ਪੰਜਾਬ ‘ਚ ਹੋਇਆ ‘ਟਿੱਡੀ ਦਲ’ ਦਾਖਲ, ਕਿਸਾਨਾਂ ‘ਚ ਮੱਚੀ ਖਲਬਲੀ!

ਪੰਜਾਬ ‘ਚ ਹੋਇਆ ‘ਟਿੱਡੀ ਦਲ’ ਦਾਖਲ, ਕਿਸਾਨਾਂ ‘ਚ ਮੱਚੀ ਖਲਬਲੀ!

ਚੰਡੀਗੜ੍ਹ : ਆਖਰ ਗੁਜਰਾਤ ਤੋਂ ਹੁੰਦਾ ਹੋਇਆ ਰਾਜਸਥਾਨ ਤੋਂ ਬਾਅਦ ਹੁਣ ਹਰਿਆਲੀ ਦਾ ਦੁਸ਼ਮਣ ਖਤਰਨਾਕ ਟਿੱਡੀ ਦਲ ਪੰਜਾਬ ‘ਚ ਵੀ ਦਾਖਲ ਹੋ ਚੁੱਕਿਆ ਹੈ। ਮਾਲਵੇ ਦੇ ਕਈ ਜ਼ਿਲਿਆਂ ‘ਚ ਟਿੱਡੀ ਦਲ ਦੇ ਭਾਵੇਂ ਹਾਲੇ ਛੋਟੇ-ਛੋਟੇ ਗਰੁੱਪਾਂ ‘ਚ ਦਾਖਲ ਹੋਣ ਕਾਰਣ ਫਿਲਹਾਲ ਵੱਡਾ ਹਮਲਾ ਨਹੀਂ ਹੋਇਆ ਪਰ ਟਿੱਡੀਆਂ ਦੇ ਪੰਜਾਬ ‘ਚ ਕਈ ਥਾਵਾਂ ‘ਤੇ ਖੇਤਾਂ ‘ਚ ਪਹੁੰਚਣ ਨਾਲ ਕਿਸਾਨਾਂ ‘ਚ ਦਹਿਸ਼ਤ ਤੇ ਚਿੰਤਾ ਦਾ ਮਾਹੌਲ ਜ਼ਰੂਰ ਪੈਦਾ ਹੋ ਗਿਆ ਹੈ।ਖੇਤੀ ਵਿਭਾਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਅਧੀਨ ਹੈ ਪਰ ਉਨ੍ਹਾਂ ਕੋਲ ਵਿਭਾਗ ਦੇ ਕੰਮਕਾਰ ਦੇਖਣ ਦੀ ਵਿਹਲ ਹੀ ਨਹੀਂ ਤੇ ਸਾਰਾ ਕੰਮਕਾਰ ਅਧਿਕਾਰੀਆਂ ਦੇ ਸਿਰ ‘ਤੇ ਛੱਡਿਆ ਹੋਇਆ ਹੈ। ਭਾਵੇਂ ਵਿਭਾਗ ਦੇ ਸਕੱਤਰ ਕਾਹਨ ਸਿੰਘ ਪੰਨੂ ਨੇ ਪਿਛਲੇ ਦਿਨੀਂ ਟਿੱਡੀ ਦਲ ਦੇ ਖਤਰੇ ਤੋਂ ਇਨਕਾਰ ਕਰਦਿਆਂ ਕਿਹਾ ਸੀ ਕਿ ਹਾਲੇ ਪੰਜਾਬ ‘ਚ ਅਜਿਹਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਅਤੇ ਉਨ੍ਹਾਂ ਨੇ ਇਸ ਦੀ ਰੋਕਥਾਮ ਲਈ ਵਿਭਾਗ ਦੇ ਅਧਿਕਾਰੀਆਂ ਦੀ ਨਜ਼ਰ ਹੋਣ ਅਤੇ ਬਲਾਕ ਪੱਧਰ ‘ਤੇ ਟੀਮਾਂ ਗਠਿਤ ਕਰ ਕੇ ਕਿਸਾਨਾਂ ‘ਚੋਂ ਡਰ ਦੂਰ ਕਰਨ ਲਈ ਮੁਹਿੰਮ ਦੀ ਗੱਲ ਆਖੀ ਸੀ ਪਰ ਇਸ ਦੇ ਉਲਟ ਹਾਲੇ ਰਾਜਸਥਾਨ ਨਾਲ ਲੱਗਦੇ ਜ਼ਿਲ੍ਹਿਆਂ ‘ਚ ਖੇਤੀ ਵਿਭਾਗ ਦੀ ਕੋਈ ਖਾਸ ਸਰਗਰਮੀ ਦਿਖਾਈ ਨਹੀਂ ਦਿੱਤੀ। ਵਿਭਾਗ ਵਲੋਂ ਮਾਲਵੇ ਦੇ 5 ਜ਼ਿਲਿਆਂ ਅਬੋਹਰ, ਫਾਜ਼ਿਲਕਾ, ਸ੍ਰੀ ਮੁਕਤਸਰ ਸਾਹਿਬ, ਫਿਰੋਜ਼ਪੁਰ ਤੇ ਬਠਿੰਡਾ ‘ਚ ਟਿੱਡੀ ਦਲ ਦੇ ਖਤਰੇ ਦੇ ਮੱਦੇਨਜ਼ਰ ਅਲਰਟ ਜਾਰੀ ਕੀਤਾ ਗਿਆ ਸੀ। ਰਾਜਸਥਾਨ ਨਾਲ ਲੱਗਦੇ ਜ਼ਿਲ੍ਹੇ ਫਾਜ਼ਿਲਕਾ ਦੇ ਅਬੋਹਰ ਤੋਂ ਇਲਾਵਾ ਫਿਰੋਜ਼ਪੁਰ ਖੇਤਰ ਦੇ ਜਲਾਲਾਬਾਦ ਦੇ ਕਈ ਪਿੰਡਾਂ ‘ਚ ਟਿੱਡੀ ਦਲ ਕਿਸਾਨਾਂ ਵਲੋਂ ਦੇਖਿਆ ਗਿਆ ਹੈ। ਘੁਬਾਇਆ, ਜੈਮਲ ਸਿੰਘ ਤੇ ਸੰਤੋਖ ਸਿੰਘ ਵਾਲਾ ਆਦਿ ਦੇ ਪਿੰਡਾਂ ‘ਚ ਤਾਂ ਕਈ ਕਿਸਾਨਾਂ ਨੇ ਟਿੱਡੀਆਂ ਨੂੰ ਬੋਤਲਾਂ ‘ਚ ਬੰਦ ਕਰ ਕੇ ਵੀ ਮੀਡੀਆ ਨੂੰ ਦਿਖਾਇਆ ਹੈ। ਜ਼ਿਕਰਯੋਗ ਹੈ ਕਿ ਪੰਜਾਬ ਨਾਲ ਲੱਗਦੇ ਰਾਜਸਥਾਨ ਦੇ ਜ਼ਿਲਾ ਗੰਗਾਨਗਰ ਤੇ ਅਨੂਪਗੜ੍ਹ ਖੇਤਰ ‘ਚ ਟਿੱਡੀ ਦਲ ਦੇ ਹਮਲੇ ਕਾਰਣ ਭਾਰੀ ਨੁਕਸਾਨ ਹੋਇਆ ਹੈ।
ਖੇਤੀ ਵਿਭਾਗ ਵਲੋਂ ਟਿੱਡੀ ਦਲ ਦੇ ਹਮਲੇ ਨੂੰ ਮੰਨਣ ਤੋਂ ਇਨਕਾਰ
ਖੇਤੀ ਵਿਭਾਗ ਦੇ ਡਾਇਰੈਕਟਰ ਸੁਤੰਤਰ ਕੁਮਾਰ ਐਰੀ ਨਾਲ ਜਦੋਂ ਪੰਜਾਬ ‘ਚ ਟਿੱਡੀ ਦਲ ਦੇ ਦਾਖਲੇ ਬਾਰੇ ਗੱਲ ਕੀਤੀ ਗਈ ਤਾਂ ਉਨ੍ਹਾਂ ਇਸ ਨੂੰ ਮੰਨਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਇਹ ਤਾਂ ਕੁੱਝ ਟਿੱਡੀਆਂ ਹੀ ਆਈਆਂ ਹਨ, ਨਾ ਕਿ ਟਿੱਡੀ ਦਲ। ਉਨ੍ਹਾਂ ਦਾ ਕਹਿਣਾ ਹੈ ਕਿ ਰਾਜਸਥਾਨ ਦੇ ਪੰਜਾਬ ਨਾਲ ਲੱਗਦੇ ਖੇਤਰ ‘ਚ ਉਥੇ ਟਿੱਡੀ ਦਲ ਨੂੰ ਕੰਟਰੋਲ ਕੀਤੇ ਜਾਣ ਸਮੇਂ ਡਰੋਨ ਸਰਵੇ ਤੋਂ ਬਾਅਦ ਕੁੱਝ ਕੁ ਟਿੱਡੀਆਂ ਜ਼ਰੂਰ ਪੰਜਾਬ ਵੱਲ ਆਈਆਂ ਹਨ ਪਰ ਕੋਈ ਖਤਰੇ ਵਾਲੀ ਗੱਲ ਨਹੀਂ। ਉਨ੍ਹਾਂ ਕਿਹਾ ਕਿ ਪੰਜਾਬ ‘ਚ ਟਿੱਡੀ ਦਲ ਦਾ ਕੋਈ ਖਤਰਾ ਨਹੀਂ ਤੇ ਕਿਸਾਨਾਂ ਨੂੰ ਡਰਨ ਦੀ ਵੀ ਲੋੜ ਨਹੀਂ। ਵਿਭਾਗ ਵਲੋਂ ਰਾਜਸਥਾਨ ਸਰਹੱਦ ‘ਤੇ ਪੂਰੀ ਨਜ਼ਰ ਰੱਖੀ ਜਾ ਰਹੀ ਹੈ ਤੇ ਐਮਰਜੈਂਸੀ ਦੀ ਹਾਲਤ ‘ਚ ਟਿੱਡੀ ਦਲ ਨਾਲ ਨਿਪਟਣ ਲਈ ਪੂਰੇ ਪ੍ਰਬੰਧ ਹਨ। ਉਨ੍ਹਾਂ ਇਹ ਗੱਲ ਮੰਨੀ ਕਿ ਵਿਭਾਗ ਕੋਲ ਡਰੋਨ ਸਰਵੇ ਦਾ ਪ੍ਰਬੰਧ ਨਹੀਂ ਪਰ ਡਰੋਨਾਂ ਦੇ ਇਸਤੇਮਾਲ ਲਈ ਕੇਂਦਰ ਸਰਕਾਰ ਨੂੰ ਚਿੱਠੀ ਲਿਖ ਕੇ ਮਨਜ਼ੂਰੀ ਮੰਗੀ ਹੋਈ ਹੈ।

You must be logged in to post a comment Login