ਬਟਾਲਾ ਨੇੜਲੇ ਪਿੰਡ ਰੰਗੀਲਪੁਰ ‘ਚ ਲੱਭਿਆ ਭਾਈ ਲਾਲੋ ਦਾ ਕੋਧਰਾ

ਬਟਾਲਾ ਨੇੜਲੇ ਪਿੰਡ ਰੰਗੀਲਪੁਰ ‘ਚ ਲੱਭਿਆ ਭਾਈ ਲਾਲੋ ਦਾ ਕੋਧਰਾ

ਬਟਾਲਾ/ਕਲਾਨੌਰ : ਜਦੋਂ ਵੀ ਸ਼੍ਰੀ ਗੁਰੂ ਨਾਨਕ ਦੇਵ ਜੀ ਅਤੇ ਭਾਈ ਲਾਲੋ ਦਾ ਜ਼ਿਕਰ ਚੱਲਦਾ ਹੈ ਤਾਂ ਉਸ ਸਮੇਂ ਭਾਈ ਲਾਲੋ ਦੀ ਕੋਧਰੇ ਦੀ ਰੋਟੀ ਦੀ ਗੱਲ ਵੀ ਜ਼ਰੂਰ ਹੁੰਦੀ ਹੈ। ਬਰਗਰ ਪੀਜ਼ੇ ਦੇ ਇਸ ਜ਼ਮਾਨੇ ਵਿਚ ਅੱਜ ਦੀ ਨੌਜਵਾਨ ਪੀੜ੍ਹੀ ਵਲੋਂ ਕੋਧਰੇ ਦੀ ਰੋਟੀ ਖਾਣੀ ਤਾਂ ਦੂਰ, ਸ਼ਾਇਦ ਹੀ ਉਨ੍ਹਾਂ ਕਦੀ ਕੋਧਰਾ ਦੇਖਿਆ ਵੀ ਹੋਵੇ। ਕੋਧਰਾ ਪੰਜਾਬ ਦਾ ਮੂਲ ਅਨਾਜ ਰਿਹਾ ਹੈ ਅਤੇ ਇਹ ਖੁਰਾਕੀ ਤੱਤਾਂ ਨਾਲ ਭਰਪੂਰ ਹੁੰਦਾ ਹੈ।ਸਾਡੇ ਬਜ਼ੁਰਗ 3-4 ਪੀੜ੍ਹੀਆਂ ਪਹਿਲੇ ਇਹ ਅਨਾਜ ਆਮ ਵਰਤਦੇ ਸਨ ਅਤੇ ਤੰਦਰੁਸਤ, ਸਬਰ ਸੰਤੋਖ ਵਾਲਾ ਸਿਧਾਂਤਕ ਜੀਵਨ ਜਿਉਂਦੇ ਸੀ। ਪਰ ਹੌਲੀ-ਹੌਲੀ ਪੰਜਾਬ ਦੇ ਲੋਕਾਂ ਨੇ ਇਸ ਅਨਾਜ ਦੀ ਕਾਸ਼ਤ ਕਰਨੀ ਛੱਡ ਦਿਤੀ ਜਿਸ ਕਾਰਨ ਕੋਧਰਾ ਹੁਣ ਬੀਤੇ ਸਮੇਂ ਦੀ ਗੱਲ ਬਣ ਕੇ ਹੀ ਰਹਿ ਗਿਆ ਹੈ। ਭਾਈ ਲਾਲੋ ਜੀ ਦਾ ਗੁਆਚਿਆ ਹੋਇਆ ਕੋਧਰਾ ਬਟਾਲਾ ਨੇ ਨੇੜਲੇ ਪਿੰਡ ਰੰਗੀਲਪੁਰ ਦੇ ਕਿਸਾਨ ਗੁਰਮੁੱਖ ਸਿੰਘ ਨੇ ਦੁਬਾਰਾ ਬੀਜ਼ ਕੇ ਲੋਕਾਂ ਨੂੰ ਮੂਲ ਦਾ ਜੋੜਨ ਦਾ ਯਤਨ ਕੀਤਾ ਹੈ। ਪੰਜਾਬ ਵਿਚ ਕੁੱਝ ਦਹਾਕੇ ਪਹਿਲਾਂ ਮੂਲ ਅਨਾਜਾਂ ਦੀ ਕਾਸ਼ਤ ਹੁੰਦੀ ਸੀ, ਜਿਨ੍ਹਾਂ ਵਿਚ ਕੋਧਰਾ ਵੀ ਇਕ ਸੀ। ਭਾਵੇਂ ਕਿ ਪੰਜਾਬ ਵਿਚ ਹੁਣ ਕੋਧਰਾ ਬੀਜਿਆ ਨਹੀਂ ਜਾਂਦਾ ਪਰ ਦੱਖਣ ਭਾਰਤ ਵਿਚ ਲੋਕ ਅਜੇ ਵੀ ਕੋਸਦੇ ਦੀ ਖੇਤੀ ਕਰਦੇ ਹਨ ਅਤੇ ਕੋਧਰੇ ਨੂੰ ਇਸ ਦੇ ਗੁਣਾ ਕਰ ਕੇ ਖਾਂਦੇ ਵੀ ਹਨ। ਪੰਜਾਬ ਦੇ ਹਰ ਇਕ ਘਰ ਵਿਚ ਕਿਸੇ ਨਾ ਕਿਸੇ ਰੂਪ ਵਿਚ ਮੂਲ ਅਨਾਜ ਖਾਧੇ ਜਾਂਦੇ ਸਨ। ਫਿਰ ਚਾਹੇ ਇਹ ਮੋਠ-ਬਾਜ਼ਰੇ ਦੀ ਖਿਚੜੀ, ਮੱਕੀ ਦੇ ਦਲੀਏ, ਬਾਜਰੇ-ਜਵਾਰ ਦੀ ਰੋਟੀ ਦੇ ਰੂਪ ਵਿਚ ਸਾਡੇ ਅੰਗ ਸੰਗ ਵਿਚਰਦੇ ਸਨ।ਪਿੰਡ ਰੰਗੀਲਪੁਰ ਦੇ ਕਿਸਾਨ ਗੁਰਮੁਖ ਸਿੰਘ ਜਿਸ ਨੇ ਅਪਣੇ ਖੇਤਾਂ ਵਿਚ ਕੋਧਰੇ ਦੀ ਕਾਸ਼ਤ ਕਰਨ ਦਾ ਸਫ਼ਲ ਤਜ਼ਰਬਾ ਕੀਤਾ ਹੈ ਦਾ ਕਹਿਣਾ ਹੈ ਕੋਧਰੇ ਦੀ ਫ਼ਸਲ ਸਾਉਣੀ ਦੀ ਫ਼ਸਲ ਹੈ ਅਤੇ ਇਹ ਜੂਨ ਮਹੀਨੇ ਬੀਜੀ ਜਾਂਦੀ ਹੈ ਅਤੇ ਅਕਤੂਬਰ ਦੇ ਆਖ਼ਰੀ ਹਫ਼ਤੇ ਜਾਂ ਨਵੰਬਰ ਮਹੀਨੇ ਦੇ ਸ਼ੁਰੂ ਵਿਚ ਇਹ ਪੂਰੀ ਤਰ੍ਹਾਂ ਤਿਆਰ ਹੋ ਜਾਂਦੀ ਹੈ। ਗੁਰਮੁਖ ਸਿੰਘ ਨੇ ਦਸਿਆ ਕਿ ਉਸ ਨੇ ਤਜ਼ਰਬੇ ਵਜੋਂ 5 ਮਰਲੇ ਵਿਚ ਕੋਧਰਾ ਬੀਜਿਆ ਸੀ ਅਤੇ ਇਨ੍ਹੇ ਥਾਂ ਵਿਚੋਂ 45 ਕਿਲੋ ਕੋਧਰੇ ਦਾ ਝਾੜ ਨਿਕਲਿਆ ਹੈ। ਗੁਰਮੁਖ ਸਿੰਘ ਦਾ ਕਹਿਣਾ ਹੈ ਕਿ ਉਸ ਦਾ ਸੁਪਨਾ ਹੈ ਕਿ ਮੂਲ ਅਨਾਜਾਂ ਨੂੰ ਉਨ੍ਹਾਂ ਦੇ ਗੁਣਾ ਕਰ ਕੇ ਮੁੜ ਲੋਕਾਂ ਵਿੱਚ ਮਕਬੂਲ ਕੀਤਾ ਜਾਵੇ ਤਾਂ ਜੋ ਕੋਧਰੇ ਵਰਗੇ ਖੁਰਾਕੀ ਤੱਤਾਂ ਨਾਲ ਭਰਪੂਰ ਮੂਲ ਅਨਾਜ਼ ਲੋਕਾਂ ਦੀ ਖੁਰਾਕ ਦਾ ਹਿੱਸਾ ਬਣਨ ਅਤੇ ਲੋਕ ਨਿਰੋਗ ਅਤੇ ਤੰਦਰੁਸਤ ਜੀਵਨ ਬਸਰ ਕਰਨ।

You must be logged in to post a comment Login