ਪੰਜਾਬ ਤੇਰੇ ਅਸਮਾਨ ‘ਤੇ ਇੱਕ ਵਾਰ ਫਿਰ ਇੱਲਾਂ ਭੌਂਦੀਆਂ ਨੇ

ਪੰਜਾਬ ਤੇਰੇ ਅਸਮਾਨ ‘ਤੇ ਇੱਕ ਵਾਰ ਫਿਰ ਇੱਲਾਂ ਭੌਂਦੀਆਂ ਨੇ

jatinder-pannu

-ਜਤਿੰਦਰ ਪਨੂੰ

ਇਹ ਮੌਕਾ ਵੱਡੀ ਚਿੰਤਾ ਦਾ ਹੈ। ਚਿੰਤਾ ਸਿੱਖ ਧਰਮ ਦੀਆਂ ਉਚੀਆਂ ਪਦਵੀਆਂ ਉਤੇ ਸੁਸ਼ੋਭਿਤ ਛੋਟੇ ਕਿਰਦਾਰ ਵਾਲੇ ਲੋਕਾਂ ਨੇ ਪੈਦਾ ਕੀਤੀ ਹੈ। ਜਿਨ੍ਹਾਂ ਲੋਕਾਂ ਨੇ ਪੰਜਾਬ ਵਿਚ ਬਾਰਾਂ ਸਾਲ ਲੰਮੀ ਉਹ ਸਾੜ੍ਹ-ਸਤੀ ਵੇਖੀ ਸੀ, ਜਿਸ ਦਾ ਇੱਕ ਕਾਂਡ ਆਪਰੇਸ਼ਨ ਬਲਿਊ ਸਟਾਰ, ਦੂਸਰਾ ਇੰਦਰਾ ਗਾਂਧੀ ਦੇ ਕਤਲ ਪਿੱਛੋਂ ਦਿੱਲੀ ਦਾ ਕਤਲੇਆਮ ਅਤੇ ਤੀਜਾ ਆਪਰੇਸ਼ਨ ਬਲੈਕ ਥੰਡਰ ਸੀ। ਉਸ ਪਿੱਛੋਂ ਦੇ ਕਈ ਸਾਲ ਹਉਕੇ ਭਰਦਿਆਂ ਗੁਜ਼ਾਰੇ ਸਨ, ਉਨ੍ਹਾਂ ਲਈ ਉਸ ਮੋੜ ਵੱਲ ਦਾ ਝਉਲਾ ਵੀ ਸਾਹ ਸੁਕਾਉਣ ਨੂੰ ਕਾਫੀ ਹੈ। ਇਹ ਝਉਲਾ ਬੀਤੇ ਹਫਤੇ ਨੇ ਪਾ ਦਿੱਤਾ ਹੈ।ਜ਼ਾਹਰਾ ਤੌਰ ‘ਤੇ ਇਹ ਸਾਰਾ ਖਿਲਾਰਾ ਧਾਰਮਿਕ ਆਗੂਆਂ ਦੀ ਗਲਤੀ ਨਾਲ ਪਿਆ, ਪਰ ਇਹ ਗੱਲ ਕਿਸੇ ਤੋਂ ਲੁਕੀ ਨਹੀਂ ਕਿ ਇਸ ਦੀ ਜੜ੍ਹ ਅਸਲ ਵਿਚ ਸਿਆਸੀ ਲੋੜਾਂ ਦੇ ਚੰਡੀਗੜ੍ਹ ਪਏ ਗਮਲਿਆਂ ਵਿਚ ਹੈ। ਸਿਆਸੀ ਲੋੜਾਂ ਨੇ ਪੰਜਾਬ ਅਤੇ ਇਸ ਦੇ ਲੋਕਾਂ ਦਾ ਪਹਿਲਾਂ ਵੀ ਬਹੁਤ ਨੁਕਸਾਨ ਕੀਤਾ ਹੈ, ਹੁਣ ਵੀ ਕਰਨ ਤੁਰ ਪਈਆਂ ਹਨ। ਧਾਰਮਿਕ ਪਦਵੀਆਂ ਦੇ ਸਵਾਮੀ ਆਪਣੇ ਕਿਰਦਾਰ ਦੇ ਹਲਕੇਪਣ ਕਰ ਕੇ ਸਿਆਸੀ ਆਗੂਆਂ ਦੇ ਹੱਥਾਂ ਦਾ ਖਿਡੌਣਾ ਬਣਦੇ ਆਏ ਤੇ ਬਣ ਵੀ ਰਹੇ ਹਨ ਕਿ ਉਹ ਵੀ ਹੁਣ ਪਦਵੀਆਂ ਨਾਲੋਂ ਪਰਿਵਾਰਕ ਹਿਤਾਂ ਨੂੰ ਪਹਿਲ ਦੇਣ ਲੱਗ ਪਏ ਹਨ।
ਕਿਸੇ ਵੀ ਹੋਰ ਗੱਲ ਤੋਂ ਪਹਿਲਾਂ ਅਸੀਂ ਇਹ ਸਾਫ ਕਰ ਦੇਈਏ ਕਿ ਡੇਰਾ ਸੱਚਾ ਸੌਦਾ ਨਾਲ ਸਾਡਾ ਕੋਈ ਮੋਹ ਵੀ ਨਹੀਂ ਤੇ ਕੋਈ ਵਿਰੋਧ ਵੀ ਨਹੀਂ। ਅਸੀਂ ਬੀਤੇ ਕਾਲੇ ਦੌਰ ਦਾ ਚੇਤਾ ਰੱਖਦਿਆਂ ਇਹ ਨਹੀਂ ਚਾਹੁੰਦੇ ਕਿ ਸਿੱਖਾਂ ਅਤੇ ਸੱਚੇ ਸੌਦੇ ਵਾਲਿਆਂ ਦਾ ਟਕਰਾਅ ਹੋਵੇ। ਭਾਰਤ ਦੇ ਸਭ ਤੋਂ ਮੋਹਰੇ ਜਾਂਦੇ ਪੰਜਾਬ ਨੂੰ ਅੱਗੇ ਇਨ੍ਹਾਂ ਟਕਰਾਵਾਂ ਨੇ ਬਾਕੀਆਂ ਤੋਂ ਪਿੱਛੇ ਕਰ ਛੱਡਿਆ ਹੈ, ਹੁਣ ਹੋਰ ਰਿਸਕ ਨਹੀਂ ਲੈਣਾ ਚਾਹੀਦਾ। ਜਦੋਂ ਨਿਰੰਕਾਰੀ ਸੰਪਰਦਾ ਵਾਲਿਆਂ ਨਾਲ ਇਹੋ ਜਿਹਾ ਗੇੜ ਸ਼ੁਰੂ ਹੋਇਆ ਸੀ, ਅਸੀਂ ਉਦੋਂ ਵੀ ਇਸ ਦੇ ਖਿਲਾਫ ਸਾਂ। ਹੁਣ ਵੀ ਦੁਵੱਲਾ ਸਮਝੌਤਾ ਹੋ ਜਾਵੇ ਤਾਂ ਬੁਰਾ ਨਹੀਂ। ਬੁਰੀ ਗੱਲ ਤਾਂ ਇਹ ਹੈ ਕਿ ਸਿਆਸੀ ਲੋੜਾਂ ਪੁਆੜੇ ਪਾਈ ਜਾਂਦੀਆਂ ਹਨ।
ਆਜ਼ਾਦੀ ਤੋਂ ਬਾਅਦ ਦੇ ਦੌਰ ਵਿਚ ਇਸ ਖੇਡ ਦੀ ਸ਼ੁਰੂਆਤ ਪੰਜਾਬੀ ਸੂਬੇ ਦੇ ਨਾਂ ਉਤੇ ਸਿੱਖ ਸੂਬਾ ਮੰਗਣ ਦੀ ਲਹਿਰ ਤੋਂ ਮੰਨ ਸਕਦੇ ਹਾਂ। ਉਸ ਦੌਰ ਵਿਚ ਦੇਸ਼ ਦੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਅਤੇ ਕਾਂਗਰਸ ਲੀਡਰਸ਼ਿਪ ਨਾਲ ਏਨਾ ਟਕਰਾਅ ਵਧ ਗਿਆ ਕਿ 1956 ਵਿਚ ਅੰਮ੍ਰਿਤਸਰ ਵਿਚ ਕਾਂਗਰਸ ਦੇ ਕੌਮੀ ਸਮਾਗਮ ਮੌਕੇ ਅਕਾਲੀਆਂ ਨੇ ਵਿਰੋਧ ਦਾ ਜਲੂਸ ਕੱਢਿਆ ਸੀ। ਸਿਰਫ ਇੱਕ ਸਾਲ ਲੰਘਿਆ ਤਾਂ ਉਹੋ ਕਾਂਗਰਸ ਅਤੇ ਉਹੋ ਅਕਾਲੀ ਆਗੂ ਏਨੇ ਇੱਕ-ਮਿੱਕ ਹੋ ਗਏ ਕਿ ਅਕਾਲੀ ਦਲ ਨੇ ਆਪਣਾ ਚੋਣ ਨਿਸ਼ਾਨ ‘ਪੰਜਾ’ ਛੱਡ ਕੇ ਕਾਂਗਰਸ ਦੇ ‘ਦੋ ਬਲਦਾਂ ਦੀ ਜੋੜੀ’ ਵਾਲੇ ਨਿਸ਼ਾਨ ਉਤੇ ਉਨ੍ਹਾਂ ਨਾਲ ਮਿਲ ਕੇ ਚੋਣਾਂ ਲੜੀਆਂ ਸਨ। ਉਦੋਂ ਪ੍ਰਕਾਸ਼ ਸਿੰਘ ਬਾਦਲ ਪਹਿਲੀ ਵਾਰੀ ਕਾਂਗਰਸੀ ਵਿਧਾਇਕ ਵਜੋਂ ਜਿੱਤ ਸਕਿਆ ਸੀ। ਸਰਕਾਰ ਵੀ ਸਾਂਝੀ ਬਣਾਈ, ਪਰ ਜਦੋਂ ਵੇਖਿਆ ਕਿ ਮੰਤਰੀ ਬਣ ਗਏ ਅਕਾਲੀ ਆਗੂ ਆਪਣੀ ਲੀਡਰਸ਼ਿਪ ਨੂੰ ਮਿਲਦੇ ਮਾਲ ਦੀ ਹਿੱਸਾ-ਪੱਤੀ ਨਹੀਂ ਦਿੰਦੇ ਤਾਂ ਅਕਾਲੀ ਦਲ ਦੇ ਪ੍ਰਧਾਨ ਮਾਸਟਰ ਤਾਰਾ ਸਿੰਘ ਨੇ ਵਿਰੋਧ ਦਾ ਝੰਡਾ ਚੁਕ ਕੇ ‘ਮੈਂ ਮਰਾਂ, ਪੰਥ ਜੀਵੇ’ ਵਾਲਾ ਨਾਹਰਾ ਚੁੱਕ ਲਿਆ ਸੀ। ਇਸ ਤੋਂ ਬਾਅਦ ਮਰਨ-ਵਰਤ ਰੱਖਣ ਤੇ ਛੱਡਣ ਦਾ ਬੇਸ਼ਰਮ ਗੇੜ ਮਾਸਟਰ ਤਾਰਾ ਸਿੰਘ ਅਤੇ ਸੰਤ ਫਤਿਹ ਸਿੰਘ ਦੇ ਨਿਜੀ ਟਕਰਾਅ ਵਿਚ ਇੱਕ-ਦੂਸਰੇ ਦੇ ਮਾਂ-ਬਾਪ ਨੌਲਣ ਤੱਕ ਲੈ ਗਿਆ ਤੇ ਇਸੇ ਵਿਚੋਂ ਗਰਮ ਨਾਹਰੇ ਦੇ ਕੇ ਇੱਕ-ਦੂਸਰੇ ਤੋਂ ਅੱਗੇ ਨਿਕਲਣ ਦੀ ਖੇਡ ‘ਦਿੱਲੀ ਦਰਬਾਰ’ ਨਾਲ ਟੱਕਰ ਦੇ ਰਾਹ ਵੱਲ ਲੈ ਗਈ ਸੀ।
ਦੂਸਰਾ ਦੌਰ ਨਿਰੰਕਾਰੀ ਸੰਪਰਦਾ ਨਾਲ ਟਕਰਾਅ ਦਾ ਸੀ। ਅਕਾਲੀ ਦਲ ਦੇ ਦੋਵੇਂ ਧੜੇ ਹੀ ਨਿਰੰਕਾਰੀਆਂ ਨਾਲ ਨੇੜ ਦਾ ਵੋਟਾਂ ਵੇਲੇ ਲਾਭ ਲੈਂਦੇ ਰਹੇ, ਪਰ ਜਦੋਂ ਉਨ੍ਹਾਂ ਦੀਆਂ ਵੋਟਾਂ ਅਕਾਲੀਆਂ ਦੀ ਥਾਂ ਕਾਂਗਰਸ ਨੂੰ ਭੁਗਤ ਗਈਆਂ ਤਾਂ ਸਿੱਖਾਂ ਨੂੰ ਉਨ੍ਹਾਂ ਦੇ ਖਿਲਾਫ ਭੜਕਾ ਦਿੱਤਾ। ਜਿਹੜਾ ਕਾਲਾ ਦੌਰ ਪੰਜਾਬ ਦਾ ਲੋਕਾਂ ਨੇ ਬਾਰਾਂ ਸਾਲ ਹੰਢਾਇਆ, ਉਸ ਦੀ ਸ਼ੁਰੂਆਤ ਇਸੇ ਸਿਆਸੀ ਚਲਿੱਤਰ ਤੋਂ ਹੋਈ ਸੀ ਤੇ ਪੰਜਾਬ ਦੇ ਲੋਕ ਉਦੋਂ ਅੰਨ੍ਹੀ ਗਲੀ ਵਿਚ ਠੇਡੇ ਖਾਣ ਲਈ ਤੋਰ ਦਿੱਤੇ ਗਏ ਸਨ। ਹੁਣ ਉਹੋ ਨਿਰੰਕਾਰੀ ਉਸੇ ਪੰਜਾਬ ਵਿਚ ਆਰਾਮ ਨਾਲ ਆਪਣੇ ਸਮਾਗਮ ਕਰੀ ਜਾਣ ਤਾਂ ਕਿਸੇ ਤਰ੍ਹਾਂ ਦੀ ਕੋਈ ਕੁੜਿੱਤਣ ਪੈਦਾ ਹੁੰਦੀ ਨਹੀਂ ਵੇਖੀ ਜਾਂਦੀ। ਚਲੋ ਇਹ ਵੀ ਸ਼ੁਕਰ ਹੈ।
ਜਿਵੇਂ ਬੱਚਾ ਕਦੀ ਕਿਸੇ ਖਿਡੌਣੇ ਨਾਲ ਕੁਝ ਚਿਰ ਖੇਡ ਕੇ ਅੱਕ ਜਾਂਦਾ ਹੈ ਤੇ ਫਿਰ ਨਵਾਂ ਚਾਹੁੰਦਾ ਹੈ, ਅਕਾਲੀਆਂ ਦੀ ਲੀਡਰਸ਼ਿਪ ਵੀ ਇਹੋ ਕਰਦੀ ਹੈ। ਉਹ ਕਾਲਾ ਦੌਰ ਮੁੱਕ ਜਾਣ ਪਿਛੋਂ ਜਦੋਂ ਰਾਜ ਮਿਲਿਆ ਤਾਂ ਬਾਬਾ ਪਿਆਰਾ ਸਿੰਘ ਭਨਿਆਰਾਂ ਵਾਲੇ ਦੇ ਖਿਲਾਫ ਝੰਡਾ ਚੁੱਕ ਲਿਆ, ਜਿਸ ਕੋਲ ਇਹ ਸਾਰੇ ਲੋਕ ਪਹਿਲਾਂ ਆਪ ਜਾਇਆ ਕਰਦੇ ਸਨ। ਉਸ ਦੇ ਖਿਲਾਫ ਕੇਸ ਬਣੇ ਤੇ ਪੁਲਿਸ ਦਾ ਦਬਾਅ ਪਵਾ ਕੇ ਉਸ ਦੇ ਚੇਲਿਆਂ ਤੋਂ ਪਿੰਡਾਂ ਦੀਆਂ ਸੱਥਾਂ ਵਿਚ ਮੁਆਫੀ ਮੰਗਵਾਉਣ ਦੇ ਉਸ਼ਟੰਡ ਹੁੰਦੇ ਰਹੇ। ਫਿਰ ਉਹ ਮੁੱਦਾ ਠੰਢਾ ਪੈ ਗਿਆ। ਉਸ ਪਿਛੋਂ ਨੂਰ ਮਹਿਲ ਦੇ ਡੇਰਾ ਦਿਵਿਆ ਜਯੋਤੀ ਦੇ ਖਿਲਾਫ ਝੰਡਾ ਚੁੱਕ ਕੇ ਸਿੱਖਾਂ ਨੂੰ ਭੜਕਾ ਦਿੱਤਾ। ਉਦੋਂ ਤੱਕ ਸੱਚੇ ਸੌਦੇ ਦੀ ਕੋਈ ਗਲਤ ਗੱਲ ਵੀ ਪਤਾ ਲੱਗੇ ਤਾਂ ਅਕਾਲੀ ਆਗੂਆਂ ਨੇ ਕਦੀ ਇਸ ਦਾ ਵਿਰੋਧ ਨਹੀਂ ਸੀ ਕੀਤਾ। ਡੇਰਾ ਸੱਚਾ ਸੌਦਾ ਬਾਰੇ ਵਿਰੋਧ ਕਰਦੀ ਪਹਿਲੀ ਕਲਮ ਅਸੀਂ ਚੁੱਕੀ ਸੀ। ਸਾਡਾ ਮਕਸਦ ਡੇਰੇ ਦਾ ਵਿਰੋਧ ਕਰਨਾ ਨਹੀਂ, ਉਸ ਨਾਲ ਜੁੜੇ ਹੋਏ ਆਗੂਆਂ ਦੀਆਂ ਆਪ-ਹੁਦਰੀਆਂ ਦਾ ਵਿਰੋਧ ਕਰਨਾ ਸੀ। ਅਕਾਲੀ ਆਗੂ ਉਨ੍ਹਾਂ ਤੋਂ ਵੋਟਾਂ ਲੈਂਦੇ ਹੋਣ ਕਰ ਕੇ ਚੁੱਪ ਸਨ। ਮਾਲਵੇ ਦੇ ਇੱਕ ਕਸਬੇ ਦੇ ਇੱਕ ਪੱਤਰਕਾਰ ਨੇ ਕੋਈ ਖਬਰ ਲਾ ਦਿੱਤੀ, ਸੱਚੇ ਸੌਦੇ ਵਾਲੇ ਉਸ ਨੂੰ ਕੁੱਟਦੇ ਹੋਏ ਥਾਣੇ ਲੈ ਕੇ ਗਏ ਤੇ ਉਸ ਤੋਂ ਜਦੋਂ ਮੁਆਫੀ ਮੰਗਵਾਈ ਗਈ, ਉਦੋਂ ਸ਼੍ਰੋਮਣੀ ਕਮੇਟੀ ਦਾ ਇੱਕ ਮੈਂਬਰ ਅਤੇ ਅਕਾਲੀ ਦਲ ਨਾਲ ਸਬੰਧਤ ਕਈ ਆਗੂ ਵੀ ਡੇਰੇ ਵਾਲਿਆਂ ਦੀ ਹਮਾਇਤ ਵਿਚ ਪੱਤਰਕਾਰ ਦੇ ਵਿਰੁਧ ਖੜੇ ਸਨ।
ਰੇੜਕਾ ਉਸ ਡੇਰੇ ਨਾਲ ਉਦੋਂ ਪਿਆ, ਜਦੋਂ 2007 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਡੇਰੇ ਦੇ ਮੁਖੀ ਨੇ ਗੱਲ ਤਾਂ ਬਾਦਲ ਬਾਪ-ਬੇਟੇ ਨਾਲ ਕੀਤੀ, ਪਰ ਲੁਕਵੀਂ ਅੱਖ ਕੈਪਟਨ ਅਮਰਿੰਦਰ ਸਿੰਘ ਨਾਲ ਮਿਲੀ ਹੋਣ ਕਰ ਕੇ ਵੋਟਾਂ ਉਸ ਨੂੰ ਪੁਆ ਦਿੱਤੀਆਂ। ਕੁਝ ਦਿਨ ਪਿੱਛੋਂ ਉਸ ਡੇਰੇ ਵਿਚ ਇੱਕ ਸਮਾਗਮ ਹੋਇਆ, ਜਿਸ ਵਿਚ ਜਾਮੇ-ਇੰਸਾਂ ਦੀ ਰੀਤ ਸ਼ੁਰੂ ਕਰਨ ਦੇ ਨਾਂ ਉਤੇ ਉਹ ਕੁਝ ਕੀਤਾ ਗਿਆ, ਜਿਸ ਬਾਰੇ ਸਿੱਖ ਇਹ ਕਹਿੰਦੇ ਹਨ ਕਿ ਦਸਵੇਂ ਗੁਰੂ ਸਾਹਿਬ ਦਾ ਸਵਾਂਗ ਰਚਾ ਕੇ ਉਨ੍ਹਾਂ ਦਾ ਮਨ ਦੁਖਾਇਆ ਗਿਆ ਹੈ। ਇਸ ਬਾਰੇ ਗੱਲ ਲੁਕੀ ਨਹੀਂ ਸੀ ਰਹੀ, ਅਗਲੇ ਦਿਨ ਬਾਹਰ ਆ ਗਈ ਸੀ। ਫਿਰ ਉਸ ਡੇਰੇ ਨਾਲ ਸਾਰੇ ਸਬੰਧ ਤੋੜਨ ਦਾ ਹੁਕਮਨਾਮਾ ਜਾਰੀ ਕਰਵਾ ਦਿੱਤਾ ਗਿਆ ਤੇ ਫਿਰ ਇਹ ਵੀ ਹੁਕਮਨਾਮਾ ਜਾਰੀ ਹੋ ਗਿਆ ਕਿ ਉਨ੍ਹਾਂ ਦਾ ਕੋਈ ਡੇਰਾ ਪੰਜਾਬ ਵਿਚ ਨਹੀਂ ਚੱਲਣ ਦਿੱਤਾ ਜਾਵੇਗਾ। ਇਹ ਸਭ ਕੁਝ ਇਸ ਰਾਜ ਦੀ ਅਗਵਾਈ ਕਰਦੀ ਧਿਰ ਦੀ ਰਾਜਸੀ ਲੋੜ ਲਈ ਕੀਤਾ ਗਿਆ।
ਹੁਣ ਜਦੋਂ ਉਸੇ ਡੇਰੇ ਨਾਲ ਸਮਝੌਤੇ ਦਾ ਰਾਹ ਕੱਢਿਆ ਗਿਆ ਹੈ, ਇਹ ਉਸੇ ਸਿਆਸੀ ਢੰਗ ਨਾਲ ਕੱਢਣ ਦਾ ਇਸ ਤਰ੍ਹਾਂ ਯਤਨ ਕੀਤਾ ਗਿਆ, ਜਿਵੇਂ ਰਾਜ ਕਰਨ ਵਾਲਿਆਂ ਤੋਂ ਬਿਨਾਂ ਬਾਕੀ ਲੋਕ ਕੁਝ ਨਾ ਸਮਝਦੇ ਹੋਣ। ਸਾਬਕਾ ਪਾਰਲੀਮੈਂਟ ਮੈਂਬਰ ਰਾਜਦੇਵ ਸਿੰਘ ਖਾਲਸਾ ਦੀ ਜਿਹੜੀ ਪ੍ਰੈਸ ਕਾਨਫਰੰਸ ਕੁਝ ਅਖਬਾਰਾਂ ਵਿਚ ਛਪਣ ਪਿੱਛੋਂ ਡੇਰੇ ਨੂੰ ਮੁਆਫੀ ਦਾ ਗੁਰਮਤਾ ਵਾਪਸ ਲੈਣ ਦਾ ਫੈਸਲਾ ਕਾਹਲੀ ਵਿਚ ਕੀਤਾ ਹੈ, ਉਸ ਦਾ ਖੰਡਨ ਕਿਸੇ ਅਕਾਲੀ ਲੀਡਰ ਜਾਂ ਜਥੇਦਾਰ ਨੇ ਨਹੀਂ ਕੀਤਾ। ਰਾਜਦੇਵ ਸਿੰਘ ਪਹਿਲਾਂ ਕੱਟੜਪੰਥੀ ਧਿਰਾਂ ਵੱਲੋਂ ਪਾਰਲੀਮੈਂਟ ਦਾ ਮੈਂਬਰ ਬਣਿਆ ਸੀ ਤੇ ਹੁਣ ਆਰ ਐਸ ਐਸ ਨਾਲ ਜੁੜਦੀ ਰਾਸ਼ਟਰੀ ਸਿੱਖ ਸੰਗਤ ਦਾ ਆਗੂ ਹੈ। ਉਸ ਮੁਤਾਬਕ ਸੱਚਾ ਸੌਦਾ ਡੇਰੇ ਨਾਲ ਨਵੇਂ ਸਮਝੌਤੇ ਦੀ ਗੱਲ ਮੁੰਬਈ ਵਿਚ ਫਿਲਮ ਸਟਾਰ ਅਕਸ਼ੈ ਕੁਮਾਰ ਦੇ ਘਰ ਸਿਰੇ ਚੜ੍ਹੀ ਅਤੇ ਇਸ ਦਾ ਮੁੱਢਲਾ ਹਿੱਸਾ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਦੀ ਅਗਲੀਆਂ ਵਿਧਾਨ ਸਭਾ ਚੋਣਾਂ ਮੌਕੇ ਵੋਟਾਂ ਵਾਲੀ ਸਹਿਮਤੀ ਦਾ ਸੀ। ਜਦੋਂ ਸਭ ਕੁਝ ਤੈਅ ਹੋ ਗਿਆ ਤਾਂ ਉਥੇ ਦਮਦਮਾ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਗੁਰਮੁਖ ਸਿੰਘ ਨੂੰ ਹਵਾਈ ਜਹਾਜ਼ ਰਾਹੀਂ ਬੁਲਾਇਆ ਅਤੇ ਸਮਝੌਤੇ ਦੀ ਲਿਖਤ ਉਥੇ ਬਣਾਈ ਗਈ। ਦੋ ਵਾਰੀ ਲਿਖਤ ਲਿਖ ਕੇ ਬਦਲੀ ਗਈ ਤੇ ਫਿਰ ਉਸ ਪੁਰਾਣੀ ਲਿਖਤ ਨੂੰ ਮੰਨ ਲੈਣ ਦਾ ਸਮਝੌਤਾ ਹੋ ਗਿਆ, ਜਿਹੜੀ ਛੇ ਸਾਲ ਪਹਿਲਾਂ ਸਾਬਕਾ ਪਾਰਲੀਮੈਂਟ ਮੈਂਬਰ ਤਰਲੋਚਨ ਸਿੰਘ ਰਾਹੀਂ ਇੱਕ ਵਾਰੀ ਆਈ ਅਤੇ ਰੱਦ ਕਰ ਦਿੱਤੀ ਗਈ ਸੀ। ਤਰਲੋਚਨ ਸਿੰਘ ਨੇ ਬਿਆਨ ਦੇ ਦਿੱਤਾ ਹੈ ਕਿ ‘ਡੇਰਾ ਮੁਖੀ ਵੱਲੋਂ ਇਹ ਮਾਫੀਨਾਮਾ ਤਾਂ 6 ਸਾਲ ਪਹਿਲਾਂ ਲਿਖ ਕੇ ਭੇਜਿਆ ਗਿਆ ਸੀ, ਪਰ ਉਸ ਸਮੇਂ ਪਤਾ ਨਹੀਂ ਕਿਉਂ ਸਿੰਘ ਸਾਹਿਬਾਨ ਨੇ ਮੰਨਣ ਤੋਂ ਨਾਂਹ ਕਰ ਦਿੱਤੀ ਸੀ। æææਮੇਰੇ ਯਤਨਾਂ ਨਾਲ ਪੰਜ ਧਰਮਾਂ ਦੀਆਂ ਅਹਿਮ ਸਖਸ਼ੀਅਤਾਂ ਡੇਰਾ ਮੁਖੀ ਦਾ ਹੂਬਹੂ ਹੁਣ ਵਾਲੀ ਸ਼ਬਦਾਵਲੀ ਵਾਲਾ ਮਾਫੀਨਾਮਾ ਲੈ ਕੇ ਸਿੰਘ ਸਾਹਿਬ ਨੂੰ ਮਿਲੀਆਂ ਸਨ। æææਜੇ ਉਦੋਂ ਇਹ ਮਾਫੀਨਾਮਾ ਪ੍ਰਵਾਨ ਹੋ ਜਾਂਦਾ ਤਾਂ ਇੰਨੇ ਸਾਲ ਕਾਇਮ ਰਹੀ ਟਕਰਾਅ ਵਾਲੀ ਸਥਿਤੀ ਤੋਂ ਪੰਥ ਬਚ ਸਕਦਾ ਸੀ।’
ਅਸੀਂ ਨਹੀਂ ਜਾਣਦੇ ਕਿ ਰਾਜਦੇਵ ਸਿੰਘ ਦੀ ਇਹ ਅਕਸ਼ੈ ਕੁਮਾਰ ਵਾਲੀ ਕਹਾਣੀ ਕਿੰਨੀ ਕੁ ਸੱਚੀ ਹੈ, ਪਰ ਸਾਡੀ ਰਾਏ ਵਿਚ ਢੰਗ ਹੀ ਗਲਤ ਵਰਤਿਆ ਗਿਆ, ਪੰਜਾਬ ਦੇ ਅਮਨ ਦਾ ਰਾਹ ਕੱਢਣਾ ਗਲਤ ਨਹੀਂ ਸੀ। ਮਾੜੀ ਗੱਲ ਇਹ ਹੋਈ ਹੈ ਕਿ ਇਸ ਵਾਰ ਸਮਝੌਤਾ ਕਰਨ ਲਈ ਕੀਤੀ ਗਈ ਇਸ ਬੇਢੰਗੀ ਚੁਸਤੀ ਦੇ ਨਾਲ ਸਿੱਖ ਸੰਸਥਾਵਾਂ ਵੀ ਭੜਕ ਉਠੀਆਂ ਸਨ ਅਤੇ ਮਾਹੌਲ ਇੱਕ ਦਮ ਤਣਾਓ ਵਾਲਾ ਬਣਨ ਲੱਗ ਪਿਆ ਸੀ।
ਜਦੋਂ ਵੀਰਵਾਰ 15 ਅਕਤੂਬਰ ਨੂੰ ਰਾਜਦੇਵ ਸਿੰਘ ਖਾਲਸਾ ਨੇ ਇਹ ਸਾਰਾ ਕੁਝ ਖੋਲ੍ਹ ਦਿੱੱਤਾ, ਇਸ ਨਾਲ ਕਈ ਲੋਕ ਕਸੂਤੇ ਫਸ ਗਏ। ਗਿਆਨੀ ਗੁਰਮੁਖ ਸਿੰਘ ਦੀ ਸਥਿਤੀ ਪਹਿਲਾਂ ਹੀ ਏਨੀ ਮਾੜੀ ਸੀ ਕਿ ਪਰਿਵਾਰ ਦੇ ਲੋਕ ਵੀ ਉਸ ਨਾਲ ਬੋਲਣ ਨੂੰ ਤਿਆਰ ਨਹੀਂ ਸਨ। ਮਾਲਵੇ ਵਿਚ ਕਿਸਾਨ ਮੋਰਚੇ ਸਮੇਤ ਕਈ ਗੱਲਾਂ ਕਾਰਨ ਪੰਜਾਬ ਵਿਚ ਰਾਜ ਦੀ ਅਗਵਾਈ ਕਰਦੀ ਧਿਰ ਲਈ ਸਥਿਤੀ ਏਨੀ ਮਾੜੀ ਹੋ ਗਈ ਸੀ ਕਿ ਵਿਧਾਇਕ ਅਤੇ ਮੰਤਰੀ ਪਿੰਡਾਂ ਦੇ ਕੋਲੋਂ ਲੰਘਦੇ ਤ੍ਰਹਿਕਦੇ ਸਨ। ਅਕਾਲੀ ਦਲ ਦੀ ਕਮਾਨ ਹੁਣ ਬਾਪੂ ਕੋਲ ਨਹੀਂ, ਜਿਸ ਕੋਲ ਅੱਧੀ ਸਦੀ ਰਾਜ-ਕਾਜ ਸੰਭਾਲਣ ਦਾ ਤਜਰਬਾ ਹੈ। ਇਸ ਦੀ ਕਮਾਨ ਇਸ ਵਕਤ ਉਸ ਦੇ ਪੁੱਤਰ ਦੇ ਹੱਥ ਹੈ, ਜਿਹੜਾ ਆਪਣੇ ਨਾਲ ਕਿਤਾਬਾਂ ਦੀਆਂ ਪੰਡਾਂ ਨਾਲ ਭਰੇ ਹੋਏ ਸਿਰਾਂ ਵਾਲੇ ਲੋਕਾਂ ਦੀ ਇਹੋ ਜਿਹੀ ਟੀਮ ਲਈ ਫਿਰਦਾ ਹੈ, ਜਿਨ੍ਹਾਂ ਨੂੰ ਸਮਾਜੀ ਵਿਹਾਰ ਦੀ ਸੂਝ ਨਹੀਂ ਤੇ ਸਿਆਸੀ ਸਮਝ ਵੀ ਕੋਈ ਨਹੀਂ। ਰਾਜੀਵ ਗਾਂਧੀ ਦੇ ਰਾਜ ਵੇਲੇ ਇੱਕ ਵਾਰ ਕੇਂਦਰ ਦੇ ਇੱਕ ਕਾਂਗਰਸੀ ਆਗੂ ਨੇ ਕਿਹਾ ਸੀ ਕਿ ਦੂਨ ਸਕੂਲ ਦੇ ਜਿਹੜੇ ਗਰੈਜੂਏਟਾਂ ਨਾਲ ਰਾਜੀਵ ਗਾਂਧੀ ਰਾਜ ਕਰਨਾ ਚਾਹੁੰਦਾ ਹੈ, ਉਹ ਕਾਂਗਰਸ ਨੂੰ ਡੋਬ ਦੇਣਗੇ। ਹੁਣ ਪੰਜਾਬ ਵਿਚ ਇਹ ਕਿਹਾ ਜਾਣ ਲੱਗਾ ਹੈ ਕਿ ਸਨੋਵਰ ਸਕੂਲ ਦੇ ਗਰੈਜੂਏਟਾਂ ਦੀ ਜਿਹੜੀ ਟੀਮ ਇਸ ਵਕਤ ਪੰਜਾਬ ਪ੍ਰਸ਼ਾਸਨ ਉਤੇ ਸੁਪਰ-ਪ੍ਰਸ਼ਾਸਨ ਵਾਂਗ ਭਾਰੂ ਹੋਈ ਪਈ ਹੈ, ਤਜਰਬੇ ਅਤੇ ਸਮਾਜੀ ਵਿਹਾਰ ਦੀ ਸੂਝ ਤੋਂ ਸੱਖਣੀ ਇਹ ਟੀਮ ਇਸ ਰਾਜ ਅਤੇ ਹਾਕਮ ਪਾਰਟੀ ਦਾ ਨੁਕਸਾਨ ਕਰੇਗੀ।
ਇਹ ਸੋਚਣਾ ਜ਼ਰੂਰੀ ਨਹੀਂ ਕਿ ਅਕਾਲੀ ਦਲ ਦਾ ਭਵਿੱਖ ਕੀ ਹੋਵੇਗਾ, ਪਰ ਪੰਜਾਬ ਵਿਚ ਵੱਸਦੇ ਲੋਕਾਂ ਦਾ ਭਵਿੱਖ ਕੀ ਹੋਣਾ ਚਾਹੀਦਾ ਹੈ ਜਾਂ ਹੋ ਸਕਦਾ ਹੈ, ਇਹ ਚਿੰਤਾ ਨਹੀਂ ਛੱਡੀ ਜਾ ਸਕਦੀ। ਪੰਜਾਬ ਦੇ ਲੋਕਾਂ ਨੂੰ ਅੱਖਾਂ ਅਤੇ ਕੰਨ ਖੁੱਲ੍ਹੇ ਰੱਖਣੇ ਹੋਣਗੇ। ਜਿਹੜੀਆਂ ਘਟਨਾਵਾਂ ਇਸ ਵੇਲੇ ਪੰਜਾਬ ਵਿਚ ਹੋ ਰਹੀਆਂ ਹਨ ਤੇ ਜਿਨ੍ਹਾਂ ਨਾਲ ਲੋਕਾਂ ਦੀਆਂ ਭਾਵਨਾਵਾਂ ਭੜਕ ਰਹੀਆਂ ਹਨ, ਇਹ ਪੈਂਤੀ ਸਾਲ ਪਿੱਛੇ ਦੀ ਯਾਦ ਦਿਵਾ ਰਹੀਆਂ ਹਨ, ਜਦੋਂ ਧਾਰਮਿਕ ਅਸਥਾਨਾਂ ਵਿਚ ਬੇਹੁਰਮਤੀ ਦੀਆਂ ਘਟਨਾਵਾਂ ਨਾਲ ਪਿਆ ਵਿਗਾੜ ਗਰੀਬ ਦੇ ਕੁੜਤੇ ਦੇ ਲੰਗਾਰ ਵਾਂਗ ਵਧਦਾ ਗਿਆ ਸੀ। ਪੰਜਾਬ, ਤੂੰ ਆਪਣੀ ਖੈਰ ਮੰਗ, ਤੇਰੇ ਅਸਮਾਨ ਉਤੇ ਇੱਕ ਵਾਰ ਫਿਰ ਇੱਲਾਂ ਭੌਂਦੀਆਂ ਜਾਪਦੀਆਂ ਨੇ।

You must be logged in to post a comment Login