ਪੰਜਾਬ ਕਰੇਗਾ ਸੰਯੁਕਤ ਅਰਬ ਅਮੀਰਾਤ ਨੂੰ 2000 ਮੀਟਰਕ ਟਨ ਕਿਨੂੰਆਂ ਦੀਆਂ ਬਰਾਮਦਗੀ

ਪੰਜਾਬ ਕਰੇਗਾ ਸੰਯੁਕਤ ਅਰਬ ਅਮੀਰਾਤ ਨੂੰ 2000 ਮੀਟਰਕ ਟਨ ਕਿਨੂੰਆਂ ਦੀਆਂ ਬਰਾਮਦਗੀ

ਚੰਡੀਗੜ : ਪੰਜਾਬ ਐਗਰੋ ਨੂੰ ਪੰਜਾਬ ਤੋਂ 2000 ਮੀਟਰਕ ਟਨ ਤਾਜ਼ਾ ਕਿਨੂੰ ਬਰਾਮਦ ਕਰਨ ਲਈ ਸੰਯੁਕਤ ਅਰਬ ਅਮੀਰਾਤ (ਯੂਏਈ) ਤੋਂ ਆਰਡਰ ਮਿਲਿਆ ਹੈ। ਇਹ ਪ੍ਰਗਟਾਵਾ ਕਰਦਿਆਂ ਪੰਜਾਬ ਐਗਰੋ ਦੇ ਮੈਨੇਜਿੰਗ ਡਾਇਰੈਕਟਰ ਸਿਬਿਨ ਸੀ. ਨੇ ਦੱਸਿਆ ਕਿ ਪ੍ਰਚੂਨ ਵਿਕਰੀ ਮਾਲ ਦੇ ਏਸ਼ੀਆ `ਚ ਵੱਡੇ ਦੁਬਈ ਅਧਾਰਿਤ ਲੁਲੁ ਗਰੁੱਪ ਨੇ ਪੰਜਾਬ ਐਗਰੋ ਨਾਲ ਇਸ ਆਰਡਰ ਨੂੰ ਅੰਤਮ ਰੂਪ ਦਿੱਤਾ ਹੈ ਜਿਸ ਨੂੰ ਛੇਤੀ ਭੇਜਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਹਾਲ ਹੀ `ਚ ਲੁਲੁ ਗਰੁੱਪ ਦਾ ਉਚ ਪੱਧਰੀ ਵਫ਼ਦ ਪੰਜਾਬ ਦੌਰੇ ’ਤੇ ਆਇਆ ਸੀ ਜਿੱਥੇ ਪੰਜਾਬ ਐਗਰੋ ਦੇ ਅਧਿਕਾਰੀਆਂ ਨੇ ਆਪਣੇ ਉਤਪਾਦਾਂ ਸਬੰਧੀ ਉਨ੍ਹਾਂ ਨਾਲ ਵਿਸਥਾਰਤ ਵਿਚਾਰ-ਵਟਾਂਦਰਾ ਕੀਤਾ ਸੀ। ਉਨ੍ਹਾਂ ਦੱਸਿਆ ਕਿ ਲੁਲੁ ਗਰੁੱਪ ਦੇ ਵਫ਼ਦ ਨੇ ਤਾਜ਼ਾ ਫਲਾਂ ਦੇ ਨਮੂਨੇ ਮੰਗੇ ਸਨ ਜਿਸ ਤੋਂ ਬਾਅਦ ਇਹ ਆਰਡਰ ਹਾਸਲ ਹੋਇਆ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਐਗਰੋ ਜੂਸ ਲਿਮਟਿਡ (ਪੀ ਏ ਜੇ ਐਲ) ਵੱਲੋਂ ਚਾਲੂ ਸੀਜ਼ਨ ਦੌਰਾਨ 200 ਮੀਟਰਕ ਟਨ ਕਿਨੂੰ ਪ੍ਰਸੈਸ ਕਰਨ ਦਾ ਟੀਚਾ ਵੀ ਮਿੱਥਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਪੀ ਏ ਜੇ ਐਲ ਵੱਲੋਂ ਸਾਊਦੀ ਅਰਬ ਅਤੇ ਦੁਬਈ ਨੂੰ 2.52 ਕਰੋੜ ਰੁਪਏ ਦੀ ਕੀਮਤ ਦੀ ਮਿਰਚਾਂ ਦੀ ਪੇਸਟ ਦੇ 26 ਤੋਂ ਵੱਧ ਕੰਟੇਨਰ ਬਰਾਮਦ ਕੀਤੇ ਗਏ ਹਨ। ਇਰਾਨ, ਮੌਰਸ਼ੀਅਸ਼, ਦੁਬਈ ਆਦਿ ਮੁਲਕਾਂ ਤੋਂ ਵੀ ਮਿਰਚਾਂ ਦੀ ਪੇਸਟ ਬਾਰੇ ਕਾਰੋਬਾਰੀ ਪੁੱਛਗਿੱਛ ਚੱਲ ਰਹੀ ਹੈ। ਅਗਾਮੀ ਸੀਜ਼ਨ ਵਿੱਚ ਇਹ ਪੇਸਟ ਬਰਾਮਦ ਕਰਨ ਲਈ ਕੱਚਾ ਮਾਲ ਪੰਜਾਬ ਤੋਂ ਖਰੀਦਿਆ ਜਾਵੇਗਾ। ਪੰਜਾਬ ਐਗਰੋ ਵੱਲੋਂ ਆਪਣੇ ਹੁਸ਼ਿਆਰਪੁਰ ਪਲਾਂਟ ਤੋਂ ਜੈਵਿਕ ਆਂਵਲਾ ਵੀ ਪ੍ਰੋਸੈਸ ਕੀਤਾ ਜਾ ਰਿਹਾ ਹੈ।

You must be logged in to post a comment Login