ਪੰਜਾਬੀ ਸਿਨੇਮੇ ਦੇ ਤਿੰਨ ਸਫ਼ਲ ਹੀਰੋ

ਪੰਜਾਬੀ ਸਿਨੇਮੇ ਦੇ ਤਿੰਨ ਸਫ਼ਲ ਹੀਰੋ

swarn tehna

ਸਵਰਨ ਸਿੰਘ ਟਹਿਣਾ

ਭਾਵੇਂ ਪੰਜਾਬੀ ਸਿਨੇਮੇ ਦਾ ਹੀਰੋ ਬਣਨ ਲਈ ਹਰ ਕੋਈ ਕਾਹਲਾ ਹੈ, ਪਰ ਦਰਜਨਾਂ ਵਿਚੋਂ ਨਾਵਾਂ ਵਿਚੋਂ ਪੰਜਾਬੀ ਸਿਨੇਮੇ ‘ਚ ਬਤੌਰ ਹੀਰੋ ਅੱਜ ਸਿਰਫ਼ ਤਿੰਨ ਗਾਇਕ ਸਫ਼ਲ ਹਨ। ਇਹ ਨਹੀਂ ਕਿ ਪੰਜਾਬੀ ਸਿਨੇਮੇ ਨੂੰ ਹੋਰ ਨਾਇਕਾਂ ਦਾ ਯੋਗਦਾਨ ਨਹੀਂ, ਸਗੋਂ ਵਰਿੰਦਰ, ਰਾਜ ਬੱਬਰ, ਸਤੀਸ਼ ਕੌਲ, ਗੁੱਗੂ ਗਿੱਲ, ਗੁਰਦਾਸ ਮਾਨ ਤੇ ਹਰਭਜਨ ਮਾਨ ਸਮੇਤ ਹੋਰ ਕਈ ਨਾਇਕਾਂ ਨੇ ਲੰਮਾ ਸਮਾਂ ਪੰਜਾਬੀ ਸਿਨੇਮੇ ਨੂੰ ਪਸੰਦ ਲਾਇਕ ਬਣਾਉਣ ਵਿੱਚ ਵੱਡੀ ਭੂਮਿਕਾ ਅਦਾ ਕੀਤੀ। ਪਰ ਜੇ ਗੱਲ ਸਿਰਫ਼ ਤੇ ਸਿਰਫ਼ ਅੱਜ ਦੀ ਕਰਨੀ ਹੋਵੇ ਤਾਂ ਤਿੰਨ ਜਣਿਆਂ ਦੇ ਨਾਂਅ ਹੀ ਸਭ ਦੇ ਜ਼ਿਹਨ ‘ਚ ਆਉਂਦੇ ਹਨ। ਇਹ ਤਿੰਨੇ ਗਾਇਕ ਨੇ ਤੇ ਅਦਾਕਾਰੀ ਵੱਲ ਆਉਣ ਤੋਂ ਕਈ ਸਾਲ ਪਹਿਲਾਂ ਤੱਕ ਸਿਰਫ਼ ਗਾਉਂਦੇ ਰਹੇ। ਗਾਉਂਦਿਆਂ-ਗਾਉਂਦਿਆਂ ਇਨ੍ਹਾਂ ਦੀ ਏਨੀ ਗੁੱਡੀ ਚੜ੍ਹ ਗਈ ਕਿ ਪ੍ਰੋਡਿਊਸਰਾਂ ਵੱਲੋਂ ਇਨ੍ਹਾਂ ਦੇ ਨਾਂ ਦਾ ਫ਼ਾਇਦਾ ਲੈਣ ਲਈ ਫ਼ਿਲਮਾਂ ਦੀ ਪੇਸ਼ਕਸ਼ ਸ਼ੁਰੂ ਹੋਈ ਤੇ ਦੇਖਦਿਆਂ-ਦੇਖਦਿਆਂ ਇਹ ਤਿੰਨੇ ਪੰਜਾਬੀ ਸਿਨੇਮੇ ਦੀ ਜਿੰਦ-ਜਾਨ ਬਣ ਗਏ। ਇਹ ਤਿੰਨ ਨਾਂਅ ਦਿਲਜੀਤ ਦੋਸਾਂਝ, ਗਿੱਪੀ ਗਰੇਵਾਲ ਤੇ ਅਮਰਿੰਦਰ ਗਿੱਲ ਹਨ। ਤਿੰਨਾਂ ਨੂੰ ਹੁਣ ਕਹਾਣੀ ਚੋਣ ਦੀ ਸਮਝ ਹੈ, ਫ਼ਿਲਮ ਰਿਲੀਜ਼ ਲਈ ਆਉਂਦੀਆਂ ਅੜਚਣਾਂ ਦਾ ਪਤਾ ਹੈ, ਪ੍ਰਚਾਰ ਤੋਂ ਲੈ ਕੇ ਵੱਟਤ ਤੱਕ ਦਾ ਗਿਆਨ ਹੈ। ਪਰ ਤਿੰਨਾਂ ਨੂੰ ਫ਼ਿਲਮਸਾਜ਼ਾਂ ਵੱਲੋਂ ਆਪਣੀ ਫ਼ਿਲਮ ਲਈ ਮਨਾਉਣਾ ਮਹਿੰਗਾ ਵੀ ਬਹੁਤ ਹੈ। ਜਿੰਨਾ ਕੁ ਬੱਜਟ ਇੱਕ ਸਧਾਰਨ ਫ਼ਿਲਮ ਦਾ ਹੁੰਦਾ ਹੈ, ਓਨਾ ਬੱਜਟ ਇੱਕ-ਇੱਕ ਹੀਰੋ ਦਾ ਹੈ। ਜ਼ਾਹਰ ਹੈ ਜਦੋਂ ਹੀਰੋ ਨੂੰ ਏਨਾ ਪੈਸਾ ਦੇਣਾ ਹੋਵੇ ਤਾਂ ਨਿਰਮਾਤਾ ਦਾ ਕੁੱਲ ਬੱਜਟ ਚੰਗਾ ਹੋਵੇਗਾ ਤੇ ਜਦੋਂ ਬੱਜਟ ਚੰਗਾ ਹੋਵੇਗਾ ਤਾਂ ਡਾਇਰੈਕਟਰ, ਹੀਰੋਇਨ, ਕਾਮੇਡੀਅਨ, ਕਹਾਣੀਕਾਰ, ਕੈਮਰਾਮੈਨ, ਫਾਈਟ ਮਾਸਟਰ, ਐਡੀਟਿੰਗ, ਪੀ.ਆਰ ਆਦਿ ਸਭ ਕੁਝ ਉੱਚ ਪਾਏ ਦਾ ਹੋਵੇਗਾ। ਜਦੋਂ ਦਿਲਜੀਤ ਦੋਸਾਂਝ ਰਾਜਿੰਦਰ ਸਿੰਘ ਦੇ ਕੈਂਪ ਦਾ ਗਾਇਕ ਹੁੰਦਾ ਸੀ, ਉਦੋਂ ਉਸ ਨੇ ਵੀ ਨਹੀਂ ਸੋਚਿਆ ਹੋਣਾ ਕਿ ਇੱਕ ਦਿਨ ਇਹ ਮੁਕਾਮ ਮਿਲੇਗਾ। ਪਰ ਸਿਆਣੇ ਆਖਦੇ ਨੇ ਕਿ ਜੋ ਕੁਝ ਤੁਹਾਨੂੰ ਮਿਲਣਾ ਹੁੰਦੈ, ਉਹ ਦੌੜ ਕੇ ਤੁਹਾਡੇ ਵੱਲ ਆਉਂਦੈ ਤੇ ਕਿਸੇ ਦੇ ਰੋਕਿਆਂ ਨਹੀਂ ਰੁਕਦਾ। ‘ਇਸ਼ਕ ਦਾ À..ਅ..’ ਜ਼ਰੀਏ ਪੰਜਾਬੀ ਗਾਇਕੀ ਵਿੱਚ ਪੈਰ ਧਰਾਵਾ ਕਰਨ ਵਾਲਾ ਦਿਲਜੀਤ ਕਈ ਸਾਲ ‘ਫਾਈਨਟੋਨ’ ਨਾਲ ਜੁੜ ਕੇ ਕੰਮ ਕਰਦਾ ਰਿਹਾ। ਕੁਝ ਸਾਲ ਪਹਿਲਾਂ ਉਸ ਨੇ ਕਿਹਾ ਸੀ, ‘ਭਾਵੇਂ ਹੁਣ ਮੇਰੀ ਵੱਖਰੀ ਪਛਾਣ ਹੈ, ਪਰ ਮੈਂ ਅੱਜ ਵੀ ਰਾਜਿੰਦਰ ਸਿੰਘ ਦੀ ਅੱਖ ‘ਚ ਅੱਖ ਪਾ ਕੇ ਨਹੀਂ ਦੇਖ ਸਕਦਾ। ਮੇਰੇ ਮਨ ਵਿੱਚ ਅੱਜ ਵੀ ਵੱਖਰਾ ਜਿਹਾ ਡਰ ਰਹਿੰਦਾ ਹੈ।’ ਉਹ ਗਾਉਂਦਾ ਗਿਆ, ਹਿੱਟ ਹੁੰਦਾ ਗਿਆ ਤੇ ਨਾਲ-ਨਾਲ ਵਿਰੋਧ ਵੀ ਚੱਲੀ ਗਿਆ। ਹੌਲੀ-ਹੌਲੀ ਉਹ ਗੰਭੀਰ ਹੋਇਆ ਤੇ ਪੰਜਾਬੀ ਗਾਇਕੀ ਤੇ ਨਾਇਕੀ ਵਿੱਚ ਪੱਕੇ ਪੈਰੀਂ ਹੋ ਗਿਆ। ਮੈਂ ਉਸ ਦੀ ਮਾੜੀ ਗਾਇਕੀ ਖਿਲਾਫ਼ ਲਿਖਦਾ ਰਿਹਾ ਹਾਂ, ਪਰ ਇੰਜ ਵੀ ਮਹਿਸੂਸ ਕਰਦਾ ਰਿਹਾ ਹਾਂ ਕਿ ਅਟਪਟਾ ਗਾਉਣ ਵੇਲ਼ੇ ਉਹ ਨਿਆਣਮੱਤੀਆਂ ਕਰਦਾ ਸੀ। ਜਦੋਂ ਉਸ ਨੇ ‘ਲਾਇਨਜ਼ ਆਫ਼ ਪੰਜਾਬ’ ਫ਼ਿਲਮ ਵਿੱਚ ਕੰਮ ਕੀਤਾ ਤਾਂ ਜਾਪਦਾ ਸੀ ਬਾਲੀਵੁੱਡ ਡਾਇਰੈਕਟਰ ਨਾਲ ਕੰਮ ਕਰਨ ਕਰਕੇ ਉਸ ਦਾ ਕੱਦ ਬਹੁਤ ਉੱਚਾ ਹੋ ਜਾਵੇਗਾ, ਪਰ ਫ਼ਿਲਮ ਦਾ ਕੁਝ ਨਾ ਵੱਟਿਆ ਗਿਆ ਤੇ ਉਸ ਪੱਲੇ ਨਿਰਾਸ਼ਾ ਪਈ।
ਫਿਰ ‘ਜੱਟ ਐਂਡ ਜੂਲੀਅਟ’ ਆਈ, ਜਿਸ ਨੇ ਉਸ ਨੂੰ ਦਿਨਾਂ ਵਿੱਚ ਹੀ ਸੁਪਰ ਸਟਾਰ ਬਣਾ ਦਿੱਤਾ। ਫੇਰ ‘ਜੱਟ ਐਂਡ ਜੂਲੀਅਟ-2’, ‘ਪੰਜਾਬ 1984’ ਤੇ ‘ਸਰਦਾਰ ਜੀ’ ਫ਼ਿਲਮਾਂ ਵੀ ਕਾਮਯਾਬ ਹੋਈਆਂ ਤਾਂ ਦਿਲਜੀਤ ਪੰਜਾਬੀ ਸਿਨੇਮੇ ਦੀ ਜਿੰਦ ਜਾਨ ਬਣ ਗਿਆ। ਉਸ ਨੇ ‘ਪੰਜਾਬ 1984’ ਜ਼ਰੀਏ ਆਪਣੀ ਗੰਭੀਰਤਾ ਦਿਖਾਈ ਤੇ ‘ਜੱਟ ਐਂਡ ਜੂਲੀਅਟ’ ਵਿੱਚ ਨਟਖਟ ਪੁਲਸੀਆ ਪ੍ਰਭਾਵ ਛੱਡਿਆ। ਹੁਣ ਉਸ ਦੀ ਫ਼ਿਲਮ ‘ਮੁਖਤਿਆਰ ਚੱਢਾ’ ਰਿਲੀਜ਼ ਹੋਣ ਵਾਲੀ ਹੈ, ਜਿਸ ਤੋਂ ਬਾਅਦ ‘ਉੱਡਤਾ ਪੰਜਾਬ’ ਆਵੇਗੀ ਤੇ ਫੇਰ ‘ਅੰਬਰਸਰੀਆ।’
ਇਸ ਕਾਮਯਾਬੀ ਵਿੱਚ ਉਸ ਦੀ ਕਾਬਲੀਅਤ, ਫੁਰਤੀਲਾਪਣ ਤੇ ਕੁਸ਼ਲ ਪ੍ਰਬੰਧਾਂ ਦਾ ਯੋਗਦਾਨ ਤਾਂ ਹੈ ਹੀ, ‘ਵਾਈਟ ਹਿੱਲ ਪ੍ਰੋਡਕਸ਼ਨ’ ਨੂੰ ਵੀ ਅਣਡਿੱਠ ਨਹੀਂ ਕੀਤਾ ਜਾ ਸਕਦਾ, ਜਿਸ ਨੇ ਹਰ ਫ਼ਿਲਮ ਜ਼ਰੀਏ ਉਸ ਦਾ ਗ਼੍ਰਾਫ਼ ਉੱਪਰ ਕੀਤਾ। ਅਗਲੇ ਸਾਲ ਜੂਨ ਮਹੀਨੇ ਹੁਣ ਏਸੇ ਬੈਨਰ ਵੱਲੋਂ ਉਸ ਦੀ ਫ਼ਿਲਮ ‘ਸਰਦਾਰ ਜੀ ਰਿਟਰਨਜ਼’ ਰਿਲੀਜ਼ ਕੀਤੀ ਜਾਵੇਗੀ, ਜਿਸ ਦੀ ਸ਼ੂਟਿੰਗ ਆਉਂਦੇ ਦਿਨੀਂ ਸ਼ੁਰੂ ਹੋ ਰਹੀ ਹੈ।
ਪੰਜਾਬੀ ਸਿਨੇਮੇ ਵਿੱਚ ਗਿੱਪੀ ਗਰੇਵਾਲ ਨੇ ਵੀ ਭਰਵਾਂ ਯੋਗਦਾਨ ਪਾਇਆ ਹੈ। ਲੁਧਿਆਣਾ ਜ਼ਿਲ੍ਹੇ ਦੇ ਪਿੰਡ ਕੂਮ ਕਲਾਂ ਦਾ ਜੰਮਿਆ-ਜਾਇਆ ਗਿੱਪੀ ਜਦੋਂ ਰਾਜਿੰਦਰ ਸਿੰਘ ਦੀ ਕੰਪਨੀ ਵਿੱਚ ‘ਮੇਲੇ ਮਿੱਤਰਾਂ ਦੇ’ ਕੈਸਿਟ ਲੈ ਕੇ ਆਇਆ ਸੀ ਤਾਂ ਕਿਸੇ ਹੋਰ ਨੂੰ ਭਾਵੇਂ ਯਕੀਨ ਨਾ ਹੋਵੇ ਕਿ ਉਹ ਏਨਾ ਸਫ਼ਲ ਹੋਵੇਗਾ, ਪਰ ਉਸ ਦਾ ਉਤਸ਼ਾਹ ਸਿਖਰ ‘ਤੇ ਸੀ। ਉਹ ਕਹਿੰਦਾ ਸੀ, ‘ਇੱਕ ਮੌਕਾ ਮਿਲ ਜਾਵੇ ਬਸ, ਬਾਕੀ ਕੰਮ ਮੈਂ ਆਪੇ ਕਰ ਲੈਣੈ…।’ ਤੇ ਬਿਨਾਂ ਸ਼ੱਕ ਉਹ ਕੰਮ ਕਰਦਾ-ਕਰਦਾ ਅੱਜ ਉਸ ਥਾਂ ਪਹੁੰਚ ਗਿਆ, ਜਿੱਥੇ ਉਸ ਦੇ ਗਾਣੇ ਤੇ ਫ਼ਿਲਮ ਦਾ ਮੁੱਲ ਭਰਨਾ ਹਰ ਪ੍ਰੋਡਿਊਸਰ ਦੇ ਵੱਸ ਦੀ ਗੱਲ ਨਹੀਂ। ‘ਪਾਵੇਂ ਫੁਲਕਾਰੀ ਉਤੇ ਵੇਲ ਬੂਟੀਆਂ’, ਉਸ ਦਾ ਪਹਿਲਾ ਹਿੱਟ ਗਾਣਾ ਸੀ ਤੇ ਬਾਅਦ ਵਿੱਚ ਨਾ ਉਸ ਨੇ ਕਦੇ ਹਿੱਟ ਗਾਣਿਆਂ ਦੀ ਗਿਣਤੀ ਕੀਤੀ ਹੋਣੀ ਏ ਤੇ ਨਾ ਅਸੀਂ, ਕਿਉਂਕਿ ਹਿੱਟ ਹੋ ਹੀ ਏਨੇ ਗਏ। ਉਹ ਕਿਸਮਤ ਦਾ ਏਨਾ ਧਨੀ ਨਿਕਲਿਆ ਤੇ ਪੌਪ, ਰੈਪ, ਸੈਡ, ਦੋਗਾਣਾ ਹਰ ਵਿਧਾ ਵਿੱਚ ਸਫ਼ਲ ਹੋਇਆ। ਗਿੱਪੀ ਦੀ ਪਹਿਲੀ ਫ਼ਿਲਮ ‘ਮੇਲ ਕਰਾਦੇ ਰੱਬਾ’ ਸੀ, ਜਿਸ ਵਿੱਚ ਉਸ ਦੀ ਸੋਹਣੀ ਹਾਜ਼ਰੀ ਲੱਗੀ। ਇਹ ਫ਼ਿਲਮ ਜਿੰਮੀ ਸ਼ੇਰਗਿੱਲ ਦੀ ਸੀ, ਪਰ ਛੋਟੇ ਕਿਰਦਾਰ ਦੇ ਬਾਵਜੂਦ ਗਿੱਪੀ ਨੂੰ ਸਿਨੇਮਾ ਪ੍ਰੇਮੀਆਂ ਨੇ ਪਸੰਦ ਕੀਤਾ। ਅਸਲ ਸਫ਼ਲਤਾ ਉਸ ਨੂੰ ‘ਕੈਰੀ ਆਨ ਜੱਟਾ’ ਜ਼ਰੀਏ ਮਿਲੀ। ਇਹ ਉਹ ਸਫ਼ਲਤਾ ਸੀ, ਜਿਸ ਦਾ ਸਵਾਦ ਚੱਖਣ ਲਈ ਹਰ ਕਲਾਕਾਰ ਇੱਛਾ ਪਾਲਦਾ ਹੈ, ਪਰ ਬਹੁਤਿਆਂ ਦੀ ਇੱਛਾ ਸਿਰਫ਼ ਇੱਛਾ ਹੀ ਰਹਿ ਜਾਂਦੀ ਹੈ। ਇਸ ਫ਼ਿਲਮ ਨੇ ਪੰਜਾਬੀ ਸਿਨੇਮੇ ਨੂੰ ਨਵਾਂ ਮੁਹਾਂਦਰਾ ਦੇ ਦਿੱਤਾ। ਜੇ ਇਹ ਕਹਿ ਲਿਆ ਜਾਵੇ ਕਿ ਇਸ ਫ਼ਿਲਮ ਦੀ ਨਕਲ ਕਰਦਿਆਂ ਹੀ ਸੈਂਕੜੇ ਪ੍ਰੋਡਿਊਸਰਾਂ ਨੇ ਕਾਮੇਡੀ ਫ਼ਿਲਮਾਂ ਬਣਾਉਣੀਆਂ ਸ਼ੁਰੂ ਕੀਤੀਆਂ ਤਾਂ ਗ਼ਲਤ ਗੱਲ ਨਹੀਂ ਹੋਵੇਗੀ। ਇਸ ਫ਼ਿਲਮ ਤੋਂ ਬਾਅਦ ਗਿੱਪੀ ‘ਤੇ ਦਾਅ ਲਾਉਣਾ ਪ੍ਰੋਡਿਊਸਰਾਂ ਨੂੰ ਰਿਸਕ ਦੀ ਗੱਲ ਨਾ ਜਾਪੀ। ਉਸ ਦੀਆਂ ਲਗਾਤਾਰ ਫ਼ਿਲਮਾਂ ਆਉਂਦੀਆਂ ਗਈਆਂ, ਜਿਨ੍ਹਾਂ ਵਿਚੋਂ ਬਹੁਤੀਆਂ ਸਫ਼ਲ ਹੋਈਆਂ। ਪੰਜਾਬੀ ਫ਼ਿਲਮਾਂ ਵਿੱਚ ਭਰਵੀਂ ਹਾਜ਼ਰੀ ਲਵਾਉਂਦਿਆਂ ਗਿੱਪੀ ਨੇ ਹਿੰਦੀ ਫ਼ਿਲਮ ‘ਸੈਕਿੰਡ ਹੈਂਡ ਹਸਬੈਂਡ’ ਕੀਤੀ, ਜਿਸ ਨੂੰ ਰਲਵਾਂ ਮਿਲਵਾਂ ਹੁੰਗਾਰਾ ਮਿਲਿਆ। ਉਸ ਦੀਆਂ ਭਵਿੱਖੀ ਫ਼ਿਲਮਾਂ ‘ਲੌਕ’ ਅਤੇ ‘ਕਪਤਾਨ’ ਹਨ, ਜਿਨ੍ਹਾਂ ਤੋਂ ਉਸ ਨੂੰ ਬੇਹੱਦ ਉਮੀਦਾਂ ਹਨ। ਗਿੱਪੀ ਦਾ ਕਹਿਣਾ ਹੈ ਕਿ ਹਿੰਦੀ ਸਿਨੇਮੇ ਵਿੱੱਚ ਹੁਣ ਦੁਬਾਰਾ ਫਿਰ ਪੱਕੇ ਇਰਾਦੇ ਨਾਲ ਉਤਰਾਂਗਾ ਤੇ ਪੰਜਾਬੀ ਸਿਨੇਮੇ ਨਾਲ ਵੀ ਪਹਿਲਾਂ ਵਾਂਗ ਹੀ ਜੁੜਿਆ ਰਹਾਂਗਾ। ਬਹੁਤ ਜਲਦ ਉਸ ਦੀ ਨਵੀਂ ਐਲਬਮ ‘ਦੇਸੀ ਰੌਕਸਟਾਰ-2’ ਰਿਲੀਜ਼ ਹੋਣ ਜਾ ਰਹੀ ਹੈ। ਦਿਲਜੀਤ ਤੇ ਗਿੱਪੀ ਵਾਂਗ ਅਮਰਿੰਦਰ ਗਿੱਲ ਅੱਜ ਦਾ ਸਟਾਰ ਹੀਰੋ ਹੈ। ਮੇਰੀ ਉਸ ਨਾਲ ਸਾਂਝ ਉਦੋਂ ਦੀ ਹੈ, ਜਦੋਂ ਉਹ ‘ਐਵੇਂ ਹੱਸ ਕੇ ਨਾ ਲੰਘਿਆ ਕਰ ਨੀਂ, ਸਾਨੂੰ ਇਸ਼ਕ ਹੋ ਗਿਆ’ ਗਾਉਂਦਾ ਸੀ। ਉਦੋਂ ਉਹ ਅੱਲ੍ਹੜ ਜਿਹਾ ਹੁੰਦਾ ਸੀ ਤੇ ਲੱਗਦਾ ਨਹੀਂ ਸੀ ਕਿ ਏਥੋਂ ਤੱਕ ਦਾ ਸਫ਼ਰ ਏਨੀ ਸ਼ਿੱਦਤ ਨਾਲ ਤੈਅ ਕਰ ਲਵੇਗਾ। ਉਹ ਬੈਂਕ ਵਿੱਚ ਨੌਕਰੀ ਕਰਦਾ ਰਿਹਾ ਤੇ ਨਾਲ-ਨਾਲ ਗਾਈ ਗਿਆ। ‘ਦਿਲਦਾਰੀਆਂ’ ਐਲਬਮ ਨੇ ਅਮਰਿੰਦਰ ਨੂੰ ਸੁਪਰ ਸਟਾਰ ਬਣਾ ਦਿੱਤਾ ਤੇ ਫੇਰ ਉਹ ਆਪਣੀ ਸਿਆਣਪ ਕਾਰਨ ਕਦੇ ਹੇਠਾਂ ਨਾ ਆਇਆ।
ਅਮਰਿੰਦਰ ਦੀ ਸੰਜੀਦਗੀ ਨੇ ਮੈਨੂੰ ਹਮੇਸ਼ਾ ਪ੍ਰਭਾਵਤ ਕੀਤਾ ਹੈ। ਇਹ ਉਸ ਦੀ ਸਿਆਣਪ ਦਾ ਹੀ ਨਤੀਜਾ ਹੈ ਕਿ ਜੇ ਉਸ ਨੂੰ ਨਵੀਂ ਪੀੜ੍ਹੀ ਦੇ ਲੋਕ ਪਸੰਦ ਕਰਦੇ ਹਨ ਤਾਂ ਬਜ਼ੁਰਗ ਵੀ ਉਸ ਦੇ ਮੁਰੀਦ ਹਨ।
ਗਾਇਕੀ ਦੇ ਨਾਲ ਉਸ ਨੇ ਵੀ ਫ਼ਿਲਮਾਂ ਵਿੱਚ ਪੈਰ ਧਰਾਵਾ ਕੀਤਾ ਜਿੰਮੀ ਸ਼ੇਰਗਿੱਲ ਦੀ ਫ਼ਿਲਮ ਜ਼ਰੀਏ। ਫ਼ਿਲਮ ਸੀ, ‘ਮੁੰਡੇ ਯੂ.ਕੇ ਦੇ’, ਪਰ ਉਸ ਦਾ ਰੋਲ ਛੋਟਾ ਸੀ। ਉਸ ਦਾ ਭੋਲ਼ਾਪਣ, ਮਾਸੂਮੀਅਤ ਦਰਸ਼ਕਾਂ ਨੂੰ ਪਸੰਦ ਆਈ ਤੇ ਫੇਰ ਉਹ ਪੂਰੇ ਹੀਰੋ ਦੇ ਰੂਪ ਵਿੱਚ ਦਿਸਣਾ ਸ਼ੁਰੂ ਹੋਇਆ।
ਅਮਰਿੰਦਰ ਨੂੰ ਪੱਕੀ ਸਫ਼ਲਤਾ ‘ਡੈਡੀ ਕੂਲ, ਮੁੰਡੇ ਫੂਲ’ ਜ਼ਰੀਏ ਮਿਲੀ, ਜਿਸ ਵਿੱਚ ਹਰ ਗੱਲ ‘ਤੇ ਹਾਸਾ ਸੀ। ਜਦੋਂ ‘ਗੋਰਿਆਂ ਨੂੰ ਦਫ਼ਾ ਕਰੋ’ ਆਈ’ ਤਾਂ ਉਹ ਸਲਾਹੁਣਯੋਗ ਹੀਰੋ ਬਣ ਗਿਆ ਤੇ ਹੁਣ ਜਦੋਂ ‘ਅੰਗਰੇਜ਼’ ਆਈ ਤਾਂ ਉਹ ਪਹਿਲੀ ਕਤਾਰ ਦਾ ਹੀਰੋ ਬਣਨ ਦੇ ਨਾਲ-ਨਾਲ ਪੰਜਾਬੀ ਸਿਨੇਮੇ ਲਈ ਸਾਰਥਿਕ ਯਤਨ ਕਰਨ ਵਾਲਾ ਇਨਸਾਨ ਵੀ ਬਣ ਗਿਆ। ਵੱਡੀ ਗਿਣਤੀ ਲੋਕਾਂ ਨੇ ‘ਅੰਗਰੇਜ਼’ ਦੀ ਤੁਲਨਾ ‘ਲੌਂਗ ਦਾ ਲਿਸ਼ਕਾਰਾ ਤੇ ‘ਚੰਨ ਪ੍ਰਦੇਸੀ’ ਫ਼ਿਲਮਾਂ ਨਾਲ ਕੀਤੀ। ਕਈ ਵਾਰ ਫ਼ਿਲਮ ਕਮਾਈ ਬਹੁਤ ਕਰ ਜਾਂਦੀ ਹੈ, ਪਰ ਹੀਰੋ ਦਾ ਕੱਦ ਉੱਪਰ ਨਹੀਂ ਚੁੱਕਦੀ, ਪਰ ‘ਅੰਗਰੇਜ਼’ ਨੇ ਵੱਟਤ ਅਤੇ ਕੱਦ ਦੋਹਾਂ ਨੂੰ ਉੱਪਰ ਪੁਚਾਇਆ। ਸੜਕਾਂ ‘ਤੇ ਜਾਂਦਿਆਂ ਜਦੋਂ ਗੱਡੀਆਂ ਪਿੱਛੇ ‘ਗੇਜੇ ਦੀ ਧੰਨ ਕੁਰ’ ਲਿਖਿਆ ਪੜ੍ਹਦੇ ਹਾਂ, ਤਾਂ ਅਮਰਿੰਦਰ ਦੀ ਸਫ਼ਲਤਾ ‘ਤੇ ਹੋਰ ਮਾਣ ਹੋ ਜਾਂਦਾ ਹੈ। ਇਸ ਫਿਲਮ ਨੇ ਨਵੇਂ ਪੋਚ ਨੂੰ ਅਤੀਤ ਨਾਲ ਜੋੜਨ ਵਿੱਚ ਜਿਹੜੀ ਸਫ਼ਲਤਾ ਹਾਸਲ ਕੀਤੀ, ਉਸ ਬਾਰੇ ਜਿੰਨਾ ਮਰਜ਼ੀ ਲਿਖਿਆ ਜਾ ਸਕਦਾ ਹੈ। ਅਮਰਿੰਦਰ ਗਿੱਲ ਇਨ੍ਹੀਂ ਦਿਨੀਂ ਇੱਕ ਹੋਰ ਵੱਡੀ ਫ਼ਿਲਮ ‘ਤੇ ਕੰਮ ਕਰ ਰਿਹਾ ਹੈ, ਜਿਹੜੀ ਅਗਲੇ ਸਾਲ 25 ਮਾਰਚ ਨੂੰ ਰਿਲੀਜ਼ ਹੋਵੇਗੀ। ਫ਼ਿਲਮ ਦਾ ਨਾਂਅ ‘ਲਵ ਪੰਜਾਬ’ ਹੈ ਤੇ ਇਸ ਵਿੱਚ ਇੱਕ ਵਾਰ ਫੇਰ ਗੇਜਾ ਤੇ ਧੰਨ ਕੁਰ, ਭਾਵ ਅਮਰਿੰਦਰ ਤੇ ਸਰਗੁਣ ਮਹਿਤਾ ਨਜ਼ਰ ਆਉਣਗੇ। ਅਮਰਿੰਦਰ ਦੀ ਕਾਮਯਾਬੀ ਵਿੱਚ ਉਸ ਦੀ ਮੈਨੇਜਮੈਂਟ ਦਾ ਵੱਡਾ ਯੋਗਦਾਨ ਤੇ ਜਦੋਂ ਮੈਨੇਜਮੈਂਟ ਦੀ ਗੱਲ ਤੁਰਦੀ ਹੈ ਤਾਂ ਕਾਰਜ ਗਿੱਲ ਦਾ ਜ਼ਿਕਰ ਆਪ ਮੁਹਾਰੇ ਹੋ ਜਾਂਦਾ ਹੈ। ਜਿਵੇਂ ਕਿ ਪਹਿਲਾਂ ਗੱਲ ਕੀਤੀ ਹੈ ਕਿ ਇਨ੍ਹਾਂ ਤਿੰਨਾਂ ਨਾਇਕਾਂ ਵਾਂਗ ਹੋਰ ਬਹੁਤ ਸਾਰੇ ਨਵੇਂ-ਪੁਰਾਣੇ ਚਿਹਰਿਆਂ ਨੇ ਪੰਜਾਬੀ ਸਿਨੇਮੇ ਨੂੰ ਅੱਗੇ ਲਿਜਾਣ ਵਿੱਚ ਯੋਗਦਾਨ ਪਾਇਆ ਹੈ, ਜਿਨ੍ਹਾਂ ਨੂੰ ਭੁੱਲਿਆ ਨਹੀਂ ਜਾ ਸਕਦਾ। ਪਰ ਗਲੈਮਰ ਦੇ ਖੇਤਰ ਵਿੱਚ ਚਲੰਤ ਨੂੰ ਹਮੇਸ਼ਾ ਤਰਜ਼ੀਹ ਦਿੱਤੀ ਜਾਂਦੀ ਹੈ ਕਿ ਅੱਜ ਕੌਣ ਚੱਲ ਰਿਹਾ ਹੈ, ਕਿਹੜਾ ਕਾਮਯਾਬ ਹੈ ਤੇ ਬਿਨਾਂ ਸ਼ੱਕ ਇਨ੍ਹਾਂ ਤਿੰਨਾਂ ਵਰਗਾ ਅੱਜ ਦੀ ਤਰੀਕ ਵਿੱਚ ਹੋਰ ਕੋਈ ਨਹੀਂ।

You must be logged in to post a comment Login