ਫ਼ੈਸਲੇ ਨਾਲ ਥੋੜ੍ਹੀ ਰਾਹਤ, ਪਰ ਜੰਗ ਜਾਰੀ ਰੱਖਣਗੇ ਦੰਗਾ ਪੀੜਤ

ਫ਼ੈਸਲੇ ਨਾਲ ਥੋੜ੍ਹੀ ਰਾਹਤ, ਪਰ ਜੰਗ ਜਾਰੀ ਰੱਖਣਗੇ ਦੰਗਾ ਪੀੜਤ

ਨਵੀਂ ਦਿੱਲੀ : ਦਿੱਲੀ ਹਾਈ ਕੋਰਟ ਵੱਲੋਂ ਕਾਂਗਰਸੀ ਆਗੂ ਸੱਜਣ ਕੁਮਾਰ ਨੂੰ ’84 ਦੇ ਸਿੱਖ ਵਿਰੋਧੀ ਦੰਗਿਆਂ ਨਾਲ ਸਬੰਧਤ ਇਕ ਕੇਸ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਏ ਜਾਣ ਨੂੰ ਦੰਗਾ ਪੀੜਤਾਂ ਨੇ ਆਰਜ਼ੀ ਰਾਹਤ ਦੱਸਿਆ ਹੈ। ਪੀੜਤਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਸ ਫੈਸਲੇ ਨਾਲ ਥੋੜ੍ਹੀ ਰਾਹਤ ਜ਼ਰੂਰ ਮਿਲੀ ਹੈ, ਪਰ ਉਨ੍ਹਾਂ ਵੱਲੋਂ ਨਿਆਂ ਲਈ ਵਿੱਢੀ ਲੜਾਈ ਜਾਰੀ ਰਹੇਗੀ। ਦੰਗਾ ਪੀੜਤਾਂ ਨੇ ਕਿਹਾ ਕਿ ਉਨ੍ਹਾਂ ਨੂੰ 34 ਸਾਲਾਂ ਦੀ ਲੰਮੀ ਉਡੀਕ ਮਗਰੋਂ ਨਿਆਂ ਮਿਲਿਆ ਹੈ, ਪਰ ਇਸ ਦੌਰਾਨ ਜਿੱਥੇ ਉਨ੍ਹਾਂ ਨੂੰ ਕਈ ਪਾਸਿਓਂ ਧਮਕੀਆਂ ਮਿਲਦੀਆਂ ਰਹੀਆਂ, ਉਥੇ ਉਨ੍ਹਾਂ ’ਤੇ ਲਗਾਤਾਰ ਜ਼ੁਲਮ ਵੀ ਕੀਤੇ ਗਏ।
ਜਗਦੀਸ਼ ਕੌਰ ਤੇ ਨਰਪ੍ਰੀਤ ਕੌਰ, ਜਿਨ੍ਹਾਂ ਦੇ ਪਰਿਵਾਰ ’84 ਦੇ ਦੰਗਿਆਂ (ਜਿਸ ਵਿੱਚ ਕਰੀਬ ਤਿੰਨ ਹਜ਼ਾਰ ਲੋਕ ਮਾਰੇ ਗਏ) ਦੌਰਾਨ ਤਬਾਹ ਹੋ ਗਏ, ਨੇ ਕਿਹਾ ਕਿ 34 ਸਾਲ ਦਾ ਅਰਸਾ ਲੰਮਾ ਸਮਾਂ ਹੁੰਦਾ ਹੈ, ਪਰ ਉਹ ‘ਮੁਲਜ਼ਮਾਂ ਨੂੰ ਬੇਨਕਾਬ’ ਕਰਨ ਲਈ ਦਿੜ੍ਹ ਹਨ ਤੇ ਨਿਆਂ ਲਈ ਉਨ੍ਹਾਂ ਦੀ ਲੜਾਈ ਅੱਗੇ ਵੀ ਜਾਰੀ ਰਹੇਗੀ। ਜਗਦੀਸ਼ ਕੌਰ ਨੇ ਕਿਹਾ, ‘ਹਾਈ ਕੋਰਟ ਦੇ ਫੈਸਲੇ ਨਾਲ ਥੋੜ੍ਹੀ ਰਾਹਤ ਮਿਲੀ ਹੈ। ਅਰਦਾਸ ਕਰਦੀ ਹਾਂ ਕਿ ਕਿਸੇ ਨਾਲ ਵੀ ਇੰਨਾ ਧੱਕਾ (ਅਨਿਆਂ) ਨਾ ਹੋਵੇ, ਜਿੰਨਾ ਅਸੀਂ ਇੰਨੇ ਸਾਲਾਂ ਦੌਰਾਨ ਪਿੰਡੇ ’ਤੇ ਹੰਢਾਇਆ ਹੈ।’ ਸੱਜਣ ਕੁਮਾਰ ਨੂੰ ਦੰਗਿਆਂ ਦੌਰਾਨ 1 ਤੇ 2 ਨਵੰਬਰ ਨੂੰ ਦੱਖਣ ਪੱਛਮੀ ਦਿੱਲੀ ਦੀ ਪਾਲਮ ਕਲੋਨੀ ਦੇ ਰਾਜ ਨਗਰ -1 ਖੇਤਰ ਵਿੱਚ ਜਗਦੀਸ਼ ਕੌਰ ਦੇ ਪਤੀ ਕੇਹਰ ਸਿੰਘ, ਪੁੱਤ ਗੁਰਪ੍ਰੀਤ ਸਿੰਘ ਤੇ ਰਿਸ਼ਤੇਦਾਰੀ ’ਚੋਂ ਤਿੰਨ ਭਰਾਵਾਂ ਰਘੁਵੇਂਦਰ ਸਿੰਘ, ਨਰਿੰਦਰ ਪਾਲ ਸਿੰਘ ਤੇ ਕੁਲਦੀਪ ਸਿੰਘ ਦੀਆਂ ਹੱਤਿਆਵਾਂ ਤੇ ਰਾਜ ਨਗਰ 2 ਦੇ ਗੁਰਦੁਆਰੇ ਨੂੰ ਸਾੜਨ ਨਾਲ ਸਬੰਧਤ ਮਾਮਲੇ ਵਿੱਚ ਦੋਸ਼ੀ ਠਹਿਰਾਉਂਦਿਆਂ ਸਜ਼ਾ ਸੁਣਾਈ ਗਈ ਹੈ।
ਉਧਰ ਨਰਪ੍ਰੀਤ ਕੌਰ, ਜਿਸ ਦੇ ਪਿਤਾ ਨੂੰ ਉਹਦੇ ਹੀ ਸਾਹਮਣੇ ਜਿਊਂਦਾ ਸਾੜ ਦਿੱਤਾ ਗਿਆ ਸੀ, ਨੇ ਕਿਹਾ, ‘ਫ਼ੈਸਲੇ ਨਾਲ ਕੁਝ ਰਾਹਤ ਮਿਲੀ ਹੈ, ਪਰ ਅਸੀਂ ਇਸ ਫ਼ੈਸਲੇ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਨਹੀਂ ਹਾਂ। ਸਾਨੂੰ ਇਹ ਨਿਆਂ ਪਹਿਲਾਂ ਮਿਲ ਜਾਣਾ ਚਾਹੀਦਾ ਸੀ, ਪਰ ਬਹੁਤ ਦੇਰ ਹੋ ਗਈ। ਮੇਰੇ ਪਿਤਾ ਨੂੰ ਸਮਝੌਤਾ ਕਰਨ ਦਾ ਕਹਿ ਕੇ ਬਾਹਰ ਬੁਲਾਇਆ ਗਿਆ ਸੀ ਤੇ ਜਿਊਂਦੇ ਸਾੜ ਦਿੱਤਾ। ਉਨ੍ਹਾਂ ਤਿੰਨ ਵਾਰ ਖ਼ੁਦ ਨੂੰ ਬਚਾਉਣ ਦਾ ਯਤਨ ਕੀਤਾ, ਪਰ ਉਨ੍ਹਾਂ (ਦੰਗਾਈਆਂ) ਨੇ ਨਹੀਂ ਬਖ਼ਸ਼ਿਆ।’ ਨਰਪ੍ਰੀਤ ਕੌਰ ਨੇ ਦਾਅਵਾ ਕੀਤਾ ਕਿ ਉਹਨੂੰ ਚੁੱਪ ਕਰਾਉਣ ਲਈ ਉਸ ਖ਼ਿਲਾਫ਼ ਕਈ ਫ਼ਰਜ਼ੀ ਕੇਸ ਦਰਜ ਕੀਤੇ ਗਏ ਤੇ ਉਹਨੇ ਨੌਂ ਸਾਲ ਵੱਖ ਵੱਖ ਜੇਲ੍ਹਾਂ ਵਿੱਚ ਬਿਤਾਏ। ਨਰਪ੍ਰੀਤ ਨੇ ਕਿਹਾ ਕਿ ਰਾਹ ਵਿੱਚ ਅੜਿੱਕੇ ਢਾਹੁਣ ਦੇ ਬਾਵਜੂਦ ਉਹ ਆਪਣੀ ਲੜਾਈ ਨੂੰ ਜਾਰੀ ਰੱਖੇਗੀ। -ਪੀਟੀਆਈ
ਭਾਜਪਾ ਵੱਲੋਂ ਕਮਲ ਨਾਥ ਨੂੰ ਹਟਾਉਣ ਦੀ ਮੰਗ
ਬੰਗਲੌਰ: ਕਾਂਗਰਸੀ ਆਗੂ ਸੱਜਣ ਕੁਮਾਰ ਨੂੰ ਸਿੱਖ ਵਿਰੋਧੀ ਦੰਗਿਆਂ ਨਾਲ ਸਬੰਧਤ ਕੇਸ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਏ ਜਾਣ ਦੇ ਫ਼ੈਸਲੇ ਦਾ ਸਵਾਗਤ ਕਰਦਿਆਂ ਭਾਜਪਾ ਨੇ ਇਨ੍ਹਾਂ ਦੰਗਿਆਂ ’ਚ ਸੀਨੀਅਰ ਕਾਂਗਰਸੀ ਆਗੂ ਕਮਲ ਨਾਥ ਦੀ ਕਥਿਤ ਸ਼ਮੂਲੀਅਤ ਦਾ ਹਵਾਲਾ ਦਿੰਦਿਆਂ ਉਨ੍ਹਾਂ ਨੂੰ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਦੇ ਅਹੁਦੇ ਤੋਂ ਲਾਂਭੇ ਕਰਨ ਦੀ ਮੰਗ ਕੀਤੀ ਹੈ। ਪਾਰਟੀ ਦੇ ਬੁਲਾਰੇ ਸਾਂਬਿਤ ਪਾਤਰਾ ਨੇ ਕਿਹਾ, ‘ਦਿੱਲੀ ਹਾਈ ਕੋਰਟ ਨੇ ਜਿਸ ਤਰੀਕੇ ਨਾਲ ਸੱਜਣ ਕੁਮਾਰ ਨੂੰ ਦੋਸ਼ੀ ਗਰਦਾਨਿਆ ਹੈ, ਉਸ ਤੋ ਇਹ ਬਿਲਕੁਲ ਸਪਸ਼ਟ ਹੈ ਕਿ ਇਹ ਫੈਸਲਾ ਸੱਜਣ ਕੁਮਾਰ ਨਹੀਂ ਬਲਕਿ ਕਾਂਗਰਸ ਪਾਰਟੀ ਖ਼ਿਲਾਫ਼ ਹੈ।’ ਉਧਰ ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਨੇ ਕਿਹਾ ਕਿ ’84 ਸਿੱਖ ਵਿਰੋਧੀ ਦੰਗਿਆਂ ਵਿੱਚ ਕਾਂਗਰਸ ਦੀ ਭੂਮਿਕਾ ਬਾਰੇ ਕਿਸੇ ਨੂੰ ਕੋਈ ਸ਼ੱਕ ਸ਼ੁਬ੍ਹਾ ਨਹੀਂ ਹੈ ਤੇ ਪਾਰਟੀ ਦੇ ਕਥਿਤ ਆਗੂਆਂ ਤੇ ਵਰਕਰਾਂ ਨੇ ਭੜਕਾਊ ਨਾਅਰੇਬਾਜ਼ੀ ਕਰਦਿਆਂ ਹੁਲੜਬਾਜ਼ੀ ਕੀਤੀ ਤੇ ਸਿੱਖਾਂ ਨੂੰ ਬੇਰਹਿਮੀ ਨਾਲ ਕਤਲ ਕੀਤਾ।

You must be logged in to post a comment Login