ਪੱਤਰਕਾਰ ਛਤਰਪਤੀ ਦੇ ਪਰਿਵਾਰ ਦੀ ਲੜਾਈ

ਪੱਤਰਕਾਰ ਛਤਰਪਤੀ ਦੇ ਪਰਿਵਾਰ ਦੀ ਲੜਾਈ

ਪੰਚਕੂਲਾ ਦੀ ਸੀ ਬੀ ਆਈ ਅਦਾਲਤ ਵਿਚ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਵਿਰੁਧ ਪੱਤਰਕਾਰ ਰਾਮਚੰਦਰ ਛਤਰਪਤੀ ਅਤੇ ਡੇਰੇ ਦੇ ਪ੍ਰੇਮੀ ਰਣਜੀਤ ਸਿੰਘ ਦੇ ਕਤਲਾਂ ਸਬੰਧੀ ਦੋ ਹੋਰ ਕੇਸ ਵੀ ਚੱਲ ਰਹੇ ਹਨ। ਡੇਰਾ ਮੁਖੀ ਨੂੰ ਸਾਧਵੀਆਂ ਨਾਲ ਜਬਰ ਜਨਾਹ ਦੇ ਕੇਸ ਵਿਚ ਸਜ਼ਾ ਸੁਣਾਉਣ ਦਾ ਫ਼ੈਸਲਾ ਪੱਤਰਕਾਰ ਰਾਮਚੰਦਰ ਛਤਰਪਤੀ ਦੇ ਪਰਿਵਾਰ ਲਈ ਵੱਡੀ ਉਮੀਦ ਬਣ ਕੇ ਆਇਆ ਹੈ। ਛਤਰਪਤੀ ਵੱਲੋਂ ਆਪਣੀ ਅਖ਼ਬਾਰ ਵਿਚ ਡੇਰਾ ਮੁਖੀ ‘ਤੇ ਸਾਧਵੀਆਂ ਵੱਲੋਂ ਸਰੀਰਕ ਸ਼ੋਸ਼ਣ ਦੇ ਦੋਸ਼ ਲਗਾਏ ਜਾਣ ਤੋਂ ਬਾਅਦ 2002 ਵਿਚ ਇਸ ਸਬੰਧੀ ਵਿਸ਼ੇਸ਼ ਕਵਰੇਜ ਕੀਤੇ ਜਾਣ ਕਾਰਨ ਡੇਰੇ ਦੇ ਦੋ ਪ੍ਰੇਮੀਆਂ ਵੱਲੋਂ ਗੋਲੀਆਂ ਮਾਰ ਕੇ ਉਸ ਦੀ ਹੱਤਿਆ ਕਰ ਦਿੱਤੀ ਗਈ ਸੀ। ਹੁਣ ਅਦਾਲਤ ਦੇ ਫ਼ੈਸਲੇ ਤੋਂ ਬਾਅਦ ਛਤਰਪਤੀ ਦੇ ਬੇਟੇ ਅੰਸ਼ੁਲ ਛਤਰਪਤੀ ਨੇ ਕਿਹਾ- “ਡੇਰਾ ਮੁਖੀ ਵਰਗੇ ਰਸੂਖਵਾਨ ਲੋਕ ਕੋਈ ਜੁਰਮ ਕਰਨ ਤੋਂ ਬਾਅਦ ਕਾਨੂੰਨ ਤੋਂ ਬਚ ਨਹੀਂ ਸਕਦੇ। ਇਸ ਕੇਸ ਦੇ ਫ਼ੈਸਲੇ ਨਾਲ ਮੇਰੇ ਪਿਤਾ ਛਤਰਪਤੀ ਦਾ ਕੇਸ ਮਜ਼ਬੂਤ ਹੋਵੇਗਾ।”
ਦੂਸਰਾ ਕਤਲ ਡੇਰਾ ਪ੍ਰੇਮੀ ਰਣਜੀਤ ਸਿੰਘ ਨਾਲ ਸਬੰਧਤ ਹੈ। ਡੇਰਾ ਮੁਖੀ ਵਿਰੁਧ ਦੋਵਾਂ ਕੇਸਾਂ ਵਿਚ ਚਾਰਜਸ਼ੀਟ ਦਾਇਰ ਹੋ ਚੁੱਕੀ ਹੈ ਅਤੇ ਸੁਣਵਾਈ ਚਲ ਰਹੀ ਹੈ। ਇਕ ਸਾਧਵੀ ਵੱਲੋਂ ਲਿਖੀ ਚਿੱਠੀ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਸਮੇਤ ਕਈ ਹੋਰ ਮਹੱਤਵਪੂਰਨ ਥਾਵਾਂ ‘ਤੇ ਨਿਆਂ ਦੀ ਮੰਗ ਲਈ ਪਹੁੰਚਾਉਣ ਦੇ ਸ਼ੱਕ ਵਿਚ ਡੇਰਾ ਪ੍ਰੇਮੀ ਰਣਜੀਤ ਸਿੰਘ ਨੂੰ ਕਤਲ ਕਰ ਦਿੱਤਾ ਗਿਆ ਸੀ। ਇਸੇ ਚਿੱਠੀ ਕਾਰਨ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਸੀਥਬੀਥਆਈਥ ਨੂੰ ਇਸ ਕੇਸ ਦੀ ਜਾਂਚ-ਪੜਤਾਲ ਕਰਨ ਦੇ ਹੁਕਮ ਦਿੱਤੇ ਸਨ।
ਅੰਸ਼ੁਲ ਛਤਰਪਤੀ ਅਨੁਸਾਰ, ਉਸ ਦੇ ਪਿਤਾ ਦੇ ਕਤਲ ਕੇਸ ਵਿਚ ਸਾਰੀਆਂ ਗਵਾਹੀਆਂ ਦਰਜ ਹੋ ਚੁੱਕੀਆਂ ਹਨ ਅਤੇ ਇਹ ਸੁਣਵਾਈ ਦੇ ਆਖਰੀ ਪੜਾਅ ਵਿਚ ਹੈ। ਇਸ ਕੇਸ ਦੀ ਅਗਲੀ ਸੁਣਵਾਈ 16 ਸਤੰਬਰ 2017 ਨੂੰ ਹੋਣੀ ਹੈ। ਰਾਮਚੰਦਰ ਛਤਰਪਤੀ ਸਿਰਸਾ ਤੋਂ ਪੱਤਰਕਾਰ ਸਨ ਜਿਨ੍ਹਾਂ ਨੇ ਸ਼ਾਮ ਨੂੰ ਛਪਣ ਵਾਲਾ ਅਖ਼ਬਾਰ ‘ਪੂਰਾ ਸੱਚ’ ਸਾਲ 2000 ਵਿਚ ਸ਼ੁਰੂ ਕੀਤਾ ਸੀ। ਜਦੋਂ ਡੇਰੇ ਵਿਚ ਕੁਝ ਗ਼ਲਤ ਕਾਰਵਾਈਆਂ ਅਤੇ ਸਰੀਰਕ ਸ਼ੋਸ਼ਣ ਦੀਆਂ ਘਟਨਾਵਾਂ ਸਾਹਮਣੇ ਆਈਆਂ ਤਾਂ ਛਤਰਪਤੀ ਵਲੋਂ ਆਪਣੇ ਅਖ਼ਬਾਰ ਵਿਚ ਇਸ ਮੁੱਦੇ ਨਾਲ ਸਬੰਧਤ ਖ਼ਬਰਾਂ ਨੂੰ ਪ੍ਰਮੁੱਖਤਾ ਨਾਲ ਪ੍ਰਕਾਸ਼ਿਤ ਕੀਤਾ ਗਿਆ। ਅੰਸ਼ੁਲ ਨੇ ਦੱਸਿਆ- “ਡੇਰਾ ਪ੍ਰੇਮੀਆਂ ਵੱਲੋਂ ਮੇਰੇ ਪਿਤਾ ਨੂੰ ਡਰਾਇਆ-ਧਮਕਾਇਆ ਜਾਣ ਲੱਗਾ। 24 ਅਕਤੂਬਰ, 2002 ਨੂੰ ਜਦੋਂ ਪਿਤਾ ਜੀ ਘਰ ਵਿਚ ਸਨ, ਤਾਂ ਡੇਰੇ ਦੇ ਕੁਝ ਗੁੰਡਿਆਂ ਵੱਲੋਂ ਉਨ੍ਹਾਂ ਨੂੰ ਬਾਹਰ ਸੱਦਿਆ ਗਿਆ ਅਤੇ ਉਨ੍ਹਾਂ ‘ਤੇ 5 ਗੋਲੀਆਂ ਚਲਾ ਦਿੱਤੀਆਂ। ਉਨ੍ਹਾਂ ਨੂੰ ਪੀਥਜੀਥਆਈਥ (ਰੋਹਤਕ) ਵਿਚ ਦਾਖਲ ਕਰਵਾਇਆ ਗਿਆ, ਪਰ ਪੁਲਿਸ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਅਤੇ ਅਖੀਰ 28 ਦਿਨਾਂ ਬਾਅਦ ਦਿੱਲੀ ਦੇ ਅਪੋਲੋ ਹਸਪਤਾਲ ਵਿਚ ਉਨ੍ਹਾਂ ਦੀ ਮੌਤ ਹੋ ਗਈ। ਮੇਰੇ ਦਾਦਾ ਜੀ ਵਲੋਂ ਨਵੰਬਰ 2002 ਵਿਚ ਸਿਰਸਾ ਦੇ ਡਿਪਟੀ ਕਮਿਸ਼ਨਰ ਨੂੰ ਬੇਨਤੀ ਕੀਤੀ ਗਈ ਕਿ ਮੇਰੇ ਪਿਤਾ ਜੀ ਦੇ ਪੁਲਿਸ ਵਲੋਂ ਮੈਜਿਸਟਟੇਟ ਦੀ ਹਾਜ਼ਰੀ ਵਿਚ ਬਿਆਨ ਦਰਜ ਕਰਵਾਏ ਜਾਣ।” ਅੰਸ਼ੁਲ ਮੁਤਾਬਕ, ਗੋਲੀਆਂ ਲੱਗਣ ਦੇ ਬਾਵਜੂਦ ਉਹਦੇ ਪਿਤਾ 15 ਦਿਨ ਤੱਕ ਪੂਰੀ ਤਰ੍ਹਾਂ ਹੋਸ਼ ਵਿਚ ਸਨ।
ਯਾਦ ਰਹੇ ਕਿ ਹਰਿਆਣਾ ਵਿਚ ਉਸ ਸਮੇਂ ਇੰਡੀਅਨ ਨੈਸ਼ਨਲ ਲੋਕ ਦਲ (ਇਨੈਲੋ) ਦੀ ਸਰਕਾਰ ਸੀ ਜਿਸ ਦੇ ਡੇਰੇ ਨਾਲ ਚੰਗੇ ਸਬੰਧ ਸਨ। ਅੰਸ਼ੁਲ ਛਤਰਪਤੀ ਨੇ ਕਿਹਾ- “ਮੇਰੇ ਪਿਤਾ ਨੇ ਡੇਰੇ ਉਤੇ ਕਾਤਲਾਨਾ ਹਮਲਾ ਕਰਨ ਦੇ ਦੋਸ਼ ਲਾਏ ਸਨ। ਮੇਰੀ ਮੌਜੂਦਗੀ ਵਿਚ ਇਹ ਦਰਜ ਕੀਤਾ ਗਿਆ, ਪਰ ਇਹ ਪੈਰਾ ਪੁਲਿਸ ਵਲੋਂ ਆਪਣੀ ਦਰਖਾਸਤ ਵਿਚੋਂ ਹਟਾ ਦਿੱਤਾ ਗਿਆ। ਉਸ ਸਮੇਂ ਵੀ ਡੇਰਾ ਮੁਖੀ ਨੂੰ ਸਮੇਂ ਦੀ ਸਰਕਾਰ ਇਨੈਲੋ ਵੱਲੋਂ ਰਾਜਨੀਤਕ ਹਮਾਇਤ ਪ੍ਰਾਪਤ ਸੀ ਜਿਸ ਤਰ੍ਹਾਂ ਹੁਣ ਭਾਰਤੀ ਜਨਤਾ ਪਾਰਟੀ ਵਲੋਂ ਉਸ ਨੂੰ ਹਮਾਇਤ ਦਿੱਤੀ ਜਾ ਰਹੀ ਹੈ। ਇਹ ਰਾਜਨੀਤਕ ਦਬਾਅ ਹੀ ਸੀ ਜਿਸ ਨੇ ਹਰਿਆਣਾ ਪੁਲਿਸ ਨੂੰ ਸਹੀ ਕਾਰਵਾਈ ਨਹੀਂ ਕਰਨ ਦਿੱਤੀ। ਦਸੰਬਰ 2002 ਵਿਚ ਮੇਰਾ ਪਰਿਵਾਰ ਉਸ ਸਮੇਂ ਦੇ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਨੂੰ ਮਿਲਿਆ ਅਤੇ ਸੀਬੀਆਈ ਤੋਂ ਜਾਂਚ ਕਰਵਾਉਣ ਦੀ ਮੰਗ ਕੀਤੀ, ਕਿਉਂਕਿ ਹਰਿਆਣਾ ਪੁਲਿਸ ਵਲੋਂ ਵੀ ਡੇਰੇ ਦਾ ਬਚਾਅ ਕੀਤਾ ਜਾ ਰਿਹਾ ਸੀ। ਕੁਝ ਵੀ ਨਾ ਹੁੰਦਾ ਦੇਖ ਕੇ ਅਸੀਂ ਫਿਰ ਪੰਜਾਬ ਅਤੇ ਹਰਿਆਣਾ ਕੋਰਟ ਕੋਲ ਇਸ ਮਾਮਲੇ ਸਬੰਧੀ ਬੇਨਤੀ ਕੀਤੀ ਅਤੇ ਹਾਈਕੋਰਟ ਵੱਲੋਂ 2003 ਵਿਚ ਇਸ ਕੇਸ ਨੂੰ ਸੀਥਬੀਥਆਈਥ ਹਵਾਲੇ ਕਰ ਦਿੱਤਾ ਗਿਆ।”
ਅੰਸ਼ੁਲ ਅਨੁਸਾਰ, ਸਿਰਸਾ ਦੇ ਪਿੰਡ ਬਾਜੇਕਨ ਦੇ ਸਾਬਕਾ ਸਰਪੰਚ ਠਾਕੁਰ ਸ਼ਿਵ ਰਾਮ ਸਿੰਘ ਰਾਹੀਂ ਡੇਰੇ ਵੱਲੋਂ ਇਸ ਕੇਸ ਨੂੰ ਵਾਪਸ ਲੈਣ ਲਈ 5 ਕਰੋੜ ਤੱਕ ਦੀ ਪੇਸ਼ਕਸ਼ ਕੀਤੀ ਗਈ। ਜਦੋਂ ‘ਇੰਡੀਅਨ ਐਕਸਪ੍ਰੈੱਸ’ ਅਖਬਾਰ ਨੇ ਇਸ ਮਾਮਲੇ ਸਬੰਧੀ ਪੜਤਾਲ ਕੀਤੀ ਤਾਂ ਸਾਬਕਾ ਸਰਪੰਚ ਨੇ ਮੰਨਿਆ ਕਿ ਉਸ ਨੂੰ ਅਜਿਹਾ ਕਰਨ ਲਈ ਡੇਰਾ ਪ੍ਰੇਮੀਆਂ ਵੱਲੋਂ ਕਿਹਾ ਗਿਆ ਸੀ। ਇਹੀ ਨਹੀਂ, ਪੰਜਾਬ ਤੋਂ ਕਾਂਗਰਸ ਦੇ ਇਕ ਵਿਧਾਇਕ ਵੱਲੋਂ ਵੀ ਕੇਸ ਵਾਪਸ ਲੈਣ ਲਈ ਉਨ੍ਹਾਂ ਉਤੇ ਅਸਿੱਧੇ ਤੌਰ ‘ਤੇ ਦਬਾਅ ਪਾਇਆ ਗਿਆ, ਪਰ ਉਨ੍ਹਾਂ ਵੱਲੋਂ ਜ਼ਿਆਦਾ ਦਬਾਅ ਇਸ ਲਈ ਨਹੀਂ ਪਾਇਆ ਜਾ ਸਕਿਆ, ਕਿਉਂਕਿ ਇਸ ਮੁੱਦੇ ਨੂੰ ਲੈ ਕੇ ਰਾਜ ਪੱਧਰ ‘ਤੇ ਲੋਕਾਂ ਅਤੇ ਪੱਤਰਕਾਰਾਂ ਵੱਲੋਂ ਵੱਡੇ ਪੱਧਰ ‘ਤੇ ਧਰਨੇ ਦਿੱਤੇ ਜਾ ਰਹੇ ਸਨ। ਅੰਸ਼ੁਲ ਨੂੰ ਸੂਬਾ ਪੁਲਿਸ ਵਲੋਂ ਕੀਤੀ ਗਈ ਸ਼ੁਰੂਆਤੀ ਜਾਂਚ ਪੜਤਾਲ ਤੋਂ ਕਾਫੀ ਨਿਰਾਸ਼ਾ ਹੋਈ, ਪਰ ਉਸ ਨੇ ਸੀਥਬੀਥਆਈਥ ਅਫਸਰਾਂ ਦੀ ਪ੍ਰਸੰਸਾ ਕੀਤੀ। ਉਸ ਨੇ ਕਿਹਾ ਕਿ ਮੈਂ ਸੀਥਬੀਥਆਈਥ ਅਫ਼ਸਰ ਸਤੀਸ਼ ਡਾਗਰ ਨੂੰ ਸਲਾਮ ਕਰਦਾ ਹਾਂ ਜਿਨ੍ਹਾਂ ਨੇ ਹੌਸਲੇ ਅਤੇ ਵਿਗਿਆਨਕ ਢੰਗ ਨਾਲ ਇਸ ਕੇਸ ਦੀ ਜਾਂਚ ਪੜਤਾਲ ਕੀਤੀ। ਇਸ ਤੋਂ ਇਲਾਵਾ ਉਹ ਸੀਨੀਅਰ ਵਕੀਲ ਅਸ਼ਵਨੀ ਬਖ਼ਸ਼ੀ, ਰਾਜੀਵ ਗੋਦਾਰਾ, ਆਰਥਐਸ਼ ਚੀਮਾ ਅਤੇ ਰਾਜਿੰਦਰ ਸੱਚਰ ਦਾ ਧੰਨਵਾਦੀ ਹੈ ਜਿਨ੍ਹਾਂ ਨੇ ਬਿਨਾਂ ਕਿਸੇ ਫੀਸ ਤੋਂ ਕਾਨੂੰਨੀ ਲੜਾਈ ਲੜੀ। ਰਾਮਚੰਦਰ ਛਤਰਪਤੀ ਦੀ ਮੌਤ ਤੋਂ ਬਾਅਦ ਅੰਸ਼ੁਲ ਵੱਲੋਂ ਅਖ਼ਬਾਰ ਚਲਾਇਆ ਜਾਂਦਾ ਰਿਹਾ, ਪਰ ਆਰਥਿਕ ਤੰਗੀ ਕਾਰਨ 2014 ਵਿਚ ਇਸ ਨੂੰ ਬੰਦ ਕਰਨਾ ਪਿਆ।
ਜਬਰ ਜਨਾਹ ਕੇਸ ਵਿਚ ਡੇਰਾ ਮੁਖੀ ਨੂੰ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਹੋਈ ਹਿੰਸਾ ਕਾਰਨ ਛਤਰਪਤੀ ਦੇ ਪਰਿਵਾਰ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਅੰਸ਼ੁਲ ਨੇ ਕਿਹਾ ਕਿ ਡੇਰਾ ਮੁਖੀ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਹਿੰਸਾ ਦੇ ਲਈ ਭੀੜ ਨੂੰ ਵਰਤਿਆ ਜਾ ਰਿਹਾ ਹੈ। ਉਸ ਨੇ ਆਪਣੇ-ਆਪ ਨੂੰ ਬਚਾਉਣ ਦੇ ਲਈ ਕਈ ਰਾਜਨੀਤਕ ਹਸਤੀਆਂ ਨਾਲ ਗਠਜੋੜ ਵੀ ਬਣਾਏ ਹੋਏ ਹਨ। ਕਈ ਰਾਜਨੀਤਕ ਹਸਤੀਆਂ ਵੱਲੋਂ ਡੇਰਾ ਮੁਖੀ ਨੂੰ ਅਪਰਾਧਕ ਕੇਸਾਂ ਵਿਚ ਨਾਂ ਆਉਣ ਕਾਰਨ ਬਲੈਕਮੇਲ ਵੀ ਕੀਤਾ ਜਾਂਦਾ ਰਿਹਾ ਹੈ, ਇਸ ਦਾ ਮੁੱਖ ਕਾਰਨ ਵੋਟਾਂ ਸਮੇਂ ਡੇਰਾ ਮੁਖੀ ਤੋਂ ਹਮਾਇਤ ਪ੍ਰਾਪਤ ਕਰਨਾ ਹੁੰਦਾ ਸੀ। ਇਹ ਕੋਈ ਪਹਿਲੀ ਵਾਰ ਨਹੀਂ ਹੈ ਜਦੋਂ ਡੇਰਾ ਮੁਖੀ ਵੱਲੋਂ ਭੀੜ ਰਾਹੀਂ ਹਿੰਸਕ ਵਾਰਦਾਤਾਂ ਕਰਵਾਈਆਂ ਹੋਣ। ਇਸ ਤੋਂ ਪਹਿਲਾਂ ਜਦੋਂ 2007 ਵਿਚ ਉਹ ਪਹਿਲੀ ਵਾਰ ਅੰਬਾਲਾ ਦੀ ਸੀਥਬੀਥਆਈਥ ਅਦਾਲਤ ਵਿਚ ਪੇਸ਼ੀ ਭੁਗਤਣ ਗਿਆ ਸੀ, ਉਦੋਂ ਵੀ ਉਸ ਨਾਲ ਇਸੇ ਤਰ੍ਹਾਂ ਡੇਰੇ ਦੇ ਲੋਕਾਂ ਦੀਆਂ ਗੱਡੀਆਂ ਦਾ ਕਾਫ਼ੀ ਵੱਡਾ ਕਾਫ਼ਲਾ ਸੀ, ਪਰ ਹਰ ਤਰ੍ਹਾਂ ਦੇ ਦਬਾਅ ਦੇ ਬਾਵਜੂਦ ਅਸੀਂ ਉਸ ਬਹਾਦਰ ਪੱਤਰਕਾਰ ਨੂੰ ਨਿਆਂ ਦਿਵਾਉਣ ਲਈ ਲੜ ਰਹੇ ਹਾਂ।

-ਸੁਖਬੀਰ ਸੀਵਾਚ

You must be logged in to post a comment Login