ਬਠਿੰਡਾ : ਨਾਮਜ਼ਦਗੀ ਕਾਗਜ਼ਾਂ ਦੀ ਪੜਤਾਲ ਸਮੇਂ ਭਿੜੇ ਅਕਾਲੀ-ਕਾਂਗਰਸੀ

ਬਠਿੰਡਾ : ਨਾਮਜ਼ਦਗੀ ਕਾਗਜ਼ਾਂ ਦੀ ਪੜਤਾਲ ਸਮੇਂ ਭਿੜੇ ਅਕਾਲੀ-ਕਾਂਗਰਸੀ

ਭੀਖੀ : ਸਥਾਨਕ ਬੀ. ਡੀ. ਪੀ. ਓ. ਦਫਤਰ ਵਿਖੇ ਸਥਿਤੀ ਉਸ ਵੇਲੇ ਗੰਭੀਰ ਹੋ ਗਈ ਜਦੋਂ ਪੰਚਾਇਤ ਸੰਮਤੀ ਬਲਾਕ ਭੀਖੀ ਦੇ ਚੋਣ ਹਲਕਿਆਂ ਤੋਂ ਦਾਖਲ ਨਾਮਜ਼ਦਗੀਆਂ ਪੱਤਰਾਂ ਦੀ ਪੜਤਾਲ ਸਮੇਂ ਜ਼ੋਨ ਰੜ੍ਹ (ਅੋਰਤ) ਦੇ ਅਕਾਲੀ ਅਤੇ ਕਾਂਗਰਸ ਦੇ ਉਮੀਦਵਾਰਾਂ ਵਿਚ ਇਤਰਾਜ਼ ਨੂੰ ਲੈ ਕੇ ਆਪਸ ਵਿਚ ਹੱਥੋ-ਪਾਈ ਹੋ ਗਈ ਅਤੇ ਇਸ ਘਟਨਾਕ੍ਰਮ ਵਿਚ ਇਕ ਵਿਅਕਤੀ ਦੀ ਪੱਗੜੀ ਵੀ ਉੱਤਰ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਜਦੋਂ ਹਲਕਾ ਰੜ੍ਹ ਦੇ ਨਾਮਜ਼ਦਗੀ ਪੱਤਰਾਂ ਦੀ ਜਾਂਚ ਲਈ ਰਿਟਰਨਿੰਗ ਅਫਸਰ ਨੇ ਸਮੂਹ ਉਮੀਦਵਾਰਾਂ ਨੂੰ ਦਫਤਰ ਅੰਦਰ ਬੁਲਾਇਆ ਤਾਂ ਕਿਸੇ ਗੱਲ ਤੇ ਕਾਂਗਰਸੀ ਅਤੇ ਅਕਾਲੀ ਉਮੀਦਵਾਰ ਵਿਚ ਬਹਿਸ ਹੋ ਗਈ ਅਤੇ ਕਮਰੇ ਦੇ ਬਾਹਰ ਖੜ੍ਹੇ ਉਨ੍ਹਾਂ ਦੇ ਸਮੱਰਥਕ ਬਲਵਿੰਦਰ ਸਿੰਘ ਅਤੇ ਬਲਦੇਵ ਸਿੰਘ ਆਪਸ ਵਿਚ ਧੱਕਾ-ਮੁੱਕੀ ਹੋ ਗਏ ਜਿਸ ਨਾਲ ਬੀ.ਡੀ.ਪੀ.ਓ ਦੇ ਕਮਰੇ ਦੇ ਦਰਵਾਜ਼ੇ ਦਾ ਸ਼ੀਸ਼ਾ ਵੀ ਟੁੱਟ ਗਿਆ ਅਤੇ ਸਥਿਤੀ ਗੰਭੀਰ ਹੋ ਗਈ। ਇਸ ਮੌਕੇ ਬਲਵਿੰਦਰ ਸਿੰਘ ਨੇ ਦੋਸ਼ ਲਾਇਆ ਕਿ ਕਾਂਗਰਸੀ ਬਲਦੇਵ ਸਿੰਘ ਉਸ ਨਾਲ ਨਿੱਜੀ ਰੰਜਿਸ਼ ਰੱਖਦਾ ਹੈ ਜਿਸ ਕਾਰਨ ਅੱਜ ਉਸ ਦੀ ਕੁੱਟਮਾਰ ਕੀਤੀ ਹੈ। ਉੱਧਰ ਥਾਣਾ ਮੁਖੀ ਭੀਖੀ ਮੋਹਨ ਲਾਲ ਨੇ ਦੱਸਿਆ ਕਿ ਸਹਾਇਕ ਰਿਟਰਨਿੰਗ ਅਫਸਰ ਦੁਆਰਾ ਸੂਚਿਤ ਕਰਨ ‘ਤੇ ਉਨ੍ਹਾਂ ਮੌਕੇ ‘ਤੇ ਪੁੱਜ ਕੇ ਭੀੜ ਨੂੰ ਤਿੱਤਰ-ਬਿੱਤਰ ਕਰ ਦਿੱਤਾ ਅਤੇ ਸਥਿੱਤੀ ‘ਤੇ ਕਾਬੂ ਪਾਇਆ। ਉਨ੍ਹਾਂ ਕਿਹਾ ਕਿ ਕਿਸੇ ਵੀ ਧਿਰ ਵੱਲੋ ਲਿਖਤੀ ਸ਼ਿਕਾਇਤ ਦਰਜ ਨਹੀ ਕਰਵਾਈ ਗਈ।

You must be logged in to post a comment Login