ਫੂਲਕਾ ਜੀ ਸ਼੍ਰੋਮਣੀ ਕਮੇਟੀ ਨੂੰ ਕਿਵੇਂ ਸਿਆਸਤ-ਮੁਕਤ ਕਰਨ

ਫੂਲਕਾ ਜੀ ਸ਼੍ਰੋਮਣੀ ਕਮੇਟੀ ਨੂੰ ਕਿਵੇਂ ਸਿਆਸਤ-ਮੁਕਤ ਕਰਨ

-: ਸਿਆਸਤਦਾਨ ਕੋਈ ਧੱਕੇ ਨਾਲ ਤਾਂ ਸ਼੍ਰੋਮਣੀ ਕਮੇਟੀ ਉਤੇ ਕਬਜ਼ਾ ਕਰ ਨਹੀਂ ਲੈਂਦੇ। ਲੋਕਾਂ ਦੀਆਂ ਵੋਟਾਂ ਲੈ ਕੇ ਕਬਜ਼ਾ ਕਰਦੇ ਹਨ। ਜਿਸ ਕੋਲ ਵੋਟਾਂ ਹੋਣ, ਉਹ ਤਾਂ ਦੇਸ਼ ਉਤੇ ਵੀ ਕਬਜ਼ਾ ਕਰ ਲੈਂਦਾ ਹੈ (ਭਾਵੇਂ ਕਿੰਨਾ ਵੀ ਨਾਅਹਿਲ ਕਿਉਂ ਨਾ ਹੋਵੇ)। ਸੋ ਅਸਲ ਸਮੱਸਿਆ ਗੁਰਦਵਾਰਾ ਚੋਣਾਂ ਦੀ ਹੈ ਜੋ ਅੰਗਰੇਜ਼ ਨੇ ਜਬਰੀ ਸਾਡੇ ਉਤੇ ਠੋਸੀਆਂ ਸਨ।
-: ਬਰਗਾੜੀ ਮੋਰਚੇ ਬਾਰੇ ਮੈਂ ਤਾਂ 24 ਜੂਨ, 2018 ਦੀ ‘ਡਾਇਰੀ’ ਵਿਚ ਹੀ ਲਿਖ ਦਿਤਾ ਸੀ ਕਿ ਏਨੇ ਵੱਡੇ ਮੋਰਚੇ ਦੀ ਕਾਮਯਾਬੀ ਦੀ ਏਨੇ ਛੋਟੇ ‘ਚੋਲਿਆਂ ਵਾਲਿਆਂ’ ਤੋਂ ਆਸ ਨਾ ਰਖਿਉ। ਮੈਨੂੰ ਤਾਂ ਨਤੀਜਾ ਵੇਖ ਕੇ ਕੋਈ ਹੈਰਾਨੀ ਨਹੀਂ ਹੋਈ ਪਰ ਸਿੱਖ ਬਹੁਤ ਪ੍ਰੇਸ਼ਾਨ ਹਨ ਕਿਉਂਕਿ ਉਨ੍ਹਾਂ ਨੇ ਛੋਟੇ ਜਹੇ ਬੰਦਿਆਂ ਤੋਂ ਬਹੁਤ ਵੱਡੀਆਂ ਆਸਾਂ ਲਗਾ ਲਈਆਂ ਸਨ।
ਪਿਛਲੀਆਂ ਅਸੈਂਬਲੀ ਚੋਣਾਂ ਤੋਂ ਪਹਿਲਾਂ ਐਡਵੋਕੇਟ ਹਰਵਿੰਦਰ ਸਿੰਘ ਫੂਲਕਾ ਮੇਰੇ ਕੋਲ ਆਏ। ਉਨ੍ਹਾਂ ਦੇ ਨਾਲ ਉਨ੍ਹਾਂ ਦੀ ਬੇਟੀ ਵੀ ਸੀ। ਉਨ੍ਹਾਂ ਜਦ ਮੈਨੂੰ ਇਹ ਦਸਿਆ ਕਿ ਉਹ ਅਸੈਂਬਲੀ ਦੀਆਂ ਚੋਣਾਂ ਲੜ ਰਹੇ ਹਨ ਤਾਂ ਰਿਵਾਜ ਦੇ ਉਲਟ, ਮੈਂ ਵਧਾਈ ਦੇਣ ਦੀ ਬਜਾਏ, ਉਨ੍ਹਾਂ ਨੂੰ ਇਹ ਕਹਿ ਦਿਤਾ ਕਿ, ”ਫੂਲਕਾ ਸਾਹਬ, ਤੁਹਾਡਾ ਚੰਗਾ ਨਾਂ ਹੈ, ਤੁਸੀ ਕਾਹਨੂੰ ਇਸ ਖਲਜਗਣ ਵਿਚ ਪੈਣਾ ਚਾਹੁੰਦੇ ਹੋ? ਇਹ ਚੋਣਾਂ ਲੜਨ ਦਾ ਕੰਮ ਤੁਹਾਡੇ ਮੇਰੇ ਵਰਗਿਆਂ ਦਾ ਕੰਮ ਨਹੀਂ, ਸਿਆਸਤਦਾਨਾਂ ਦਾ ਕੰਮ ਹੈ। ਤੁਸੀ ਕਾਨੂੰਨ ਦੇ ਖੇਤਰ ਵਿਚ ਰਹਿ ਕੇ ਚੰਗੀ ਸੇਵਾ ਕਰੀ ਜਾ ਰਹੇ ਹੋ…।”
ਫੂਲਕਾ ਜੀ ਨੂੰ ਮੇਰੀ ਸਲਾਹ ਪਸੰਦ ਨਾ ਆਈ ਤੇ ਕਹਿਣ ਲੱਗੇ ਕਿ ਉਨ੍ਹਾਂ ਚੰਗੀ ਤਰ੍ਹਾਂ ਸੋਚ ਸਮਝ ਕੇ ਫ਼ੈਸਲਾ ਕੀਤਾ ਹੈ ਤੇ ਉਹ ‘ਸਪੋਕਸਮੈਨ’ ਦੀ ਮਦਦ ਲੈਣ ਲਈ ਆਏ ਹਨ। ਮੈਂ ਕਿਹਾ, ”ਮਦਦ ਤਾਂ ਜੋ ਵੀ ਹੋ ਸਕੀ, ਸਪੋਕਸਮੈਨ ਜ਼ਰੂਰ ਕਰੇਗਾ ਪਰ ਮੈਂ ਫਿਰ ਵੀ ਕਹਾਂਗਾ ਕਿ ਇਸ ਗੰਦੇ ਟੋਭੇ ਵਿਚ ਛਾਲ ਮਾਰ ਕੇ, ਅਪਣੇ ਆਪ ਨੂੰ ਚਿੱਕੜ ਨਾਲ ਲਿਬੇੜ ਲੈਣ ਤੋਂ ਪਹਿਲਾਂ, ਇਸ ਬਾਰੇ ਸੌ ਵਾਰ ਸੋਚ ਜ਼ਰੂਰ ਲਿਆ ਜਾਏ।” ਖ਼ੈਰ, ਫੂਲਕਾ ਜੀ ਨੇ ਚੋਣ ਲੜੀ, ਜਿੱਤ ਵੀ ਗਏ ਅਤੇ ਉਹ ਸੱਭ ਕੁੱਝ ਵੇਖ ਵੀ ਲਿਆ ਜੋ ਸਿਆਸਤ ਦੇ ਪਿੜ ਵਿਚ ਵੇਖਣ ਨੂੰ ਮਿਲਦਾ ਹੈ। ਹੁਣ ਉਨ੍ਹਾਂ ਦਾ ਇਕ ਬਿਆਨ ਅਖ਼ਬਾਰਾਂ ਵਿਚ ਛਪਿਆ ਹੈ ਜੋ ਕੁੱਝ ਇਸ ਤਰ੍ਹਾਂ ਹੈ ਕਿ¸”ਮੈਂ ਨਾ ਤਾਂ ਹੁਣ ਅਸੈਂਬਲੀ ਚੋਣਾਂ ਲੜਾਂਗਾ, ਨਾ ਪਾਰਲੀਮੈਂਟ ਦੀ ਚੋਣ। ਦਰਅਸਲ, ਇਕ ਸਿਆਸੀ ਪਾਰਟੀ ਵਿਚ ਸ਼ਾਮਲ ਹੋ ਕੇ ਚੋਣਾਂ ਲੜਨਾ ਪਹਿਲਾਂ ਵੀ ਗ਼ਲਤ ਹੀ ਸੀ ਤੇ ਮੈਂ ਹੁਣ ਸ਼੍ਰੋਮਣੀ ਗੁ. ਪ੍ਰਬੰਧਕ ਕਮੇਟੀ ਨੂੰ ਸਿਆਸਤਦਾਨਾਂ ਦੇ ਪ੍ਰਭਾਵ ਤੋਂ ਮੁਕਤ ਕਰਨ ਦਾ ਵੱਡਾ ਅੰਦੋਲਨ ਸ਼ੁਰੂ ਕਰ ਰਿਹਾ ਹਾਂ। ਜਸਟਿਸ ਕੁਲਦੀਪ ਸਿੰਘ ਸਾਡੇ ਸਰਪ੍ਰਸਤ ਬਣਨਾ ਮੰਨ ਗਏ ਹਨ।” ਚਲੋ ਮੈਨੂੰ ਖ਼ੁਸ਼ੀ ਹੋਈ ਕਿ ਜਿਹੜੀ ਸਲਾਹ ਮੈਂ ਫੂਲਕਾ ਜੀ ਨੂੰ ਦਿਤੀ ਸੀ, ਉਸ ਨੂੰ ਉਹ ਉਸ ਵੇਲੇ ਤਾਂ ਨਾ ਮੰਨ ਸਕੇ ਪਰ ਹੁਣ ਦੋ ਸਾਲ ਬਾਅਦ ਮੰਨਣ ਲਈ ਤਿਆਰ ਹੋ ਗਏ ਹਨ।
ਜਸਟਿਸ ਕੁਲਦੀਪ ਸਿੰਘ ਦੀ ਹਮਾਇਤ ਵੀ ਫੂਲਕਾ ਸਾਹਬ ਲਈ ਬੜੀ ਲਾਹੇਵੰਦ ਰਹੇਗੀ। ਪਰ ਮੈਨੂੰ ਅਜੇ ਤਕ ਇਹ ਸਮਝ ਨਹੀਂ ਆ ਸਕੀ ਕਿ ਸ਼੍ਰੋਮਣੀ ਕਮੇਟੀ ਨੂੰ ਸਿਆਸੀ ਅਸਰ ਤੋਂ ਆਜ਼ਾਦ ਕਰਨ ਦਾ ਟੀਚਾ ਉਹ ਪ੍ਰਾਪਤ ਕਿਵੇਂ ਕਰਨਗੇ? ਸਿਆਸਤਦਾਨ ਕੋਈ ਧੱਕੇ ਨਾਲ ਤਾਂ ਸ਼੍ਰੋਮਣੀ ਕਮੇਟੀ ਉਤੇ ਕਾਬਜ਼ ਨਹੀਂ ਹੁੰਦੇ। ਉਹ ਕਾਨੂੰਨ ਵਲੋਂ ਦੱਸੇ ਗਏ ਰਸਤੇ ਤੇ ਚਲ ਕੇ ਤੇ ਚੋਣ ਲੜ ਕੇ ਜਾਂ ਅਪਣੀ ਪਾਰਟੀ ਦੇ ਬੰਦਿਆਂ ਨੂੰ ਚੋਣਾਂ ਲੜਾ ਕੇ ਸ਼੍ਰੋਮਣੀ ਕਮੇਟੀ ਵਿਚ ਪਹੁੰਚਦੇ ਹਨ। ਚੋਣਾਂ ਜਿੱਤ ਕੇ ਤਾਂ ਬੰਦੇ ਦੇਸ਼ ਉਤੇ ਵੀ ਕਾਬਜ਼ ਹੋ ਜਾਂਦੇ ਹਨ (ਭਾਵੇਂ ਕਿੰਨੇ ਵੀ ਨਾਅਹਿਲ ਕਿਉਂ ਨਾ ਹੋਣ), ਤਾਂ ਫਿਰ ਸ਼੍ਰੋਮਣੀ ਕਮੇਟੀ ਤੇ ਕਿਉਂ ਨਾ ਕਾਬਜ਼ ਹੋਣਗੇ?

You must be logged in to post a comment Login