ਪ੍ਰਕਾਸ਼ ਪੁਰਬ ਨੂੰ ਸਮਰਪਤ ਸੋਨੇ ਤੇ ਚਾਂਦੀ ਦੇ 3500 ਸਿੱਕੇ ਜਾਰੀ

ਪ੍ਰਕਾਸ਼ ਪੁਰਬ ਨੂੰ ਸਮਰਪਤ ਸੋਨੇ ਤੇ ਚਾਂਦੀ ਦੇ 3500 ਸਿੱਕੇ ਜਾਰੀ

ਸੁਲਤਾਨਪੁਰ ਲੋਧੀ : ਪੰਜਾਬ ਸਰਕਾਰ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਤ ਸ਼ੁੱਧ ਸੋਨੇ ਅਤੇ ਚਾਂਦੀ ਦੇ ਵਿਸ਼ੇਸ਼ ਸਿੱਕੇ ਤਿਆਰ ਕਰਵਾਏ ਗਏ ਹਨ ਜੋ ਸ਼ਰਧਾਲੂਆਂ ਲਈ ਵਿਸ਼ੇਸ਼ ਖਿੱਚ ਦਾ ਕੇਂਦਰ ਬਣੇ ਹੋਏ ਹਨ। ਪੰਜਾਬ ਸਮਾਲ ਇੰਡਸਟਰੀ ਐਂਡ ਐਕਸਪੋਰਟ ਕਾਰਪੋਰੇਸ਼ਨ (ਪੀ.ਐਸ.ਆਈ.ਈ.ਸੀ.) ਵਲੋਂ ਸੁਲਤਾਨਪੁਰ ਲੋਧੀ ਵਿਖੇ 5 ਤੋਂ 15 ਨਵੰਬਰ ਤਕ ਲਗਾਈ ਗਈ ਪ੍ਰਦਰਸ਼ਨੀ ਦੌਰਾਨ ਇਹ ਸਿੱਕੇ ਸ਼ਰਧਾਲੂਆਂ ਵਲੋਂ ਖਰੀਦੇ ਜਾ ਰਹੇ ਹਨ, ਜੋ ਇਨ੍ਹਾਂ ਸਿੱਕਿਆਂ ਨੂੰ ਸੁਲਤਾਨਪੁਰ ਲੋਧੀ ਤੋਂ ਪ੍ਰਕਾਸ਼ ਪੁਰਬ ਸਮਾਗਮਾਂ ਤੋਂ ਇਕ ਯਾਦ ਵਜੋਂ ਲੈ ਕੇ ਜਾ ਰਹੇ ਹਨ।ਪੰਜਾਬ ਸਮਾਲ ਇੰਡਸਟਰੀ ਐਂਡ ਐਕਸਪੋਰਟ ਕਾਰਪੋਰੇਸ਼ਨ (ਪੀ.ਐਸ.ਆਈ.ਈ.ਸੀ.) ਵਲੋਂ ਇਹ ਸਿੱਕੇ ਮੈਟਲ ਐਂਡ ਮਿਨਰਲ ਕਾਰਪੋਰੇਸ਼ਨ ਆਫ਼ ਇੰਡੀਆ ਤੋਂ ਤਿਆਰ ਕਰਵਾਏ ਗਏ ਹਨ , ਜੋ ਕਿ ਭਾਰਤ ਸਰਕਾਰ ਦੀ ਏਜੰਸੀ ਹੈ। ਸੋਨੇ ਵਿਚ 5 ਅਤੇ 10 ਗ੍ਰਾਮ ਦੇ ਅਤੇ ਚਾਂਦੀ ਦੇ 50 ਗ੍ਰਾਮ ਦੇ ਲਗਭਗ 3500 ਸਿੱਕੇ ਤਿਆਰ ਕਰਵਾਏ ਗਏ ਹਨ, ਜਿਨਾਂ ਉੱਪਰ ਪੰਜਾਬ ਸਰਕਾਰ ਵੱਲੋਂ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਤਿਆਰ ਕਰਵਾਇਆ ਲੋਗੋ ਉਕਰਿਆ ਹੋਇਆ ਹੈ। ਇਸ ਤੋਂ ਇਲਾਵਾ ਪੰਜਾਬ ਸਰਕਾਰ ਵਲੋਂ ਇਨਾਂ ਦੀ ਸਰਟੀਫੀਕੇਸ਼ਨ ਵੀ ਕੀਤੀ ਗਈ ਹੈ। ਸੋਨੇ ਅਤੇ ਚਾਂਦੀ ਦੇ ਇਹ ਸਿੱਕੇ ਦਿਹਾਤੀ ਹੁਨਰ ਨੂੰ ਹੁਲਾਰਾ ਦੇਣ ਲਈ ਪੀ.ਐਸ.ਆਈ.ਈ.ਸੀ. ਵਲੋਂ ਸੁਲਤਾਨਪੁਰ ਲੋਧੀ ਦੇ ਪੁੱਡਾ ਮੈਦਾਨ ‘ਚ ਲਗਾਈ ਗਈ ਪ੍ਰਦਰਸ਼ਨੀ ‘ਚ ਉਪਲੱਬਧ ਹਨ।ਕਾਰਪੋਰੇਸ਼ਨ ਦੇ ਐਮ.ਡੀ. ਸਿਬਿਨ ਸੀ. ਨੇ ਦਸਿਆ ਕਿ ਇਹ ਸਿੱਕੇ 99.9 ਫੀਸਦ ਸ਼ੁੱਧ ਸੋਨੇ ਅਤੇ ਚਾਂਦੀ ਦੇ ਬਣੇ ਹੋਏ ਹਨ ਅਤੇ ਇਨਾਂ ਦੀ ਪੈਕਿੰਗ ਦੇ ਉੱਪਰ ਹੀ ਇਨਾਂ ਦੀ ਸ਼ੁੱਧਤਾ ਦਾ ਸਰਟੀਫਿਕੇਟ ਵੀ ਲਗਾਇਆ ਗਿਆ ਹੈ। ਉਨ੍ਹਾਂ ਦਸਿਆ ਕਿ 5 ਗ੍ਰਾਮ ਦੇ ਸੋਨੇ ਦੇ ਸਿੱਕੇ ਦੀ ਕੀਮਤ 22,500 ਰੁਪਏ ਅਤੇ 10 ਗਰਾਮ ਦੇ ਸੋਨੇ ਦੇ ਸਿੱਕੇ ਦੀ ਕੀਮਤ 45,000 ਰੁਪਏ ਰੱਖੀ ਗਈ ਹੈ ਜਦਕਿ ਚਾਂਦੀ ਦੇ 50 ਗਰਾਮ ਦੇ ਸਿੱਕੇ ਦੀ ਕੀਮਤ 3300 ਰੁਪਏ ਨਿਯਤ ਕੀਤੀ ਗਈ ਹੈ। ਉਨ੍ਹਾਂ ਦਸਿਆ ਕਿ ਪ੍ਰਦਰਸ਼ਨੀ ਤੋਂ ਇਲਾਵਾ ਇਹ ਸਿੱਕੇ ਵਿਕਰੀ ਲਈ ਪੰਜਾਬ ਭਰ ਵਿਚ ਡਾਕਖਾਨਿਆਂ, ਪੀ.ਐਸ.ਆਈ.ਈ.ਸੀ. ਦੇ ਫੁਲਕਾਰੀ ਐਮਪੋਰੀਅਮ ਤੇ ਐਮਾਜ਼ੋਨ ਤੋਂ ਵੀ ਖਰੀਦੇ ਜਾ ਸਕਦੇ ਹਨ।

You must be logged in to post a comment Login