ਪ੍ਰਧਾਨ ਮੰਤਰੀ ਮੋਦੀ ਸਿਆਸੀ ਖੇਤੀ ਕਰਨ ਦੀ ਚਾਹਤ ਨਾਲ ਆਏ ਪੰਜਾਬ

ਪ੍ਰਧਾਨ ਮੰਤਰੀ ਮੋਦੀ ਸਿਆਸੀ ਖੇਤੀ ਕਰਨ ਦੀ ਚਾਹਤ ਨਾਲ ਆਏ ਪੰਜਾਬ

ਮਲੋਟ – ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਲੋਕ ਸਭਾ ਮੈਂਬਰ ਸੁਨੀਲ ਜਾਖੜ ਨੇ ਕਿਹਾ ਹੈ ਕਿ ਚਾਰ ਸਾਲ ਤੱਕ ਕਿਸਾਨਾਂ ਦੀ ਸਾਰ ਨਾ ਲੈਣ ਵਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਣ ਕਿਸਾਨੀ ਦੇ ਨਾਂਅ ‘ਤੇ ਸਿਆਸੀ ਖੇਤੀ ਕਰਨ ਦੀ ਚਾਹਤ ਨਾਲ ਪੰਜਾਬ ਆਏ ਸਨ ਪਰ ਉਨ੍ਹਾਂ ਦੀ ਇਸ ਇੱਛਾ ਨੂੰ ਹੁਣ ਫਲ ਨਹੀਂ ਲੱਗਣ ਵਾਲਾ ਅਤੇ ਆਪਣੇ ਇਸ ਦੌਰੇ ਦੌਰਾਨ ਉਹ ਪੰਜਾਬ ਨੂੰ ਦੇ ਕੇ ਵੀ ਕੁੱਝ ਨਹੀਂ ਗਏ। ਅੱਜ ਅਕਾਲੀ ਦਲ ਅਤੇ ਭਾਜਪਾ ਵਲੋਂ ਮਲੋਟ ‘ਚ ਤਿੰਨ ਸੂਬਿਆਂ ਦੀ ਕੀਤੀ ਸਾਂਝੀ ਰੈਲੀ ਨੂੰ ਪ੍ਰਧਾਨ ਮੰਤਰੀ ਦੀ ਇਸੇ ਨਕਾਮ ਕੋਸ਼ਿਸ ਦਾ ਹਿੱਸਾ ਦੱਸਦਿਆ ਜਾਖੜ ਨੇ ਕਿਹਾ ਕਿ ਰੈਲੀ ‘ਚ ਲੋਕਾਂ ਦੀ ਘੱਟ ਸਮੂਲੀਅਤ ਅਤੇ ਖਾਲੀ ਕੁਰਸੀਆਂ ਨੇ ਸੂਬੇ ‘ਚ ਅਕਾਲੀ ਭਾਜਪਾ ਗਠਜੋੜ ਦੀ ਅਸਲੀ ਸਿਆਸੀ ਸਥਿਤੀ ਜੱਗ ਜ਼ਾਹਰ ਕਰ ਦਿੱਤੀ ਹੈ। ਜਾਖੜ ਨੇ ਕਿਹਾ ਕਿ ਅੱਜ ਦੀ ਰੈਲੀ ‘ਚ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਦੀ ਗੈਰਹਾਜ਼ਰੀ ਕਈ ਸਵਾਲ ਖੜੇ ਕਰ ਗਈ ਹੈ। ਉਨ੍ਹਾਂ ਨੇ ਕਿਹਾ ਕਿ ਅਕਾਲੀ ਦਲ ਦੀ ਹਰ ਇਕ ਸਭਾ ‘ਚ ਮੋਹਰੀ ਰਹਿਣ ਵਾਲੇ ਮਜੀਠਿਆਂ ਦੀ ਅੱਜ ਦੀ ਰੈਲੀ ‘ਚ ਗੈਰਹਾਜ਼ਰੀ ਪਿੱਛੇ ਕੀ ਕਾਰਨ ਸਨ? ਇਹ ਲੋਕਾਂ ਲਈ ਬੁਝਾਰਤ ਬਣਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਨੂੰ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਕੀ ਮਜੀਠੀਆਂ ਦੀ ਰੈਲੀ ਤੋਂ ਦੂਰੀ ਪ੍ਰਧਾਨ ਮੰਤਰੀ ਦੇ ਇਸ਼ਾਰੇ ‘ਤੇ ਕੀਤੀ ਗਈ ਹੈ। ਜਾਖੜ ਨੇ ਕਿਹਾ ਕਿ ਮੋਦੀ ਦੀ ਇਹ ਰੈਲੀ ਇਕ ਸਿਆਸੀ ਡਰਾਮੇਬਾਜ਼ੀ ਸੀ ਅਤੇ ਪ੍ਰਧਾਨ ਮੰਤਰੀ ਨਾ ਤਾਂ ਪੰਜਾਬ ਲਈ ਕੋਈ ਵਿਸੇਸ਼ ਐਲਾਨ ਕਰਕੇ ਗਏ ਅਤੇ ਨਾ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਗੁਰਪੁਰਬ ਦੇ ਜਸ਼ਨਾਂ ਸਬੰਧੀ ਉਨ੍ਹਾਂ ਨੇ ਕੋਈ ਵਿਸੇਸ਼ ਐਲਾਨ ਕੀਤਾ। ਉਨ੍ਹਾਂ ਨੇ ਕਿਹਾ ਕਿ ਅੱਜ ਦੇਸ਼ ‘ਚ ਕਿਸਾਨ ਅਤੇ ਘੱਟ ਗਿਣਤੀਆਂ ਆਪਣੇ ਸਭ ਤੋਂ ਬੁਰੇ ਦੌਰ ‘ਚੋਂ ਗੁਜਰ ਰਹੇ ਹਨ। ਜਾਖੜ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਕਿਸਾਨਾਂ ਦੇ ਲਈ ਕਰਜ਼ਾ ਮੁਆਫੀ ਸਕੀਮ ਸ਼ੁਰੂ ਕੀਤੀ ਗਈ ਹੈ ਪਰ ਭਾਰਤ ਦੇ ਪ੍ਰਧਾਨ ਮੰਤਰੀ ਪੰਜਾਬ ਦੇ ਕਿਸਾਨਾਂ ਦੀ ਕਰਜ਼ਾ ਮੁਆਫੀ ‘ਤੇ ਵੀ ਅੱਜ ਪੰਜਾਬ ਨੂੰ ਨਿਰਾਸ਼ ਹੀ ਕਰ ਕੇ ਗਏ ਹਨ।
ਜਾਖੜ ਨੇ ਕਿਹਾ ਕਿ 2013-14 ‘ਚ ਡੀਜ਼ਲ ਦਾ ਭਾਅ 45 ਰੁਪਏ ਸੀ ਜਦ ਕਿ ਹੁਣ 70 ਰੁਪਏ ਹੋ ਗਿਆ ਹੈ ਅਤੇ ਸਿਰਫ ਪਿਛਲੇ 1 ਸਾਲ ‘ਚ ਹੀ ਇਹ 15 ਰੁਪਏ ਪ੍ਰਤੀ ਲੀਟਰ ਮਹਿੰਗਾ ਹੋ ਗਿਆ ਹੈ। ਅਜਿਹੇ ‘ਚ ਫਸਲਾਂ ਦੀਆਂ ਕੀਮਤਾਂ ‘ਚ ਨਿਗੁਣਾ ਵਾਧਾ ਤਾਂ ਡੀਜ਼ਲ ਦੀਆਂ ਕੀਮਤਾਂ ‘ਚ ਹੋਏ ਵਾਧੇ ਦੀ ਭਰਪਾਈ ਕਰਨ ਲਈ ਵੀ ਕਾਫੀ ਨਹੀਂ ਹੈ।

You must be logged in to post a comment Login