ਪੰਜਾਬੀਓ ਹੋ ਜਾਓ ਸਾਵਧਾਨ! ਲਗਭਗ 40 ਫੀਸਦੀ ਜ਼ਹਿਰੀਲਾ ਹੋਇਆ ਪਾਣੀ

ਪੰਜਾਬੀਓ ਹੋ ਜਾਓ ਸਾਵਧਾਨ! ਲਗਭਗ 40 ਫੀਸਦੀ ਜ਼ਹਿਰੀਲਾ ਹੋਇਆ ਪਾਣੀ

ਚੰਡੀਗੜ੍ਹ : ਵਿਸ਼ਵ ਵਿੱਚ ਪਾਣੀ ਦਾ ਸੰਕਟ ਬੁਰੀ ਤਰ੍ਹਾਂ ਵੱਧਦਾ ਜਾ ਰਿਹਾ ਹੈ, ਪਰ ਅਸੀਂ ਪਾਣੀ ਨੂੰ ਅਣਚਾਹੀ ਵਸਤੂ ਸਮਝ ਕੇ ਇਸ ਦੀ ਦੁਰਵਰਤੋਂ ਕਰ ਰਹੇ ਹਾਂ ਤੇ ਇਸ ਨੂੰ ਮਲੀਨ ਕਰ ਰਹੇ ਹਾਂ। ਮਨੁੱਖ ਹੋਂਦ ਲਈ ਪਾਣੀ ਦੀ ਜ਼ਰੂਰਤ ਤੇ ਸਵੱਛਤਾ ਲਾਜ਼ਮੀ ਹੈ। ਇਸ ਤੋਂ ਬਿਨਾਂ ਜੀਵਨ ਨਹੀਂ ਚਿਤਵਿਆ ਜਾ ਸਕਦਾ, ਕਿਉਂਕਿ ਪਾਣੀ ਆਰਥਿਕ ਤਰੱਕੀ, ਸੱਭਿਆਚਾਰਕ ਉੱਨਤੀ, ਤੰਦਰੁਸਤ ਸਿਹਤ ਤੇ ਅਧਿਆਤਮਕ ਵਿਕਾਸ ਦਾ ਆਧਾਰ ਹੈ। ਗੁਰਬਾਣੀ ਵਿੱਚ ਇਹ ਕਿਹਾ ਗਿਆ ਹੈ ‘ਪਵਣੁ ਗੁਰੂ ਪਾਣੀ ਪਿਤਾਮਾਤਾ ਧਰਤਿ ਮਹਤੁ’ ਗੁਰਬਾਣੀ ਵਿੱਚ ਪਾਣੀ ਨੂੰ ਪਿਤਾ ਦਾ ਦਰਜਾ ਦਿੱਤਾ ਗਿਆ ਹੈ। ਜਿਵੇਂ ਪਿਤਾ ਤੋਂ ਬਿਨਾਂ ਸੰਤਾਨ ਹੋਂਦ ਵਿੱਚ ਨਹੀਂ ਆ ਸਕਦੀ, ਉਸੇ ਤਰ੍ਹਾਂ ਜੀਵਨ ਦਾ ਵਿਕਾਸ ਵੀ ਪਾਣੀ ਤੋਂ ਬਿਨਾਂ ਅਸੰਭਵ ਹੈ।ਪ੍ਰੰਤੂ ਜੇਕਰ ਗੱਲ ਪੰਜਾਬ ਦੀ ਕੀਤੀ ਜਾਵੇ ਤਾਂ ਪੰਜਾਬ ਦਾ ਲਗਭਗ 40 ਫ਼ੀਸਦ ਧਰਤੀ ਹੇਠਲਾ ਪਾਣੀ ਪੀਣਯੋਗ ਨਹੀਂ ਹੈ ਕਿਉਂਕਿ ਇਸ ਵਿੱਚ ਖ਼ਤਰਨਾਕ ਰਸਾਇਣਾਂ, ਭਾਰੀ ਧਾਤਾਂ ਅਤੇ ਰੇਡੀਓਐਕਟਿਵ ਸਮੱਗਰੀ ਦੀ ਮਾਤਰਾ ਮਿਥੇ ਮਿਆਰਾਂ ਨਾਲੋਂ ਵੱਧ ਹੈ। ਦਹਾਕਿਆਂ ਤੋਂ ਸਮੇਂ ਦੀਆਂ ਸਰਕਾਰਾਂ ਵਲੋਂ ਧਿਆਨ ਨਾ ਦਿੱਤੇ ਜਾਣ ਕਾਰਨ ਸੂਬੇ ਦੇ ਧਰਤੀ ਹੇਠਲੇ ਪਾਣੀ ਦੇ ਮਿਆਰ ਵਿੱਚ ਲਗਾਤਾਰ ਗਿਰਾਵਟ ਆ ਰਹੀ ਹੈ। ਇਹ ਤੱਥ ਪੰਜਾਬ ਦੇ ਧਰਤੀ ਹੇਠਲੇ ਪਾਣੀ ਬਾਰੇ ਕੰਪਟਰੋਲਰ ਔਡੀਟਰ ਜਨਰਲ (ਕੈਗ) ਵਲੋਂ ਤਿਆਰ ਆਪਣੀ ਕਿਸਮ ਦੀ ਪਹਿਲੀ ਰਿਪੋਰਟ ਵਿੱਚ ਉਭਰ ਕੇ ਸਾਹਮਣੇ ਆਏ ਹਨ। ਜਲ ਸਰੋਤਾਂ ਬਾਰੇ ਵਿਭਾਗ ਦੇ ਸੂਤਰਾਂ ਅਨੁਸਾਰ 26 ਸਫ਼ਿਆਂ ਦੀ ਇਹ ਰਿਪੋਰਟ ਵੀਰਵਾਰ ਨੂੰ ਸ਼ੁਰੂ ਹੋ ਰਹੇ ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਵਿੱਚ ਰੱਖੀ ਜਾਵੇਗੀ। ਕੈਗ ਨੇ ਆਪਣੀ ਰਿਪੋਰਟ ਵਿੱਚ ਕਿਹਾ ਹੈ ਕਿ ਪੰਜਾਬ ਦੇ ਧਰਤੀ ਹੇਠਲੇ ਪਾਣੀ ਵਿੱਚ ਮਿਥੀ ਹੱਦ ਨਾਲੋਂ ਵੱਧ ਰਸਾਇਣਾਂ ਅਤੇ ਭਾਰੀ ਧਾਤਾਂ ਮਿਲੀਆਂ ਹਨ। ਮਨੁੱਖੀ ਵਰਤੋਂ ਦੀ ਗੱਲ ਤਾਂ ਛੱਡੋ, ਪੰਜਾਬ ਦਾ 10 ਫੀਸਦ ਧਰਤੀ ਹੇਠਲਾ ਪਾਣੀ ਤਾਂ ਸਿੰਜਾਈ ਲਈ ਵੀ ਵਰਤੋਂ ਯੋਗ ਨਹੀਂ ਹੈ। ਇਸ ਤੋਂ ਇਲਾਵਾ 30 ਫੀਸਦ ਜ਼ਮੀਨੀ ਪਾਣੀ ਮਿਥੇ ਮਿਆਰ ਨਾਲੋਂ ਵੱਧ ਖਾਰਾ ਹੈ, ਜੋ ਮਨੁੱਖੀ ਵਰਤੋਂ ਲਈ ਅਸੁਰੱਖਿਅਤ ਹੈ।ਅੰਮ੍ਰਿਤਸਰ, ਬਠਿੰਡਾ, ਫ਼ਿਰੋਜ਼ਪੁਰ, ਗੁਰਦਾਸਪੁਰ ਤੇ ਮੁਕਤਸਰ ਜ਼ਿਲ੍ਹਿਆਂ ਦਾ ਧਰਤੀ ਹੇਠਲਾ ਪਾਣੀ ਸਭ ਤੋਂ ਵੱਧ ਦੂਸ਼ਿਤ ਹੈ। ਜ਼ਿਲ੍ਹਾ ਰੂਪਨਗਰ, ਫਤਹਿਗੜ੍ਹ ਸਾਹਿਬ, ਲੁਧਿਆਣਾ, ਨਵਾਂਸ਼ਹਿਰ, ਪਟਿਆਲਾ ਵਿਚਲਾ ਧਰਤੀ ਹੇਠਲਾ ਪਾਣੀ ਕੈਡਮੀਅਮ ਦੀ ਮਾਤਰਾ ਵੱਧ ਹੋਣ ਕਾਰਨ ਦੂਸ਼ਿਤ ਹੈ। ਸੰਗਰੂਰ, ਐੱਸਏਐੱਸ ਨਗਰ, ਤਰਨ ਤਾਰਨ, ਅੰਮ੍ਰਿਤਸਰ, ਬਰਨਾਲਾ, ਬਠਿੰਡਾ, ਗੁਰਦਾਸਪੁਰ, ਕਪੂਰਥਲਾ, ਮਾਨਸਾ, ਰੂਪਨਗਰ ਦੇ ਪਾਣੀ ਵਿੱਚ ਕਰੋਮੀਅਮ ਦੀ ਮਾਤਰਾ ਵੱਧ ਹੈ ਜਦਕਿ ਸੂਬੇ ਦੇ ਦੱਖਣ-ਪੱਛਮੀ ਜ਼ਿਲ੍ਹਿਆਂ (ਮਾਨਸਾ, ਬਠਿੰਡਾ, ਮੋਗਾ, ਫ਼ਰੀਦਕੋਟ, ਬਰਨਾਲਾ, ਸੰਗਰੂਰ) ਵਿਚਲੇ ਧਰਤੀ ਹੇਠਲੇ ਪਾਣੀ ਵਿੱਚ ਭਾਰੀ ਧਾਤਾਂ ਤੋਂ ਇਲਾਵਾ ਯੂਰੇਨੀਅਮ (ਰੇਡੀਓਐਕਟਿਵ ਸਮੱਗਰੀ) ਦੀ ਮਾਤਰਾ ਲੋੜ ਨਾਲੋਂ ਵੱਧ ਪਾਈ ਗਈ ਹੈ ਲੋੜ ਤਾਂ ਇਸ ਗੱਲ ਦੀ ਹੈ ਪਾਣੀ ਦੇ ਪ੍ਰਦੂਸ਼ਣ, ਧਰਤੀ ਹੇਠਲੇ ਪਾਣੀ ਦੀ ਬਰਬਾਦੀ ਰੋਕਣ ਲਈ ਕਾਨੂੰਨ ਬਣਨ। ਕੁਦਰਤੀ ਸਾਧਨਾਂ ਦੇ ਨੁਕਸਾਨ ਦਾ ਹਿਸਾਬ-ਕਿਤਾਬ ਵਿਧਾਨ ਸਭਾ ਤੇ ਸੰਸਦ ‘ਚ ਰੱਖ ਕੇ ਵਿਕਾਸ ਦੇ ਨਾਮ ‘ਤੇ ਚੱਲ ਰਹੇ ਨਦੀ-ਜਲ ਪ੍ਰਦੂਸ਼ਣ ਤੇ ਬਰਬਾਦੀ ਨੂੰ ਪੂਰੇ ਦੇਸ ‘ਚ ਰੁਕਵਾਉਣਾ ਜ਼ਰੂਰੀ ਹੈ। ਜੇ ਇਹ ਨਾ ਹੋਇਆ, ਤਾਂ ਜ਼ਿੰਦਗੀ ਜਿਉਣੀ ਮੁਸ਼ਕਲ ਹੋ ਜਾਵੇਗੀ ਤੇ ਇਹ ਅਖੌਤੀ ਵਿਕਾਸ ਮਨੁੱਖੀ ਹੋਂਦ ਲਈ ਵਿਨਾਸ਼ ਬਣ ਜਾਵੇਗਾ। ਜਿੱਥੇ ਲੋਕ ਬਿਮਾਰ ਹੋਣਗੇ, ਉੱਥੇ ਫਿਰ ਕੌਣ ਉਦਯੋਗ ਲਗਾਏਗਾ। ਫਿਰ ਉੱਥੇ ਕਿਹੋ ਜਿਹਾ ਵਿਕਾਸ ਹੋਵੇਗਾ, ਇਹ ਤੁਸੀਂ ਭਲੀਭਾਂਤ ਜਾਣ ਸਕਦੇ ਹੋ। ਜਿਨ੍ਹਾਂ ਵਿਕਾਸ ਪ੍ਰਾਜੈਕਟਾਂ ਨੇ ਦੇਸ ਤੇ ਮਨੁੱਖਤਾ ਨੂੰ ਤਬਾਹ ਕੀਤਾ ਹੈ, ਉਨ੍ਹਾਂ ਨੂੰ ਰੁਕਵਾਉਣਾ ਤੇ ਲੋਕਾਂ, ਪਾਣੀ, ਜ਼ਮੀਨ, ਜੰਗਲ, ਜੰਗਲੀ ਜੀਵਨ ਨੂੰ ਖੁਸ਼ਹਾਲ ਬਣਾਉਣ ਦਾ ਰਸਤਾ ਸੁਝਾਉਣਾ ਜ਼ਰੂਰੀ ਹੈ। ਇਸ ਸੰਬੰਧੀ ਲੋਕਾਂ ਨੂੰ ਜਾਗ੍ਰਿਤ ਹੋਣਾ ਜ਼ਰੂਰੀ ਹੈ ਤੇ ਇਹ ਮੁੱਦਾ ਸਭ ਸਿਆਸੀ ਪਾਰਟੀਆਂ ਦਾ ਏਜੰਡਾ ਬਣਨਾ ਚਾਹੀਦਾ ਹੈ। ਇਹ ਤਾਂ ਹੀ ਸੰਭਵ ਹੈ ਜੇ ਲੋਕ ਆਪਣੀ ਜ਼ਿੰਦਗੀ ਪ੍ਰਤੀ ਸੁਚੇਤ ਹੋਣਗੇ।

You must be logged in to post a comment Login