ਪ੍ਰਕਾਸ਼ ਪੁਰਬ: ਮੁੱਖ ਮੰਤਰੀ ਨੇ ਸਮੁੱਚੇ ਫ਼ੈਸਲੇ ਅਕਾਲ ਤਖ਼ਤ ’ਤੇ ਛੱਡੇ

ਪ੍ਰਕਾਸ਼ ਪੁਰਬ: ਮੁੱਖ ਮੰਤਰੀ ਨੇ ਸਮੁੱਚੇ ਫ਼ੈਸਲੇ ਅਕਾਲ ਤਖ਼ਤ ’ਤੇ ਛੱਡੇ

ਅੰਮ੍ਰਿਤਸਰ : ਗੁਰੂ ਨਾਨਕ ਦੇਵ ਦੇ 550 ਸਾਲਾ ਪ੍ਰਕਾਸ਼ ਪੁਰਬ ਸਮਾਗਮਾਂ ਸਬੰਧੀ ਸਮੁੱਚੇ ਹੱਕ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸੌਂਪ ਦਿੱਤੇ ਹਨ। ਸ਼੍ਰੋਮਣੀ ਕਮੇਟੀ ਅਤੇ ਪੰਜਾਬ ਸਰਕਾਰ ਵੱਲੋਂ ਸਾਂਝੇ ਤੌਰ ’ਤੇ ਇਕ ਮੰਚ ਤੋਂ ਪ੍ਰਕਾਸ਼ ਪੁਰਬ ਮਨਾਉਣ ਸਬੰਧੀ ਅੰਤਿਮ ਫ਼ੈਸਲਾ ਹੁਣ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਵੱਲੋਂ 21 ਅਕਤੂਬਰ ਨੂੰ ਪੰਜ ਸਿੰਘ ਸਾਹਿਬਾਨ ਦੀ ਹੋਣ ਵਾਲੀ ਮੀਟਿੰਗ ਵਿਚ ਲਿਆ ਜਾਵੇਗਾ। ਉਹ ਇਹ ਤੈਅ ਕਰਨਗੇ ਕਿ ਇਹ ਸਾਂਝਾ ਸਮਾਗਮ ਕਿਸ ਮੰਚ ਤੋਂ ਹੋਵੇਗਾ ਅਤੇ ਇਸ ਦੀ ਰੂਪ-ਰੇਖਾ ਕੀ ਹੋਵੇਗੀ।
ਅੱਜ ਇਸ ਸਬੰਧੀ ਪੰਜਾਬ ਸਰਕਾਰ ਦੇ ਦੋ ਕੈਬਨਿਟ ਮੰਤਰੀਆਂ ਚਰਨਜੀਤ ਸਿੰਘ ਚੰਨੀ ਅਤੇ ਸੁਖਜਿੰਦਰ ਸਿੰਘ ਰੰਧਾਵਾ ਸਮੇਤ ਜ਼ਿਲ੍ਹਾ ਕਾਂਗਰਸ ਕਮੇਟੀ ਦਿਹਾਤੀ ਦੇ ਪ੍ਰਧਾਨ ਭਗਵੰਤਪਾਲ ਸਿੰਘ ਸੱਚਰ ਨੇ ਸ੍ਰੀ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨਾਲ ਲਗਪਗ ਇਕ ਘੰਟਾ ਬੰਦ ਕਮਰਾ ਮੀਟਿੰਗ ਕੀਤੀ। ਇਸ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਭੇਜੇ ਸੁਨੇਹੇ ਵਾਲਾ ਬੰਦ ਲਿਫਾਫਾ ਵੀ ਜਥੇਦਾਰ ਨੂੰ ਸੌਂਪਿਆ ਗਿਆ ਅਤੇ ਮੁੱਖ ਮੰਤਰੀ ਨਾਲ ਉਨ੍ਹਾਂ ਦੀ ਮੋਬਾਈਲ ’ਤੇ ਗੱਲਬਾਤ ਵੀ ਕਰਵਾਈ ਗਈ। ਮੁੱਖ ਮੰਤਰੀ ਨਾਲ ਹੋਈ ਗੱਲਬਾਤ ਅਤੇ ਸਰਕਾਰ ਦੇ ਪ੍ਰਤੀਨਿਧਾਂ ਨਾਲ ਹੋਈ ਵਿਚਾਰ ਚਰਚਾ ਦੇ ਵੇਰਵੇ ਗਿਆਨੀ ਹਰਪ੍ਰੀਤ ਸਿੰਘ ਨੇ ਮਗਰੋਂ ਮੀਡੀਆ ਨਾਲ ਸਾਂਝੇ ਕੀਤੇ। ਗਿਆਨੀ ਹਰਪ੍ਰੀਤ ਸਿੰਘ ਨੇ ਖ਼ੁਲਾਸਾ ਕੀਤਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਕਾਸ਼ ਪੁਰਬ ਸਾਂਝੇ ਤੌਰ ’ਤੇ ਮਨਾਉਣ ਲਈ ਸਮੁੱਚਾ ਮਾਮਲਾ ਸ੍ਰੀ ਅਕਾਲ ਤਖ਼ਤ ਨੂੰ ਸੌਂਪ ਦਿੱਤਾ ਹੈ ਅਤੇ ਇਸ ਸਬੰਧੀ ਸ੍ਰੀ ਅਕਾਲ ਤਖ਼ਤ ਤੋਂ ਜੋ ਵੀ ਫ਼ੈਸਲਾ ਲਿਆ ਜਾਵੇਗਾ, ਉਸ ਨੂੰ ਪ੍ਰਵਾਨ ਕਰਨ ਦਾ ਐਲਾਨ ਕੀਤਾ ਹੈ। ਇਸ ਮਾਮਲੇ ਨੂੰ 21 ਅਕਤੂਬਰ ਨੂੰ ਪੰਜ ਸਿੰਘ ਸਾਹਿਬਾਨ ਦੀ ਹੋਣ ਵਾਲੀ ਮੀਟਿੰਗ ਵਿਚ ਰੱਖਿਆ ਜਾਵੇਗਾ ਅਤੇ ਸਾਰੇ ਪੱਖ ਵਿਚਾਰਨ ਮਗਰੋਂ ਫ਼ੈਸਲਾ ਲਿਆ ਜਾਵੇਗਾ। ਉਨ੍ਹਾਂ ਨੇ ਦੋਵਾਂ ਧਿਰਾਂ ਦੇ ਆਗੂਆਂ ਨੂੰ ਆਖਿਆ ਕਿ ਉਹ ਪ੍ਰਕਾਸ਼ ਪੁਰਬ ਸਮਾਗਮਾਂ ਸਬੰਧੀ ਬਿਆਨਬਾਜ਼ੀ ਨਾ ਕਰੇ। ਉਨ੍ਹਾਂ ਦੱਸਿਆ ਕਿ ਸਿੱਖ ਚਿੰਤਕਾਂ, ਵਿਦਵਾਨਾਂ ਅਤੇ ਬੁੱਧੀਜੀਵੀਆਂ ਨੂੰ ਐਲਾਨਨਾਮਾ ਤਿਆਰ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ, ਜਿਸ ਵਿਚ ਅਗਲੇ 50 ਵਰ੍ਹਿਆਂ ਦੌਰਾਨ ਸਿੱਖ ਕੌਮ ਨੂੰ ਬੁਲੰਦੀ ’ਤੇ ਲਿਜਾਣ ਦਾ ਏਜੰਡਾ ਤਿਆਰ ਕੀਤਾ ਜਾਵੇਗਾ। ਉਨ੍ਹਾਂ ਨੇ ਸਮੂਹ ਸਿੱਖ ਜਥੇਬੰਦੀਆਂ ਨੂੰ ਇਸ ਸਬੰਧੀ ਸੁਝਾਅ ਅਕਾਲ ਤਖ਼ਤ ’ਤੇ ਭੇਜਣ ਲਈ ਆਖਿਆ ਹੈ। ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਦੱਸਿਆ ਕਿ ਮੁੱਖ ਮੰਤਰੀ ਨੇ 550 ਸਾਲਾ ਪ੍ਰਕਾਸ਼ ਪੁਰਬ ਸਮਾਗਮਾਂ ਸਬੰਧੀ ਸਮੁੱਚੇ ਹੱਕ ਸ੍ਰੀ ਅਕਾਲ ਤਖ਼ਤ ਨੂੰ ਸੌਂਪ ਦਿੱਤੇ ਹਨ ਅਤੇ ਤਖ਼ਤ ਦਾ ਜੋ ਵੀ ਫ਼ੈਸਲਾ ਹੋਵੇਗਾ, ਸਰਕਾਰ ਨੂੰ ਪ੍ਰਵਾਨ ਹੋਵੇਗਾ। ਮੁੱਖ ਮੰਤਰੀ ਨੇ ਸਰਕਾਰ ਵੱਲੋਂ ਤਿਆਰ ਕੀਤਾ ਜਾ ਰਿਹਾ ਪੰਡਾਲ ਵੀ ਸ੍ਰੀ ਅਕਾਲ ਤਖ਼ਤ ਨੂੰ ਸੌਂਪਣ ਦਾ ਫ਼ੈਸਲਾ ਲਿਆ ਹੈ, ਜਿਸ ਨੂੰ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਅਤੇ ਪੰਜ ਸਿੰਘ ਸਾਹਿਬਾਨ ਦੀ ਸਰਪ੍ਰਸਤੀ ਹੇਠ ਚਲਾਇਆ ਜਾਵੇਗਾ। ਉਨ੍ਹਾਂ ਆਖਿਆ ਕਿ ਇਹ ਪੰਡਾਲ ਲੋਕਾਂ ਦੇ ਪੈਸੇ ਨਾਲ ਤਿਆਰ ਹੋਇਆ ਹੈ ਅਤੇ ਸ਼੍ਰੋਮਣੀ ਕਮੇਟੀ ਦਾ ਜੋ ਨਵਾਂ ਪੰਡਾਲ ਤਿਆਰ ਹੋਣਾ ਹੈ, ਉਸ ਦੀ ਰਕਮ ਬਚਾ ਕੇ ਧਰਮ ਪ੍ਰਚਾਰ ਦੇ ਕਾਰਜਾਂ ’ਤੇ ਖਰਚ ਕੀਤੀ ਜਾਵੇ। ਕੈਬਨਿਟ ਮੰਤਰੀ ਸ੍ਰੀ ਰੰਧਾਵਾ ਨੇ ਆਖਿਆ ਕਿ ਮੁੱਖ ਮੰਤਰੀ ਚਾਹੁੰਦੇ ਹਨ ਕਿ ਇਹ ਸਮਾਗਮ ਸਮੁੱਚੀ ਕੌਮ ਇਕਜੁੱਟ ਹੋ ਕੇ ਮਨਾਵੇ।

You must be logged in to post a comment Login