ਪੰਜਾਬ ਨੈਸ਼ਨਲ ਬੈਂਕ ਨੇ ਗੁਰੂ ਗੋਬਿੰਦ ਸਿੰਘ ਸਟੇਡੀਅਮ ਕੀਤਾ ਸੀਲ

ਪੰਜਾਬ ਨੈਸ਼ਨਲ ਬੈਂਕ ਨੇ ਗੁਰੂ ਗੋਬਿੰਦ ਸਿੰਘ ਸਟੇਡੀਅਮ ਕੀਤਾ ਸੀਲ

ਜਲੰਧਰ – ਪੰਜਾਬ ਨੈਸ਼ਨਲ ਬੈਂਕ ਨੇ ਇੰਪਰੂਵਮੈਂਟ ਟਰੱਸਟ ਦੀ ਸੰਪਤੀ ਨੂੰ 112 ਕਰੋੜ ਰੁਪਏ ਦਾ ਕਰਜ਼ਾ ਨਾ ਦੇਣ ‘ਤੇ ਗੁਰੂ ਗੋਬਿੰਦ ਸਿੰਘ ਸਟੇਡੀਅਮ ਨੂੰ ਅੱਜ ਆਪਣੇ ਕਬਜ਼ੇ ‘ਚ ਲੈ ਕੇ ਸੰਕੇਤਿਕ ਤੌਰ ‘ਤੇ ਸੀਲ ਕਰ ਦਿੱਤਾ। ਸਟੇਡੀਅਮ ਟਰੱਸਟ ਦੀ ਸੰਪਤੀ ਹੈ। ਟਰੱਸਟ ਨੇ ਸਾਲ 2011 ‘ਚ ਆਪਣੀ 94.97 ਏਕੜ ਸਕੀਮ ਲਈ ਪੰਜਾਬ ਨੈਸ਼ਨਲ ਬੈਂਕ ਤੋਂ 175 ਕਰੋੜ ਰੁਪਏ ਦਾ ਕਰਜ਼ ਲਿਆ ਸੀ, ਜਿਸ ‘ਚ 112 ਕਰੋੜ ਅਜੇ ਬਾਕੀ ਹਨ। ਇਸੇ ਕਰਜ਼ ਨੂੰ ਚੁਕਾਉਣ ਕਰਕੇ ਮੰਗਲਵਾਰ ਨੂੰ ਸਟੇਡੀਅਮ ਸੀਲ ਕਰ ਦਿੱਤਾ ਗਿਆ। ਬੈਂਕ ਪ੍ਰਬੰਧਕ ਕੇ. ਸੀ. ਗਾਗਰਾਣੀ ਨੇ ਮੰਗਲਵਾਰ ਨੂੰ ਦੱਸਿਆ ਕਿ ਟਰੱਸਟ ਦੀ 94.97 ਏਕੜ ਦੀ ਸਕੀਮ ਫਲਾਪ ਹੋਣ ਕਾਰਨ ਇਹ ਬੈਂਕ ਦਾ ਕਰਜ਼ ਚੁਕਾ ਨਹੀਂ ਪਾ ਰਹੇ ਹਨ। ਕਰਜ਼ ਦੇ ਬਦਲੇ ਟਰੱਸਟ ਨੇ ਆਪਣੀਆਂ ਕੁਝ ਸੰਪਤੀਆਂ ਬੈਂਕ ਦੇ ਕੋਲ ਗਿਰਵੀ ਰੱਖੀਆਂ ਸਨ ਅਤੇ ਕਰਜ਼ ਨਾ ਚੁਕਾਉਣ ਦੀ ਸੂਰਤ ‘ਚ ਟਰੱਸਟ ਦਾ ਅਕਾਊਂਟ 31 ਮਾਰਚ 2018 ਨੂੰ ਨਾਨ ਪਰਫਾਰਮਿੰਗ ਐਸੇਟ ਹੋ ਗਿਆ ਹੈ। ਇਸ ਸਥਿਤੀ ‘ਚੋਂ ਬਾਹਰ ਨਿਕਲਣ ਲਈ ਟਰੱਸਟ ਵੱਲੋਂ ਬੈਂਕ ਨੂੰ 26 ਕਰੋੜ ਦੀ ਰਾਸ਼ੀ ਅਦਾ ਕਰਨੀ ਹੋਵੇਗੀ। ਉਨ੍ਹਾਂ ਨੇ ਦੱਸਿਆ ਕਿ ਬੈਂਕ ਵੱਲੋਂ ਇੰਮਪਰੂਵਮੈਂਟ ਟਰੱਸਟ ਨੂੰ ਜੁਲਾਈ 2018 ਨੂੰ ਨੋਟਿਸ ਜਾਰੀ ਕੀਤਾ ਸੀ, ਜਿਸ ‘ਚ ਕਿਹਾ ਗਿਆ ਸੀ ਕਿ ਬੈਂਕ ਦੇ ਪੈਸੇ ਵਾਪਸ ਨਾ ਕਰਨ ਦੀ ਸੂਰਤ ‘ਚ ਗੁਰੂ ਗੋਬਿੰਦ ਸਿੰਘ ਸਟੇਡੀਅਮ ਜੋ ਕਿ ਟਰੱਸਟ ਦੀ ਸੰਪਤੀ ਹੈ ਅਤੇ ਬੈਂਕ ਦੇ ਕੋਲ ਗਿਰਵੀ ਪਈ ਹੈ, ਨੂੰ ਸੀਲ ਕਰ ਦਿੱਤਾ ਜਾਵੇਗਾ। ਗਾਗਰਾਣੀ ਨੇ ਦੱਸਿਆ ਕਿ ਬੈਂਕ ਵੱਲੋਂ ਗੁਰੂ ਗੋਬਿੰਦ ਸਿੰਘ ਸਟੇਡੀਅਮ ‘ਚ ਸੀਲ ਲਗਾ ਕੇ ਸੰਕੇਤਿਕ ਤੌਰ ‘ਤੇ ਕਬਜ਼ੇ ‘ਚ ਲਿਆ ਗਿਆ ਹੈ ਅਤੇ ਕੁਝ ਹੀ ਦਿਨਾਂ ‘ਚ ਇਸ ਨੂੰ ਫਿਜ਼ਿਕਲ ਤੌਰ ‘ਤੇ ਕਬਜ਼ੇ ‘ਚ ਲੈ ਲਿਆ ਜਾਵੇਗਾ। ਉਨ੍ਹਾਂ ਨੇ ਦੱਸਿਆ ਕਿ ਅਗਲੇ ਇਕ ਜਾਂ ਦੋ ਦਿਨ ‘ਚ ਸੂਰਿਆ ਵਿਹਾਰ ਦੀਆਂ ਕੁਝ ਪ੍ਰਾਪਰਟੀਆਂ ਕਬਜ਼ੇ ‘ਚ ਲਈਆਂ ਜਾਣਗੀਆਂ।

You must be logged in to post a comment Login