ਪੰਜਾਬ ਨੇ ਕੇਂਦਰ ਨੂੰ ਐੱਫ. ਸੀ. ਆਈ. ਗੋਦਾਮਾਂ ਚ ਪਏ ਅਨਾਜ ਨੂੰ ਤੇਜ਼ੀ ਨਾਲ ਸ਼ਿਫਟ ਕਰਨ ਲਈ ਕਿਹਾ

ਪੰਜਾਬ ਨੇ ਕੇਂਦਰ ਨੂੰ ਐੱਫ. ਸੀ. ਆਈ. ਗੋਦਾਮਾਂ ਚ ਪਏ ਅਨਾਜ ਨੂੰ ਤੇਜ਼ੀ ਨਾਲ ਸ਼ਿਫਟ ਕਰਨ ਲਈ ਕਿਹਾ

ਜਲੰਧਰ : ਪੰਜਾਬ ਨੇ ਕੇਂਦਰ ਸਰਕਾਰ ਨੂੰ ਕਿਹਾ ਕਿ ਭਾਰਤੀ ਖੁਰਾਕ ਨਿਗਮ (ਐੱਫ. ਸੀ. ਆਈ.) ਦੇ ਗੋਦਾਮਾਂ ‘ਚ ਪਏ ਅਨਾਜ ਨੂੰ ਤੇਜ਼ੀ ਨਾਲ ਹੋਰ ਸਥਾਨਾਂ ‘ਤੇ ਸ਼ਿਫਟ ਕੀਤਾ ਜਾਵੇ ਕਿਉਂਕਿ ਝੋਨੇ ਦੀ ਨਵੀਂ ਫਸਲ ਦੀ ਖਰੀਦ 1 ਅਕਤੂਬਰ ਤੋਂ ਸ਼ੁਰੂ ਹੋ ਜਾਣੀ ਹੈ। ਸੂਬੇ ‘ਚ ਐੱਫ. ਸੀ. ਆਈ. ਦੇ ਗੋਦਾਮਾਂ ‘ਚ ਕਾਫੀ ਮਾਤਰਾ ‘ਚ ਅਨਾਜ ਪਿਆ ਹੋਇਆ ਹੈ। ਫਿਲਹਾਲ ਐੱਫ. ਸੀ. ਆਈ. ਕੋਲ ਸਿਰਫ 22 ਲੱਖ ਮੀਟ੍ਰਿਕ ਟਨ ਚੌਲਾਂ ਨੂੰ ਭਰਨ ਲਈ ਹੀ ਥਾਂ ਬਚੀ ਹੋਈ ਹੈ। ਸੂਬੇ ‘ਚ ਝੋਨੇ ਦੀ ਲਗਭਗ 200 ਲੱਖ ਮੀਟ੍ਰਿਕ ਟਨ ਫਸਲ ਮੰਡੀਆਂ ‘ਚ ਖਰੀਦੀ ਜਾਣੀ ਹੈ। ਇਸ ਲਈ ਐੱਫ. ਸੀ. ਆਈ. ਦੇ ਗੋਦਾਮਾਂ ‘ਚ ਵਾਧੂ ਥਾਂ ਦੀ ਲੋੜ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਿਰਦੇਸ਼ਾਂ ‘ਤੇ ਖੁਰਾਕ ਸਪਲਾਈ ਵਿਭਾਗ ਦੇ ਅਧਿਕਾਰੀਆਂ ਨੇ ਐੱਫ. ਸੀ. ਆਈ. ਦੇ ਸੀਨੀਅਰ ਅਧਿਕਾਰੀਆਂ ਨਾਲ ਸੰਪਰਕ ਕੀਤਾ ਹੈ ਅਤੇ ਉਨ੍ਹਾਂ ਨੂੰ ਕਿਹਾ ਹੈ ਕਿ ਗੋਦਾਮਾਂ ਤੋਂ ਖੁਰਾਕ ਪਦਾਰਥਾਂ ਦੀ ਲਿਫਟਿੰਗ ਦਾ ਕੰਮ ਤੁਰੰਤ ਤੇਜ਼ ਕੀਤਾ ਜਾਣਾ ਚਾਹੀਦਾ ਹੈ। ਅਜੇ ਫਸਲ ਆਉਣ ਤੋਂ ਪਹਿਲਾਂ ਗੋਦਾਮਾਂ ‘ਚ ਲੋੜੀਂਦੀ ਥਾਂ ਦਾ ਪ੍ਰਬੰਧ ਕਰ ਦਿੱਤਾ ਜਾਣਾ ਚਾਹੀਦਾ ਹੈ।

You must be logged in to post a comment Login