈ’। ਸ਼ੇਹਲਾ ਦੇ ਇਸ ਟਵੀਟ ‘ਤੇ ਕਈ ਸੋਸ਼ਲ ਮੀਡੀਆ ਯੂਜ਼ਰ ਭੜਕ ਗਏ। ਇਕ ਯੂਜ਼ਰ ਨੇ ਟਵੀਟ ‘ਤੇ ਜਵਾਬ ਦਿੰਦੇ ਹੋਏ ਲਿਖਿਆ ਕਿ, ‘ਸੰਵਿਧਾਨ ਵਿਚ ਕੋਈ ਅਜਿਹੀ ਧਾਰਾ ਵੀ ਨਹੀਂ ਹੈ, ਜੋ ਪ੍ਰਧਾਨ ਮੰਤਰੀ ਨੂੰ ਬਦਨਾਮ ਕਰਨ ਦਾ ਅਧਿਕਾਰ ਦੇਵੇ’।

You must be logged in to post a comment Login