ਪੰਜਾਬ ਦੇ ਇਨ੍ਹਾਂ 10 ਕਿਸਾਨਾਂ ਦਾ ਪੂਰੇ ਭਾਰਤ ‘ਚ ਚੱਲਿਆ ਸਿੱਕਾ, ਮੋਦੀ ਸਰਕਾਰ ਵੱਲੋਂ ਸਨਮਾਨ

ਪੰਜਾਬ ਦੇ ਇਨ੍ਹਾਂ 10 ਕਿਸਾਨਾਂ ਦਾ ਪੂਰੇ ਭਾਰਤ ‘ਚ ਚੱਲਿਆ ਸਿੱਕਾ, ਮੋਦੀ ਸਰਕਾਰ ਵੱਲੋਂ ਸਨਮਾਨ

ਚੰਡੀਗੜ੍ਹ : ਪੰਜਾਬ ਦੇ 10 ਕਿਸਾਨ ਭਾਰਤ ਦੇ ਹੀਰੋ ਬਣੇ ਹਨ ਜਿਨ੍ਹਾਂ ਤੋਂ ਹੋਰਾਂ ਨੂੰ ਵੀ ਸੇਧ ਮਿਲੇਗੀ। ਮੋਦੀ ਸਰਕਾਰ ਨੇ ਇਨ੍ਹਾਂ ਕਿਸਾਨਾਂ ਨੂੰ ਸਨਮਾਨਿਆ ਹੈ। ਭਾਰਤ ਸਰਕਾਰ ਵੱਲੋਂ ਪੰਜਾਬ ਦੇ ਇਨ੍ਹਾਂ 10 ਅਗਾਂਹਵਧੂ ਕਿਸਾਨਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਕਿਸਾਨਾਂ ਨੂੰ ਫਸਲੀ ਰਹਿੰਦ-ਖੂੰਹਦ ਦੀਆਂ ਵਿਧੀਆਂ ਅਪਣਾਉਣ ਸਬੰਧੀ ਉਤਸ਼ਾਹਤ ਕਰਨ ਲਈ ਕੀਤੇ ਜਾ ਰਹੇ ਯਤਨਾਂ ਨੂੰ ਸੋਮਵਾਰ ਨੂੰ ਰਾਸ਼ਟਰੀ ਪੱਧਰ ‘ਤੇ ਭਰਪੂਰ ਹੁੰਗਾਰਾ ਮਿਲਿਆ, ਜਦੋਂ ਭਾਰਤ ਸਰਕਾਰ ਵੱਲੋਂ ਸੂਬੇ ਦੇ 10 ਅਗਾਂਹਵਧੂ ਕਿਸਾਨਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਨ੍ਹਾਂ ਕਿਸਾਨਾਂ ਵੱਲੋਂ ਫਸਲੀ ਰਹਿੰਦ-ਖੂੰਹਦ ਨੂੰ ਅੱਗ ਨਾ ਲਾ ਕੇ ਇਸ ਨੂੰ ਜ਼ਮੀਨ ਵਿਚ ਹੀ ਖਪਾਉਣ ਦੀਆਂ ਵਿਧੀਆਂ ਨੂੰ ਅਪਣਾਇਆ ਗਿਆ ਹੈ। ਕੇਂਦਰੀ ਖੇਤੀਬਾੜੀ ਰਾਜ ਮੰਤਰੀ ਪਰਸ਼ੋਤਮ ਰੁਪਾਲਾ ਵੱਲੋਂ ਇਨ੍ਹਾਂ ਅਗਾਂਹਵਧੂ ਕਿਸਾਨਾਂ ਨੂੰ ਫਸਲੀ ਰਹਿੰਦ-ਖੂੰਹਦ ਦੇ ਨਿਪਟਾਰੇ ਬਾਰੇ ਕਿਸਾਨਾਂ ਦੀ ਹੋਈ ਕੌਮੀ ਕਾਨਫਰੰਸ ਦੌਰਾਨ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ। ਕੇਂਦਰ ਸਰਕਾਰ ਵੱਲੋਂ ਇੱਥੇ ਐਨਏਐਸਸੀ ਕੰਪਲੈਕਸ ਵਿਖੇ ਕਰਵਾਈ ਕੌਮੀ ਕਾਨਫਰੰਸ ਵਿਚ ਪੰਜਾਬ ਦੇ 500 ਤੋਂ ਵਧੇਰੇ ਕਿਸਾਨਾਂ ਨੇ ਭਾਗ ਲਿਆ। ਇਸ ਮੌਕੇ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ, ਖੇਤੀਬਾੜੀ ਵਿਭਾਗ ਪੰਜਾਬ ਤੋਂ ਇਲਾਵਾ ਹੋਰ ਵਿਭਾਗਾਂ ਅਤੇ ਅਦਾਰਿਆਂ ਦੇ ਮਾਹਿਰਾਂ ਅਤੇ ਵਿਸ਼ੇਸ਼ ਤੌਰ ‘ਤੇ ਕਿਸਾਨਾਂ ਵੱਲੋਂ ਇਸ ਵਿਸ਼ੇ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ ਗਏ। ਕਾਨਫਰੰਸ ‘ਚ ਵੱਖ-ਵੱਖ ਸੂਬਿਆਂ ਦੇ ਕਿਸਾਨ ਸ਼ਾਮਲ ਹੋਏ। ਖੇਤੀਬਾੜੀ ਵਿਭਾਗ ਪੰਜਾਬ ਦੇ ਡਾਇਰੈਕਟਰ ਡਾ. ਐਸਕੇ ਐਰੀ ਨੇ ਦੱਸਿਆ ਕਿ ਫਸਲੀ ਰਹਿੰਦ-ਖੂੰਹਦ ਦੇ ਵਾਤਾਵਰਨ ਵਿਰੋਧੀ ਰੁਝਾਨ ਨੂੰ ਰੋਕਣ ਲਈ ਸੂਬੇ ਦੇ ਕਿਸਾਨਾਂ ਵੱਲੋਂ ਅਗਾਂਹਵਧੂ ਸੋਚ ਰੱਖਦਿਆਂ ਰਹਿੰਦ-ਖੂੰਹਦ ਦੇ ਪ੍ਰਬੰਧਨ ਦੀਆਂ ਤਕਨੀਕਾਂ ਨੂੰ ਵੱਡੇ ਪੈਮਾਨੇ ‘ਤੇ ਅਪਣਾਉਣਾ ਆਪਣੇ ਆਪ ਵਿਚ ਹਾਂ-ਪੱਖੀ ਸੰਕੇਤ ਹੈ।

You must be logged in to post a comment Login