ਪੰਜਾਬ ਸਮੇਤ 17 ਸੂਬਿਆਂ ‘ਚ ਭਾਰੀ ਮੀਂਹ ਦੀ ਸੰਭਾਵਨਾ

ਪੰਜਾਬ ਸਮੇਤ 17 ਸੂਬਿਆਂ ‘ਚ ਭਾਰੀ ਮੀਂਹ ਦੀ ਸੰਭਾਵਨਾ

ਚੰਡੀਗੜ੍ਹ : ਪੰਜਾਬ ‘ਚ ਅਗਲੇ ਦੋ ਦਿਨ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਸਬੰਧੀ ਮੌਸਮ ਵਿਭਾਗ ਵਲੋਂ ਅਲਰਟ ਜਾਰੀ ਕੀਤਾ ਗਿਆ ਹੈ। ਇਹ ਅਲਰਟ ਪੰਜਾਬ, ਮੁੰਬਈ, ਗੁਜਰਾਤ, ਰਾਜਸਥਾਨ, ਉੜੀਸਾ ਸਮੇਤ ਦੇਸ਼ ਦੇ 17 ਤੋਂ ਜ਼ਿਆਦਾ ਸੂਬਿਆਂ ‘ਚ ਜਾਰੀ ਕੀਤਾ ਗਿਆ ਹੈ। ਉਧਰ ਮੁੰਬਈ ‘ਚ ਲਗਾਤਾਰ ਪੈ ਰਹੇ ਮੀਂਹ ਨੇ ਲੋਕਾਂ ਦੀ ਹਾਲਤ ਖ਼ਰਾਬ ਕਰ ਦਿੱਤੀ ਹੈ। ਐਤਵਾਰ ਸਵੇਰੇ ਵੀ ਭਾਰੀ ਮੀਂਹ ਦਾ ਅਸਰ ਇੱਥੇ ਦੀ ਰੇਲ ਅਤੇ ਹਵਾਈ ਸੇਵਾ ‘ਤੇ ਵੇਖਿਆ ਗਿਆ। ਰੇਲ ਪਟੜੀਆਂ ‘ਤੇ ਪਾਣੀ ਭਰ ਗਿਆ, ਜਿਸ ਕਾਰਨ ਮੁੰਬਈ ਦੇ ਸੈਂਟਰਲ ਰੇਲਵੇ ਦੇ ਠਾਣੇ ਅਤੇ ਪਨਵੇਲ ਵਿਚਕਾਰ ਟਰੇਨ ਸੇਵਾਵਾਂ ਪ੍ਰਭਾਵਤ ਰਹੀਆਂ। ਹਜ਼ਾਰਾਂ ਮੁਸਾਫ਼ਰ ਇਨ੍ਹਾਂ ਸਟੇਸ਼ਨਾਂ ‘ਤੇ ਫਸ ਗਏ। ਉਧਰ ਕਈ ਉਡਾਨਾਂ ਵੀ ਰੱਦ ਕਰਨੀਆਂ ਪਈਆਂ। ਗੁਜਰਾਤ ‘ਚ ਭਾਰੀ ਮੀਂਹ ਤੋਂ ਬਾਅਦ ਲਗਾਤਾਰ ਹਾਲਾਤ ਬਦਤਰ ਹੁੰਦੇ ਜਾ ਰਹੇ ਹਨ। ਸੂਬੇ ‘ਚ ਲਗਾਤਾਰ ਬਾਰਸ਼ ਤੋਂ ਬਾਅਦ ਨਵਸਾਰੀ ‘ਚ ਹੜ੍ਹ ਵਰਗੇ ਹਾਲਾਤ ਪੈਦਾ ਹੋ ਗਏ ਹਨ। ਭਾਰੀ ਬਾਰਸ਼ ਤੋਂ ਬਾਅਦ ਹਾਲਾਤ ਵੇਖਦੇ ਹੋਏ ਰਾਸ਼ਟਰੀ ਆਫ਼ਤ ਪ੍ਰਤੀਕਿਰਿਆ ਬਲ ਨੇ ਹੁਣ ਤਕ ਮਹਾਰਾਸ਼ਟਰ ਤੇ ਗੁਜਰਾਤ ‘ਚ ਅੱਠ ਟੀਮਾਂ ਤਾਇਨਾਤ ਕੀਤੀਆਂ ਹਨ। ਭਾਰਤ ਮੌਸਮ ਵਿਗਿਆਨ ਵਿਭਾਗ ਨੇ ਮੁੰਬਈ ਸਬੰਧੀ ਅਲਰਟ ਜਾਰੀ ਕੀਤਾ ਹੈ। ਤੇਜ਼ ਹਵਾਵਾਂ ਨਾਲ ਬਾਰਸ਼ ਜਾਰੀ ਰਹੇਗੀ। ਮਛੇਰਿਆਂ ਲਈ ਵੀ ਚਿਤਾਵਨੀ ਜਾਰੀ ਕੀਤੀ ਗਈ ਹੈ। ਉਧਰ ਗੁਆਂਢੀ ਸੂਬੇ ਹਿਮਾਚਲ ਪ੍ਰਦੇਸ਼ ਦੇ ਉਪਰਲੇ ਇਲਾਕਿਆਂ ਵਿਚ ਹੋ ਰਹੀ ਭਾਰੀ ਬਰਸਾਤ ਕਰ ਕੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ (ਬੀਬੀਐਮਬੀ) ਦੇ ਡੈਮਾਂ ਵਿਚ ਪਾਣੀ ਦਾ ਪੱਧਰ ਲਗਾਤਾਰ ਵੱਧਦਾ ਜਾ ਰਿਹਾ ਹੈ, ਜਿਸ ਕਰ ਕੇ ਬੀਤੇ ਦਿਨੀਂ ਬੀ.ਬੀ.ਐਮ.ਬੀ. ਦੀ ਤਕਨੀਕੀ ਕਮੇਟੀ ਦੀ ਹੋਈ ਬੈਠਕ ਵਿਚ ਮੌਜੂਦਾ ਹਾਲਾਤ ਦੇ ਮੱਦੇਨਜ਼ਰ ਰੋਜ਼ਾਨਾ ਭਾਖੜਾ ਡੈਮ ਤੋਂ 32 ਹਜ਼ਾਰ ਕਿਊਸਿਕ ਅਤੇ ਪੌਂਗ ਡੈਮ ਵਿਚੋਂ 10 ਹਜ਼ਾਰ ਕਿਊਸਿਕ ਪਾਣੀ ਛੱਡੇ ਜਾਣ ਦਾ ਫ਼ੈਸਲਾ ਕੀਤਾ ਗਿਆ ਹੈ। ਸਿਵਲ ਪ੍ਰਸ਼ਾਸਨ ਵਲੋਂ ਹੜ੍ਹਾਂ ਦੇ ਮਾਮਲੇ ਵਿਚ ਪੂਰੀ ਮੁਸਤੈਦੀ ਵਰਤਦਿਆਂ ਫਲੱਡ ਕੰਟਰੋਲ ਰੂਮ ਸਥਾਪਤ ਕਰ ਦਿਤੇ ਗਏ ਹਨ।

You must be logged in to post a comment Login