ਪੰਜਾਬ ‘ਚ ਨਾ ਮੁੱਖ ਮੰਤਰੀ ਨਜ਼ਰ ਆਉਂਦਾ ਨਾ ਮੰਤਰੀ : ਸੁਖਬੀਰ ਬਾਦਲ

ਪੰਜਾਬ ‘ਚ ਨਾ ਮੁੱਖ ਮੰਤਰੀ ਨਜ਼ਰ ਆਉਂਦਾ ਨਾ ਮੰਤਰੀ : ਸੁਖਬੀਰ ਬਾਦਲ

ਲੁਧਿਆਣਾ : ਛਪਾਰ ਦੇ ਮੇਲੇ ਵਿਚ ਸਿਆਸੀ ਕਾਨਫਰੰਸ ਦੌਰਾਨ ਅਕਾਲੀ ਦਲ ਨੇ ਕਾਂਗਰਸ ‘ਤੇ ਵੱਡਾ ਹਮਲਾ ਬੋਲਿਆ ਹੈ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕਿਹਾ ਕਿ ਇਹ ਪਹਿਲੀ ਵਾਰ ਹੋਇਆ ਹੈ ਕਿ ਚੋਣਾਂ ‘ਚ ਐੱਸ. ਐੱਸ. ਪੀ. ਪੱਧਰ ਦੇ ਅਧਿਕਾਰੀ ਨੇ ਗੁੰਡਾਗਰਦੀ ਕੀਤੀ ਹੋਵੇ। ਉਨ੍ਹਾਂ ਕਿਹਾ ਕਿ ਕਾਂਗਰਸ ਦੀ ਸ਼ਹਿ ‘ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਅਕਾਲੀ ਦਲ ਦੇ ਉਮੀਦਵਾਰਾਂ ਨਾਲ ਧੱਕੇਸ਼ਾਹੀ ਕੀਤੀ ਹੈ। ਸੁਖਬੀਰ ਨੇ ਕਿਹਾ ਕਿ ਪੰਜਾਬ ਵਿਚ ਸਰਕਾਰ ਨਾਂ ਦੀ ਕੋਈ ਚੀਜ਼ ਨਹੀਂ ਹੈ। ਨਾ ਤਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪੰਜਾਬ ਵਿਚ ਨਜ਼ਰ ਆਉਂਦੇ ਹਨ ਅਤੇ ਨਾ ਹੀ ਕਾਂਗਰਸ ਦੇ ਮੰਤਰੀ। ਸੂਬੇ ਨੂੰ ਅਫਸਰਸ਼ਾਹੀ ਚਲਾ ਰਹੀ ਹੈ।
ਸੁਖਬੀਰ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਆਪਣੀ ਸਰਕਾਰ ਸਮੇਂ ਪੰਜਾਬ ‘ਚ ਸੜਕਾਂ ਦਾ ਜਾਲ ਵਿਛਾ ਦਿੱਤਾ ਸੀ। 40-50 ਕਰੋੜ ਰੁਪਏ ਲਗਾ ਕੇ ਪੰਜਾਬ ‘ਚ ਬਿਜਲੀ ਆਮ ਕਰ ਦਿੱਤੀ ਸੀ ਪਰ ਹੁਣ ਕਾਂਗਰਸ ਸਰਕਾਰ ਦੇ ਰਾਜ ‘ਚ ਬਿਜਲੀ ਦੇ ਕੱਟ ਲੱਗ ਰਹੇ ਹਨ। ਬਾਦਲ ਨੇ ਕਿਹਾ ਕਿ ਸ੍ਰੀ ਹਰਿਮੰਦਰ ਸਾਹਿਬ ‘ਤੇ ਟੈਂਕਾਂ/ਤੋਪਾਂ ਨਾਲ ਹਮਲੇ ਕਰਵਾਉਣ ਵਾਲੀ ਕਾਂਗਰਸ ਹੁਣ ਧਰਮ ਦੀ ਪਹਿਰੇਦਾਰ ਕਹਾ ਰਹੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਸੂਬੇ ਦੀ ਅਮਨ ਸ਼ਾਂਤੀ ਨੂੰ ਖਰਾਬ ਕਰ ਰਹੀ ਹੈ। ਅੱਗੇ ਬੋਲਦੇ ਹੋਏ ਸੁਖਬੀਰ ਨੇ ਕਿਹਾ ਕਿ ਕਾਂਗਰਸ ਨੂੰ ਪੰਜਾਬ ਦੀ ਸੱਤਾ ਵਿਚ ਆਇਆ ਡੇਢ ਸਾਲ ਤੋਂ ਵੱਧ ਦਾ ਸਮਾਂ ਹੋ ਚੁੱਕਾ ਹੈ ਬਾਵਜੂਦ ਇਸ ਦੇ ਪੰਜਾਬ ਦੇ ਕਿਸੇ ਪਿੰਡ ਵਿਚ ਇਕ ਇੱਟ ਤੱਕ ਨਹੀਂ ਲੱਗੀ ਅਤੇ ਨਾ ਹੀ ਪੰਜਾਬ ਸਰਕਾਰ ਵਲੋਂ ਕਿਸੇ ਪਿੰਡ ਨੂੰ ਗ੍ਰਾਂਟ ਜਾਰੀ ਕੀਤੀ ਗਈ। ਸੁਖਬੀਰ ਨੇ ਕਿਹਾ ਕਿ ਕਾਂਗਰਸ ਨੇ ਤਾਂ ਅਕਾਲੀ ਦਲ ਵਲੋਂ ਲੋਕਾਂ ਦੀ ਸਹੂਲਤ ਲਈ ਖੋਲ੍ਹੇ ਗਏ ਸੇਵਾ ਕੇਂਦਰ ਵੀ ਬੰਦ ਕਰਵਾ ਦਿੱਤੇ ਹਨ।

You must be logged in to post a comment Login