ਬਰਗਾੜੀ ਇਕੱਠ ਤੋਂ ਪਹਿਲਾਂ ਵਿਸ਼ੇਸ਼ ਜਾਂਚ ਟੀਮ ਵੱਲੋਂ ਫਰੀਦਕੋਟ ਦਾ ਦੌਰਾ

ਫ਼ਰੀਦਕੋਟ : ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਅਤੇ ਇਸ ਤੋਂ ਬਾਅਦ ਵਾਪਰੇ ਕੋਟਕਪੂਰਾ ਅਤੇ ਬਹਿਬਲ ਕਾਂਡ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਲਈ ਪਿੰਡ ਬਰਗਾੜੀ ‘ਚ ਪੰਥਕ ਧਿਰਾਂ ਵੱਲੋਂ ਸ਼ੁਰੂ ਕੀਤੇ ਇਨਸਾਫ਼ ਮੋਰਚੇ ਵਾਲੀ ਥਾਂ ‘ਤੇ 14 ਅਕਤੂਬਰ ਨੂੰ ਹੋਣ ਵਾਲੇ ਸੂਬਾ ਪੱਧਰੀ ਇਕੱਠ ਤੋਂ ਪਹਿਲਾਂ ਪੰਜਾਬ ਸਰਕਾਰ ਵੱਲੋਂ ਗਠਨ ਕੀਤੀ ਐੱਸ. ਆਈ. ਟੀ. ਨੇ ਅੱਜ ਫਰੀਦਕੋਟ ਦਾ ਦੌਰਾ ਕੀਤਾ। ਇੱਥੇ ਸਰਕਟ ਹਾਊਸ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐੱਸ. ਆਈ. ਟੀ. ਦੇ ਚੇਅਰਮੈਨ ਏ. ਡੀ. ਜੀ. ਪੀ. ਪ੍ਰਬੋਧ ਕੁਮਾਰ, ਆਈ. ਜੀ. ਅਰੁਣਪਾਲ ਸਿੰਘ, ਕਪੂਰਥਲਾ ਦੇ ਐੱਸ. ਐੱਸ. ਪੀ. ਸਤਿੰਦਰ ਸਿੰਘ, ਐੱਸ. ਪੀ. ਭੁਪਿੰਦਰ ਸਿੰਘ ਅਤੇ ਕਵਰ ਵਿਜੇ ਪ੍ਰਤਾਪ ਸਿੰਘ ਨੇ ਕਿਹਾ ਕਿ ਮਿੱਥੇ ਸਮੇਂ ‘ਚ ਨਿਰਪੱਖ ਜਾਂਚ ਰਿਪੋਰਟ ਪੰਜਾਬ ਸਰਕਾਰ ਨੂੰ ਸੌਂਪ ਦੇਣਗੇ। ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਤੇ ਸਹਿਯੋਗ ਦੇਣ ਦੀ ਅਪੀਲ ਕੀਤੀ। ਐੱਸ. ਆਈ. ਟੀ. ਨੇ ਉਨ੍ਹਾਂ ਥਾਣਾ ਮੁਖੀਆਂ ਨੂੰ ਜਾਂਚ ਵਿਚ ਸ਼ਾਮਲ ਹੋਣ ਦੇ ਹੁਕਮ ਦਿੱਤੇ ਹਨ ਜਿਨ੍ਹਾਂ ਦੀ ਤਾਇਨਾਤੀ 2015 ਤੋਂ ਲੈ ਕੇ 2018 ਤੱਕ ਬੇਅਦਬੀ ਕਾਂਡ ਨਾਲ ਸੰਬੰਧਤ ਥਾਣਿਆਂ ਵਿਚ ਹੋਈ ਹੈ।

You must be logged in to post a comment Login