ਪੰਜਾਬ ਸਰਕਾਰ ਵਲੋਂ ਸਿੱਖਿਆ, ਤਕਨੀਕੀ ਸਿਖਲਾਈ ਅਤੇ ਹੁਨਰ ਵਿਕਾਸ ‘ਚ ਐਲਬਰਟਾ ਸੂਬੇ ਨਾਲ ਸਮਝੌਤਾ

ਪੰਜਾਬ ਸਰਕਾਰ ਵਲੋਂ ਸਿੱਖਿਆ, ਤਕਨੀਕੀ ਸਿਖਲਾਈ ਅਤੇ ਹੁਨਰ ਵਿਕਾਸ ‘ਚ ਐਲਬਰਟਾ ਸੂਬੇ ਨਾਲ ਸਮਝੌਤਾ

ਚੰਡੀਗੜ੍ਹ : ਸਿੱਖਿਆ, ਸਿਖਲਾਈ ਅਤੇ ਹੁਨਰ ਵਿਕਾਸ ਸੈਕਟਰ ਨੂੰ ਅੱਗੇ ਹੋਰ ਹੁਲਾਰਾ ਦੇਣ ਵਾਸਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਸਰਕਾਰ ਨੇ ਕੈਨੇਡਾ ਦੇ ਐਲਬਰਟਾ ਸੂਬੇ ਦੀ ਸਰਕਾਰ ਨਾਲ ਇਕ ਸਮਝੌਤੇ ‘ਤੇ ਹਸਤਾਖਰ ਕੀਤੇ ਹਨ। ਦੋਵੇਂ ਧਿਰਾਂ ਸੂਚਨਾ ਦੇ ਅਦਾਨ-ਪ੍ਰਦਾਨ ਅਤੇ ਊਰਜਾ, ਖੇਤੀ, ਵਾਤਾਵਰਣ ਪ੍ਰਬੰਧਨ, ਤਕਨਾਲੋਜੀ, ਏਅਰੋ ਸਪੇਸ, ਡਿਫੈਂਸ, ਪ੍ਰਾਹੁਣਚਾਰੀ ਤੇ ਪ੍ਰਚੂਨ ਦੇ ਹੋਰ ਪ੍ਰਾਥਮਿਕ ਖੇਤਰਾਂ ਵਿੱਚ ਸਹਿਯੋਗ ਕਰਨ ਦੇ ਵਾਸਤੇ ਸੰਭਾਵਨਾਵਾਂ ਤਲਾਸ਼ਣ ਲਈ ਸਹਿਮਤ ਹੋ ਗਈਆਂ ਹਨ।
ਇਸ ਸਹਿਮਤੀ ਪੱਤਰ ‘ਤੇ ਮੁੱਖ ਮੰਤਰੀ ਦੀ ਹਾਜ਼ਰੀ ਵਿੱਚ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਐਲਬਰਟਾ ਸਰਕਾਰ ਦੇ ਚੀਫ ਅਸਿਸਟੈਂਟ ਡਿਪਟੀ ਮਨਿਸਟਰ ਮੈਥਿਯੂ ਮੈਸ਼ਿਲਸ ਨੇ ਹਸਤਾਖ਼ਰ ਕੀਤੇ। ਕੈਪਟਨ ਅਮਰਿੰਦਰ ਸਿੰਘ ਨੇ ਅਫੀਮ ਦੀ ਆਦਤ ਨਾਲ ਨਿਪਟਨ ਵਾਸਤੇ ਤਜਰਬੇ ਅਤੇ ਮੁਹਾਰਤ ਪ੍ਰਾਪਤ ਕਰਨ ਲਈ ਐਲਬਰਟਾ ਸਰਕਾਰ ਨਾਲ ਸਾਂਝ ਪੈਦਾ ਕਰਨ ਲਈ ਤਕਨੀਕੀ ਸਿੱਖਿਆ ਵਿਭਾਗ ਨੂੰ ਆਖਿਆ ਹੈ। ਇਸ ਦੀ ਵਿਸਤ੍ਰਿਤ ਜਾਣਕਾਰੀ ਦਿੰਦੇ ਹੋਏ ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇਹ ਸਹਿਮਤੀ ਪੱਤਰ ਮੁੱਖ ਤੌਰ ‘ਤੇ ਸਿਖਲਾਈ ਅਤੇ ਹੁਨਰ ਵਿਕਾਸ ਦੇ ਲਈ ਸਮਰਥਾ ਨਿਰਮਾਣ ਵਿੱਚ ਵਾਧਾ ਕਰਨ ਵਾਸਤੇ ਵਿਸ਼ਾ ਮਾਮਲਿਆਂ ਦੇ ਮਾਹਰਾਂ ਦੇ ਵਧੀਆ ਅਮਲ ਅਤੇ ਰੁਝੇਵੇਂ ਦੇ ਅਦਾਨ-ਪ੍ਰਦਾਨ ‘ਤੇ ਮੁੱਢਲੇ ਰੂਪ ਵਿੱਚ ਕੇਂਦਰਿਤ ਹੋਵੇਗਾ। ਵਪਾਰ, ਸਿੱਖਿਆ ਅਤੇ ਤਕਨਾਲੋਜੀ ਦੀ ਸਿਖਲਾਈ ਦੇ ਨਾਲ ਵਪਾਰਕ ਅਤੇ ਸਰਕਾਰ ਦੇ ਮਿਸ਼ਨ ਅਤੇ ਟੂਰ ਵੀ ਇਸ ਵਿੱਚ ਸ਼ਮੂਲੀਅਤ ਕਰਨ ਵਾਲਿਆਂ ਦੇ ਖੇਤਰਾਂ ਵਿੱਚ ਆਯੋਜਿਤ ਕੀਤੇ ਜਾਣਗੇ।

You must be logged in to post a comment Login